ਭਗਤ ਨਾਮਦੇਵ ਜੀ ਜਿਨ੍ਹਾਂ ਨੂੰ ਕਈ ਇਤਿਹਾਸਕਾਰਾਂ ਨੇ ਆਦਿ ਭਗਤ ਜਾਂ ਸ਼੍ਰੋਮਣੀ ਭਗਤ ਵੀ ਕਿਹਾ ਹੈ ਉਹ ਵਿਸ਼ਵ ਭਰ ਦੇ ਅਧਿਆਤਮਕ ਆਕਾਸ਼ ਦੇ ਮਹਾਨ ਸਿਤਾਰੇ ਸਨ। ਮਹਾਰਾਸ਼ਟਰ ਨਿਵਾਸੀ ਭਗਤ ਨਾਮਦੇਵ ਜੀ ਦਾ ਪ੍ਰਚਾਰ ਖੇਤਰ ਸਾਰਾ ਉੱਤਰੀ ਭਾਰਤ ਹੀ ਬਣਿਆ ਰਿਹਾ। ਉਨ੍ਹਾਂ ਦੇ ਨਾਮ ਦੀ ਵਿਆਖਿਆ ਕਰਦਿਆਂ ਸਪਸ਼ਟ ਹੋ ਜਾਂਦਾ ਹੈ ਕਿ ਨਾਮ ਹੀ ਦੇਵ (ਪ੍ਰਭੂ-ਪਰਮਾਤਮਾ) ਦੀ ਹੋਂਦ ਤੋਂ ਪ੍ਰਗਟ ਹੋਇਆ ਹੈ।

ਇਨ੍ਹਾਂ ਨੂੰ ਸ਼੍ਰੋਮਣੀ ਭਗਤ ਵੀ ਕਿਹਾ ਜਾਂਦਾ ਹੈ। ਆਪ ਨੇ ਵੱਖ-ਵੱਖ ਭਾਸ਼ਾਵਾਂ ਵਿਚ ਬਾਣੀ ਦੀ ਰਚਨਾ ਕੀਤੀ। ਉਹ ਅਜਿਹੀ ਮਹਾਨ ਸ਼ਖ਼ਸੀਅਤ ਸਨ ਜਿਨ੍ਹਾਂ ਦੀ ਬਾਣੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੋਣ ਦਾ ਮਾਣ ਹਾਸਲ ਹੈ।

ਭਗਤ ਨਾਮਦੇਵ ਜੀ ਦਾ ਜਨਮ ਪਿੰਡ ਨਰਸੀ ਬਾਮਨੀ, ਜ਼ਿਲ੍ਹਾ ਸਤਾਰਾ (ਮਹਾਰਾਸ਼ਟਰ) ਵਿਖੇ ਪਿਤਾ ਦਾਮ ਸ਼ੇਟ ਦੇ ਘਰ ਮਾਤਾ ਗੋਨੀ ਬਾਈ ਦੀ ਕੁੱਖੋਂ 1270 ਈ. ਨੂੰ ਹੋਇਆ ਸੀ। ਆਪ ਦਾ ਸੁਭਾਅ ਬਚਪਨ ਤੋਂ ਹੀ ਸਾਦਗੀ ਅਤੇ ਭਗਤੀ ਵਾਲਾ ਸੀ। ਕੋਈ ਵੀ ਕਾਰ-ਵਿਵਹਾਰ ਕਰਦਿਆਂ ਆਪ ਦੀ ਬਿਰਤੀ ਹਮੇਸ਼ਾ ਅਕਾਲ ਪੁਰਖ ਨਾਲ ਜੁੜੀ ਰਹਿੰਦੀ। ਆਪ ਜੀ ਸੁਭਾਅ ਵਜੋਂ ਭੋਲੇ ਸਨ ਅਤੇ ਆਪ ਦਾ ਮਨ ਸਦਾ ਸੰਤਾਂ-ਭਗਤਾਂ ਦੀ ਸੰਗਤ ਵਿਚ ਪ੍ਰਸੰਨ ਰਹਿੰਦਾ ਸੀ।

