ਕੋਰੋਨਾ ਵੈਕਸੀਨ ਮੰਗਲਵਾਰ ਨੂੰ ਚੰਡੀਗੜ੍ਹ ਸਮੇਤ ਦੇਸ਼ ਦੇ ਵੱਖ-ਵੱਖ ਸੂਬਿਆਂ ’ਚ ਪਹੁੰਚ ਗਈ ਹੈ ਪਰ ਤੇਜ਼ੀ ਨਾਲ ਫੈਲ ਰਹੇ ਬਰਡ ਫਲੂ ਨੇ ਹੁਣ ਚਿੰਤਾ ਵਧਾ ਦਿੱਤੀ ਹੈ। ਹੁਣ ਤਕ ਇਹ ਫਲੂ ਦਸ ਸੂਬਿਆਂ ’ਚ ਫੈਲ ਚੁੱਕਾ ਹੈ। ਸਭ ਤੋਂ ਵੱਧ ਅਸਰ ਮਹਾਰਾਸ਼ਟਰ ’ਚ ਹੀ ਦੇਖਣ ਨੂੰ ਮਿਲ ਰਿਹਾ ਹੈ। ਇਸ ਤੋਂ ਪਹਿਲਾਂ ਕੋਰੋਨਾ ਦੀ ਲਾਗ ਨਾਲ ਸਭ ਤੋਂ ਵੱਧ ਪ੍ਰਭਾਵਤ ਸੂਬਿਆਂ ’ਚ ਵੀ ਮਹਾਰਾਸ਼ਟਰ ਸ਼ਾਮਲ ਸੀ। ਰਾਜਧਾਨੀ ਦਿੱਲੀ ’ਚ ਵੀ ਇਸ ਨੇ ਦਸਤਕ ਦੇ ਦਿੱਤੀ ਹੈ।

ਇਸ ਤੋਂ ਪਹਿਲਾਂ ਜੈਪੁਰ, ਦੌਸਾ, ਸਵਾਈ ਮਾਧੋਪੁਰ, ਹਨੂੰਮਾਨਗੜ, ਜੈਸਲਮੇਰ, ਬੀਕਾਨੇਰ, ਚਿਤੌੜਗੜ, ਪਾਲੀ, ਬਾਰਨ, ਕੋਟਾ, ਬਾਂਸਵਾੜਾ ’ਚ ਵੀ ਬਰਡ ਫਲੂ ਦੇ ਨਮੂਨੇ ਪਾਏ ਗਏ ਹਨ। ਪੰਜਾਬ ਦੇ ਕੁਝ ਜ਼ਿਲਿ੍ਹਆਂ ’ਚ ਵੀ ਕਾਵਾਂ ਦੇ ਮਰਨ ਦੇ ਮਾਮਲੇ ਸਾਹਮਣੇ ਆਏ ਹਨ। ਇਸ ਖ਼ਤਰਨਾਕ ਫਲੂ ਨੇ ਪਹਿਲਾਂ ਹੀ ਕੋਰੋਨਾ ਮਹਾਂਮਾਰੀ ਤੋਂ ਪਰੇਸ਼ਾਨ ਲੋਕਾਂ ਸਾਹਮਣੇ ਵੱਡੀ ਚਿੰਤਾ ਪੈਦਾ ਕਰ ਦਿੱਤੀ ਹੈ। ਚਿੰਤਾ ਦੀ ਗੱਲ ਹੈ ਕਿ ਬਰਡ ਫਲੂ ਦੇ ਅਜਿਹੇ ਮਾਮਲੇ ਪੋਲਟਰੀ ਖੇਤਰ ਵਿਚ ਵੀ ਪਾਏ ਜਾਣ ਕਾਰਨ ਇਹ ਫਲੂ ਇਨਸਾਨਾਂ ਤਕ ਵੀ ਪਹੁੰਚ ਸਕਦਾ ਹੈ। ਹਾਲਾਂਕਿ ਹਾਲੇ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈ। ਸਰਕਾਰ ਵੱਲੋਂ ਲੋਕਾਂ ਨੂੰ ਚੌਕਸ ਰਹਿਣ ਲਈ ਕਿਹਾ ਗਿਆ ਹੈ।

