ਪੰਜਾਬ ਦੀ ਜਵਾਨੀ ਤੇਜ਼ੀ ਨਾਲ ਨਸ਼ੇ ਦੇ ਜਾਲ 'ਚ ਫਸਦੀ ਜਾ ਰਹੀ ਹੈ। ਸਮਾਜ 'ਚ ਨਸ਼ੇ ਦੀ ਖੁੱਲ੍ਹੀ ਵਿੱਕਰੀ ਨੇ ਨੌਜਵਾਨਾਂ ਦੇ ਮਾਪਿਆਂ ਨੂੰ ਚਿੰਤਾ 'ਚ ਪਾ ਦਿੱਤਾ ਹੈ। ਹਾਲਾਤ ਇਹ ਬਣ ਗਏ ਹਨ ਕਿ ਮਾਪੇ ਆਪਣੇ ਨੌਜਵਾਨ ਪੁੱਤਰ ਨੂੰ ਸਕੂਲ ਜਾਂ ਕਾਲਜ ਤੋਰਨ ਤੋਂ ਵੀ ਝਿਜਕਣ ਲੱਗੇ ਹਨ। ਉਨ੍ਹਾਂ ਦੇ ਮਨ 'ਚ ਡਰ ਹੈ ਕਿ ਉਨਾਂ ਦਾ ਬੱਚਾ ਬੁਰੀ ਸੰਗਤ ਦਾ ਸ਼ਿਕਾਰ ਹੋ ਕੇ ਨਸ਼ੇ ਨਾ ਕਰਨ ਲੱਗ ਪਵੇ। ਸਕੂਲ ਅਤੇ ਕਾਲਜ ਨਸ਼ਾ ਤਸਕਰਾਂ ਲਈ ਸੁਰੱਖਿਅਤ ਥਾਂ ਬਣ ਚੁੱਕੇ ਹਨ। ਸੈਂਕੜੇ-ਹਜ਼ਾਰਾਂ ਨੌਜਵਾਨਾਂ ਦੀਆਂ ਜਾਨਾਂ ਲੈ ਚੁੱਕਿਆ ਸਿੰਥੈਟਿਕ ਨਸ਼ਾ ਨੌਜਵਾਨਾਂ ਤਕ ਕਿਵੇਂ ਪੁੱਜ ਰਿਹਾ ਹੈ, ਇਹ ਸੋਚਣ ਵਾਲੀ ਗੱਲ ਹੈ। ਨੌਜਵਾਨ ਪੰਜਾਬੀ ਮੁੰਡਿਆਂ ਦੇ ਵਿਦੇਸ਼ ਜਾਣ ਪਿੱਛੇ ਵੀ ਇਹ ਇਕ ਵੱਡਾ ਕਾਰਨ ਹੈ। ਮਾਪਿਆਂ ਅਨੁਸਾਰ ਵਿਦੇਸ਼ ਜਾ ਕੇ ਬੱਚਾ ਕਮਾਉਣ ਲੱਗ ਜਾਂਦਾ ਹੈ ਅਤੇ ਬੁਰੀ ਸੰਗਤ 'ਚ ਪੈਣ ਦਾ ਡਰ ਖ਼ਤਮ ਹੋ ਜਾਂਦਾ ਹੈ। ਅੱਜ ਪੰਜਾਬ ਦਾ ਸਮਾਜਿਕ ਮਾਹੌਲ ਨਸ਼ਿਆਂ ਨੇ ਕਾਫੀ ਹੱਦ ਤਕ ਅਸੁਰੱਖਿਅਤ ਬਣਾ ਦਿੱਤਾ ਹੈ। ਪਿਛਲੇ ਇਕ ਮਹੀਨੇ 'ਚ ਤਕਰੀਬਨ ਪੱਚੀ ਨੌਜਵਾਨਾਂ ਦੀ ਨਸ਼ਿਆਂ ਕਾਰਨ ਹੋਈ ਮੌਤ ਅਸੁਰੱਖਿਅਤ ਸਮਾਜ ਦੀ ਜਾਮਨੀ ਭਰਦੀ ਹੈ। ਮਾਪਿਆਂ ਨੂੰ ਆਪਣੇ ਪੁੱਤਰਾਂ ਦੇ ਨਸ਼ੇੜੀ ਹੋਣ ਦਾ ਉਸ ਵਕਤ ਪਤਾ ਲੱਗ ਰਿਹਾ ਹੈ ਜਦੋਂ ਉਹ ਪੂਰੀ ਤਰਾਂ ਨਸ਼ਿਆਂ ਦੀ ਲਪੇਟ 'ਚ ਆ ਜਾਂਦੇ ਹਨ। ਉਸ ਤੋਂ ਬਾਅਦ ਮੈਡੀਕਲ ਇਲਾਜ ਦੇ ਸਹਾਰੇ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਨਸ਼ਾ ਛੁਡਾਇਆ ਜਾਵੇ ਪਰ ਇਸ ਦੇ ਸਿੱਟੇ ਕੋਈ ਜ਼ਿਆਦਾ ਪ੍ਰਭਾਵੀ ਨਹੀਂ ਨਿਕਲਦੇ। ਪੰਜਾਬ 'ਚ ਨਸ਼ਿਆਂ ਦਾ ਵਗਦਾ ਦਰਿਆ ਜੇ ਸਮਾਂ ਰਹਿੰਦਿਆਂ ਨਾ ਠੱਲ੍ਹਿਆ ਤਾਂ ਇਹ ਪੰਜਾਬੀ ਨੌਜਵਾਨਾਂ ਦੀ ਇਕ ਪੂਰੀ ਪੀੜ੍ਹੀ ਨੂੰ ਖ਼ਾਤਮੇ ਦੇ ਨੇੜੇ ਪਹੁੰਚਾ ਦੇਵੇਗਾ ਜਿਸ ਦਾ ਸਮਾਜਿਕ ਤੌਰ 'ਤੇ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਵੇਗਾ। ਅਸਲ 'ਚ ਨਸ਼ੇ ਦਾ ਕਾਲਾ ਧੰਦਾ ਕਰਨ ਵਾਲਿਆਂ ਲਈ ਇਹ ਆਰਥਿਕ ਮੁਨਾਫ਼ੇ ਦਾ ਇਕ ਵੱਡਾ ਜ਼ਰੀਆ ਹੈ। ਨਸ਼ੇ ਦੀ ਵਿਕਰੀ ਦਿਨੋ-ਦਿਨ ਵਧ ਰਹੀ ਹੈ। ਪੁਲਿਸ ਸਾਹਮਣੇ ਰੋਜ਼ਾਨਾ ਨੌਜਵਾਨਾਂ ਦੀਆਂ ਨਸ਼ੇ ਕਾਰਨ ਹੁੰਦੀਆਂ ਮੌਤਾਂ ਅਤੇ ਨਸ਼ਾ ਵੇਚਣ ਵਾਲਿਆਂ ਵਿਰੁੱਧ ਕੋਈ ਵੱਡੀ ਕਾਰਵਾਈ ਨਾ ਹੋਣਾ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰਦਾ ਹੈ। ਨਸ਼ਾ ਕਰਨ ਵਾਲਿਆਂ ਤੋਂ ਸਖ਼ਤੀ ਨਾਲ ਕੀਤੀ ਪੁੱਛਗਿੱਛ ਕਾਨੂੰਨ ਦੇ ਰਖਵਾਲਿਆਂ ਨੂੰ ਮੁਲਜ਼ਮਾਂ ਤਕ ਆਸਾਨੀ ਨਾਲ ਪਹੁੰਚਾ ਸਕਦੀ ਹੈ ਪਰ ਇਸ ਲਈ ਇਕ ਸੱਚੀ ਅਤੇ ਇਮਾਨਦਾਰ ਪਹੁੰਚ ਅਤੇ ਨੀਤੀ ਦੀ ਜ਼ਰੂਰਤ ਹੈ। ਅਰਬਾਂ ਰੁਪਏ ਦਾ ਵਿਕਿਆ ਨਸ਼ਾ ਇਸ ਗੱਲ ਦਾ ਪ੍ਰਮਾਣ ਹੈ ਕਿ ਇਹ ਧੰਦਾ ਕੋਈ ਅੱਜ ਦਾ ਨਹੀਂ ਬਲਕਿ ਇਸ ਦੀਆਂ ਜੜ੍ਹਾਂ ਲੱਗਿਆਂ ਤਾਂ ਕਈ ਦਹਾਕੇ ਬੀਤ ਚੁੱਕੇ ਹਨ। ਸਰਕਾਰਾਂ ਨੇ ਨਸ਼ੇ ਰੂਪੀ ਕੋਹੜ ਨੂੰ ਰੋਕਣ 'ਚ ਜ਼ਿਆਦਾ ਦਿਲਚਸਪੀ ਨਹੀਂ ਦਿਖਾਈ ਜਿਸ ਦਾ ਨਤੀਜਾ ਇਹ ਨਿਕਲਿਆ ਕਿ ਅੱਜ ਇਹ ਲਾਇਲਾਜ ਸਮਾਜਿਕ ਬਿਮਾਰੀ ਬਣ ਗਈ ਹੈ। ਮਾਪੇ, ਅਧਿਆਪਕ, ਸਮਾਜ ਅਤੇ ਕਾਨੂੰਨ ਦਾ ਆਪਸੀ ਤਾਲਮੇਲ ਇਸ ਸਮਾਜਿਕ ਬੁਰਾਈ ਨੂੰ ਸਦਾ ਲਈ ਖ਼ਤਮ ਕਰ ਸਕਦਾ ਹੈ।

-ਪ੍ਰੋ. ਧਰਮਜੀਤ ਸਿੰਘ ਮਾਨ, ਸ਼੍ਰੀ ਫਤਹਿਗੜ੍ਹ ਸਾਹਿਬ। (94784-60084)

Posted By: Sukhdev Singh