ਇਸ ਲਈ ਆਪ ਵਿਸ਼ੋਭਾ ਖੇਤਰ ਨੂੰ ਆਪਣਾ ਗੁਰੂ ਧਾਰਨ ਕਰਦਿਆਂ ਕੱਪੜੇ ਰੰਗਣ ਦੇ ਨਾਲ-ਨਾਲ ਆਪਣੇ ਮਨ ਨੂੰ ਵੀ ਭਗਤੀ-ਭਾਵ ਨਾਲ ਰੰਗਦੇ ਰਹੇ। ਆਪ ਜੀ ਦਾ ਪਾਵਨ ਫੁਰਮਾਨ ਹੈ: ਨਾਮਾ ਕਹੈ ਤਿਲੋਚਨਾ ਮੁਖ ਤੇ ਰਾਮੁ ਸੰਮ੍ਹਾਲਿ॥ ਹਾਥ ਪਾਉ ਕਰਿ ਕਾਮੁ ਸਭੁ ਚੀਤੁ ਨਿਰੰਜਨ ਨਾਲਿ॥ ਪੰਨਾ (1376) ਭਗਤ ਨਾਮਦੇਵ ਜੀ ਨੇ ਤਰਲੋਚਨ ਭਗਤ ਨੂੰ ਕਿਹਾ ਕਿ ਤੂੰ ਇੰਨੀਆਂ ਗੱਲਾਂ ਕਰ ਕੇ ਆਪਣੇ ਮੂੰਹ ਨੂੰ ਗੱਲਾਂ ਨਾਲ ਜੋੜ ਰਿਹਾ ਹੈ।

ਆਪਣੇ ਮੂੰਹ ਤੋਂ ਰਾਮ ਸਮਾਲ, (ਯਾਦ ਕਰ) ਪਰਮਾਤਮਾ ਦੀ ਭਗਤੀ ਇਕ ਥਾਂ ਬੈਠ ਕੇ ਹੀ ਨਹੀਂ ਕੀਤੀ ਜਾਂਦੀ। ਸਗੋਂ ਹੱਥੀਂ ਕੰਮਕਾਰ ਕਰਦੇ ਹੋਏ ਮਨ ਪਰਮਾਤਮਾ ਨਾਲ ਜੁੜਿਆ ਹੋਵੇ। ਇਸ ਤਰ੍ਹਾਂ ਹਰ ਵੇਲੇ ਭਗਤੀ ਕੀਤੀ ਜਾ ਸਕਦੀ ਹੈ। ਜੇ ਇੱਕੋ ਸਮੇਂ ਦੋ ਕੰਮ ਕੀਤੇ ਜਾ ਸਕਦੇ ਹਨ ਤਾਂ ਕੰਮ ਸਮੇਂ ਭਗਤੀ ਕਿਉਂ ਨਹੀਂ ਕੀਤੀ ਜਾ ਸਕਦੀ। ਜਿਵੇਂ ਇਕ ਬੱਚਾ ਕਾਗਜ਼ ਦੀ ਪਤੰਗ ਅਸਮਾਨ ਵਿਚ ਡੋਰ ਬੰਨ੍ਹ ਕੇ ਉਡਾਉਂਦਾ ਹੈ ਅਤੇ ਨਾਲ-ਨਾਲ ਆਪਣੇ ਮਿੱਤਰਾਂ-ਦੋਸਤਾਂ ਨਾਲ ਗੱਲਾਂ ਵੀ ਕਰਦਾ ਹੈ ਅਤੇ ਪਤੰਗ ’ਚ ਵੀ ਧਿਆਨ ਰੱਖਦਾ ਹੈ।