ਬਰਡ ਫਲੂ ਕਰਕੇ ਸਭ ਤੋਂ ਵੱਧ ਨੁਕਸਾਨ ਪੋਲਟਰੀ ਕਾਰੋਬਾਰ ਨੂੰ ਹੁੰਦਾ ਹੈ ਤੇ ਇਸ ਵਾਰ ਵੀ ਸਰਦੀ ਦੇ ਬਾਵਜੂਦ ਪੋਲਟਰੀ ਦੇ ਭਾਅ ਹੇਠਾਂ ਵੱਲ ਜਾ ਰਹੇ ਹਨ। ਕਿਉਂਕਿ ਮਨੁੱਖਾਂ ਤਕ ਇਹ ਬਿਮਾਰੀ ਉਸ ਵੇਲੇ ਹੀ ਪਹੁੰਚਦੀ ਹੈ ਜਦੋਂ ਕੋਈ ਬਰਡ ਫਲੂ ਵਾਲੇ ਪੰਛੀ ਦਾ ਮਾਸ ਖਾਵੇ। ਕਈ ਸੂਬਿਆਂ ਨੇ ਵੱਡੀ ਗਿਣਤੀ ਚ ਪੋਲਟਰੀ ਪੰਛੀਆਂ ਨੂੰ ਮਾਰਨ ਦੇ ਆਦੇਸ਼ ਦਿੱਤੇ ਹਨ। ਦਸ ਸੂਬਿਆਂ ਤਕ ਫਲੂ ਦਾ ਫੈਲ ਜਾਣਾ ਇਸ ਕਾਰਨ ਵੀ ਚਿੰਤਾ ਵਾਲੀ ਗੱਲ ਹੈ ਕਿ ਪਿਛਲੇ ਸਾਲ ਹੀ ਸਰਕਾਰ ਨੇ ਦੇਸ਼ ਨੂੰ ਬਰਡ ਫਲੂ ਮੁਕਤ ਐਲਾਨਿਆ ਸੀ ਪਰ ਅਚਾਨਕ ਇਸ ਬਿਮਾਰੀ ਦਾ ਤੇਜ਼ੀ ਫੜਨਾ ਕੁਝ ਸਵਾਲ ਵੀ ਖੜ੍ਹੇ ਕਰ ਰਿਹਾ ਹੈ।

ਪੰਜਾਬ ਸਰਕਾਰ ਨੇ ਪੋਲਟਰੀ ਉਤਪਾਦਨ ਦੀ ਦਰਾਮਦ ’ਤੇ ਰੋਕ ਲਗਾ ਦਿੱਤੀ ਹੈ ਤੇ ਰਾਜ ਨੂੰ ‘ਕੰਟਰੋਲਡ ਏਰੀਆ’ ਐਲਾਨ ਦਿੱਤਾ ਹੈ।

ਇਸ ਰੋਗ ਦੀ ਭਿਆਨਕਤਾ ਦਾ ਅੰਦਾਜ਼ਾ ਇਸ ਗੱਲ ਤੋਂ ਲੱਗ ਜਾਂਦਾ ਹੈ ਕਿ ਸਰਕਾਰ ਨੇ ਕੋਰੋਨਾ ਮਹਾਂਮਾਰੀ ਦੀ ਤਰਜ਼ ’ਤੇ ਬਰਡ ਫਲੂ ਨਾਲ ਨਿਪਟਣ ਦੇ ਨਿਰਦੇਸ਼ ਦਿੱਤੇ ਹਨ। ਇਸ ਤੋਂ ਪਹਿਲਾਂ ਵੀ ਕਈ ਵਾਰ ਦੇਸ਼ ਚ ਬਰਡ ਫਲੂ ਦੇ ਮਾਮਲੇ ਸਾਹਮਣੇ ਆਉਂਦੇ ਰਹੇ ਹਨ ਪਰ ਇਸ ਵਾਰ ਇਸ ਦਾ ਪਸਾਰ ਬਹੁਤ ਜ਼ਿਆਦਾ ਨਜ਼ਰ ਆ ਰਿਹਾ ਹੈ। ਇਸ ਬਿਮਾਰੀ ਦੀ ਕੇਸ ਸਟੱਡੀ ਦੱਸਦੀ ਹੈ ਕਿ ਬਰਡ ਫਲੂ ਕਿਸੇ ਇਕ ਦੇਸ਼ ’ਚੋਂ ਸ਼ੁਰੂ ਹੋ ਕੇ ਕਈ ਮੁਲਕਾਂ ਤਕ ਫੈਲ ਜਾਂਦਾ ਹੈ।

ਮਾਹਰਾਂ ਮੁਤਾਬਕ ਬਰਡ ਫਲੂ ਦਾ ਪਸਾਰ ਕੋਰੋਨਾ ਨਾਲੋਂ ਜ਼ਿਆਦਾ ਤੇਜ਼ੀ ਨਾਲ ਹੁੰਦਾ ਹੈ। ਇਸ ਦੀਆਂ ਕਈ ਕਿਸਮਾਂ ਮਨੁੱਖ ਲਈ ਜਾਨਲੇਵਾ ਸਾਬਤ ਹੋ ਸਕਦੀਆਂ ਹਨ। ਕੋਰੋਨਾ ਤੇ ਬਰਡ ਫਲੂ ’ਚ ਇਕ ਅੰਤਰ ਹੈ ਕਿ ਇਹ ਲਾਗ ਕਾਰਨ ਨਹੀਂ ਫੈਲਦਾ। ਕੋਰੋਨਾ ਮਹਾਂਮਾਰੀ ਕਾਰਨ ਕੇਂਦਰ ਤੇ ਸੂਬਾ ਸਰਕਾਰਾਂ ਪਹਿਲਾਂ ਹੀ ਹਾਈ ਅਲਰਟ ’ਤੇ ਹਨ। ਸਿਹਤ ਪ੍ਰਬੰਧ ਵੀ ਠੀਕ ਹਨ। ਮਾਹਰਾਂ ਦਾ ਮੰਨਣਾ ਹੈ ਕਿ ਅਜਿਹੇ ਸਮੇਂ ਜੇਕਰ ਇਸ ਬਿਮਾਰੀ ਦਾ ਅਸਰ ਵਧਦਾ ਵੀ ਹੈ ਤਾਂ ਇਸ ਨੂੰ ਕਾਬੂ ਕੀਤਾ ਜਾ ਸਕਦਾ ਹੈ ਪਰ ਲੋਕਾਂ ਨੂੰ ਸਰਕਾਰ ਦਾ ਸਾਥ ਦੇਣਾ ਪਵੇਗਾ।

ਲੋਕਾਂ ਨੂੰ ਜਾਗਰੂਕ ਕਰਨ ਲਈ ਸਰਕਾਰ ਨੂੰ ਵੱਡੇ ਪੱਧਰ ’ਤੇ ਮੁਹਿੰਮ ਚਲਾਉਣ ਦੀ ਲੋੜ ਹੈ। ਪੰਛੀਆਂ ਦੇ ਸ਼ਿਕਾਰ ’ਤੇ ਪਾਬੰਦੀ ਸਖ਼ਤੀ ਨਾਲ ਲਾਗੂ ਹੋਣੀ ਚਾਹੀਦੀ ਹੈ। ਲੋਕਾਂ ਨੂੰ ਪੰਛੀਆਂ ਦਾ ਮਾਸ ਨਹੀਂ ਖਾਣਾ ਚਾਹੀਦਾ। ਸਰਕਾਰ ਨੂੰ ਇਹ ਬਿਮਾਰੀ ਫੈਲਣ ਤੋਂ ਰੋਕਣ ਲਈ ਫੌਰੀ ਪ੍ਰਬੰਧ ਕਰਨੇ ਚਾਹੀਦੇ ਹਨ।

Posted By: Jagjit Singh