ਖ਼ਤਰਨਾਕ ਆਨਲਾਈਨ ਗੇਮ 'ਪਬਜੀ' ਨੇ ਜਲੰਧਰ 'ਚ ਕੱਲ੍ਹ ਇਕ ਹੋਰ ਨੌਜਵਾਨ ਦੀ ਜਾਨ ਲੈ ਲਈ। ਪਿਤਾ ਵੱਲੋਂ ਪਬਜੀ ਗੇਮ ਖੇਡਣ ਤੋਂ ਰੋਕਣ 'ਤੇ ਗੁੱਸੇ 'ਚ ਆ ਕੇ ਉਸ ਨੇ ਆਪਣੇ ਪਿਤਾ ਦੇ ਲਾਇਸੈਂਸੀ ਰਿਵਾਲਵਰ ਨਾਲ ਗੋਲ਼ੀ ਮਾਰ ਕੇ ਖ਼ੁਦਕੁਸ਼ੀ ਕਰ ਲਈ। ਕੋਰੋਨਾ ਕਰਕੇ ਅੱਜਕੱਲ੍ਹ ਕਾਲਜ ਬੰਦ ਹੋਣ ਕਾਰਨ ਉਹ ਸਾਰਾ ਦਿਨ ਘਰ 'ਚ ਮੋਬਾਈਲ 'ਤੇ ਪਬਜੀ ਖੇਡਦਾ ਰਹਿੰਦਾ ਸੀ। ਪਿਤਾ ਦੀ ਗ਼ਲਤੀ ਸਿਰਫ਼ ਇੰਨੀ ਸੀ ਕਿ ਉਸ ਨੇ ਪੁੱਤਰ ਨੂੰ ਪੜ੍ਹਾਈ ਵੱਲ ਧਿਆਨ ਦੇਣ ਲਈ ਕਿਹਾ ਸੀ। ਇਸ ਤੋਂ ਪਹਿਲਾਂ ਵੀ ਉਹ ਦੋ ਵਾਰ ਆਪਣਾ ਫੋਨ ਤੋੜ ਚੁੱਕਾ ਸੀ। ਇਹ ਦੁਖਾਂਤ ਸਿਰਫ਼ ਇਕ ਪਰਿਵਾਰ ਦਾ ਨਹੀਂ ਹੈ।

ਪਬਜੀ ਦੀ ਲਤ ਫੋਨ ਰੱਖਣ ਵਾਲੇ ਹਰ ਚੌਥੇ ਨੌਜਵਾਨ ਨੂੰ ਲੱਗੀ ਹੋਈ ਹੈ। ਇਸ ਗੇਮ ਕਾਰਨ ਕਈਆਂ ਨੇ ਜਾਨ ਗੁਆਈ ਹੈ। ਕੁਝ ਸਮਾਂ ਪਹਿਲਾਂ ਗੁਰਦਾਸਪੁਰ 'ਚ ਇਕ ਮੁੰਡਾ ਪਬਜੀ ਦੇ ਸ਼ਿਕੰਜੇ 'ਚ ਫਸ ਗਿਆ ਸੀ ਜਿਸ ਕਾਰਨ ਉਸ ਨੂੰ ਜ਼ਿੰਦਗੀ ਬੋਝ ਲੱਗਣ ਲੱਗੀ ਸੀ ਤੇ ਉਸ ਨੇ ਛੱਤ ਤੋਂ ਛਾਲ ਮਾਰ ਕੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਸੀ।

ਉਸ ਦੇ ਦਿਮਾਗ਼ 'ਚ ਇਹ ਗੱਲ ਘਰ ਕਰ ਗਈ ਸੀ ਕਿ ਅੱਤਵਾਦੀ ਉਸ ਨੂੰ ਗੋਲ਼ੀਆਂ ਮਾਰ ਦੇਣਗੇ। ਇਕ ਹੋਰ ਮਾਮਲੇ 'ਚ 17 ਸਾਲਾ ਮੁੰਡੇ ਨੇ ਪਬਜੀ ਖੇਡਦੇ ਸਮੇਂ ਆਪਣੇ ਮਾਂ-ਪਿਓ ਦੇ ਅਕਾਊਂਟ 'ਚੋਂ 16 ਲੱਖ ਰੁਪਏ ਖ਼ਰਚ ਦਿੱਤੇ ਸਨ। ਪਿਛਲੇ ਇਕ ਸਾਲ ਦੌਰਾਨ ਦੇਸ਼ ਵਿਚ 40 ਤੋਂ ਵੱਧ ਨੌਜਵਾਨ ਪਬਜੀ ਕਾਰਨ ਮੌਤ ਦੇ ਮੂੰਹ 'ਚ ਜਾ ਚੁੱਕੇ ਹਨ।

ਪਬਜੀ ਇਕ ਆਨਲਾਈਨ ਗੇਮ ਹੈ ਜਿਸ ਨੂੰ ਇਕ ਸਮੇਂ ਕਈ ਜਣੇ ਖੇਡ ਸਕਦੇ ਹਨ। ਇਹ ਵੀ 'ਬਲਿਊ-ਵ੍ਹੇਲ' ਗੇਮ ਵਾਂਗ ਖ਼ਤਰਨਾਕ ਹੈ। ਗੇਮ ਨੂੰ ਦੱਖਣੀ ਕੋਰੀਆ ਦੀ ਇਕ ਕੰਪਨੀ ਨੇ ਬਣਾਇਆ ਹੈ। ਜ਼ਿਆਦਾਤਰ ਨੌਜਵਾਨ ਰਾਤ ਸਮੇਂ ਕੰਮਕਾਜ ਤੋਂ ਵਿਹਲੇ ਹੋਣ ਉਪਰੰਤ ਇਹ ਗੇਮ ਖੇਡਦੇ ਹਨ। ਇਹ ਖੇਡ 99 ਖਿਡਾਰੀਆਂ ਨਾਲ ਇਕ ਜਹਾਜ਼ ਤੋਂ ਸ਼ੁਰੂ ਹੁੰਦੀ ਹੈ। ਦਿਲ ਦਹਿਲਾ ਦੇਣ ਵਾਲੇ ਦ੍ਰਿਸ਼ਾਂ 'ਚ ਖਿਡਾਰੀ ਇਕ-ਦੂਜੇ ਦਾ ਪਿੱਛਾ ਕਰਦੇ ਹਨ। ਇਮਾਰਤਾਂ ਨੂੰ ਨੁਕਸਾਨ ਪਹੁੰਚਾਉਣ, ਹਥਿਆਰਾਂ ਦੀ ਲੁੱਟ-ਖੋਹ ਕਰਨ ਦੇ ਨਾਲ-ਨਾਲ ਦੂਸਰਿਆਂ 'ਤੇ ਉਦੋਂ ਤਕ ਗੋਲ਼ੀਆਂ ਚਲਾਉਂਦੇ ਹਨ ਜਦ ਤਕ ਅਗਲਾ ਹਾਰ ਨਹੀਂ ਮੰਨ ਲੈਂਦਾ। ਖੇਡਣ ਵਾਲੇ ਨੂੰ ਹਿੰਸਾ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹੀ ਕਾਰਨ ਹੈ ਕਿ ਗੇਮ ਖੇਡਣ ਵਾਲਾ ਹੌਲੀ-ਹੌਲੀ ਭੈਅ-ਗ੍ਰਸਤ ਹੋ ਜਾਂਦਾ ਹੈ ਕਿ ਕਿਤੇ ਆਨਲਾਈਨ ਗੇਮ ਦੇ ਕਿਰਦਾਰ ਉਸ ਨੂੰ ਮੌਤ ਦੇ ਘਾਟ ਨਾ ਉਤਾਰ ਦੇਣ।