ਜੇ ਇੱਕੋ ਸਮੇਂ ਪਤੰਗ ਉਡਾਉਣ ਵਾਲਾ ਬੱਚਾ ਦੋ ਪਾਸੇ ਧਿਆਨ ਦੇ ਸਕਦਾ ਤਾਂ ਧਰਮ ਕਮਾਉਣ ਲਈ ਨਾਮ ਜਪਣ ਲਈ ਦੁਨੀਆ ਦੇ ਕੰਮਕਾਰ ਕਰਦਿਆਂ ਕੰਮ ਵਿਚ ਵੀ ਧਿਆਨ ਰੱਖਿਆ ਜਾ ਸਕਦਾ ਹੈ। ਆਪ ਜੀ ਦੀ ਸ਼ਾਦੀ ਗੋਬਿੰਦ ਸ਼ੇਟ ਦੀ ਪੁੱਤਰੀ ਰਾਜਾ ਬਾਈ ਨਾਲ ਹੋਈ ਸੀ। ਆਪ ਦੇ ਘਰ ਚਾਰ ਪੁੱਤਰ ਨਰਾਇਣ, ਮਹਾਦੇਵ, ਗੋਬਿੰਦ, ਵੀਠਲ ਤੇ ਇਕ ਪੁੱਤਰੀ ਲਿੰਬਾ ਨੇ ਜਨਮ ਲਿਆ। ਪ੍ਰਭੂ-ਭਗਤੀ ਸਦਕਾ ਆਪ ਜੀ ਦੀ ਆਤਮਿਕ ਅਵਸਥਾ ਇੰਨੀ ਉੱਚੀ ਹੋ ਚੁੱਕੀ ਸੀ ਕਿ ਹਰੇਕ ਜੀਵ ਵਿਚ ਤੇ ਹਰ ਪਾਸੇ ਉਨ੍ਹਾਂ ਨੂੰ ਪਰਮਾਤਮਾ ਹੀ ਦਿਖਾਈ ਦਿੰਦਾ ਸੀ।

ਇਕ ਵਾਰ ਇਕ ਕੁੱਤਾ ਆਪ ਜੀ ਦੇ ਪ੍ਰਸ਼ਾਦੇ ਚੁੱਕ ਕੇ ਲੈ ਗਿਆ ਤਾਂ ਆਪ ਉਸ ਨੂੰ ਪਰਮਾਤਮਾ ਦਾ ਰੂਪ ਜਾਣ ਕੇ ਘਿਉ ਦਾ ਕੁੱਜਾ ਲੈ ਕੇ ਉਸ ਕੁੱਤੇ ਦੇ ਪਿੱਛੇ ਭੱਜੇ ਤੇ ਕਿਹਾ, ਹੇ ਪ੍ਰਭੂ! ਰੁੱਖਾ ਪ੍ਰਸ਼ਾਦਾ ਨਾ ਖਾਇਉ, ਲਿਆਉ ਮੈਂ ਪ੍ਰਸ਼ਾਦੇ ਘਿਉ ਨਾਲ ਚੋਪੜ ਦਿਆਂ। ਇਸ ਤਰ੍ਹਾਂ ਦੀਆਂ ਨਿਮਰਤਾ ਤੇ ਦਇਆ ਭਰਪੂਰ ਘਟਨਾਵਾਂ ਭਗਤ ਜੀ ਦੇ ਜੀਵਨ ’ਚੋਂ ਬੇਅੰਤ ਮਿਲਦੀਆਂ ਹਨ। ਭਗਤ ਨਾਮਦੇਵ ਜੀ ਨੇ ਉਚਾਰਨ ਕੀਤੀ ਹੋਈ ਬਾਣੀ ਵਿਚ ਕ੍ਰਾਂਤੀਕਾਰੀ ਤੇ ਇਨਕਲਾਬੀ ਵਿਚਾਰ ਪ੍ਰਗਟ ਕੀਤੇ ਹਨ। ਉਨ੍ਹਾਂ ਦੇ ਭਾਵ ’ਚੋਂ ਧਾਰਮਿਕ ਤੇ ਰਾਜਸੀ ਜਬਰ ਦੇ ਪਾਜ ਉੱਘੜ ਕੇ ਸਮਾਜ ਦੇ ਸਾਹਮਣੇ ਆਉਂਦੇ ਹਨ।

