-ਪਿਰਥੀਪਾਲ ਸਿੰਘ ਮਾੜੀਮੇਘਾ


ਦੁਰਗਾ ਭਾਬੀ ਅੰਗਰੇਜ਼ ਸਾਮਰਾਜ ਵਿਰੁੱਧ ਹਥਿਆਰਬੰਦ ਇਨਕਲਾਬ ਵਿਚ ਸਰਗਰਮ ਭੂਮਿਕਾ ਨਿਭਾਉਣ ਵਾਲੀਆਂ ਕ੍ਰਾਂਤੀਕਾਰੀ ਮਹਿਲਾਵਾਂ 'ਚੋਂ ਇਕ ਸੀ। ਉਸ ਦਾ ਜਨਮ 7 ਅਕਤੂਬਰ 1907 ਨੂੰ ਇਲਾਹਾਬਾਦ ਵਿਖੇ ਹੋਇਆ ਸੀ। ਉਨ੍ਹਾਂ ਦੇ ਪਿਤਾ ਪੰਡਿਤ ਬਿਹਾਰੀ ਲਾਲ ਜ਼ਿਲ੍ਹਾ ਜੱਜ ਸਨ। ਦੁਰਗਾ ਦੇਵੀ ਦਾ ਵਿਆਹ 1918 ਵਿਚ ਭਗਵਤੀ ਚਰਨ ਵੋਹਰਾ ਨਾਲ ਬੜੀ ਸ਼ਾਨੋ-ਸ਼ੌਕਤ ਨਾਲ ਹੋਇਆ ਸੀ। ਉਸ ਵਕਤ ਦੁਰਗਾ ਦੇਵੀ ਦੀ ਉਮਰ 11 ਸਾਲ ਦੀ ਸੀ। ਸੰਨ 1919 'ਚ ਭਗਵਤੀ ਚਰਨ ਵੋਹਰਾ ਨੇ ਦਸਵੀਂ ਪਾਸ ਕਰਦਿਆਂ ਹੀ ਆਪਣੀ ਪਤਨੀ ਦੁਰਗਾ ਦੇਵੀ ਨੂੰ ਦੱਸ ਦਿੱਤਾ ਸੀ ਕਿ ਉਹ ਗ਼ੁਲਾਮੀ ਦੀਆਂ ਜ਼ੰਜੀਰਾਂ ਤੋੜ ਕੇ ਭਾਰਤ ਨੂੰ ਅੰਗਰੇਜ਼ ਹਾਕਮਾਂ ਤੋਂ ਮੁਕਤ ਕਰਵਾਉਣਾ ਚਾਹੁੰਦੇ ਹਨ। ਦੁਰਗਾ ਦੇਵੀ ਦੀ ਮੁੱਢਲੀ ਸਿੱਖਿਆ ਕੋਈ ਖ਼ਾਸ ਨਹੀਂ ਸੀ ਪਰ ਭਗਵਤੀ ਦੇ ਉਤਸ਼ਾਹਿਤ ਕਰਨ 'ਤੇ ਉਸ ਨੇ ਪ੍ਰਭਾਕਰ ਦਾ ਇਮਤਿਹਾਨ ਪਾਸ ਕਰ ਲਿਆ ਅਤੇ ਕੰਨਿਆ ਮਹਾਵਿਦਿਆਲਾ ਲਾਹੌਰ ਵਿਚ ਹਿੰਦੀ ਦੀ ਅਧਿਆਪਕਾ ਵਜੋਂ ਨੌਕਰੀ ਕਰਨ ਲੱਗੀ।

ਕ੍ਰਾਂਤੀਕਾਰੀ ਲਹਿਰ ਦੇ ਇਤਿਹਾਸ ਵਿਚ ਸ਼ਹੀਦੇ-ਆਜ਼ਮ ਸਰਦਾਰ ਭਗਤ ਸਿੰਘ ਦੀ ਤਰ੍ਹਾਂ ਦੁਰਗਾ ਭਾਬੀ ਵੀ ਜਾਣੀ ਜਾਂਦੀ ਹੈ। ਦੁਰਗਾ ਦੇਵੀ ਭਗਵਤੀ ਤੋਂ ਪ੍ਰਭਾਵਿਤ ਹੋ ਕੇ ਇਨਕਲਾਬੀ ਲਹਿਰ 'ਚ ਕੁੱਦ ਪਈ ਅਤੇ ਉਹ ਕ੍ਰਾਂਤੀਕਾਰੀ ਸਰਕਲ 'ਚ ਦੁਰਗਾ ਭਾਬੀ ਦੇ ਨਾਂ ਨਾਲ ਪ੍ਰਸਿੱਧ ਹੋ ਗਈ। ਉਨ੍ਹਾਂ ਦਾ ਘਰ ਕ੍ਰਾਂਤੀਕਾਰੀਆਂ ਦਾ ਖ਼ਾਸ ਅੱਡਾ ਬਣ ਗਿਆ।

