-ਰਵਿੰਦਰ ਰੁਪਾਲ ਕੌਲਗੜ੍ਹ


ਗੱਲ 1978 ਦੀ ਹੈ। ਵੱਡੇ ਭਰਾ ਦੇ ਵਿਆਹ ਤੋਂ ਬਾਅਦ ਸਾਡੀ ਚੰਗੀ ਭਲੀ ਚੱਲਦੀ ਹੋਈ ਪ੍ਰਚੂਨ ਦੀ ਦੁਕਾਨ ਬੰਦ ਹੋਣ ਕੰਢੇ ਪੁੱਜ ਗਈ ਸੀ। ਇਸ ਗੱਲ ਨੂੰ ਲੈ ਕੇ ਬੀਬੀ ਤੇ ਬਾਪੂ ਜੀ, ਦੋਵੇਂ ਫਿਕਰਮੰਦ ਰਹਿਣ ਲੱਗੇ। ਊਂ ਇਹੋ ਜਿਹੀ ਵੀ ਕੋਈ ਗੱਲ ਨਹੀਂ ਸੀ ਕਿ ਦੁਕਾਨ ’ਤੇ ਗਾਹਕ ਆਉਣੋਂ ਹੀ ਹਟ ਗਿਆ ਸੀ। ਗਾਹਕ ਸੁੱਖ ਨਾਲ ਬਥੇਰਾ ਆਉਂਦਾ ਸੀ ਪਰ ਸੌਦਿਆਂ ਦੀ ਘਾਟ ਕਾਰਨ ਉਸ ਨੂੰ ਖ਼ਾਲੀ ਹੱਥ ਮੁੜਨਾ ਪੈਂਦਾ। ਜਿਨ੍ਹਾਂ ਗਾਹਕਾਂ ਵੱਲ ਪਹਿਲੋਂ ਹੀ ਥੋੜ੍ਹੀ-ਬਹੁਤੀ ਉਧਾਰੀ ਖੜ੍ਹੀ ਸੀ, ਉਹ ਵੈਸੇ ਹੀ ਦੁਕਾਨ ’ਤੇ ਆਉਣੋਂ ਹਟ ਗਏ ਸਨ।

ਅਸਲ ਵਿਚ ਹੋਇਆ ਇਹ ਸੀ ਕਿ ਕਿੰਨਾ ਸਾਰਾ ਪੈਸਾ ਵੀਰੇ ਦੇ ਵਿਆਹ ’ਤੇ ਲੱਗ ਗਿਆ ਸੀ। ਉਹ ਸਾਰਾ ਪੈਸਾ ਦੁਕਾਨ ਦੀ ਵੱਟਤ ’ਚੋਂ ਹੀ ਕੱਢਿਆਂ ਜਾਂਦਾ ਸੀ। ਜਦੋਂ ਵਿਆਹ ਐਨ ਸਿਰ ਉੱਤੇ ਸੀ, ਉਦੋਂ ਬਾਪੂ ਜੀ ਦਾ ਸ਼ਹਿਰ ਨੂੰ ਜਾਣਾ-ਆਉਣਾ ਘੱਟ ਹੋਣ ਕਰ ਕੇ ਦੁਕਾਨ ’ਚੋਂ ਹੀ ਦਾਲਾਂ, ਚਾਹ-ਪੱਤੀ, ਚੀਨੀ, ਗੁੜ, ਤੇਲ ਅਤੇ ਘਿਉ ਆਦਿ ਸਭ ਕੁਝ ਘਰੇ ਵਰਤਿਆ ਜਾਣ ਲੱਗਾ ਤੇ ਦੁਕਾਨ ਖ਼ਾਲੀ ਹੁੰਦੀ ਚਲੀ ਗਈ। ਹੁਣ ਸਾਰੀ ਦਿਹਾੜੀ ਬਾਪੂ ਜੀ ਦੁਕਾਨ ਉੱਤੇ ਵਿਹਲੇ ਬੈਠ ਕੇ ਮੱਖੀਆਂ ਮਾਰਦੇ ਰਹਿੰਦੇ ਤੇ ਸ਼ਾਮੀਂ ਮੂੰਹ ਲਟਕਾ ਕੇ ਵਾਪਸ ਘਰ ਆ ਜਾਂਦੇ। ਘਰ ਵਿਚ ਕਦੇ-ਕਦੇ ਦੁਕਾਨ ਨੂੰ ਬੰਦ ਕਰਨ ਦੀਆਂ ਸਲਾਹਾਂ ਹੁੰਦੀਆਂ ਅਤੇ ਕਦੇ ਖੰਨੇ, ਬਗਲੀ ਵਾਲੇ ਲਾਲਿਆ ਤੋਂ ਹੋਰ ਉਧਾਰ ਮਾਲ ਚੁੱਕਣ ਦੀਆਂ ਵਿਉਤਾਂ ਬਣਾਉਂਦੇ।