ਭਗਤ ਨਾਮਦੇਵ ਜੀ ਕਹਿੰਦੇ ਸਨ ਕਿ ਮੈਂ ਉਸ ਨੂੰ ਪੂਜਿਆ ਹੈ, ਨਾਮ ਸਿਮਰਨ ਕੀਤਾ ਹੈ ਜਿੱਥੇ ਨਾ ਮੰਦਰ ਦੀ ਗੱਲ ਹੈ ਤੇ ਨਾ ਹੀ ਮਸੀਤ ਦੀ, ਬਲਕਿ ਸਰਵ-ਵਿਆਪਕ ਪਰਮਾਤਮਾ ਦੀ ਗੱਲ ਹੈ। ਭਗਤ ਮੰਦਰ-ਮਸੀਤ ਦਾ ਕੋਈ ਫ਼ਰਕ ਨਹੀਂ ਸਮਝਦਾ। ਭਗਤ ਨਾਮਦੇਵ ਜੀ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਲਗਪਗ ਦੋ ਸੌ ਸਾਲ ਪਹਿਲਾਂ ਹੋਏ ਸਨ। ਉਸ ਸਮੇਂ ਕੇਵਲ ਦੋ ਹੀ ਧਰਮ ਮੁੱਖ ਤੌਰ ’ਤੇ ਪ੍ਰਚਲਿਤ ਸਨ ਹਿੰਦੂ ਅਤੇ ਇਸਲਾਮ। ਜਾਤਾਂ-ਪਾਤਾਂ ਦਾ ਪੂਰਾ ਜ਼ੋਰ ਸੀ। ਅਖੌਤੀ ਉੱਚੀ ਜਾਤ ਵਾਲੇ ਹਾਸ਼ੀਆਗਤ ਜਾਤਾਂ ਦਾ ਸਤਿਕਾਰ ਨਹੀਂ ਸਨ ਕਰਦੇ। ਇੱਥੋਂ ਤੀਕ ਕਿ ਧਾਰਮਿਕ ਅਸਥਾਨਾਂ ਪੁਰ ਭੀ ਆਪੋ-ਆਪਣੇ ਕਬਜ਼ੇ ਕੀਤੇ ਹੋਏ ਸਨ। ਜਾਤ-ਪਾਤ ਨੂੰ ਖ਼ਤਮ ਕਰਨ ਲਈ ਉਸ ਸਮੇਂ ਇਕ ਅਜਿਹੀ ਸ਼ਖ਼ਸੀਅਤ ਦੀ ਲੋੜ ਸੀ ਜੋ ਸਹੀ ਮਾਰਗ ਦਰਸਾ ਕੇ ਲੋਕਾਈ ਦਾ ਭਲਾ ਕਰਨ ਦੇ ਸਮਰੱਥ ਹੋਵੇ।

ਭਗਤ ਨਾਮਦੇਵ ਜੀ ਨੇ ਸੰਦੇਸ਼ ਦਿੱਤਾ ਕਿ ਕੋਈ ਵੀ ਮਨੁੱਖ ਜਾਤ-ਪਾਤ ਕਰਕੇ ਜਾਂ ਵੱਡੇ ਪਰਿਵਾਰ ਵਿਚ ਜਨਮ ਲੈਣ ਨਾਲ ਵੱਡਾ ਨਹੀਂ ਹੁੰਦਾ ਸਗੋਂ ਆਪਣੇ ਕੀਤੇ ਕੰਮਾਂ ਕਾਰਨ ਹੀ ਵੱਡਾ-ਛੋਟਾ ਹੁੰਦਾ ਹੈ। ਉਨ੍ਹਾਂ ਨੇ ਜਾਤ-ਪਾਤ, ਊਚ-ਨੀਚ, ਵਹਿਮਾਂ-ਭਰਮਾਂ ਦਾ ਭਰਪੂਰ ਖੰਡਨ ਕੀਤਾ ਅਤੇ ਨਾਮ ਸਿਮਰਨ ਕਰ ਕੇ ਇਨਸਾਨ ਨੂੰ ਉੱਚੇ-ਸੁੱਚੇ ਗੁਣਾਂ ਦਾ ਧਾਰਨੀ ਹੋਣ ਦਾ ਸੰਦੇਸ਼ ਦਿੱਤਾ। ਉਨ੍ਹਾਂ ਨੇ ਮਨ ਦੀ ਸ਼ੁੱਧਤਾ ’ਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਜਦੋਂ ਤੀਕ ਇਨਸਾਨ ਦਾ ਮਨ ਹੀ ਸ਼ੁੱਧ ਨਹੀਂ ਤਾਂ ਕਿਸੇ ਵੀ ਤਰ੍ਹਾਂ ਦੇ ਨਾਮ-ਸਿਮਰਨ ਦਾ ਕੋਈ ਲਾਭ ਨਹੀਂ ਹੋ ਸਕਦਾ।