ਦੁਰਗਾਵਤੀ ਦੇ ਘਰ 3 ਦਸੰਬਰ 1925 ਨੂੰ ਇਕ ਪੁੱਤਰ ਨੇ ਜਨਮ ਲਿਆ ਜਿਸ ਦਾ ਨਾਂ ਉਨ੍ਹਾਂ ਨੇ ਸ਼ਚਿੰਦਰ (ਸ਼ੁਚੀ) ਰੱਖਿਆ। ਨੌਜਵਾਨ ਭਾਰਤ ਸਭਾ ਨੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਬਰਸੀ 16 ਨਵੰਬਰ 1926 ਨੂੰ ਬ੍ਰੈਡਲੇ ਹਾਲ ਲਾਹੌਰ ਵਿਚ ਮਨਾਉਣ ਦਾ ਫ਼ੈਸਲਾ ਕੀਤਾ। ਭਗਤ ਸਿੰਘ ਨੇ ਸਰਾਭਾ ਦੀ ਨਿੱਕੀ ਜਿਹੀ ਫੋਟੋ ਲੱਭੀ ਅਤੇ ਭਗਵਤੀ ਚਰਨ ਨੇ ਉਸ ਨੂੰ ਵੱਡੀ ਕਰਵਾ ਕੇ ਸਟੇਜ 'ਤੇ ਸੁਚੱਜੇ ਢੰਗ ਨਾਲ ਸਜਾ ਦਿੱਤਾ। ਦੁਰਗਾ ਦੇਵੀ ਅਤੇ ਸੁਸ਼ੀਲਾ ਦੇਵੀ (ਭਗਵਤੀ ਦੀ ਮੂੰਹ ਬੋਲੀ ਭੈਣ) ਨੇ ਆਪਣੀਆਂ ਉਂਗਲਾਂ 'ਚੋਂ ਖ਼ੂਨ ਕੱਢ ਕੇ ਫੋਟੋ ਪਿੱਛੇ ਲੱਗੇ ਚਿੱਟੇ ਪਰਦੇ 'ਤੇ ਲਾਲ ਰੰਗ ਦੇ ਛਿੱਟੇ ਮਾਰ ਕੇ ਕ੍ਰਾਂਤੀਕਾਰੀਆਂ ਵਿਚ ਇਨਕਲਾਬੀ ਜੋਸ਼ ਪੈਦਾ ਕੀਤਾ। ਕ੍ਰਾਂਤੀਕਾਰੀ ਲਹਿਰ ਵਿਚ ਲਾਹੌਰ ਵਿਖੇ 17 ਦਸੰਬਰ 1928 ਨੂੰ ਪੁਲਿਸ ਅਫ਼ਸਰ ਸਾਂਡਰਸ ਦਾ ਕਤਲ ਬੜੀ ਅਹਿਮੀਅਤ ਰੱਖਦਾ ਹੈ। ਕ੍ਰਾਂਤੀਕਾਰੀਆਂ ਨੇ ਇਹ ਕਤਲ ਕਰ ਕੇ ਲਾਲਾ ਲਾਜਪਤ ਰਾਏ ਦੀ ਮੌਤ ਦਾ ਬਦਲਾ ਲਿਆ ਸੀ। ਇਸ ਕਾਂਡ ਸਮੇਂ ਭਗਵਤੀ ਚਰਨ ਕਲਕੱਤੇ ਵਿਖੇ ਬੰਬ ਬਣਾਉਣ ਦਾ ਢੰਗ ਸਿੱਖਣ ਵਿਚ ਰੁੱਝੇ ਹੋਏ ਸਨ। ਜਾਣ ਲੱਗੇ ਉਹ ਦੁਰਗਾ ਦੇਵੀ ਨੂੰ 500 ਰੁਪਏ ਦੇ ਗਏ ਅਤੇ ਨਾਲ ਕਹਿ ਗਏ ਕਿ ਇਹ ਕਿਸੇ ਖ਼ਾਸ ਕੰਮ ਲਈ ਵਰਤ ਲੈਣੇ। ਇਸ ਕਾਂਡ ਨੂੰ ਅੰਜਾਮ ਦੇਣ ਤੋਂ ਬਾਅਦ ਆਪਣੀ ਜ਼ਿੰਮੇਵਾਰੀ ਮੁਤਾਬਕ 19 ਦਸੰਬਰ ਦੀ ਸ਼ਾਮ ਨੂੰ 8 ਕੁ ਵਜੇ ਦੁਰਗਾ ਦੇਵੀ ਦੇ ਘਰ ਸੁਖਦੇਵ ਆਇਆ ਅਤੇ ਭਗਤ ਸਿੰਘ ਨੂੰ ਲਾਹੌਰ ਤੋਂ ਕੱਢਣ ਦੀ ਯੋਜਨਾ ਸਮਝਾਈ ਅਤੇ ਪੈਸਿਆਂ ਦੀ ਲੋੜ ਦਰਸਾਈ। ਦੁਰਗਾ ਭਾਬੀ ਨੇ ਜਿਹੜੇ ਪੈਸੇ ਭਗਵਤੀ ਦੇ ਕੇ ਗਿਆ ਸੀ, ਉਹ ਸੁਖਦੇਵ ਨੂੰ ਦੇ ਦਿੱਤੇ। ਅਗਲੀ ਸਵੇਰ ਦੁਰਗਾ ਭਾਬੀ ਨੇ ਭਗਤ ਸਿੰਘ ਦੀ ਪਤਨੀ ਦੇ ਭੇਸ ਵਿਚ ਭਗਤ ਸਿੰਘ ਤੇ ਰਾਜਗੁਰੂ ਨੂੰ ਲਾਹੌਰ 'ਚੋਂ ਕੱਢਿਆ।

