ਭਾਜਪਾ ਨੂੰ ਭੋਪਾਲ ਦੀ ਸੰਸਦ ਮੈਂਬਰ ਪ੍ਰਗਿਆ ਸਿੰਘ ਠਾਕੁਰ ਕਾਰਨ ਜਿਸ ਤਰ੍ਹਾਂ ਦੀ ਫਜ਼ੀਹਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਸ ਤੋਂ ਇਹੀ ਸਾਬਤ ਹੁੰਦਾ ਹੈ ਕਿ ਸਿਆਸੀ ਫ਼ਾਇਦੇ ਲਈ ਹਰ ਕਿਸੇ ਨੂੰ ਗਲੇ ਲਾਉਣ ਦੇ ਕੀ ਭੈੜੇ ਨਤੀਜੇ ਹੁੰਦੇ ਹਨ? ਇਹ ਪਹਿਲੀ ਵਾਰ ਨਹੀਂ ਹੈ ਜਦੋਂ ਪ੍ਰਗਿਆ ਠਾਕੁਰ ਨੇ ਭਾਜਪਾ ਨੂੰ ਅਸਹਿਜ ਕੀਤਾ ਹੋਵੇ। ਉਹ ਇਸ ਤੋਂ ਪਹਿਲਾਂ ਵੀ ਕਈ ਵਾਰ ਅਜਿਹਾ ਕਰ ਚੁੱਕੀ ਹੈ। ਸਮਝਣਾ ਮੁਸ਼ਕਲ ਹੈ ਕਿ ਜਦੋਂ ਉਸ ਨੂੰ ਪਹਿਲਾਂ ਵੀ ਨਾਥੂਰਾਮ ਗੋਡਸੇ ਦੇ ਗੁਣਗਾਨ ਕਾਰਨ ਸ਼ਰਮਸਾਰ ਹੋ ਕੇ ਆਪਣਾ ਬਿਆਨ ਵਾਪਸ ਲੈਣਾ ਪਿਆ ਸੀ ਤਾਂ ਫਿਰ ਉਹੀ ਗ਼ਲਤੀ ਮੁੜ ਕਿਉਂ ਕੀਤੀ ਅਤੇ ਉਹ ਵੀ ਸੰਸਦ ਵਿਚ? ਸਾਫ਼ ਹੈ ਕਿ ਉਹ ਪ੍ਰਧਾਨ ਮੰਤਰੀ ਦੇ ਇਸ ਕਥਨ ਨੂੰ ਭੁੱਲ ਗਈ ਕਿ ਉਹ ਉਸ ਨੂੰ ਮਨ ਤੋਂ ਮਾਫ਼ ਨਹੀਂ ਕਰ ਸਕਣਗੇ? ਕੀ ਇਸ ਤੋਂ ਖ਼ਰਾਬ ਗੱਲ ਹੋਰ ਕੋਈ ਹੋ ਸਕਦੀ ਹੈ ਕਿ ਜਦੋਂ ਮੋਦੀ ਸਰਕਾਰ ਮਹਾਤਮਾ ਗਾਂਧੀ ਦੀ 150ਵੀਂ ਜੈਅੰਤੀ ਜ਼ੋਰ-ਸ਼ੋਰ ਨਾਲ ਮਨਾ ਰਹੀ ਹੈ ਤਾਂ ਪ੍ਰਗਿਆ ਠਾਕੁਰ ਨੂੰ ਇਹ ਸਮਝ ਨਹੀਂ ਆ ਰਿਹਾ ਕਿ ਉਸ ਨੂੰ ਗਾਂਧੀ ਦੇ ਕਾਤਲ ਨਾਥੂਰਾਮ ਬਾਰੇ ਕੀ ਕਹਿਣਾ ਚਾਹੀਦਾ ਹੈ ਅਤੇ ਕੀ ਨਹੀਂ? ਉਸ ਨੂੰ ਸ਼ਾਇਦ ਇਸ ਨਾਲ ਮਤਲਬ ਹੀ ਨਹੀਂ ਕਿ ਮੋਦੀ ਸਰਕਾਰ ਗਾਂਧੀ ਜੀ ਨੂੰ ਕਿਸ ਤਰ੍ਹਾਂ ਹਰ ਪੱਧਰ 'ਤੇ ਪਹਿਲ ਦੇ ਰਹੀ ਹੈ? ਇਹ ਵੀ ਹੋ ਸਕਦਾ ਹੈ ਕਿ ਸਾਧਵੀ ਪ੍ਰਗਿਆ ਠਾਕੁਰ ਨੂੰ ਇਸ ਦਾ ਅਹਿਸਾਸ ਵੀ ਨਾ ਹੋਵੇ ਕਿ ਉਸ ਦੀ ਸੋਚ ਕਿੰਨੀ ਨਾਂਹ-ਪੱਖੀ ਹੈ? ਭਾਜਪਾ ਨੂੰ ਇਸ ਤੋਂ ਚਿੰਤਤ ਹੋਣਾ ਚਾਹੀਦਾ ਹੈ ਕਿ ਪ੍ਰਗਿਆ ਠਾਕੁਰ ਵਰਗੇ ਕੁਝ ਹੋਰ ਲੋਕ ਵੀ ਪਾਰਟੀ ਵਿਚ ਹਨ ਜਿਹੜੇ ਦੱਬੀ ਸੁਰ ਵਿਚ ਗੋਡਸੇ ਦਾ ਗੁਣਗਾਨ ਕਰਦੇ ਹਨ। ਅਜਿਹੇ ਲੋਕਾਂ ਤੋਂ ਦੂਰੀ ਬਣਾਉਣ ਦਾ ਕੰਮ ਦ੍ਰਿੜ੍ਹਤਾ ਨਾਲ ਕੀਤਾ ਜਾਣਾ ਚਾਹੀਦਾ ਤਾਂ ਕਿ ਇਹ ਸਾਫ਼ ਸੰਦੇਸ਼ ਜਾਵੇ ਕਿ ਜੇ ਕੋਈ ਗਾਂਧੀ ਜੀ ਦੀਆਂ ਨੀਤੀਆਂ ਨਾਲ ਅਸਹਿਮਤ ਵੀ ਹੈ ਤਾਂ ਵੀ ਉਸ ਨੂੰ ਉਨ੍ਹਾਂ ਦੇ ਕਾਤਲ ਦੇ ਗੁਣਗਾਨ ਦਾ ਅਧਿਕਾਰ ਨਹੀਂ। ਅਜਿਹਾ ਕਰਨਾ ਤਾਂ ਇਕ ਤਰ੍ਹਾਂ ਨਾਲ ਅੱਤਵਾਦ ਨੂੰ ਸਮਰਥਨ ਦੇਣਾ ਹੈ। ਕਿਸੇ ਅੱਤਵਾਦੀ ਅਨਸਰ ਦਾ ਗੁਣਗਾਨ ਇਕ ਖ਼ਤਰਨਾਕ ਰੁਝਾਨ ਹੈ। ਇਸ ਰੁਝਾਨ ਨੂੰ 'ਪ੍ਰਗਟਾਵੇ ਦੀ ਆਜ਼ਾਦੀ' ਦੀ ਸ਼ਹਿ ਲੈਣ ਦਾ ਮੌਕਾ ਨਹੀਂ ਦਿੱਤਾ ਜਾਣਾ ਚਾਹੀਦਾ। ਅਸਲ ਵਿਚ ਕਿੱਦਾਂ ਦਾ ਵੀ ਅੱਤਵਾਦ ਹੋਵੇ ਉਸ ਦੇ ਵਿਰੋਧ ਦੀ ਉਮੀਦ ਹਰ ਭਾਰਤੀ ਤੋਂ ਕੀਤੀ ਜਾਂਦੀ ਹੈ ਕਿਉਂਕਿ ਇਹੀ ਭਾਰਤ ਦਾ ਸੁਭਾਅ ਹੈ ਅਤੇ ਉਹ ਇਸ ਲਈ ਜਾਣਿਆ ਜਾਂਦਾ ਹੈ। ਇਸ ਵਿਚ ਸ਼ੱਕ ਹੈ ਕਿ ਪ੍ਰਗਿਆ ਠਾਕੁਰ ਨੂੰ ਰੱਖਿਆ ਸਬੰਧੀ ਸੰਸਦੀ ਕਮੇਟੀ ਤੋਂ ਹਟਾਉਣ ਅਤੇ ਸੰਸਦ ਦੇ ਇਸ ਇਜਲਾਸ ਤੋਂ ਬਾਹਰ ਰੱਖਣ ਦੇ ਫ਼ੈਸਲੇ ਨਾਲ ਉਸ ਨੁਕਸਾਨ ਦੀ ਭਰਪਾਈ ਹੋ ਸਕਦੀ ਹੈ ਜਿਹੜਾ ਉਸ ਦੇ ਇਤਰਾਜ਼ਯੋਗ ਬਿਆਨ ਕਾਰਨ ਭਾਜਪਾ ਅਤੇ ਸਰਕਾਰ ਨੂੰ ਹੋਇਆ ਹੈ। ਭਾਜਪਾ ਨੂੰ ਇਹ ਅਹਿਸਾਸ ਹੋਣਾ ਚਾਹੀਦਾ ਕਿ ਪ੍ਰਗਿਆ ਠਾਕੁਰ ਵਰਗੇ ਨੇਤਾ ਸਿਰਫ਼ ਉਸ ਦੇ ਅਕਸ 'ਤੇ ਪਾਣੀ ਹੀ ਨਹੀਂ ਫੇਰਦੇ ਬਲਕਿ ਸਿਆਸੀ ਵਿਰੋਧੀਆਂ ਨੂੰ ਹਮਲੇ ਦਾ ਮੌਕਾ ਵੀ ਮੁਹੱਈਆ ਕਰਵਾਉਂਦੇ ਹਨ। ਬਿਹਤਰ ਹੋਵੇਗਾ ਜੇ ਭਾਜਪਾ ਇਸ 'ਤੇ ਗੰਭੀਰਤਾ ਨਾਲ ਚਿੰਤਨ-ਮਨਨ ਕਰੇ ਕਿ ਸਿਆਸੀ ਲਾਭ ਲਈ ਹਰ ਤਰ੍ਹਾਂ ਦੇ ਅਨਸਰਾਂ ਨੂੰ ਅਪਣਾਉਣਾ ਕਿੱਥੋਂ ਤਕ ਜਾਇਜ਼ ਹੈ? ਸਿਰਫ਼ ਸੱਤਾ ਹਾਸਲ ਕਰਨ ਲਈ ਹਰ ਤਰ੍ਹਾਂ ਦੇ ਜਾਇਜ਼-ਨਾਜਾਇਜ਼ ਤਰੀਕੇ ਅਤੇ ਅਨਸਰ ਅਪਣਾਉਣੇ ਸਹੀ ਵਰਤਾਰਾ ਨਹੀਂ ਹੈ। ਭਾਜਪਾ ਦੀ ਇਹ ਕਮੀ ਰਹੀ ਹੈ ਕਿ ਉਸ ਦੇ ਕਈ ਨੇਤਾ ਬੜਬੋਲੇ ਹਨ। ਉਹ 'ਪਹਿਲਾਂ ਤੋਲੋ, ਫਿਰ ਬੋਲੋ' ਉੱਤੇ ਬਿਲਕੁਲ ਅਮਲ ਨਹੀਂ ਕਰਦੇ। ਇਹੀ ਕਾਰਨ ਹੈ ਕਿ ਉਨ੍ਹਾਂ ਦੇ ਬੇਤੁਕੇ ਬਿਆਨਾਂ ਕਾਰਨ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨੂੰ ਵਾਰ-ਵਾਰ ਸ਼ਰਮਸਾਰ ਹੋਣਾ ਪੈ ਰਿਹਾ ਹੈ।

Posted By: Jagjit Singh