ਭਗਤ ਨਾਮਦੇਵ ਦੀਆਂ ਸਿੱਖਿਆਵਾਂ ਨੂੰ ਮੁਸਲਮਾਨ ਜਾਂ ਹਿੰਦੂ ਵਰਗ ਤੀਕ ਹੀ ਮਹਿਦੂਦ ਨਹੀਂ ਕੀਤਾ ਜਾ ਸਕਦਾ। ਨਾਮ-ਸਿਮਰਨ ਅਤੇ ਪ੍ਰਭੂ ਭਗਤੀ ਨੇ ਹੀ ਨਾਮਦੇਵ ਜੀ ਨੂੰ ਭਗਤ ਦੀ ਪਦਵੀ ਤੀਕ ਪਹੁੰਚਾ ਦਿੱਤਾ। ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਭਗਤ ਨਾਮਦੇਵ ਦੇ ਰਚਿਤ 61 ਸ਼ਬਦਾਂ ਨੂੰ 18 ਰਾਗਾਂ ਵਿਚ ਦਰਜ ਕੀਤਾ। ਥੋੜੇ੍ਹ ਜਿਹੇ ਸ਼ਬਦਾਂ ’ਚ ਭਗਤ ਜੀ ਨੇ ਸਮੁੱਚੀ ਜੀਵਨ ਫਿਲਾਸਫੀ ਬਿਆਨ ਕੀਤੀ ਹੈ। ਆਪ ਜੀ ਦੀ ਮਰਾਠੀ ਭਾਸ਼ਾ ਵਿਚ ਰਚੀ ਨਾਮਦੇਵ ਦੀ ਸਾਖੀ, ਸੋਰਠਿ ਰਾਗ ਦਾ ਪਦਾ ਤੇ ਭਗਤ ਨਾਮਦੇਵ ਜੀ ਕਾ ਪਦਾ ਨਾਮੀ ਤਿੰਨ ਰਚਨਾਵਾਂ ਸਬੰਧੀ ਜਾਣਕਾਰੀ ਮਿਲਦੀ ਹੈ।

ਭਗਤ ਜੀ ਦੀ ਸਮੁੱਚੀ ਬਾਣੀ ’ਚ ਪਰਮਾਤਮਾ ਦੇ ਨਿਰਗੁਣ ਤੇ ਸਰਗੁਣ ਸਰੂਪ ਦਾ ਵਰਣਨ ਹੈ। ਗੁਰਮਤਿ ਦੇ ਬੁਨਿਆਦੀ ਸਿਧਾਂਤ ਦੀ ਤਰ੍ਹਾਂ ਇਸ ਸਾਰੇ ਬ੍ਰਹਿਮੰਡ ਵਿਚ ਸਰਬ-ਵਿਆਪੀ ਪ੍ਰਭੂ ਦੀ ਹੋਂਦ ਹੈ। ਉਹ ਪ੍ਰਭੂ ਆਪਣੇ ਅਨੇਕਾਂ ਰੂਪਾਂ ’ਚ ਸੰਸਾਰ ’ਚ ਵਿਆਪਕ ਹੈ। ਆਪ ਸੰਸਾਰ ਨੂੰ ਪਰਮਾਤਮਾ ਦਾ ਲਗਾਇਆ ਬਾਗ ਸਮਝਦੇ ਹਨ ਜਿਸ ਦੀ ਦੇਖ-ਰੇਖ ਤੇ ਸੰਭਾਲ ਵੀ ਅਕਾਲ ਪੁਰਖ ਆਪ ਕਰ ਰਿਹਾ ਹੈ। ਧਨਾਸਰੀ ਰਾਗ ’ਚ ਆਪ ਫੁਰਮਾਉਂਦੇ ਹਨ ਕਿ ਸਭ ਤੋਂ ਪਹਿਲਾਂ ਜਗਤ ਭਾਵ ਸੰਸਾਰ ਇੰਞ ਸੀ ਜਿਵੇਂ ਕੰਵਲ ਦੇ ਫੁੱਲਾਂ ਦਾ ਖੇਤ। ਸਾਰੇ ਜੀਵ-ਜੰਤ ਕੰਵਲ ਦੇ ਫੁੱਲਾਂ ਦੇ ਉਸ ਖੇਤ ਦੇ ਹੰਸ ਹਨ। ਛੋਟੀ ਉਮਰ ਵਿਚ ਹੀ ਭਗਤ ਨਾਮਦੇਵ ਜੀ ਨੂੰ ਬ੍ਰਾਹਮਣਾਂ, ਪੁਜਾਰੀਆਂ ਅਤੇ ਹੋਰ ਸਮੇਂ ਦੇ ਹੁਕਮਰਾਨਾਂ ਦਾ ਭਾਰੀ ਵਿਰੋਧ ਬਰਦਾਸ਼ਤ ਕਰਨਾ ਪਿਆ। ਜਿਸ ਮਨੁੱਖ ਦੇ ਹਿਰਦੇ ਵਿਚ ਈਰਖਾ ਦੀ ਅੱਗ ਪ੍ਰਚੰਡ ਹੋ ਜਾਵੇ, ਉਸ ਦੇ ਹਿਰਦੇ ’ਚੋਂ ਸਭ ਗੁਣ ਭਸਮ ਹੋ ਜਾਂਦੇ ਹਨ। ਇਕ ਦਿਨ ਭਗਤ ਨਾਮਦੇਵ ਪ੍ਰਭੂ ਭਗਤੀ ’ਚ ਲੀਨ ਹੋਏ ਹੱਸਦੇ-ਖੇਡਦੇ ਇਕ ਮੰਦਰ ਵਿਚ ਚਲੇ ਗਏ।

