-ਗਿਰੀਸ਼ਵਰ ਮਿਸ਼ਰ

ਭਾਰਤ ਇਕ ਵੰਨ-ਸੁਵੰਨਤਾ ਵਾਲੀ ਕਲਪਨਾ ਹੈ ਜਿਸ ਵਿਚ ਧਰਮ, ਜਾਤ-ਪਾਤ, ਭਾਸ਼ਾ, ਖੇਤਰ, ਰੂਪ-ਰੰਗ, ਪਹਿਰਾਵਾ, ਰੀਤੀ-ਰਿਵਾਜ਼ ਆਦਿ ਦੀ ਦ੍ਰਿਸ਼ਟੀ ਨਾਲ ਵਿਆਪਕ ਵਿਸਥਾਰ ਮਿਲਦਾ ਹੈ। ਇਹ ਵੰਨ-ਸੁਵੰਨਤਾ ਇੱਥੇ ਹੀ ਨਹੀਂ ਖ਼ਤਮ ਹੁੰਦੀ ਸਗੋਂ ਪਰਬਤਾਂ, ਘਾਟੀਆਂ, ਮੈਦਾਨਾਂ, ਪਠਾਰਾਂ, ਸਮੁੰਦਰ, ਨਦੀਆਂ-ਨਾਲਿਆਂ, ਝੀਲਾਂ ਆਦਿ ਭੂ-ਰਚਨਾਵਾਂ ਸਹਿਤ ਬਨਸਪਤੀ ਅਤੇ ਕੁਦਰਤ ਦੇ ਸਾਰੇ ਪੱਖਾਂ ਵਿਚ ਵੀ ਢੁੱਕਵੀਂ ਮਾਤਰਾ ਵਿਚ ਜ਼ਾਹਰ ਹੁੰਦੀ ਹੈ। ਵੱਖ-ਵੱਖ ਕਲਾਵਾਂ ਅਤੇ ਵਿਚਾਰਾਂ ਦੀ ਦੁਨੀਆ ਵਿਚ ਵੀ ਇੱਥੇ ਤਰ੍ਹਾਂ-ਤਰ੍ਹਾਂ ਦੀਆਂ ਪ੍ਰਾਪਤੀਆਂ ਕਾਬਿਲੇਗੌਰ ਹਨ। ਭਾਰਤ ਵਿਲੱਖਣਤਾਵਾਂ ਦਾ ਇਕ ਅਨੋਖਾ ਪੁੰਜ ਹੈ, ਜਿਸ ਦਾ ਵਿਸ਼ਵ ਵਿਚ ਕੋਈ ਬਦਲ ਲੱਭਣਾ ਮੁਸ਼ਕਲ ਹੈ।

ਭਾਰਤ ਵੰਨ-ਸੁਵੰਨਤਾ ਦੇ ਇਕ ਮਹਾਨ ਉਤਸਵ ਵਾਂਗ ਹੈ ਜਿੱਥੇ ਬਾਹਰ ਤੋਂ ਕਦੇ ਹਮਲਾਵਰ ਹੋ ਕੇ ਆਈਆਂ ਸ਼ਕ, ਹੂਣ, ਤੁਰਕ, ਮੁਗ਼ਲ ਆਦਿ ਅਨੇਕਾਂ ਸੰਸਕ੍ਰਿਤੀਆਂ ਦਾ ਸੰਗਮ ਹੁੰਦਾ ਰਿਹਾ। ਸਮਾਂ ਗੁਜ਼ਰਨ ਦੇ ਨਾਲ ਦੇਸ਼ ਅੰਗਰੇਜ਼ਾਂ ਦੇ ਅਧੀਨ ਬਸਤੀ ਬਣ ਗਿਆ ਅਤੇ ਤਿੰਨ ਸਦੀਆਂ ਦੀ ਉਨ੍ਹਾਂ ਦੀ ਗੁਲਾਮੀ ਤੋਂ 1947 ਵਿਚ ਆਜ਼ਾਦ ਹੋਇਆ।

