ਰਿਸ਼ੀ ਸੁਨਕ 25 ਅਕਤੂਬਰ 2022 ਨੂੰ ਦੀਵਾਲੀ ਵਾਲੇ ਦਿਨ ਬਰਤਾਨੀਆ ਦੇ ਪ੍ਰਧਾਨ ਮੰਤਰੀ ਬਣੇ ਸਨ। ਬਤਾਲੀ ਸਾਲਾਂ ਦਾ ਇਹ ਨੌਜਵਾਨ ਸਾਬਕਾ ਪ੍ਰਧਾਨ ਮੰਤਰੀ ਬੋਰਿਸ ਜੋਹਨਸਨ ਦੀ ਸਰਕਾਰ ਵੇਲੇ ਬਰਤਾਨੀਆ ਦਾ ਚਾਂਸਲਰ ਅਰਥਾਤ ਵਿੱਤ ਮੰਤਰੀ ਵੀ ਰਿਹਾ ਹੈ ਜਿਸ ਨੇ ਕੋਵਿਡ ਮਹਾਮਾਰੀ ਦੌਰਾਨ ਹਰ ਆਮ ਤੇ ਖ਼ਾਸ ਨੂੰ ਵਿੱਤੀ ਸਹਾਇਤਾ ਦੇ ਕੇ ਰਾਹਤ ਪਹੁੰਚਾਈ, ਕਾਮਿਆਂ ਵਾਸਤੇ ਫਰਲੋ ਸਕੀਮ ਲਾਗੂ ਕਰ ਕੇ ਉਨ੍ਹਾਂ ਦੀ ਉਜਰਤ ਦੀ ਅੱਸੀ ਫ਼ੀਸਦੀ ਰਾਸ਼ੀ ਘਰ ਬੈਠਿਆਂ ਨੂੰ ਦਿੱਤੀ ਅਤੇ ਦੁਕਾਨਾਂ ਤੇ ਛੋਟੇ ਵਪਾਰਕ ਅਦਾਰਿਆਂ ਨੂੰ ਹਜ਼ਾਰਾਂ ਪੌਂਡਾਂ ਦੀ ਰਾਹਤ ਦਿੱਤੀ।

ਦੁਨੀਆ ਦੇ ਅਰਥਚਾਰੇ ਬਾਰੇ ਚੰਗੀ ਜਾਣਕਾਰੀ ਰੱਖਣ ਵਾਲਾ ਇਹ ਸ਼ਖ਼ਸ ਬਰਤਾਨਵੀ ਅਰਥਚਾਰੇ ਦੀ ਪੱਟੜੀ ਤੋਂ ਲਹਿੰਦੀ ਜਾ ਰਹੀ ਗੱਡੀ ਨੂੰ ਮੁੜ ਟਰੈਕ ’ਤੇ ਚਾੜ੍ਹਨ ਵਾਸਤੇ ਕਾਫ਼ੀ ਮਦਦਗਾਰ ਸਹਾਈ ਹੋ ਸਕਦਾ ਹੈ।

ਸ਼ਾਇਦ ਇਹੀ ਕਾਰਨ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਬੋਰਿਸ ਜੋਹਨਸਨ ਦੇ ਇਕ ਵਾਰ ਫਿਰ ਪ੍ਰਧਾਨ ਮੰਤਰੀ ਬਣਨ ਦੀ ਸੰਭਾਵਨਾ ਹੁੰਦਿਆਂ ਹੋਇਆਂ ਵੀ ਰਿਸ਼ੀ ਸੁਨਕ ਨੂੰ ਬਿਨਾਂ ਮੁਕਾਬਲਾ ਬਰਤਾਨੀਆ ਦਾ ਪ੍ਰਧਾਨ ਮੰਤਰੀ ਬਣਨ ਦਾ ਮੌਕਾ ਦਿੱਤਾ ਗਿਆ ਹੈ। ਦੂਸਰੇ ਸ਼ਬਦਾਂ ’ਚ ਇਹ ਵੀ ਕਿਹਾ ਜਾ ਸਕਦਾ ਹੈ ਕਿ ਬਰਤਾਨੀਆ ਕੋਲ ਰਿਸ਼ੀ ਸੁਨਾਕ ਨੂੰ ਪ੍ਰਧਾਨ ਮੰਤਰੀ ਚੁਣਨ ਤੋਂ ਇਲਾਵਾ ਹੋਰ ਕੋਈ ਵੀ ਆਪਸ਼ਨ ਜਾਂ ਚਾਰਾ ਬਾਕੀ ਨਹੀਂ ਸੀ। ਰਿਸ਼ੀ ਸੁਨਕ ਬਹੁਤ ਹੀ ਮਿਹਨਤੀ ਤੇ ਇਕ ਬਹੁਤ ਸੁਲਝਿਆ ਹੋਇਆ ਵਿਅਕਤੀ ਹੈ। ਉਹ ਮੁਲਕ ਦੇ ਹਾਲਾਤ ਨੂੰ ਬਹੁਤ ਚੰਗੀ ਤਰ੍ਹਾਂ ਸਮਝਦਾ ਹੈ।

ਇਸ ਵੇਲੇ ਬਰਤਾਨੀਆ ਕਿਹੜੀਆਂ ਮੁੱਖ ਸਮੱਸਿਆਵਾਂ ਨਾਲ ਦੋ-ਚਾਰ ਹੋ ਰਿਹਾ, ਇਸ ਤੋਂ ਬਾਖ਼ੂਬੀ ਵਾਕਿਫ ਹੈ। ਮੁਲਕ ਦੀ ਸੱਤਾ ਸੰਭਾਲਦਿਆਂ ਹੀ ਉਸ ਨੇ ਪਹਿਲ ਦੇ ਆਧਾਰ ’ਤੇ ਨਜਿੱਠੀਆਂ ਜਾਣ ਵਾਲੀਆਂ ਸਮੱਸਿਆਵਾਂ ਦਾ ਜ਼ਿਕਰ ਆਪਣੀ ਪਲੇਠੀ ਸਪੀਚ ਵਿਚ ਕਰ ਦਿੱਤਾ ਤੇ ਇਸ ਦੇ ਨਾਲ ਹੀ ਇਹ ਭਰੋਸਾ ਵੀ ਦੇ ਦਿੱਤਾ ਕਿ ਉਸ ਦੇ ਵਾਸਤੇ ਪਾਰਟੀ ਬਾਅਦ ਵਿਚ ਹੈ, ਦੇਸ਼ ਸਭ ਤੋਂ ਪਹਿਲਾਂ ਹੈ। ਇਸ ਵਾਸਤੇ ਉਹ ਆਪਣਾ ਹਰ ਕੰਮ ਪਾਰਟੀਬਾਜ਼ੀ ਵਾਲੀ ਰਾਜਨੀਤੀ ਤੋਂ ਉੱਪਰ ਉੱਠ ਕੇ ਕਰੇਗਾ। ਰਿਸ਼ੀ ਸੁਨਕ ਦੇ ਬਰਤਾਨੀਆ ਦੇ ਪ੍ਰਧਾਨ ਮੰਤਰੀ ਬਣਦਿਆਂ ਸਾਰ ਹੀ ਭਾਰਤੀ ਮੀਡੀਆ ਤੇ ਸੋਸ਼ਲ ਮੀਡੀਆ ਉੱਤੇ ਵੱਡੀਆਂ ਵਧਾਈਆਂ ਦਾ ਸਿਲਸਿਲਾ ਵੀ ਬਹੁਤ ਜ਼ੋਰਾਂ-ਸ਼ੋਰਾਂ ਨਾਲ ਚੱਲਿਆ ਜੋ ਅਜੇ ਵੀ ਜਾਰੀ ਹੈ। ਉਸ ਨੂੰ ਭਾਰਤੀ ਮੂਲ ਦਾ ਕਹਿ ਕੇ ਭਾਰਤੀਆਂ ਵੱਲੋਂ ਆਪਣਾ ਦੱਸਿਆ ਜਾ ਰਿਹਾ ਹੈ ਤੇ ਇਹ ਵੀ ਕਿਹਾ ਜਾ ਰਿਹਾ ਕਿ ‘ਕਦੇ ਦਾਦੇ ਦੀਆਂ ਤੇ ਕਦੇ ਪੋਤੇ ਦੀਆਂ’ ਵਾਲੀ ਕਹਾਵਤ ਵਾਂਗ ਜਿਨ੍ਹਾਂ ਭਾਰਤੀਆਂ ’ਤੇ ਅੰਗਰੇਜ਼ਾਂ ਨੇ ਲਗਪਗ 200 ਸਾਲ ਰਾਜ ਕੀਤਾ ਸੀ, ਰਿਸ਼ੀ ਸੁਨਕ ਨੇ ਹੁਣ ਇਕ ਭਾਰਤੀ ਵਜੋਂ ਬਰਤਾਨੀਆ ਦੀ ਸੱਤਾ ਸੰਭਾਲ ਕੇ ਇਹ ਸਾਬਿਤ ਕਰ ਦਿੱਤਾ ਹੈ ਕਿ ਹੁਣ ਬਰਤਾਨੀਆ ਦੀ ਵਾਗਡੋਰ ਭਾਰਤੀਆਂ ਦੇ ਹੱਥ ਆ ਗਈ ਹੈ। ਉਂਜ ਦੇਖਿਆ ਜਾਵੇ ਤਾਂ ਦੁਨੀਆ ਦਾ ਭਾਰਤ ਤੋਂ ਇਲਾਵਾ ਹੋਰ ਕੋਈ ਵੀ ਅਜਿਹਾ ਮੁਲਕ ਨਹੀਂ ਜੋ ਮਾੜੇ ਰਾਜ ਪ੍ਰਬੰਧ ਕਾਰਨ ਦਰਪੇਸ਼ ਆਪਣੀਆਂ ਤੰਗੀਆਂ-ਤੁਰਸ਼ੀਆਂ ਦੇ ਮਾਰੇ ਪਹਿਲਾਂ ਵਤਨੋਂ ਬੇਵਤਨ ਹੋਏ ਆਪਣੇ ਸ਼ਹਿਰੀਆਂ, ਜੋ ਬਾਅਦ ਵਿਚ ਵਿਦੇਸ਼ੀ ਧਰਤੀ ’ਤੇ ਆਪਣੀ ਹੱਡ-ਭੰਨਵੀਂ ਮਿਹਨਤ ਕਰਕੇ ਸਫਲ ਹੋਏ ਤੇ ਫਿਰ ਜਦ ਪੂਰੀ ਦੁਨੀਆ ’ਚ ਉਨ੍ਹਾਂ ਦਾ ਨਾਮ ਚਮਕਿਆ ਤਾਂ ਉਨ੍ਹਾਂ ਨਾਲ ਜਾਣ-ਪਛਾਣ ਤੇ ਨਾਤਾ ਗੰਢਣ ਲਈ ਉਨ੍ਹਾਂ ਦੇ ਵਤਨ ਜਾਂ ਮੂਲ ਨੂੰ ਵਰਤ ਲਿਆ ਗਿਆ।