ਜਦੋਂ ਦੁਰਗਾ ਦੇਵੀ ਭਗਤ ਸਿੰਘ ਸਮੇਤ ਕਲਕੱਤੇ ਸਟੇਸ਼ਨ 'ਤੇ ਪਹੁੰਚੀ ਤਾਂ ਭਗਵਤੀ ਚਰਨ ਨੇ ਦੁਰਗਾ ਦੀ ਪਿੱਠ ਥਾਪੜਦਿਆਂ ਕਿਹਾ ਕਿ ਅਸਲ ਵਿਚ ਸਾਡਾ ਵਿਆਹ ਅੱਜ ਹੋਇਆ ਹੈ। ਅਸੈਂਬਲੀ ਬੰਬ ਕਾਂਡ 8 ਅਪ੍ਰੈਲ 1929 ਨੂੰ ਵਾਪਰਿਆ।

ਉਸ ਤੋਂ ਪਹਿਲਾਂ ਹੀ ਦੁਰਗਾ ਦੇਵੀ ਭਗਵਤੀ ਦੇ ਕਹਿਣ 'ਤੇ ਦਿੱਲੀ ਪਹੁੰਚ ਗਈ ਸੀ। ਜਦੋਂ ਭਗਤ ਸਿੰਘ ਅਤੇ ਬੁਟਕੇਸ਼ਵਰ ਦੱਤ ਨੂੰ ਪੁਲਿਸ ਗ੍ਰਿਫ਼ਤਾਰ ਕਰ ਕੇ ਜੇਲ੍ਹ ਲਿਜਾ ਰਹੀ ਸੀ ਤਾਂ ਦੁਰਗਾ ਦੇਵੀ, ਸੁਸ਼ੀਲਾ ਦੀਦੀ ਤੇ ਛੋਟਾ ਬੱਚਾ ਸ਼ੁਚੀ ਟਾਂਗੇ 'ਤੇ ਬੈਠ ਕੇ ਉਨ੍ਹਾਂ ਨੂੰ ਅਲਵਿਦਾ ਕਹਿਣ ਗਏ। ਭਗਵਤੀ ਚਰਨ ਦੇ ਕਲਕੱਤਾ, ਬੰਬਈ, ਕਾਨਪੁਰ, ਲਖਨਊ, ਦਿੱਲੀ, ਮੇਰਠ ਆਦਿ ਕਈ ਥਾਵਾਂ 'ਤੇ ਕ੍ਰਾਂਤੀਕਾਰੀਆਂ ਨਾਲ ਸੰਪਰਕ ਸਨ। ਆਮ ਤੌਰ 'ਤੇ ਹਥਿਆਰ ਅਤੇ ਬੰਬਾਂ ਦਾ ਸਾਮਾਨ ਜੈਪੁਰ ਅਤੇ ਗਵਾਲੀਅਰ ਤੋਂ ਮੰਗਵਾਇਆ ਜਾਂਦਾ ਸੀ। ਦੁਰਗਾ ਭਾਬੀ ਲਹਿੰਗੇ, ਉੱਡਣੀ ਅਤੇ ਚਾਦਰ ਦੀ ਬੁੱਕਲ ਮਾਰ ਕੇ ਇਕ ਮਾਰਵਾੜੀ ਔਰਤ ਦੇ ਭੇਸ ਵਿਚ ਹਥਿਆਰਾਂ ਦਾ ਸਾਮਾਨ ਕ੍ਰਾਂਤੀਕਾਰੀਆਂ ਤਕ ਬੇਝਿਜਕ ਹੋ ਕੇ ਪਹੁੰਚਾਉਂਦੀ ਸੀ। ਕ੍ਰਾਂਤੀਕਾਰੀਆਂ ਨੇ ਭਗਤ ਸਿੰਘ ਅਤੇ ਬੀਕੇ ਦੱਤ ਨੂੰ 1 ਜੂਨ 1930 ਨੂੰ ਜੇਲ੍ਹ 'ਚੋਂ ਛੁਡਾਉਣ ਦਾ ਮਨਸੂਬਾ ਬਣਾਇਆ। ਇਸ ਕੰਮ 'ਚ ਬੰਬਾਂ ਦੀ ਜ਼ਰੂਰਤ ਸੀ। ਬੰਬ ਬਣਾਉਣ ਦਾ ਮਾਹਿਰ ਭਗਵਤੀ ਚਰਨ ਬੰਬ ਤਿਆਰ ਕਰ ਕੇ ਆਪਣੇ ਸਾਥੀਆਂ ਨਾਲ ਰਾਵੀ ਦਰਿਆ ਦੇ ਕੰਢੇ ਅਤੇ ਜੰਗਲ ਵਿਚ ਪ੍ਰੀਖਣ ਕਰਨ ਚਲਾ ਗਿਆ। ਬੰਬ ਵਿਚ ਨੁਕਸ ਹੋਣ ਕਾਰਨ ਬੰਬ ਸੁੱਟਣ ਤੋਂ ਪਹਿਲਾਂ ਹੀ ਭਗਵਤੀ ਚਰਨ ਦੇ ਹੱਥ 'ਚ ਚੱਲ ਗਿਆ ਅਤੇ ਉਹ ਸ਼ਹੀਦ ਹੋ ਗਿਆ। ਦੁਰਗਾ ਭਾਬੀ ਹਿੰਮਤ, ਦਲੇਰੀ ਅਤੇ ਕ੍ਰਾਂਤੀਕਾਰੀ ਵਿਚਾਰਾਂ ਵਿਚ ਇੰਨਾ ਗੜੁੱਚ ਸੀ ਕਿ ਉਹ ਪਾਰਟੀ ਦੇ ਫ਼ੈਸਲੇ ਅਨੁਸਾਰ ਆਪਣੇ ਪਤੀ ਦੇ ਅੰਤਿਮ ਦਰਸ਼ਨ ਕਰਨ ਵੀ ਨਾ ਗਈ। ਕੁਝ ਦਿਨਾਂ ਬਾਅਦ ਦੁਰਗਾ ਦੇ ਘਰ ਰੱਖੇ ਬੰਬ ਗਰਮੀ ਕਾਰਨ ਫਟ ਗਏ। ਇਸ ਕਾਰਨ ਦੁਰਗਾ ਨੂੰ ਆਪਣਾ ਘਰ ਛੱਡਣਾ ਪਿਆ ਅਤੇ ਉਹ 15 ਦਿਨਾਂ ਦੇ ਲਗਪਗ ਹੋਰ ਕਿਸੇ ਦੇ ਘਰ ਲੁਕੀ ਰਹੀ।

