ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਆਖਰਕਾਰ ਆਪਣੇ ਅਸਤੀਫ਼ੇ ਦਾ ਐਤਵਾਰ ਨੂੰ ਐਲਾਨ ਕਰ ਹੀ ਦਿੱਤਾ। ਦਸ ਜੂਨ ਨੂੰ ਰਾਹੁਲ ਗਾਂਧੀ ਨੂੰ ਭੇਜੇ ਗਏ ਅਸਤੀਫ਼ੇ ਦਾ ਐਲਾਨ ਹੁੰਦੇ ਹੀ ਸੂਬੇ ਵਿਚ ਸਿਆਸੀ ਪੇਸ਼ੀਨਗੋਈਆਂ ਹੋਣ ਲੱਗੀਆਂ। ਇਸ ਸਭ ਦੌਰਾਨ ਤਰ੍ਹਾਂ-ਤਰ੍ਹਾਂ ਦੇ ਬਿਆਨ ਸਾਹਮਣੇ ਆਉਣ ਲੱਗੇ। ਸਿੱਧੂ ਨੇ ਸੋਮਵਾਰ ਨੂੰ ਆਪਣਾ ਅਸਤੀਫ਼ਾ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਭੇਜ ਦਿੱਤਾ ਜਿਸ ਦੀ ਪੁਸ਼ਟੀ ਕੈਪਟਨ ਅਮਰਿੰਦਰ ਸਿੰਘ ਨੇ ਕਰਦੇ ਹੋਏ ਕਿਹਾ ਕਿ ਜੇ ਸਿੱਧੂ ਕੰਮ ਨਹੀਂ ਕਰਨਾ ਚਾਹੁੰਦੇ ਤਾਂ ਇਸ 'ਚ ਉਹ ਕੀ ਕਰ ਸਕਦੇ ਹਨ। ਮੌਜੂਦਾ ਸਮੇਂ ਸਿੱਧੂ ਦੇ ਅਸਤੀਫ਼ੇ ਦੇ ਸਿਆਸੀ ਮਾਅਨੇ ਤਲਾਸ਼ੇ ਜਾ ਰਹੇ ਹਨ ਅਤੇ ਵੰਨ-ਸੁਵੰਨੇ ਕਿਆਸ ਵੀ ਲਾਏ ਜਾ ਰਹੇ ਹਨ। ਸਿੱਧੂ ਦੀ ਅਗਲੀ ਸਿਆਸੀ ਚਾਲ ਬਾਰੇ ਵੀ ਚਰਚਾਵਾਂ ਚੱਲ ਰਹੀਆਂ ਹਨ। ਨਵਜੋਤ ਸਿੰਘ ਸਿੱਧੂ ਦੇ ਭਾਜਪਾ ਤੋਂ ਤੋੜ-ਵਿਛੋੜੇ ਤੋਂ ਬਾਅਦ ਕਦੇ ਆਮ ਆਦਮੀ ਪਾਰਟੀ, ਕਦੇ ਕਾਂਗਰਸ ਅਤੇ ਕਦੇ ਆਪਣੀ ਪਾਰਟੀ ਬਣਾਉਣ ਦੇ ਚਰਚੇ ਚੱਲਦੇ ਰਹੇ ਸਨ। ਆਖਰਕਾਰ ਪੰਜਾਬ ਦੇ ਅਗਲੇ ਉਪ ਮੁੱਖ ਮੰਤਰੀ ਬਣਨ ਦੀਆਂ ਚਰਚਾਵਾਂ ਦੌਰਾਨ ਸਿੱਧੂ ਕਾਂਗਰਸ ਵਿਚ ਸ਼ਾਮਲ ਹੋ ਗਏ ਪਰ ਚੋਣਾਂ ਤੋਂ ਬਾਅਦ ਉਨ੍ਹਾਂ ਨੂੰ ਸਭ ਤੋਂ ਅਹਿਮ ਸਥਾਨਕ ਸਰਕਾਰਾਂ ਵਿਭਾਗ ਦਿੱਤਾ ਗਿਆ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਅੰਦਰਖਾਤੇ ਖਿੱਚੋਤਾਣ ਦੀਆਂ ਕਨਸੋਆਂ ਉਸ ਵੇਲੇ ਹੀ ਬਾਹਰ ਆਉਣ ਲੱਗ ਪਈਆਂ ਸਨ। ਪਰ ਸਿੱਧੂ ਅਤੇ ਕੈਪਟਨ ਦਰਮਿਆਨ ਪਹਿਲਾ ਵਿਵਾਦ ਉਦੋਂ ਸਾਹਮਣੇ ਆਇਆ ਜਦੋਂ ਸਿੱਧੂ ਕੈਪਟਨ ਦੀ ਇੱਛਾ ਦੇ ਵਿਰੁੱਧ ਇਮਰਾਨ ਖ਼ਾਨ ਦੇ ਤਾਜਪੋਸ਼ੀ ਸਮਾਗਮ 'ਚ ਭਾਗ ਲੈਣ ਪਾਕਿਸਤਾਨ ਚਲੇ ਗਏ ਸਨ। ਪਾਕਿ ਫ਼ੌਜ ਦੇ ਮੁਖੀ ਕਮਰ ਜਾਵੇਦ ਬਾਜਵਾ ਨਾਲ ਸਿੱਧੂ ਦੀ ਜੱਫੀ ਨੇ ਤੂਫ਼ਾਨ ਲਿਆ ਦਿੱਤਾ ਸੀ। ਇਸ ਤੋਂ ਕੈਪਟਨ ਨਾਖ਼ੁਸ਼ ਸਨ। ਜ਼ਿਆਦਾ ਗੱਲ ਉਸ ਵੇਲੇ ਵਿਗੜੀ ਜਦੋਂ ਹੈਦਰਾਬਾਦ 'ਚ ਪ੍ਰੈੱਸ ਕਾਨਫ਼ਰੰਸ ਦੌਰਾਨ ਉਨ੍ਹਾਂ ਨੂੰ ਜਦੋਂ ਪੁੱਛਿਆ ਗਿਆ ਕਿ ਉਹ ਕੈਪਟਨ ਅਮਰਿੰਦਰ ਸਿੰਘ ਦੀ ਇੱਛਾ ਦੇ ਵਿਰੁੱਧ ਪਾਕਿਸਤਾਨ ਕਿਉਂ ਗਏ ਤਾਂ ਉਨ੍ਹਾਂ ਦੋ-ਟੁੱਕ ਕਿਹਾ ਕਿ 'ਅਮਰਿੰਦਰ ਸਿੰਘ ਤਾਂ ਫ਼ੌਜ ਦੇ ਕੈਪਟਨ ਹਨ, ਮੇਰੇ ਕੈਪਟਨ ਤਾਂ ਰਾਹੁਲ ਗਾਂਧੀ ਹਨ। ਇਸ 'ਤੇ ਪੰਜਾਬ ਵਿਚ ਸਿੱਧੂ ਦੇ ਵਿਰੋਧ ਵਿਚ ਕਾਂਗਰਸੀਆਂ ਨੇ ਮੁਹਿੰਮ ਹੀ ਵਿੱਢ ਦਿੱਤੀ ਸੀ। ਉਹ ਆਪਣੀ ਪਤਨੀ ਨਵਜੋਤ ਕੌਰ ਸਿੱਧੂ ਨੂੰ ਚੰਡੀਗੜ੍ਹ ਤੋਂ ਲੋਕ ਸਭਾ ਦੀ ਟਿਕਟ ਦਿਵਾਉਣਾ ਚਾਹੁੰਦੇ ਸਨ ਪਰ ਏਦਾਂ ਨਹੀਂ ਹੋਇਆ। ਸਿੱਧੂ ਨੇ ਇਸ ਦਾ ਦੋਸ਼ ਕੈਪਟਨ ਤੇ ਆਸ਼ਾ ਕੁਮਾਰੀ ਸਿਰ ਮੜ੍ਹਿਆ। ਹਾਲਾਂਕਿ ਲੋਕ ਸਭਾ ਚੋਣਾਂ ਵੇਲੇ ਪੰਜਾਬ ਵਿਚ ਚੋਣ ਪ੍ਰਚਾਰ ਤੋਂ ਸਿੱਧੂ ਨੇ ਦੂਰੀ ਬਣਾ ਕੇ ਰੱਖੀ ਸੀ ਪਰ ਪ੍ਰਿਅੰਕਾ ਗਾਂਧੀ ਦੀ ਪਹਿਲ ਤੋਂ ਬਾਅਦ ਬਠਿੰਡਾ 'ਚ ਇਕ ਰੈਲੀ ਦੌਰਾਨ ਸਿੱਧੂ ਨੇ ਕਹਿ ਦਿੱਤਾ ਸੀ ਕਿ ਕੁਝ ਕਾਂਗਰਸੀ ਅਕਾਲੀਆਂ ਨਾਲ ਫਰੈਂਡਲੀ ਮੈਚ ਖੇਡ ਰਹੇ ਹਨ। ਇਸ 'ਤੇ ਕੈਪਟਨ ਨੇ ਕਿਹਾ ਸੀ ਕਿ ਸਿੱਧੂ ਉਨ੍ਹਾਂ ਦੀ ਥਾਂ ਲੈਣਾ ਚਾਹੁੰਦੇ ਹਨ। ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਅੰਦਾਜ਼ੇ ਲਾਏ ਜਾ ਰਹੇ ਸਨ ਕਿ ਸਿੱਧੂ ਦਾ ਵਿਭਾਗ ਬਦਲਿਆ ਜਾ ਸਕਦਾ ਹੈ ਤੇ ਆਖਰਕਾਰ ਉਹ ਸੱਚ ਹੋਇਆ। ਇਸ ਤੋਂ ਬਾਅਦ ਮੰਨਿਆ ਜਾ ਰਿਹਾ ਸੀ ਕਿ ਨਹਿਰੂ-ਗਾਂਧੀ ਪਰਿਵਾਰ ਸਿੱਧੂ-ਕੈਪਟਨ ਵਿਵਾਦ ਨੂੰ ਸੁਲਝਾਉਣ ਲਈ ਪਹਿਲਕਦਮੀ ਕਰੇਗਾ ਪਰ ਅਜਿਹਾ ਨਹੀਂ ਹੋ ਸਕਿਆ। ਹੋ ਸਕਦਾ ਹੈ ਕਿ ਗਾਂਧੀ ਪਰਿਵਾਰ ਨੇ ਸਿੱਧੂ ਤੇ ਕੈਪਟਨ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਵੀ ਹੋਵੇ ਪਰ ਸ਼ਾਇਦ ਦੋਵੇਂ ਵੱਡੇ ਆਗੂਆਂ ਦੀ ਜ਼ਿੱਦ ਅੱਗੇ ਗਾਂਧੀ ਪਰਿਵਾਰ ਦੀ ਵੀ ਪੇਸ਼ ਨਹੀਂ ਚੱਲੀ। ਅਜਿਹੇ ਵਿਚ ਸਿੱਧੂ-ਕੈਪਟਨ ਦੀ ਲੜਾਈ ਸਿੱਧੂ ਦੇ ਅਸਤੀਫ਼ੇ ਨਾਲ ਨਵੇਂ ਦੌਰ ਵਿਚ ਪਹੁੰਚ ਗਈ। ਹੁਣ ਸਾਰਿਆਂ ਦੀਆਂ ਨਿਗਾਹਾਂ ਸਿੱਧੂ ਦੇ ਅਗਲੇ ਸਿਆਸੀ ਕਦਮ ਵੱਲ ਹਨ। ਇਸ 'ਤੇ ਹੀ ਸਿੱਧੂ ਦਾ ਸਿਆਸੀ ਭਵਿੱਖ ਨਿਰਭਰ ਕਰੇਗਾ ਕਿ ਉਹ ਪੰਜਾਬ ਦੇ 'ਹੀਰੋ' ਬਣਦੇ ਹਨ ਜਾਂ ਫਿਰ 'ਜ਼ੀਰੋ'।

Posted By: Jagjit Singh