ਨੌਜਵਾਨ ਗੇਮ 'ਚ ਇੰਨਾ ਗੁਆਚ ਜਾਂਦੇ ਹਨ ਕਿ ਖ਼ੁਦ ਨੂੰ ਇਸ ਗੇਮ ਦਾ ਹਿੱਸਾ ਮੰਨਣ ਲੱਗਦੇ ਹਨ। ਯੂਜ਼ਰਜ਼ ਡਾਟਾ ਪ੍ਰਾਈਵੇਸੀ ਨੂੰ ਧਿਆਨ 'ਚ ਰੱਖਦੇ ਹੋਏ ਸਰਕਾਰ ਨੇ ਪਿਛਲੇ ਮਹੀਨੇ ਪਹਿਲਾਂ ਵੱਖ-ਵੱਖ ਦੇਸ਼ਾਂ ਦੇ 59 ਤੇ ਫਿਰ 47 ਹੋਰ ਚੀਨੀ ਐਪਸ 'ਤੇ ਪਾਬੰਦੀ ਲਗਾ ਦਿੱਤੀ ਸੀ। ਹੋਰ 275 ਐਪਸ ਵੀ ਸਰਕਾਰ ਦੇ ਨਿਸ਼ਾਨੇ 'ਤੇ ਹਨ ਜਿਨ੍ਹਾਂ 'ਚ ਪਬਜੀ ਵੀ ਸ਼ਾਮਲ ਹੈ ਪਰ ਅਜੇ ਤਕ ਸਰਕਾਰ ਨੇ ਇਸ ਗੇਮ 'ਤੇ ਕੋਈ ਰੋਕ ਨਹੀਂ ਲਗਾਈ ਹੈ। ਗੁਆਂਢੀ ਮੁਲਕ ਪਾਕਿ 'ਚ ਇਸ ਗੇਮ 'ਤੇ ਪਾਬੰਦੀ ਹੈ। ਪਿਛਲੇ ਦਿਨੀਂ ਮੋਬਾਈਲ ਯੂਜ਼ਰਜ਼ ਦੀ ਰਿਪੋਰਟ ਵਿਚ ਵੈਬਸਾਈਟ ਸੈਂਸਰ ਟਾਵਰ ਨੇ ਦੱਸਿਆ ਕਿ ਕੋਰੋਨਾ ਮਹਾਮਾਰੀ ਦੇ ਦੌਰ 'ਚ ਇਸ ਗੇਮ ਦੀ ਲੋਕਪ੍ਰਿਅਤਾ 'ਚ ਭਾਰੀ ਇਜ਼ਾਫ਼ਾ ਹੋਇਆ ਹੈ। ਪਹਿਲਾਂ ਤਾਂ ਮਾਪੇ ਬੱਚਿਆਂ ਨੂੰ ਫੋਨ ਘੱਟ ਫੜਾਉਂਦੇ ਸਨ ਪਰ ਹੁਣ ਆਨਲਾਈਨ ਪੜ੍ਹਾਈ ਕਾਰਨ ਹਰ ਬੱਚੇ ਦੇ ਹੱਥ ਫੋਨ ਆ ਗਿਆ ਹੈ।

ਪਬਜੀ ਬੱਚਿਆਂ ਨੂੰ ਚਿੜਚਿੜਾ ਬਣਾ ਰਹੀ ਹੈ। ਇਸ ਗੇਮ ਦਾ ਬੱਚਿਆਂ ਦੀ ਮਾਨਸਿਕ ਸਿਹਤ 'ਤੇ ਵੱਧ ਅਸਰ ਹੋ ਰਿਹਾ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਇਸ ਗੇਮ ਉੱਪਰ ਜਲਦ ਪਾਬੰਦੀ ਲਗਾਏ ਤਾਂ ਜੋ ਇਸ ਕਾਰਨ ਕਿਸੇ ਹੋਰ ਘਰ 'ਚ ਕੋਈ ਹਾਦਸਾ ਨਾ ਹੋਵੇ।

Posted By: Sunil Thapa