ਇਕ ਰਾਸ਼ਟਰ ਰਾਜ (ਨੇਸ਼ਨ ਸਟੇਟ) ਦੇ ਰੂਪ ਵਿਚ ਦੇਸ਼ ਨੇ ਸਰਬਸੰਮਤੀ ਨਾਲ 1950 ਵਿਚ ਸੰਵਿਧਾਨ ਸਵੀਕਾਰ ਕੀਤਾ ਜਿਸ ਦੇ ਅਧੀਨ ਦੇਸ਼ ਲਈ ਸ਼ਾਸਨ-ਪ੍ਰਸ਼ਾਸਨ ਦੀ ਵਿਵਸਥਾ ਕੀਤੀ ਗਈ। ਇਕ ਗਣਤੰਤਰ ਦੇ ਰੂਪ ਵਿਚ ਭਾਰਤ ਦੀ ਨੀਅਤੀ ਇਸ ’ਤੇ ਨਿਰਭਰ ਕਰਦੀ ਹੈ ਕਿ ਅਸੀਂ ਇਸ ਦੀ ਸਮੁੱਚੀ ਰਚਨਾ ਨੂੰ ਕਿਸ ਤਰ੍ਹਾਂ ਗ੍ਰਹਿਣ ਕਰਦੇ ਹਾਂ ਅਤੇ ਸੰਚਾਲਿਤ ਕਰਦੇ ਹਾਂ?

ਪਿਛਲੇ ਸੱਤ ਦਹਾਕਿਆਂ ਵਿਚ ਸੰਵਿਧਾਨ ਨੂੰ ਮੰਨਣ ਅਤੇ ਉਸ ’ਤੇ ਅਮਲ ਕਰਨ ਵਿਚ ਅਨੇਕ ਤਰ੍ਹਾਂ ਦੀਆਂ ਕਠਿਨਾਈਆਂ ਆਈਆਂ ਅਤੇ ਲੋਕਾਂ ਦੀਆਂ ਉਮੀਦਾਂ ਮੁਤਾਬਕ ਉਸ ਵਿਚ ਹੁਣ ਤਕ ਅਨੇਕਾਂ ਤਰਮੀਮਾਂ ਕੀਤੀਆਂ ਜਾਂ ਚੁੱਕੀਆਂ ਹਨ। ਰਾਜਾਂ ਦੀ ਸੰਰਚਨਾ ਬਦਲੀ ਹੈ ਅਤੇ ਉਨ੍ਹਾਂ ਦੀ ਗਿਣਤੀ ਵੀ ਵਧੀ ਹੈ। ਇਸ ਦੌਰਾਨ ਦੇਸ਼ ਦੀਆਂ ਅੰਦਰੂਨੀ ਰਾਜਨੀਤਕ-ਸਮਾਜਿਕ ਸਰਗਰਮੀਆਂ ਲੋਕਤੰਤਰ ਨੂੰ ਚੁਣੌਤੀ ਦਿੰਦੀਆਂ ਰਹੀਆਂ ਪਰ ਸਾਰੀ ਉਥਲ-ਪੁਥਲ ਦੇ ਬਾਵਜੂਦ ਦੇਸ਼ ਦੀ ਸੱਤਾ ਸਥਿਰ ਬਣੀ ਰਹੀ। ਰਾਜਨੀਤਕ ਅਤੇ ਸਮਾਜਿਕ-ਆਰਥਿਕ ਤਬਦੀਲੀਆਂ ਦੇ ਨਾਲ-ਨਾਲ ਸੂਬਿਆਂ ਦੀਆਂ ਨੀਤੀਆਂ ਵਿਚ ਵੀ ਤਬਦੀਲੀ ਹੁੰਦੀ ਰਹੀ ਹੈ।

ਦੇਸ਼ ਨੇ ਅਨੇਕ ਖੇਤਰਾਂ ਵਿਚ ਮਹੱਤਵਪੂਰਨ ਪ੍ਰਾਪਤੀਆਂ ਦਰਜ ਕੀਤੀਆਂ ਹਨ। ਦੇਸ਼ ਦੀ ਯਾਤਰਾ ਵਿਚ ਵਿਕਾਸ ਇਕ ਮੂਲ ਮੰਤਰ ਬਣਿਆ ਰਿਹਾ ਜਿਸ ਵਿਚ ਉੱਨਤੀ ਦੇ ਸਬੂਤਾਂ ਵੱਲ ਕਦਮ ਵਧਾਉਣ ਦੀਆਂ ਕੋਸ਼ਿਸ਼ਾਂ ਹੁੰਦੀਆਂ ਰਹੀਆਂ। ਦੇਸ਼ ਤਾਂ ਕੇਂਦਰ ਵਿਚ ਰਿਹਾ ਪਰ ਤਰਜੀਹਾਂ ਅਤੇ ਉਨ੍ਹਾਂ ਵੱਲ ਚੱਲਣ ਦੇ ਰਸਤੇ ਬਦਲਦੇ ਰਹੇ।