ਜਦੋਂ ਕੋਈ ਵਿਅਕਤੀ ਦੁਖੀ ਹੋ ਕੇ ਮੁਲਕ ਛੱਡਣ ਲਈ ਮਜਬੂਰ ਹੋਇਆ ਤਾਂ ਕਿਸੇ ਨੇ ਵੀ ਨਹੀਂ ਕਿਹਾ ਕਿ ਤੂੰ ਸਾਡਾ ਹੈਂ, ਮੁਲਕ ਨਾ ਛੱਡ, ਅਸੀਂ ਤੇਰੇ ਨਾਲ ਹਾਂ, ਪਰ ਜਦ ਵਿਦੇਸ਼ਾਂ ’ਚ ਉਸ ਨੇ ਸਫਲਤਾ ਦਾ ਪਰਚਮ ਲਹਿਰਾਇਆ ਤਾਂ ਕੋਠੇ ਚੜ੍ਹ ਕੇ ਢੋਲ-ਨਗਾਰੇ ਵਜਾ ਕੇ ਕਹਿਣ ਲੱਗੇ ਕਿ ਤੂੰ ਸਾਡਾ ਏਂ ਤੇ ਸਾਨੂੰ ਤੇਰੇ ’ਤੇ ਬਹੁਤ ਮਾਣ ਹੈ ਤੇ ਤੈਥੋਂ ਬਹੁਤ ਵੱਡੀਆਂ ਆਸਾਂ ਹਨ। ਹੁਣ ਸਾਨੂੰ ਭਰੋਸਾ ਹੈ ਕਿ ਤੂੰ ਸਾਡਾ ਵੀ ਪੂਰਾ ਖ਼ਿਆਲ ਰੱਖੇਂਗਾ! ਹੋਰ ਸੁਣ ਲਓ, ਰਿਸ਼ੀ ਸੁਨਕ ਦੇ ਪ੍ਰਧਾਨ ਮੰਤਰੀ ਬਣਨ ਤੋਂ ਤੁਰੰਤ ਬਾਅਦ ਭਾਰਤ ਵਿਚ ਪੂਜਾ-ਪਾਠ ਅਤੇ ਹਵਨ ਕਰਵਾਏ ਗਏ। ਜਾਣਕਾਰੀ ਇਹ ਵੀ ਮਿਲੀ ਹੈ ਕਿ ਬਹੁਤੇ ਭਾਰਤੀ ਇਹ ਸੋਚ ਰਹੇ ਹਨ ਕਿ ਰਿਸ਼ੀ ਸੁਨਾਕ ਭਾਰਤੀਆਂ ਵਾਸਤੇ ਯੂਕੇ ਦੀ ਵੀਜ਼ਾ ਪਾਲਿਸੀ ਨੂੰ ਬਹੁਤ ਨਰਮ ਕਰ ਦੇਵੇਗਾ, ਵਿਦਿਆਰਥੀ ਵੀਜ਼ੇ ਧੜਾਧੜ ਲੱਗਣਗੇ, ਕਾਮਿਆਂ ਨੂੰ ਵੀਜ਼ੇ ਮਿਲਣਗੇ, ਉਨ੍ਹਾਂ ਨੂੰ ਜਲਦੀ ਹੀ ਪੱਕੇ ਕਰ ਦਿੱਤਾ ਜਾਵੇਗਾ ਤੇ ਇਸ ਦੇ ਨਾਲ ਹੀ ਛੋਟੇ ਵਪਾਰੀਆਂ ਦੇ ਯੂਕੇ ਵਿਚ ਵਪਾਰ ਖੋਲ੍ਹਣ ’ਤੇ ਉਨ੍ਹਾਂ ਨੂੰ ਪੱਕੇ ਕਰਨ ਵਾਸਤੇ ਲੋੜੀਂਦੀ ਮਦਦ ਕੀਤੀ ਜਾਵੇਗੀ। ਕਹਿਣ ਦਾ ਭਾਵ ਇਹ ਹੈ ਕਿ ਰਿਸ਼ੀ ਸੁਨਕ ਦੀ ਬਰਤਾਨੀਆ ਦੇ ਪ੍ਰਧਾਨ ਮੰਤਰੀ ਵਜੋਂ ਨਿਯੁਕਤੀ ਨੂੰ ਲੈ ਕੇ ਮੁੰਗੇਰੀ ਲਾਲ ਦੇ ਸੁਪਨਿਆਂ ਦਾ ਬਾਜ਼ਾਰ ਇਸ ਵੇਲੇ ਭਾਰਤ ਵਿਚ ਬਹੁਤ ਗਰਮ ਹੈ।