ਕ੍ਰਾਂਤੀਕਾਰੀ ਯੋਜਨਾ ਮੁਤਾਬਕ ਦੁਰਗਾ ਭਾਬੀ ਨੇ ਪਾਰਸੀ ਔਰਤ ਦੇ ਭੇਸ ਵਿਚ ਇਕ ਵਫ਼ਦ ਲੈ ਕੇ ਬੰਬਈ ਦੇ ਗਵਰਨਰ ਹੇਲੀ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਪਰ ਕਾਮਯਾਬੀ ਨਾ ਮਿਲੀ। ਲੈਮਿੰਗਟਨ ਰੋਡ 'ਤੇ ਬੰਬਈ ਵਿਖੇ ਜਾਂਦਿਆਂ ਦੁਰਗਾ ਦੇਵੀ ਨੇ ਇਕ ਅੰਗਰੇਜ਼ ਟੈਲਰ ਨੂੰ ਗਵਰਨਰ ਸਮਝ ਕੇ ਉਸ 'ਤੇ ਗੋਲ਼ੀ ਚਲਾ ਦਿੱਤੀ। ਸ਼ਹਿਰ ਵਿਚ ਹਫੜਾ-ਦਫੜੀ ਮਚ ਗਈ। ਦੁਰਗਾ ਭਾਬੀ ਅੰਗਰੇਜ਼ਾਂ ਦੇ ਹੱਥ ਨਾ ਆਈ ਅਤੇ ਉਹ ਰੂਪੋਸ਼ ਹੋ ਕੇ ਕਾਨਪੁਰ ਪੁੱਜ ਗਈ। ਦੁਰਗਾ ਭਾਬੀ ਨੇ ਦਿੱਲੀ ਪਰਤ ਕੇ ਸ਼ੁਚੀ ਨੂੰ ਕਿਸੇ ਜਾਣਕਾਰ ਕੋਲ ਛੱਡ ਦਿੱਤਾ ਤੇ ਆਪ ਕ੍ਰਾਂਤੀਕਾਰੀ ਗਤੀਵਿਧੀਆਂ ਵਿਚ ਹਿੱਸਾ ਲੈਣ ਲੱਗ ਪਈ। ਲਾਹੌਰ ਵਿਖੇ ਉਨ੍ਹਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਅਤੇ 6 ਮਹੀਨੇ ਜੇਲ੍ਹ ਦੀ ਸਜ਼ਾ ਅਤੇ 2 ਸਾਲ ਸ਼ਹਿਰ ਦੀਆਂ ਹੱਦਾਂ ਅੰਦਰ ਰਹਿਣ ਦਾ ਹੁਕਮ ਸੁਣਾ ਦਿੱਤਾ। ਦੁਰਗਾ ਭਾਬੀ ਨੇ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਸਮਾਜਵਾਦੀ ਵਿਚਾਰਾਂ ਦੇ ਪਰਪੱਕ ਹੁੰਦਿਆਂ ਹੋਇਆਂ ਕਾਂਗਰਸ ਪਾਰਟੀ ਵਿਚ ਕੰਮ ਕੀਤਾ। ਆਜ਼ਾਦੀ ਤੋਂ ਬਾਅਦ ਉਸ ਨੇ ਸਮਾਜਵਾਦੀ ਸੁਧਾਰਾਂ ਵੱਲ ਹੀ ਬਹੁਤਾ ਧਿਆਨ ਦਿੱਤਾ। ਦੇਸ਼ ਦੀ ਆਜ਼ਾਦੀ ਦੇ ਘੋਲ ਵਿਚ ਪੂਰਾ ਯੋਗਦਾਨ ਪਾਉਣ ਵਾਲੀ ਇਸ ਮਹਾਨ ਇਨਕਲਾਬੀ ਵਿਰਾਂਗਣਾ ਦੀ 15 ਅਕਤੂਬਰ 1999 ਨੂੰ ਮੌਤ ਹੋ ਗਈ।

-ਮੋਬਾਈਲ ਨੰ. : 98760-78731

-response0jagran.com

Posted By: Sunil Thapa