ਇਨਸਾਨ ਜਿਸ ਤਰ੍ਹਾਂ ਦੀ ਸੰਗਤ ਰੱਖਦਾ ਹੈ, ਉਸ ਦਾ ਬਹੁਤ ਵੱਡਾ ਅਸਰ ਉਸ 'ਤੇ ਪੈਂਦਾ ਹੈ। ਜ਼ਿੰਦਗੀ ਵਿਚ ਕਈ ਵਾਰ ਅਜਿਹੀਆਂ ਘਟਨਾਵਾਂ ਵਾਪਰਦੀਆਂ ਹਨ ਜਿਨ੍ਹਾਂ 'ਚ ਅਸੀਂ ਦੇਖਦੇ ਹਾਂ ਕਿ ਇਕ ਹੀ ਘਰਾਣੇ ਦੇ ਬੱਚੇ ਜਦ ਅਲੱਗ-ਅਲੱਗ ਮਾਹੌਲ ਵਿਚ ਜੀ ਰਹੇ ਹੁੰਦੇ ਹਨ ਤਾਂ ਉਨ੍ਹਾਂ ਦਾ ਚਰਿੱਤਰ, ਉਨ੍ਹਾਂ ਦੇ ਗੱਲਬਾਤ ਕਰਨ ਦਾ ਤਰੀਕਾ, ਉਨ੍ਹਾਂ ਦੇ ਖ਼ਿਆਲਾਤ, ਸਭ ਅਲੱਗ-ਅਲੱਗ ਹੋਣੇ ਸ਼ੁਰੂ ਹੋ ਜਾਂਦੇ ਹਨ। ਮਹਾਪੁਰਸ਼ ਸਾਨੂੰ ਸਮਝਾਉਂਦੇ ਹਨ ਕਿ ਅਸੀਂ ਚੰਗੀ ਸੰਗਤ ਰੱਖੀਏ। ਦੋਸਤੀ ਉਨ੍ਹਾਂ ਲੋਕਾਂ ਨਾਲ ਕਰੀਏ ਜਿਨ੍ਹਾਂ ਦੇ ਖ਼ਿਆਲਾਤ ਸ਼ੁੱਧ ਹੋਣ। ਮਹਾਪੁਰਸ਼ ਸਾਨੂੰ ਵਾਰ-ਵਾਰ ਸਮਝਾਉਂਦੇ ਹਨ ਕਿ ਅਸੀਂ ਆਪਣੀ ਸੰਗਤ ਚੰਗੀ ਰੱਖੀਏ। ਅਜਿਹੇ ਲੋਕਾਂ ਨਾਲ ਜੀਓ, ਅਜਿਹੇ ਲੋਕਾਂ ਨਾਲ ਆਪਣਾ ਸਮਾਂ ਬਤੀਤ ਕਰੋ ਜਿਨ੍ਹਾਂ ਦਾ ਧਿਆਨ ਪ੍ਰਭੂ ਵੱਲ ਹੋਵੇ। ਜਦ ਉਨ੍ਹਾਂ ਦੀ ਸੰਗਤ ਵਿਚ ਰਹੋਗੇ ਤਾਂ ਸਾਡੇ ਵਿਚਾਰ ਵੀ ਉਸੇ ਕਿਸਮ ਦੇ ਹੋ ਜਾਣਗੇ ਅਤੇ ਸਾਡਾ ਧਿਆਨ ਵੀ ਪ੍ਰਭੂ ਵੱਲ ਲੱਗਦਾ ਜਾਵੇਗਾ। ਜੇਕਰ ਉਨ੍ਹਾਂ ਲੋਕਾਂ ਦੀ ਸੰਗਤ ਕੀਤੀ ਜਿਨ੍ਹਾਂ ਦਾ ਧਿਆਨ ਦੁਨੀਆ ਵੱਲ ਹੈ ਤਾਂ ਸਾਡੇ ਵਿਚਾਰ ਵੀ ਉਸੇ ਕਿਸਮ ਦੇ ਹੋ ਜਾਣਗੇ ਅਤੇ ਸਾਡਾ ਧਿਆਨ ਵੀ ਪ੍ਰਭੂ ਤੋਂ ਹਟ ਕੇ ਉਸ ਪਾਸੇ ਲੱਗਣਾ ਸ਼ੁਰੂ ਹੋ ਜਾਵੇਗਾ। ਤਾਂ ਇਹ ਸਾਡੇ 'ਤੇ ਨਿਰਭਰ ਕਰਦਾ ਹੈ ਕਿ ਅਸੀਂ ਕਿੱਦਾਂ ਦੀ ਸੰਗਤ ਰੱਖੀਏ, ਕਿਸ ਨਾਲ ਦੋਸਤੀ ਕਰੀਏ ਅਤੇ ਕਿਸ ਮਾਹੌਲ ਵਿਚ ਰਹੀਏ। ਕਈ ਵਾਰ ਇਨਸਾਨ ਸੋਚਦਾ ਹੈ ਕਿ ਮੈਂ ਆਪਣਾ ਮਾਹੌਲ ਨਹੀਂ ਬਦਲ ਸਕਦਾ। ਇਹ ਕੰਮ ਮੇਰੇ ਵੱਸੋਂ ਬਾਹਰ ਹੈ। ਪਰ ਮਹਾਪੁਰਸ਼ ਸਾਨੂੰ ਸਮਝਾਉਂਦੇ ਹਨ ਕਿ ਅਸੀਂ ਆਪਣੇ ਨਾਲ ਜੁੜੇ ਪਿਛਲੇ ਕਰਮਾਂ ਨੂੰ ਤਾਂ ਨਹੀਂ ਬਦਲ ਸਕਦੇ ਪਰ ਸਾਡੀ 25% ਜ਼ਿੰਦਗੀ ਸਾਡੇ 'ਤੇ ਨਿਰਭਰ ਕਰਦੀ ਹੈ। ਜੇਕਰ ਅਸੀਂ ਚੰਗੀ ਤਰ੍ਹਾਂ ਕਦਮ ਚੁੱਕਾਂਗੇ ਤਾਂ ਪ੍ਰਭੂ ਦੀ ਨਜ਼ਦੀਕੀ ਹਾਸਲ ਕਰਾਂਗੇ ਅਤੇ ਜੇਕਰ ਸਾਡੇ ਕਦਮ ਚੰਗੇ ਵੱਲ ਨਹੀਂ ਉੱਠੇ ਤਾਂ ਸਾਡੀ ਜ਼ਿੰਦਗੀ ਹੋਰ ਜ਼ਿਆਦਾ ਖ਼ਰਾਬ ਹੁੰਦੀ ਚਲੀ ਜਾਵੇਗੀ। ਇਸ ਲਈ ਸਮਝਾਇਆ ਜਾਂਦਾ ਹੈ ਕਿ ਅਸੀਂ ਆਪਣੀ ਸੰਗਤ ਚੰਗੀ ਰੱਖੀਏ। ਜਦ ਅਸੀਂ ਮਹਾਪੁਰਸ਼ਾਂ ਦੀ ਜ਼ਿੰਦਗੀ ਨੂੰ ਦੇਖਦੇ ਹਾਂ ਤਾਂ ਉਨ੍ਹਾਂ ਦੇ ਅੰਗ-ਸੰਗ ਜੋ ਮਾਹੌਲ ਹੁੰਦਾ ਹੈ, ਉਸ ਵਿਚ ਧਿਆਨ ਹਰ ਸਮੇਂ ਪ੍ਰਭੂ ਵੱਲ ਜਾਂਦਾ ਹੈ। ਕਿਉਂਕਿ ਉਹ ਚਾਹੁੰਦੇ ਹਨ ਕਿ ਅਸੀਂ ਪ੍ਰਭੂ ਨੂੰ ਜਾਣੀਏ, ਅਸੀਂ ਪ੍ਰਭੂ ਨੂੰ ਪਾਈਏ, ਸਾਡੀ ਆਤਮਾ ਦਾ ਮਿਲਨ ਪਰਮਾਤਮਾ ਨਾਲ ਹੋਵੇ। ਅਸੀਂ ਜਿੰਨਾ ਜ਼ਿਆਦਾ ਧਿਆਨ ਪ੍ਰਭੂ ਵੱਲ ਲਾਵਾਂਗੇ, ਓਨਾ ਹੀ ਸਾਨੂੰ ਉਸ ਕੋਲ ਪੁੱਜਣ 'ਚ ਆਸਾਨੀ ਹੋਵੇਗੀ। ਜਿਸ ਪਾਸੇ ਅਸੀਂ ਧਿਆਨ ਦਿੰਦੇ ਹਾਂ, ਉਸੇ ਤਰ੍ਹਾਂ ਦੇ ਬਣ ਜਾਂਦੇ ਹਾਂ। ਸੰਗਤ ਚੰਗੀ ਹੋਣ 'ਤੇ ਸਾਡਾ ਧਿਆਨ ਆਸਾਨੀ ਨਾਲ ਪ੍ਰਭੂ ਨਾਲ ਲੱਗ ਜਾਂਦਾ ਹੈ। ਦੂਜੇ ਬੰਨੇ ਮਾੜੀ ਸੰਗਤ ਰੱਖਣ ਕਾਰਨ ਇਨਸਾਨ ਦਾ ਝੁਕਾਅ ਮਾੜੇ ਕੰਮਾਂ ਵੱਲ ਵੱਧ ਜਾਂਦਾ ਹੈ ਜਿਸ ਕਾਰਨ ਉਸ ਨੂੰ ਜ਼ਿੰਦਗੀ ਵਿਚ ਭਾਰੀ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸਮਾਜ ਵਿਚ ਬਦਨਾਮੀ ਵੱਖਰੀ ਹੁੰਦੀ ਹੈ। ਇਸ ਲਈ ਸੰਗਤ ਚੰਗੀ ਰੱਖਣੀ ਬਹੁਤ ਜ਼ਰੂਰੀ ਹੈ।

-ਸੰਤ ਰਾਜਿੰਦਰ ਸਿੰਘ ਜੀ ਮਹਾਰਾਜ।

Posted By: Jagjit Singh