ਚਲੋ ਖ਼ੈਰ! ਕੋਈ ਕੁਝ ਵੀ ਕਹੇ ਪਰ ਇਹ ਗੱਲ ਸੋਲਾਂ ਆਨੇ ਸਹੀ ਹੈ ਕਿ ਰਿਸ਼ੀ ਸੁਨਕ ਬਰਤਾਨੀਆ ਦਾ ਨਾਗਰਿਕ ਹੈ, ਉਸ ਦੇ ਵਾਸਤੇ ਬਰਤਾਨੀਆ ਦੀ ਬੇਹਤਰੀ ਸਭ ਤੋਂ ਪਹਿਲਾਂ ਹੈ, ਉਹ ਪ੍ਰਧਾਨ ਮੰਤਰੀ ਹੋਣ ਦੇ ਨਾਤੇ ਕਦੇ ਵੀ ਬਰਤਾਨੀਆ ਦੇ ਹਿੱਤਾਂ ਤੋਂ ਪਰਾਂ ਜਾਣ ਬਾਰੇ ਸੋਚੇਗਾ ਵੀ ਨਹੀਂ। ਜੇਕਰ ਇਸ ਤਰ੍ਹਾਂ ਕਰਨ ਦੀ ਗ਼ਲਤੀ ਕਰੇਗਾ ਤਾਂ ਉਸ ਦਾ ਹਾਲ ਵੀ ਲਿਜ਼ ਟਰੱਸ, ਥੈਰੇਸਾ ਮੇਅ ਤੇ ਬੋਰਿਸ ਜੋਹਨਸਨ ਵਾਲਾ ਹੀ ਹੋਵੇਗਾ ਕਿਉਂਕਿ ਵਿਰੋਧੀ ਹੀ ਨਹੀਂ ਬਲਕਿ ਉਸ ਦੀ ਆਪਣੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਵੀ ਉਸ ਨੂੰ ਕਿਸੇ ਵੀ ਤਰ੍ਹਾਂ ਦੀ ਮਨਮਰਜ਼ੀ ਨਹੀਂ ਕਰਨ ਦੇਣਗੇ। ਇਹ ਵੀ ਕੰਧ ਉੱਤੇ ਲਿਖਿਆ ਖ਼ਰਾ ਸੱਚ ਹੈ ਕਿ ਰਿਸ਼ੀ ਸੁਨਕ ਵਾਸਤੇ ਬਰਤਾਨੀਆ ਦਾ ਪ੍ਰਧਾਨ ਮੰਤਰੀ ਨਿਯੁਕਤ ਹੋਣਾ, ਬੇਸ਼ੱਕ ਕਿਸੇ ਗ਼ੈਰ-ਬਰਤਾਨਵੀ ਮੂਲ ਦੇ ਵਿਅਕਤੀ ਦੀ ਬਹੁਤ ਵੱਡੀ ਪ੍ਰਾਪਤੀ ਹੈ ਪਰ ਇਹ ਨਿਯੁਕਤੀ ਕਿਸੇ ਵੀ ਤਰ੍ਹਾਂ ਕੰਡਿਆਂ ਦਾ ਤਾਜ ਪਹਿਨਣ ਤੋਂ ਘੱਟ ਨਹੀਂ।