ਇਕ ਦਿਨ ਬੀਬੀ ਕਹਿਣ ਲੱਗੀ ਕਿ ਕਿਸੇ ਸਿਆਣੇ-ਸਿਊਣੇ ਤੋਂ ਹੀ ਪੁੱਛ ਕੇ ਦੇਖ ਲਓ ਪਰ ਬਾਪੂ ਜੀ ਸ਼ੁਰੂ ਤੋਂ ਹੀ ਤਰਕਸ਼ੀਲ ਸੋਚ ਦੇ ਧਾਰਨੀ ਹੋਣ ਕਰ ਕੇ ਧਾਗੇ-ਤਵੀਤਾਂ, ਮੜ੍ਹੀਆਂ-ਮਸਾਣੀਆਂ ਨੂੰ ਨਹੀਂ ਸਨ ਮੰਨਦੇ ਹੁੰਦੇ। ਨਾ ਹੀ ਕਿਸੇ ਦੀ ਅਜਿਹੀ ਸਲਾਹ ਮੰਨਦੇ ਸਨ। ਇਸ ਲਈ ਉਨ੍ਹਾਂ ਨੇ ਬੀਬੀ ਦੀ ਗੱਲ ਨੂੰ ਬਹੁਤਾ ਗੌਲਿਆ ਨਹੀਂ ਸੀ।

ਸਾਡੀ ਦੁਕਾਨ ਦੇ ਨਾਲ ਲੱਗਵਾਂ ਸਾਡਾ ਕਾਰਖਾਨਾ ਵੀ ਸੀ। ਕਾਰਖਾਨੇ ’ਚ ਜਿਹੜੇ ਜ਼ਿਮੀਂਦਾਰਾਂ ਦਾ ਕੰਮ ਆਉਂਦਾ ਹੁੰਦਾ ਸੀ ਉਹ ਪੈਸੇ ਨਕਦ ਨਹੀਂ ਸਨ ਦਿੰਦੇ। ਬਾਪੂ ਜੀ ਨੇ ਹਿੰਮਤ ਨਹੀਂ ਸੀ ਹਾਰੀ। ਉਹ ਉਸ ਕੰਮ ਨੂੰ ਵੀ ਬੜੀ ਰੀਝ ਨਾਲ ਤਿਆਰ ਕਰ ਕੇ ਦਿੰਦੇ। ਉਸ ਕੰਮ ਦੇ ਇਵਜ਼ਾਨੇ ਵਜੋਂ ਜ਼ਿਮੀਂਦਾਰਾਂ ਵੱਲੋਂ ਸਾਨੂੰ ਹਰੇਕ ਛਿਮਾਹੀ ’ਤੇ ਫ਼ਸਲ ਮੁਤਾਬਕ ਕਣਕ, ਜ਼ੀਰੀ, ਤੂੜੀ ਅਤੇ ਗੁੜ ਆਦਿ ਮਿਲ ਜਾਂਦਾ ਸੀ।

ਇਕ ਦਿਨ ਅਚਾਨਕ ਸਾਡੀ ਦੁਕਾਨ ’ਤੇ ਇਕ ਸਾਧ ਆ ਗਿਆ। ਕੁਦਰਤੀ ਉਸ ਦਿਨ ਮੈਂ ਵੀ ਬਾਪੂ ਜੀ ਦੇ ਕੋਲ ਹੀ ਬੈਠਾ ਹੋਇਆ ਸੀ। ਉਹ ਇੰਜ ਲੱਗ ਰਿਹਾ ਸੀ ਜਿਵੇਂ ਕੋਈ ਸੱਪ ਫੜਨ ਵਾਲਾ ਹੁੰਦੈ। ਉਹ ਬਾਪੂ ਜੀ ਨੂੰ ਕਹਿਣ ਲੱਗਾ, ‘‘ਭਗਤਾ, ਤੇਰੇ ਕਾਰੋਬਾਰ ਵਿਚ ਬੜੇ ਵਾਧੇ ਹੋਣਗੇ ਜੇ ਕਿਤੇ ਅੱਜ ਤੂੰ ਦੋ ਰੁਪਏ ਦਾਨ ਕਰ ਦੇਵੇਂ।’’ ਬਾਪੂ ਜੀ ਕਾਰਖਾਨੇ ਦੇ ਬਾਹਰ ਬੈਠੇ ਆਪਣੇ ਕੰਮ ’ਚ ਰੁੱਝੇ ਹੋਏ ਸਨ। ਉਨ੍ਹਾਂ ਨੇ ਉਸ ਵੱਲ ਕੋਈ ਧਿਆਨ ਨਾ ਦਿੱਤਾ। ਮੈਂ ਵੀ ਸਾਧ ਦੇ ਮੂੰਹ ਵੱਲ ਦੇਖਦਾ ਰਿਹਾ। ਥੋੜ੍ਹੀ ਦੇਰ ਬਾਅਦ ਉਸ ਨੇ ਉਪਰੋਕਤ ਸ਼ਬਦ ਦੁਹਰਾਏ।

ਉਸ ਦੇ ਬੋਲ ਸੁਣ ਕੇ ਬਾਪੂ ਜੀ ਉਸ ਨੂੰ ਕਹਿਣ ਲੱਗੇ, ‘‘ਬਾਬਾ ਜੀ, ਹਾਲੇ ਤਾਂ ਹੱਥ ਬੜਾ ਟੈਟ ਚੱਲਦੈ। ਹਾਲੇ ਦੋ ਰੁਪਏ ਤਾਂ ਬੜੀ ਦੂਰ ਦੀ ਗੱਲ ਐ, ਦਿਨ ਕਟੀ ਮਸਾਂ ਕਰ ਰਹੇ ਹਾਂ।’’ ਸਾਧ ਕਹਿਣ ਲੱਗਾ, ‘‘ਕਿਉਂ ਭਗਤਾ, ਟੈਟ ਕਿਉਂ ਚੱਲਦੈ ਹੱਥ? ਨਾਲੇ ਹੱਥ ਤਾਂ ਆਪਾਂ ਮੋਕਲਾ ਕਰਨ ਜਾਣਦੇ ਆਂ। ਇੱਕੋ ਅਰਦਾਸ ਕਰਨੀ ਤੇਰੇ ਨਾਂ ਦੀ ਓਸ ਸੱਚੇ ਪਰਵਰਦਿਗਾਰ ਅੱਗੇ। ਫਿਰ ਸਭ ਕੁਝ ਆਪੇ ਸੁਖਾਲਾ ਹੋ ਜਾਊ। ਇਹ ਸਾਰਾ ਕੁਝ ਭਗਤਾ ਗਿਆਰਾਂ ਰੁਪਏ ਵਿਚ ਹੋ ਜਾਣੈ।’’

ਗਿਆਰਾਂ ਰੁਪਏ ਸੁਣ ਕੇ ਬਾਪੂ ਜੀ ਥੋੜ੍ਹਾ ਤਿਲਮਿਲਾਏ। ਫਿਰ ਉਸ ਦੇ ਮੂੰਹ ਵੱਲ ਝਾਕਣ ਲੱਗੇ। ਮੈਥੋਂ ਦੋ ਰੁਪਏ ਤਾਂ ਤੈਨੂੰ ਦਿੱਤੇ ਨੀ ਜਾ ਰਹੇ, ਤੂੰ ਗਿਆਰਾਂ ਭਾਲਦੈ, ਕਿੱਥੋਂ ਦੇਵਾਂ? ਚੱਲ ਰਸਤਾ ਨਾਪ ਆਪਣਾ, ਖਹਿੜਾ ਛੱਡ। ਤੂੰ ਸਾਧ ਈ ਕਾਹਦਾ ਜਿਸ ਨੂੰ ਇਹ ਨਹੀਂ ਪਤਾ ਕਿ ਇਸ ਬੰਦੇ ਕੋਲ ਦੋ ਰੁਪਏ ਹੈਗੇ ਵੀ ਜਾਂ ਨਹੀਂ? ਇਸ ਗੱਲ ਦਾ ਉਸ ਉੱਪਰ ਕੋਈ ਅਸਰ ਨਹੀਂ ਸੀ ਹੋਇਆ। ਉਹ ਤਾਂ ਮਗਰ ਹੀ ਪੈ ਗਿਆ ਤੇ ਕਹਿਣ ਲੱਗਾ ਕਿ ਭਗਤਾ ਅਜਿਹੀ ਚੀਜ਼ ਕਰ ਕੇ ਦੇਵਾਂਗਾ ਕਿ ਕਾਰੋਬਾਰ ਤੈਥੋਂ ਸਾਂਭਿਆਂ ਨੀ ਸੰਭਲਣਾ।