ਪੰਡਿਤ ਨਹਿਰੂ ਦੀ ਸਮਾਜਵਾਦੀ ਦ੍ਰਿਸ਼ਟੀ ਤੋਂ ਮਨਮੋਹਨ ਸਿੰਘ ਦੀ ਉਦਾਰ ਪੂੰਜੀਵਾਦੀ ਦ੍ਰਿਸ਼ਟੀ ਤਕ ਦੀ ਯਾਤਰਾ ਨੇ ਸਮਾਜਿਕ-ਆਰਥਿਕ ਜੀਵਨ ਦੇ ਤਾਣੇ-ਬਾਣੇ ਨੂੰ ਮੁੜ-ਪਰਿਭਾਸ਼ਤ ਕੀਤਾ। ਵਿਸ਼ਵੀਕਰਨ, ਨਿੱਜੀਕਰਨ ਅਤੇ ਉਦਾਰੀਕਰਨ ਨੇ ਆਰਥਿਕ ਮੁਕਾਬਲੇਬਾਜ਼ੀ ਦੇ ਮੌਕਿਆਂ ਨੂੰ ਨਵਾਂ ਆਕਾਰ ਦਿੱਤਾ ਜਿਸ ਦੇ ਸਿੱਟੇ ਵਜੋਂ ਖ਼ੁਸ਼ਹਾਲ ਅਤੇ ਬੇਹੱਦ ਖ਼ੁਸ਼ਹਾਲ ਲੋਕਾਂ ਦੀ ਗਿਣਤੀ ਵਿਚ ਚੰਗਾ-ਖ਼ਾਸਾ ਵਾਧਾ ਦਰਜ ਹੋਇਆ ਹੈ।

ਭੌਤਿਕ ਅਤੇ ਸਮਾਜਿਕ ਬਣਤਰ ਦੇ ਰੂਪ ਵਿਚ ਕੋਈ ਵੀ ਦੇਸ਼ ਇਕ ਗਤੀਸ਼ੀਲ ਸੱਤਾ ਹੁੰਦਾ ਹੈ। ਅੰਗਰੇਜ਼ਾਂ ਨੇ ਭਾਰਤ ਨੂੰ ਇਕ ਗਰੀਬ, ਅਨਪੜ੍ਹ ਅਤੇ ਅੰਤਰ-ਵਿਰੋਧਾਂ ਤੋਂ ਪੀੜਤ ਬਣਾ ਕੇ ਇੱਥੋਂ ਵਿਦਾਈ ਲਈ। ਇਸ ਸਭ ਦੇ ਸਿੱਟੇ ਵਜੋਂ ਆਜ਼ਾਦ ਹੋਇਆ ਭਾਰਤ ਵਿਚਾਰਕ ਤੌਰ ’ਤੇ ਉਹ ਨਹੀਂ ਰਿਹਾ ਜਿਸ ਦੀ ਕਲਪਨਾ ਮਹਾਤਮਾ ਗਾਂਧੀ ਨੇ ਕੀਤੀ ਸੀ। ਅੱਜ ਖ਼ੁਸ਼ਹਾਲੀ ਦੇ ਨਾਲ-ਨਾਲ ਗਰੀਬੀ ਵਧੀ ਹੈ। ਖੇਤੀ ਖੇਤਰ ਦੀ ਅਣਦੇਖੀ ਨੇ ਹਾਲਾਤ ਵਿਸਫੋਟਕ ਬਣਾ ਦਿੱਤੇ ਹਨ। ਸਮਾਜਿਕ ਮੇਲ-ਜੋਲ ਦੀ ਰਚਨਾ ਵਿਚ ਵੀ ਕਈ ਛੇਕ ਹੁੰਦੇ ਗਏ। ਬੇਰੁਜ਼ਗਾਰੀ ਵਧੀ ਅਤੇ ਸਿੱਖਿਆ ਦੀ ਗੁਣਵੱਤਾ ਘਟੀ ਹੈ।