ਇਸ ਵੇਲੇ ਮੁਲਕ ਨੂੰ ਅੰਦਰੂਨੀ ਤੇ ਬਾਹਰੀ, ਬਹੁਤ ਸਾਰੀਆਂ ਚੁਣੌਤੀਆਂ ਦਰਪੇਸ਼ ਹਨ। ਰੂਸ-ਯੂਕਰੇਨ ਦੀ ਜੰਗ ਨੇ ਤੇਲ ਤੇ ਗੈਸ ਦੀਆਂ ਕੀਮਤਾਂ ਬੇਲਗਾਮ ਕੀਤੀਆਂ ਹਨ, ਮੁਲਕ ਆਰਥਿਕ ਮੰਦਵਾੜੇ ਦਾ ਸ਼ਿਕਾਰ ਹੈ, ਮਹਿੰਗਾਈ ਅਸਮਾਨ ਨੂੰ ਟਾਕੀਆਂ ਲਾ ਰਹੀ ਹੈ ਤੇ ਸਿਆਸੀ ਗਲਿਆਰੇ ਪਿਛਲੇ ਸਾਲ ਕੁ ਤੋਂ ਅਧੋਗਤੀ ਦਾ ਸ਼ਿਕਾਰ ਹਨ। ਆਸ ਕਰਦੇ ਹਾਂ ਕਿ ਰਿਸ਼ੀ ਸੁਨਕ ਬਰਤਾਨੀਆ ਨੂੰ ਮੁੜ ਕਾਮਯਾਬੀ ਤੇ ਤਰੱਕੀ ਦੀਆ ਲੀਹਾਂ ’ਤੇ ਚਾੜ੍ਹਨ ਵਿਚ ਸਫਲ ਹੋ ਜਾਣਗੇ, ਮੁਲਕ ਦੇ ਵਿਗੜੇ ਹੋਏ ਹਾਲਾਤ ’ਤੇ ਕਾਬੂ ਪਾ ਕੇ ਮੁਲਕ ਦੇ ਨਾਗਰਿਕਾਂ ਨੂੰ ਰਾਹਤ ਪਹੁੰਚਾਉਣਗੇ ਅਤੇ ਦੁਨੀਆ ਦੇ ਇਸ ਨੰਬਰ ਵਨ ਮੁਲਕ ਦੀ ਆਨ, ਬਾਨ ਤੇ ਸ਼ਾਨ ਬਹਾਲ ਰੱਖਣ ਵਿਚ ਸਫਲ ਹੋਣਗੇ। ਇਹ ਦੇਖਣਾ ਹੋਵੇਗਾ ਕਿ ਪ੍ਰਧਾਨ ਮੰਤਰੀ ਵਜੋਂ ਰਿਸ਼ੀ ਸੁਨਕ ਲੋਕਾਂ ਦੀ ਆਸਾਂ-ਉਮੀਦਾਂ ’ਤੇ ਕਿਵੇਂ ਖ਼ਰਾ ਉਤਰਦੇ ਹਨ।

-ਪ੍ਰੋ. ਸ਼ਿੰਗਾਰਾ ਸਿੰਘ ਢਿੱਲੋਂ

-ਸੰਪਰਕ : +44 7806 945964

-response@jagran.com

Posted By: Jagjit Singh