ਭਾਈ ਮੈਂ ਤੇਰੀਆਂ ਗੱਲਾਂ ਵਿਚ ਨੀਂ ਆਉਣ ਵਾਲਾ। ਤੂੰ ਜਾਹ ਐਥੋਂ। ਕਾਹਨੂੰ ਟੈਮ ਖ਼ਰਾਬ ਕਰਦੈਂ। ਕਿਤੋਂ ਆਟਾ-ਦਾਲ ਮੰਗ ਜਾ ਕੇ। ਬਾਪੂ ਜੀ ਉਸ ਨੂੰ ਤੁਰਨ ਦੀ ਗੱਲ ਕਹਿ ਕੇ ਕੰਮ ਵਿਚ ਫਿਰ ਰੁੱਝ ਗਏ। ਉਹ ਤਾਂ ਐਨਾ ਢੀਠ ਸੀ ਕਿ ਬੈਠ ਗਿਆ ਜ਼ਮੀਨ ਉੱਤੇ ਆਪਣੀ ਝੋਲੀ ਫੈਲਾਅ ਕੇ ਤੇ ਬੋਲਿਆ, ‘‘ਲਿਆ ਭਗਤਾ ਦੇਹ ਦੋ ਲੈਚੀਆਂ ਲਿਆ ਕੇ। ਮੈਂ ਕਰ ਕੇ ਦਿੰਨਾਂ, ਅੱਜ ਤੋਂ ਤੇਰਾ ਸਾਰਾ ਕੰਮ ਲੋਟ ਹੋ ਜਾਊ। ਟਾਟਾ, ਬਿਰਲਾ ਬਣਿਆ ਫਿਰੇਂਗਾ ਕਿਸੇ ਦਿਨ।’’

ਬਾਪੂ ਜੀ ਥੋੜ੍ਹੀ ਨਰਮਾਈ ਜਿਹੀ ਵਿਚ ਬੋਲੇ, ‘‘ਭਲਾ ਲੈਚੀਆਂ ਕੀ ਕਰਨਗੀਆਂ ਤੇਰੀਆਂ? ਲੈਚੀਆਂ ਤਾਂ ਬਥੇਰੀਆਂ ਪਈਆਂ ਨੇ ਅੰਦਰ। ਜੇ ਲੈਚੀਆਂ ਨੇ ਹੀ ਕੁਝ ਕਰਨਾ ਹੁੰਦਾ ਤਾਂ ਹੁਣ ਤਕ ਸਾਡੀਆਂ ਪੌ-ਬਾਰਾਂ ਨਾ ਹੋਈਆਂ ਹੁੰਦੀਆਂ।’’

ਸਾਧ ਕਹਿਣ ਲੱਗਾ, ‘‘ਭਗਤਾ ਅੰਦਰ ਜਿੰਨੀਆਂ ਮਰਜ਼ੀ ਲੈਚੀਆਂ ਪਈਆਂ ਹੋਣ, ਉਨ੍ਹਾਂ ਨਾਲ ਕੁਝ ਨਹੀਂ ਹੋਣਾ। ਜਿਹੜੀਆਂ ‘ਕੀਤੀਆਂ’ ਹੁੰਦੀਆਂ ਨੇ, ਅਸਰ ਤਾਂ ਉਹੀ ਦਿਖਾਉਂਦੀਆਂ ਨੇ।’’ਪਤਾ ਨਹੀਂ ਕਿਵੇਂ ਬਾਪੂ ਜੀ ਉਸ ਦੀ ‘ਇਹ’ ਗੱਲ ਮੰਨ ਗਏ। ਉਹ ਅੱਡੇ ਤੋਂ ਉੱਠੇ ਤੇ ਦੁਕਾਨ ਦੇ ਅੰਦਰ ਗਏ ਅਤੇ ਦੋ ਲੈਚੀਆਂ ਚੁੱਕ ਕੇ ਸਾਧ ਨੂੰ ਫੜਾਉਂਦੇ ਹੋਏ ਬੋਲੇ ਕਿ ਲੈ ਫੜ। ਮੈਨੂੰ ਹੈਰਾਨੀ ਹੋਈ ਜਾਵੇ ਕਿ ਹੁਣ ਹੋਵੇਗਾ ਕੀ?