ਆਰਥਿਕ ਉੱਨਤੀ ਦੀ ਖਿੱਚ ਇਸ ਤਰ੍ਹਾਂ ਕੇਂਦਰੀਕ੍ਰਿਤ ਹੁੰਦੀ ਗਈ ਕਿ ਬਾਕੀ ਮਨੁੱਖੀ ਕਦਰਾਂ-ਕੀਮਤਾਂ ਪੱਛੜ ਗਈਆਂ। ਸੀਮਤ ਨਿੱਜੀ ਸਵਾਰਥ ਦੀ ਸਿੱਧੀ ਲਈ ਸੰਸਥਾ ਅਤੇ ਸਮਾਜ ਦੇ ਹਿੱਤ ਦੀ ਅਣਦੇਖੀ ਆਮ ਗੱਲ ਹੁੰਦੀ ਜਾ ਰਹੀ ਹੈ। ਰਾਜਨੀਤਕ ਮੁਹਾਂਦਰੇ ਵਿਚ ਰਾਸ਼ਟਰੀ ਚੇਤਨਾ ਅਤੇ ਚਿੰਤਾ ਨੂੰ ਮਹੱਤਵ ਨਾ ਦੇ ਕੇ ਬੇਹੱਦ ਸੌੜੇ ਹਿੱਤਾਂ ਨੂੰ ਮਹੱਤਵ ਦੇਣ ਦੀ ਬਿਰਤੀ ¬ਕ੍ਰਮਵਾਰ ਬਲਵਾਨ ਹੁੰਦੀ ਗਈ।

ਵੰਸ਼ਵਾਦ ਨੂੰ ਹੱਲਾਸ਼ੇਰੀ ਮਿਲਣ ਕਾਰਨ ਰਾਜਨੀਤੀ ਦੀਆਂ ਸਮਾਜਿਕ ਜੜ੍ਹਾਂ ਕਮਜ਼ੋਰ ਹੋ ਰਹੀਆਂ ਹਨ ਅਤੇ ਮੌਕਾਪ੍ਰਸਤੀ ਨੂੰ ਵੀ ਜ਼ੋਰ-ਸ਼ੋਰ ਨਾਲ ਹੁੰਗਾਰਾ ਮਿਲ ਰਿਹਾ ਹੈ। ਹੁਣ ਸਿਆਸਤਦਾਨ ਸਮਾਜ ਨਾਲ ਜੁੜਨ ਵਿਚ ਘੱਟ ਅਤੇ ਹਕੂਮਤ ਕਰਨ ਵਿਚ ਵੱਧ ਦਿਲਚਸਪੀ ਲੈ ਰਹੇ ਹਨ। ਅੱਜ ਜ਼ਿਆਦਾਤਰ ਪਾਰਟੀਆਂ ਵਿਚ ਉਮੀਦਵਾਰੀ ਲਈ ਮਾਪਦੰਡ ਸਮਾਜ ਸੇਵਾ, ਦੇਸ਼ ਭਗਤੀ ਤੋਂ ਵੱਧ ਜਾਤ-ਬਰਾਦਰੀ, ਕੁਨਬਾ ਅਤੇ ਬਾਹੂਬਲ ਬਣਦੇ ਜਾ ਰਹੇ ਹਨ।

ਇਸ ਦੇ ਨਾਲ ਹੀ ਚੋਣਾਂ ਵਿਚ ਵੱਧਦਾ ਖ਼ਰਚਾ ਰਾਜਨੀਤੀ ਤਕ ਪਹੁੰਚ ਨੂੰ ਔਖਾ ਬਣਾਉਂਦਾ ਜਾ ਰਿਹਾ ਹੈ। ਇਸ ’ਤੇ ਰੋਕ ਲਗਾਉਣ ਲਈ ਕੋਈ ਤਰੀਕਾ ਕੰਮ ਨਹੀਂ ਕਰ ਰਿਹਾ ਹੈ। ਇਹ ਵੀ ਕਾਬਿਲੇਗੌਰ ਹੈ ਕਿ ਰਾਜਨੀਤੀ ਅਤੇ ਸਮਾਜਿਕ ਜੀਵਨ ਵਿਚ ਆਮ ਲੋਕਾਂ ਦੀ ਭਾਗੀਦਾਰੀ ਵਿਚ ਉਮੀਦ ਮੁਤਾਬਕ ਵਾਧਾ ਨਹੀਂ ਹੋ ਰਿਹਾ ਹੈ। ਇਸ ਦਾ ਕਾਰਨ ਭਾਰਤੀ ਰਾਜਨੀਤੀ ਦੀ ਬਦਲਦੀ ਸੰਸਕ੍ਰਿਤੀ ਹੈ।