ਭਗਤੀ ਕਰਦੇ ਹੋਏ ਮੰਦਰ ਵਿਚ ਬੈਠੇ ਉਨ੍ਹਾਂ ਨੇ ਹੱਥ ਵਿਚ ਖੜਤਾਲਾਂ ਫੜੀਆਂ ਹੋਈਆਂ ਸਨ। ਇੰਨੇ ਚਿਰ ਨੂੰ ਪੁਜਾਰੀ ਜੋ ਉੱਚੀ ਜਾਤ ਨਾਲ ਸਬੰਧਤ ਸੀ, ਆ ਗਿਆ ਅਤੇ ਅਪਮਾਨਯੋਗ ਸ਼ਬਦਾਂ ਦੀ ਵਰਤੋਂ ਕਰਦੇ ਹੋਏ ਭਗਤ ਜੀ ਨੂੰ ਮੰਦਰ ’ਚੋਂ ਕੱਢ ਦਿੱਤਾ ਅਤੇ ਕਿਹਾ ਕਿ ਤੂੰ ਨੀਵੀਂ ਜਾਤ ਵਾਲਾ ਹੈ ਅਤੇ ਮੰਦਰ ਵਿਚ ਦਾਖ਼ਲ ਨਹੀਂ ਹੋ ਸਕਦਾ। ਭਗਤ ਨਾਮਦੇਵ ਜੀ ਨੇ ਪ੍ਰਭੂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੇਰੇ ਅੰਦਰ ਤਾਂ ਪ੍ਰਭੂ ਜੀ ਆਪ ਹੀ ਹੋ। ਫਿਰ ਆਪ ਮੇਰੇ ਅੰਦਰ ਕਿਉਂ ਹੋ? ਆਪਣੀ ਕੰਬਲੀ ਮੋਢੇ ’ਤੇ ਰੱਖ ਕੇ ਪਿਛਲੇ ਪਾਸੇ ਬੈਠ ਗਏ ਅਤੇ ਭਗਤੀ ਦੇ ਰੌਂਅ ਵਿਚ ਪ੍ਰਭੂ ਦੇ ਗੁਣ ਗਾਇਨ ਕਰਨ ਲੱਗ ਪਏ। ਜਿਵੇਂ-ਜਿਵੇਂ ਸਿਮਰਨ ਕਰਨ ਲੱਗੇ ਤਾਂ ਉਵੇਂ-ਉਵੇਂ ਮੰਦਰ ਘੁੰਮ ਕੇ ਮੁੱਖ ਦਰਵਾਜ਼ਾ ਭਗਤ ਨਾਮਦੇਵ ਜੀ ਦੇ ਸਾਹਮਣੇ ਹੋ ਗਿਆ ਅਤੇ ਜੋ ਪੁਜਾਰੀ ਦਰਵਾਜ਼ੇ ’ਤੇ ਖੜ੍ਹੇ ਸਨ, ਉਨ੍ਹਾਂ ਦੇ ਪਾਸੇ ਪਿੱਠ ਹੋ ਗਈ।

ਇਹ ਮੰਦਰ ਹੁਣ ਵੀ ਮਹਾਰਾਸ਼ਟਰ ਵਿਚ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਤੋਂ ਕੁਝ ਦੂਰੀ ’ਤੇ ਸਥਿਤ ਹੈ। ਭਗਤ ਨਾਮਦੇਵ ਜੀ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਮਾਨਵਤਾ ਦਾ ਸੰਦੇਸ਼ ਦੇਣ ਉਪਰੰਤ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਦੇ ਘੁਮਾਣ ਨਗਰ ਵਿਖੇ ਪੁੱਜੇ। ਇੱਥੇ ਆਪ ਨੇ ਲੰਬਾ ਸਮਾਂ ਭਗਤੀ ਕੀਤੀ। ਪੰਜਾਬ ਦੇ ਵਾਯੂਮੰਡਲ, ਏਥੋਂ ਦੇ ਸੱਭਿਆਚਾਰ ਅਤੇ ਕਾਰ-ਵਿਹਾਰ ਨੇ ਭਗਤ ਨਾਮਦੇਵ ਜੀ ਦੇ ਮਨ ’ਤੇ ਡੂੰਘਾ ਪ੍ਰਭਾਵ ਪਾਇਆ। ਪੰਜਾਬ ਦੇ ਨਾਮਦੇਵ ਨਗਰ ਘੁਮਾਣ (ਗੁਰਦਾਸਪੁਰ) ਵਿਚ ਹੀ 1350 ਈ. ਨੂੰ ਉਹ ਜੋਤੀ ਜੋਤਿ ਸਮਾ ਗਏ। ਇੱਥੇ ਹੀ ਉਨ੍ਹਾਂ ਦੀ ਪਵਿੱਤਰ ਯਾਦ ’ਚ ਅੰਤਿਮ ਅਸਥਾਨ ਮੌਜੂਦ ਹੈ ਅਤੇ ਨਾਲ ਹੀ ਇਕ ਸ਼ਾਨਦਾਰ ਹਾਲ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਜਿੱਥੇ ਸਵੇਰੇ-ਸ਼ਾਮ ਮਰਿਆਦਾ ਅਨੁਸਾਰ ਸੇਵਾ ਨਿਭਾਈ ਜਾਂਦੀ ਹੈ। ਸ੍ਰੀ ਦਰਬਾਰ ਕਮੇਟੀ ਵੱਲੋਂ ਸਮੇਂ-ਸਮੇਂ ਗੁਰਮਤਿ ਸਮਾਗਮ ਕਰਵਾਏ ਜਾਂਦੇ ਹਨ ਅਤੇ ਖ਼ਾਸ ਤੌਰ ’ਤੇ ਭਗਤ ਨਾਮਦੇਵ ਜੀ ਦਾ ਜਨਮ ਦਿਹਾੜਾ ਅਤੇ ਜੋਤੀ-ਜੋਤ ਦਿਵਸ ਹਰ ਸਾਲ ਸੰਗਤਾਂ ਵੱਲੋਂ ਬੜੀ ਸ਼ਰਧਾ ਅਤੇ ਭਾਵਨਾ ਨਾਲ ਮਨਾਇਆ ਜਾਂਦਾ ਹੈ।

-ਸਤਬੀਰ ਸਿੰਘ ਧਾਮੀ

-(ਸਾਬਕਾ ਸਕੱਤਰ, ਐੱਸਜੀਪੀਸੀ)।

-ਮੋਬਾਈਲ : 98143-56133

Posted By: Jagjit Singh