ਲੈਚੀਆਂ ਫੜ ਕੇ ਉਸ ਨੇ ਆਪਣੇ ਰਬੜ ਦੇ ਪਾਏ ਬੂਟ ਖੋਲ੍ਹੇ ਅਤੇ ਚੌਕੜੀ ਮਾਰ ਕੇ ਬੈਠ ਗਿਆ। ਅੱਖਾਂ ਉਸ ਨੇ ਬੰਦ ਕਰ ਲਈਆਂ। ਦੋ ਕੁ ਮਿੰਟਾਂ ਬਾਅਦ ਉਸ ਨੇ ਉਹ ਲੈਚੀਆਂ ਕਾਗਜ਼ ਦੇ ਇਕ ਟੁਕੜੇ ਵਿਚ ਲਪੇਟ ਕੇ ਉਸ ’ਤੇ ਇਕ ਫੂਕ ਮਾਰੀ ਅਤੇ ਬਾਪੂ ਜੀ ਨੂੰ ਫੜਾਉਂਦੇ ਹੋਏ ਕਿਹਾ, ‘‘ਭਗਤਾ! ਇਨ੍ਹਾਂ ਨੂੰ ਲਹਿਦਾ (ਅਲੱਗ) ਰੱਖਣਾ। ਦੂਜੀਆਂ ਵਿਚ ਨਾ ਰਲਾ ਦੇਣਾ। ਜੇ ਕਿਸੇ ਨੇ ਗ਼ਲਤੀ ਨਾਲ ਇਹੇ ਖਾ ਲਈਆਂ ਤਾਂ ਉਹ ਤਾਂ ਤੁਰੰਤ ਸਿਰ ਮਾਰ ਕੇ ਖੇਡਣ ਲੱਗ ਜਾਵੇਗਾ। ਫਿਰ ਮੇਰੀ ਕੋਈ ਜ਼ਿੰਮੇਵਾਰੀ ਨਹੀਂ। ਇਨੂੰ ਮੱਥੇ ਨਾਲ ਲਾ ਕੇ ਸੰਭਾਲ ਲਵੋ ਤੇ ਮੇਰੀ ਭੇਟਾ ਦਿਉ।’’

