ਪੰਜਾਬ ਸਰਕਾਰ ਨੇ ਫ਼ੈਸਲਾ ਕੀਤਾ ਹੈ ਕਿ ਸੂਬੇ 'ਚ ਸੀਵਰੇਜਾਂ ਦੀ ਸਾਫ਼-ਸਫ਼ਾਈ ਦਾ ਕੰਮ ਹੁਣ ਮਨੁੱਖ ਨਹੀਂ ਸਗੋਂ ਆਧੁਨਿਕ ਤਕਨੀਕ ਵਾਲੇ ਰੋਬੋਟ ਕਰਨਗੇ। ਸ੍ਰੀ ਮੁਕਤਸਰ ਸਾਹਿਬ ਵਿਖੇ ਮਾਘੀ ਮੌਕੇ ਇਸ ਪ੍ਰਾਜੈਕਟ ਦੀ ਰਸਮੀ ਸ਼ੁਰੂਆਤ ਕੀਤੀ ਗਈ ਹੈ। ਸੂਬਾ ਸਰਕਾਰ ਦੀ ਇਹ ਕੋਸ਼ਿਸ਼ ਸ਼ਲਾਘਾਯੋਗ ਹੈ ਕਿਉਂਕਿ ਲੋਕਾਂ ਨੂੰ ਗੰਦਗੀ ਤੋਂ ਛੁਟਕਾਰਾ ਦਿਵਾਉਣ ਵਾਲੇ ਕਰਮਚਾਰੀ ਜਾਨ 'ਤੇ ਖੇਡ ਕੇ ਇਹ ਕੰਮ ਕਰਦੇ ਸਨ। ਫ਼ਿਲਹਾਲ ਸਫ਼ਾਈ ਕਰਨ ਲਈ ਕਰਮਚਾਰੀ ਸੀਵਰੇਜ ਦੇ ਗੰਦੇ ਪਾਣੀ 'ਚ ਉਤਰਦੇ ਹਨ ਜਿਸ ਕਾਰਨ ਉਨ੍ਹਾਂ 'ਚੋਂ ਕੁਝ ਮੌਤ ਦੇ ਮੂੰਹ 'ਚ ਚਲੇ ਜਾਂਦੇ ਹਨ। ਰਾਸ਼ਟਰੀ ਸਫ਼ਾਈ ਕਰਮਚਾਰੀ ਕਮਿਸ਼ਨ ਦੇ ਅੰਕੜੇ ਦੱਸਦੇ ਹਨ ਕਿ ਜਨਵਰੀ 2017 ਤੋਂ ਪੂਰੇ ਦੇਸ਼ ਵਿਚ ਸੀਵਰ ਅਤੇ ਸੈਪਟਿਕ ਟੈਂਕਾਂ ਦੀ ਸਫ਼ਾਈ ਵੇਲੇ ਹਰ ਪੰਜ ਦਿਨਾਂ ਵਿਚ ਔਸਤ ਇਕ ਆਦਮੀ ਦੀ ਮੌਤ ਹੋਈ ਹੈ। ਅੰਕੜਿਆਂ ਮੁਤਾਬਕ 2014-19 ਦੌਰਾਨ ਸੀਵਰੇਜ ਦੀ ਸਫ਼ਾਈ ਕਰਦਿਆਂ 476 ਮੌਤਾਂ ਹੋ ਚੁੱਕੀਆਂ ਹਨ। ਕੌਮੀ ਸਫ਼ਾਈ ਕਰਮਚਾਰੀ ਕਮਿਸ਼ਨ ਦੀ ਮੈਂਬਰ ਨੇ ਪਿਛਲੇ ਮਹੀਨੇ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਦੌਰੇ ਦੌਰਾਨ ਕਿਸੇ ਵੀ ਕਰਮਚਾਰੀ ਨੂੰ ਸੀਵਰ ਮੈਨਹੋਲ 'ਚ ਉਤਾਰਨ ਦੀ ਥਾਂ ਮਕੈਨੀਕਲੀ ਸਫ਼ਾਈ ਨੂੰ ਯਕੀਨੀ ਬਣਾਉਨ ਲਈ ਕਿਹਾ ਸੀ। ਅਕਸਰ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚੋਂ ਖ਼ਬਰਾਂ ਮਿਲਦੀਆਂ ਰਹਿੰਦੀਆਂ ਹਨ ਕਿ ਸੀਵਰੇਜ ਦੀ ਸਫ਼ਾਈ ਕਰਦੇ ਕਰਮਚਾਰੀ ਦੀ ਮੌਤ ਹੋ ਗਈ। ਮਰਨ ਵਾਲੇ ਬਹੁਤੇ ਕਰਮਚਾਰੀ ਠੇਕੇ 'ਤੇ ਹੁੰਦੇ ਹਨ ਜਿਸ ਕਾਰਨ ਸਰਕਾਰਾਂ ਉਨ੍ਹਾਂ ਦੇ ਆਸ਼ਰਿਤਾਂ ਨੂੰ ਕੋਈ ਮੁਆਵਜ਼ਾ ਨਹੀਂ ਦਿੰਦੀਆਂ। ਸਰਕਾਰੀ ਸਫ਼ਾਈ ਸੇਵਕਾਂ ਨੂੰ ਜ਼ਰੂਰ 10 ਲੱਖ ਰੁਪਏ ਦਿੱਤੇ ਜਾਂਦੇ ਹਨ। ਇਸ ਮੁਆਵਜ਼ੇ ਨੂੰ 25 ਲੱਖ ਰੁਪਏ ਕਰਨ ਦੀ ਸਿਫ਼ਾਰਸ਼ ਕੀਤੀ ਗਈ ਹੈ। ਇਸ ਤੋਂ ਇਲਾਵਾ ਸੂਬਾ ਸਰਕਾਰ ਦਾ ਇਹ ਫ਼ੈਸਲਾ ਇਸ ਲਈ ਵੀ ਖ਼ਾਸ ਹੈ ਕਿਉਂਕਿ ਗੱਲਾਂ ਤਾਂ ਅਸੀਂ ਸਮਾਰਟ ਸਿਟੀ ਬਣਾਉਣ ਦੀਆਂ ਕਰ ਰਹੇ ਹਾਂ ਪਰ ਹਾਲੇ ਤਕ ਸੀਵਰੇਜ ਸਫ਼ਾਈ ਸਿਸਟਮ ਅਪਡੇਟ ਨਹੀਂ ਹੋ ਸਕਿਆ ਜਦਕਿ ਹੁਣ ਤਾਂ ਹਰ ਖੇਤਰ 'ਚ ਰੋਬੋਟਿਕ ਤਕਨਾਲੋਜੀ ਤੇਜ਼ੀ ਨਾਲ ਦੁਨੀਆ ਨੂੰ ਬਦਲ ਰਹੀ ਹੈ। ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਆਉਣ ਤੋਂ ਬਾਅਦ ਰੋਬੋਟ ਉਨ੍ਹਾਂ ਸਾਰਿਆਂ ਕੰਮਾਂ ਨੂੰ ਪੂਰਾ ਕਰਨ ਦੇ ਸਮਰੱਥ ਹੋ ਗਏ ਹਨ ਜਿਨ੍ਹਾਂ ਨੂੰ ਇਨਸਾਨ ਪੂਰਾ ਨਹੀਂ ਕਰ ਸਕਦਾ। ਕੋਈ ਰੋਬੋਟ ਪੇਂਟਿੰਗ 'ਚ ਮਾਹਰ ਹੈ ਅਤੇ ਕੋਈ ਡਾਕਟਰ ਵਾਂਗ ਮਰੀਜ਼ ਦਾ ਇਲਾਜ ਕਰਨ ਦੇ ਸਮਰੱਥ ਹੈ। ਵਿਗਿਆਨੀਆਂ ਨੇ ਵਿਸ਼ਵ ਦੀ ਸਭ ਤੋਂ ਛੋਟੀ ਕੀੜੀ ਦੇ ਆਕਾਰ ਦੇ 3ਡੀ ਰੋਬੋਟ ਵਿਕਸਤ ਕੀਤੇ ਹਨ ਜੋ ਕਿ ਅਲਟਰਾਸਾਊਂਡ ਸਰੋਤ ਜਾਂ ਛੋਟੇ ਸਪੀਕਰਾਂ ਤੋਂ ਪੈਦਾ ਕੰਪਨ ਨਾਲ ਚੱਲ ਸਕਦੇ ਹਨ। ਚੀਨ ਦੀ ਇਕ ਨਿਊਜ਼ ਏਜੰਸੀ ਨੇ ਤਾਂ ਹੂਬਹੂ ਇਨਸਾਨ ਵਰਗੇ ਦਿਸਣ ਵਾਲੇ ਰੋਬੋਟ ਦੀ ਕਾਢ ਕੱਢੀ ਹੈ। ਬੀਜਿੰਗ ਵਿਚ ਹੋਈ ਸੰਸਦ ਦੀ ਸਾਲਾਨਾ ਬੈਠਕ ਦੀ ਪੇਸ਼ਕਾਰੀ ਇਨਸਾਨ ਵਰਗੇ ਦਿਸਣ ਵਾਲੇ ਰੋਬੋਟ ਨੂੰ ਨਿਊਜ਼ ਐਂਕਰ ਵਜੋਂ ਇਸਤੇਮਾਲ ਕਰ ਕੇ ਕੀਤੀ ਗਈ ਸੀ। ਹੁਣ ਰੋਬੋਟ ਸਹਾਰੇ ਸੀਵਰੇਜ ਦੀ ਸਫ਼ਾਈ ਸ਼ੁਰੂ ਹੋਣ 'ਤੇ ਕਰਮਚਾਰੀਆਂ ਤੇ ਲੋਕਾਂ ਨੂੰ ਰਾਹਤ ਮਿਲੇਗੀ। ਇਹ ਗੱਲ ਧਿਆਨ ਦੇਣ ਵਾਲੀ ਹੈ ਕਿ ਦੁਨੀਆ ਦੇ ਸਾਰੇ ਵਿਕਸਤ ਦੇਸ਼ਾਂ 'ਚ ਸੀਵਰੇਜ ਸਫ਼ਾਈ ਵਿਵਸਥਾ ਬਹੁਤ ਆਧੁਨਿਕ ਹੈ। ਮਲੇਸ਼ੀਆ, ਸਿੰਗਾਪੁਰ ਤੇ ਜਾਪਾਨ ਵਰਗੇ ਦੇਸ਼ ਸੀਵਰੇਜ ਦਾ ਸੌ ਫ਼ੀਸਦੀ ਕੰਮ ਕਿਸੇ ਵੀ ਕਰਮਚਾਰੀ ਨੂੰ ਗੰਦਗੀ ਵਿਚ ਉਤਾਰੇ ਬਿਨਾਂ ਮਸ਼ੀਨਾਂ ਦੀ ਮਦਦ ਨਾਲ ਕਰਦੇ ਹਨ। ਸੂਬੇ 'ਚ ਕਈ ਵੱਡੇ ਸ਼ਹਿਰਾਂ 'ਚ ਸੜਕਾਂ ਦੀ ਸਫ਼ਾਈ ਜ਼ਰੂਰ ਮਸ਼ੀਨਾਂ ਨਾਲ ਹੋ ਰਹੀ ਹੈ। ਵੱਡੇ ਸ਼ਹਿਰਾਂ 'ਚ ਸੁਪਰ ਸਕਸ਼ਨ ਮਸ਼ੀਨਾਂ ਵੀ ਹਨ ਪਰ ਆਬਾਦੀ ਦੇ ਲਿਹਾਜ਼ ਨਾਲ ਮਸ਼ੀਨਾਂ ਦੀ ਗਿਣਤੀ ਬਹੁਤ ਘੱਟ ਹੈ। ਸਰਕਾਰ ਅਜਿਹੀਆਂ ਮਸ਼ੀਨਾਂ ਹਰ ਨਗਰ ਪਾਲਿਕਾ, ਨਗਰ ਪੰਚਾਇਤ ਅਤੇ ਨਗਰ ਨਿਗਮਾਂ ਨੂੰ ਦੇਵੇ ਤਾਂ ਜੋ ਮਨੁੱਖੀ ਜੀਵਨ ਗੰਦਗੀ ਨਾਲ ਜੂਝਦਾ ਹੋਇਆ ਮੌਤ ਦੇ ਮੂੰਹ 'ਚ ਨਾ ਪਵੇ।

Posted By: Jagjit Singh