ਜਦੋਂ ਉਹ ਭੇਟਾ ਮੰਗ ਰਿਹਾ ਸੀ ਤਾਂ ਬਾਪੂ ਜੀ ਨੇ ਉਸੇ ਵਕਤ ਉਸ ਦੇ ਸਾਹਮਣੇ ਹੀ ਉਸ ਕਾਗਜ਼ ’ਚੋਂ ਉਹੋ ਦੋਵੇਂ ਲੈਚੀਆਂ ਕੱਢੀਆਂ ਅਤੇ ਮੈਨੂੰ ਕਹਿਣ ਲੱਗੇ ਕਿ ਲੈ ਫੜ ਬਈ, ਇਨ੍ਹਾਂ ਨੂੰ ਹੁਣੇ ਖਾ ਇਸ ਦੇ ਸਾਹਮਣੇ ਹੀ। ਬਾਪੂ ਜੀ ਦੇ ਇਉਂ ਕਹਿਣ ’ਤੇ ਮੈਂ ਥੋੜ੍ਹਾ ਜਿਹਾ ਝਿਜਕਿਆ ਪਰ ਉਹ ਕਹਿੰਦੇ ਕਿ ਤੂੰ ਖਾ। ਮੈਂ ਬੈਠਾ ਤੇਰੇ ਕੋਲ। ਲੈਚੀਆਂ ਫੜ ਕੇ ਮੈਂ ਦੋਵੇਂ ਇਕੱਠੀਆਂ ਹੀ ਮੂੰਹ ਵਿਚ ਪਾ ਗਿਆ। ਫਿਰ ਡਰਦੇ-ਡਰਦੇ ਨੇ ਉਨ੍ਹਾਂ ਨੂੰ ਚਬਾਉਣਾ ਸ਼ੁੁਰੂ ਕਰ ਦਿੱਤਾ। ਦੋ ਮਿੰਟ ਲੰਘ ਗਏ, ਫਿਰ ਚਾਰ ਮਿੰਟ, ਪਰ ਮੈਨੂੰ ਕੁਝ ਨਹੀਂ ਸੀ ਹੋਇਆ। ਓਧਰ ਸਾਧ ਨੇ ਆਪਣੀ ਝੋਲੀ ਹੌਲੀ-ਹੌਲੀ ਇਕੱਠੀ ਕਰਨੀ ਸ਼ੁੁਰੂ ਕਰ ਲਈ ਅਤੇ ਆਪਣੇ ਬੂਟ ਵੀ ਪਾ ਲਏ। ਕੋਈ ਪੰਜ ਕੁ ਮਿੰਟਾਂ ਬਾਅਦ ਬਾਪੂ ਜੀ ਨੇ ਮੈਨੂੰ ਪੁੱਛਿਆ, ‘‘ਹਾਂ ਬਈ, ਕੋਈ ਅਸਰ ਦਿਖਾਇਆ ਲੈਚੀਆਂ ਨੇ?’’ ਮੈਂ ਕਿਹਾ, ‘‘ਨਹੀਂ ਜੀ, ਪਰ ਸਵਾਦ ਬਹੁਤ ਨੇ, ਭਾਵੇਂ ਹੋਰ ਦੇ ਦਿਉ।’’ ਇਉਂ ਕਹਿ ਕੇ ਮੈਂ ਸਾਧ ਵੱਲ ਦੇਖਿਆ। ਉਹ ਹੌਲੀ-ਹੌਲੀ ਖੜ੍ਹਾ ਹੋ ਰਿਹਾ ਸੀ। ਬਾਪੂ ਜੀ ਕਾਹਲੀ ਜਿਹੀ ਨਾਲ ਉੱਠ ਕੇ ਅੰਦਰ ਗਏ ਅਤੇ ਕਿਰਲੀਆਂ ਭਜਾਉਣ ਵਾਲਾ ਡੰਡਾ ਚੁੱਕ ਲਿਆਏ। ਕਹਿੰਦੇ ਖੜ੍ਹ ਜਾ ਜ਼ਰਾ। ਉਹ ਆਪਣੀ ਝੋਲੀ ਚੁੱਕ ਕੇ ਤੇਜ਼ ਕਦਮੀਂ ਉੱਥੋਂ ਭੱਜ ਲਿਆ। ਬਾਪੂ ਜੀ ਨੇ ਆਪਣੀ ਜਿੱਤ ਜਿਹੀ ਮਹਿਸੂਸ ਕਰਦੇ ਹੋਇਆਂ ਨੇ ਉਸ ਨੂੰ ਜ਼ੋਰ ਦੀ ਹਾਕ ਮਾਰੀ, ‘‘ਭੱਜਿਆ ਕਿੱਥੇ ਜਾਨੈ ਹੁਣ? ਗਿਆਰਾਂ ਰੁਪਏ ਨੀ ਲੈਣੇ। ਉਦੋਂ ਤਕ ਉਹ ਨਾਲਾ ਵੀ ਟੱਪ ਗਿਆ ਸੀ। ਦੁਕਾਨ ਦਾ ਕੰਮ ਤਾਂ ਸਾਲ ਕੁ ਭਰ ’ਚ ਫਿਰ ਤੋਂ ਰਿੜ੍ਹਨਾ ਸ਼ੁੁਰੂ ਹੋ ਗਿਆ ਸੀ ਪਰ ਉਸ ਸਮੇਂ ਤੋਂ ਹੀ ਮੇਰੇ ਮਨ ’ਚੋਂ ਲੈਚੀਆਂ ਨੂੰ ਕਰਨ-ਕਰਾਉਣ ਵਾਲੀਆਂ ਗੱਲਾਂ ਅਤੇ ਹੋਰ ਕਈ ਤਰ੍ਹਾਂ ਦੇ ਵਹਿਮ-ਭਰਮ ਵੀ ਨਿਕਲ ਗਏ ਹਨ। ਦੂਜਾ, ਤਰਕਸ਼ੀਲ ਸੋਚ ਅਤੇ ਸਾਹਿਤਕ ਕਿਤਾਬਾਂ ਨੇ ਮੇਰੇ ਮਨ ਨੂੰ ਮਜ਼ਬੂਤ ਢਾਰਸ ਦਿੱਤੀ ਹੈ।

-ਮੋਬਾਈਲ ਨੰ. : 93162-88955

Posted By: Sunil Thapa