ਇਸ ਤੋਂ ਗੁੱਸੇ ਹੋ ਕੇ ਬਹੁਤ ਸਾਰੇ ਲੋਕ ਖ਼ੁਦ ਨੂੰ ਰਾਜਨੀਤੀ ਤੋਂ ਦੂਰ ਰੱਖਣ ਵਿਚ ਹੀ ਆਪਣੀ ਬਿਹਤਰੀ ਮਹਿਸੂਸ ਕਰਦੇ ਹਨ। ਇਸ ਦਾ ਸਿੱਧਾ ਅਸਰ ਨਾਗਰਿਕ ਜੀਵਨ ਦੀ ਗੁਣਵੱਤਾ ’ਤੇ ਪੈਂਦਾ ਹੈ। ਰਾਜਨੀਤੀ ਦੇ ਖੇਤਰ ਵਿਚ ਯੋਗਤਾ ਦਾ ਵਿਚਾਰ ਨਾ ਹੋਣ ਦਾ ਖਮਿਆਜ਼ਾ ਜਨਤਾ ਨੂੰ ਭੁਗਤਣਾ ਪੈਂਦਾ ਹੈ।

ਰਾਜਨੀਤਕ ਸਹੂਲਤ ਹੀ ਤਰਜੀਹ ਬਣਦੀ ਜਾ ਰਹੀ ਹੈ ਅਤੇ ਅਹੁਦਿਆਂ ਅਤੇ ਲਾਭਾਂ ਦਾ ਬਟਵਾਰਾ ਪਾਰਟੀਆਂ ਦੀ ਹੈਸੀਅਤ ’ਤੇ ਨਿਰਭਰ ਕਰਦਾ ਹੈ। ਸੱਤਾ ਦੀ ਦੁਰਵਰਤੋਂ ਸੱਤਾ ਦਾ ਸੁਭਾਅ ਬਣਦੀ ਜਾ ਰਹੀ ਹੈ। ਸਾਡਾ ਸੰਵਿਧਾਨ ਸਮਾਜਿਕ ਵੰਨ-ਸੁਵੰਨਤਾ ਦਾ ਆਦਰ ਕਰਦਾ ਹੈ। ਕਾਨੂੰਨ ਦੀ ਨਜ਼ਰ ਵਿਚ ਹਰ ਵਿਅਕਤੀ ਬਰਾਬਰ ਹੈ ਪਰ ਅਸਲੀਅਤ ਸਮਾਨਤਾ, ਸਮਤਾ ਅਤੇ ਭਾਈਚਾਰੇ ਦੇ ਭਾਵ ਦੀ ਸਥਾਪਨਾ ਤੋਂ ਅਜੇ ਵੀ ਕੋਹਾਂ ਦੂਰ ਹੈ।

ਨਿਆਂ ਦੀ ਵਿਵਸਥਾ ਜਟਿਲ, ਲੰਬੀ ਅਤੇ ਖ਼ਰਚੀਲੀ ਹੁੰਦੀ ਜਾ ਰਹੀ ਹੈ। ਸਮਾਜ ਵਿਚ ਹਾਸ਼ੀਏ ’ਤੇ ਸਥਿਤ ਭਾਈਚਾਰਿਆਂ ਨੂੰ ਉਹ ਸਹੂਲਤਾਂ ਅਤੇ ਮੌਕੇ ਨਹੀਂ ਮਿਲਦੇ ਜੋ ਮੁੱਖ ਧਾਰਾ ਦੇ ਲੋਕਾਂ ਨੂੰ ਸਹਿਜੇ ਹੀ ਉਪਲਬਧ ਹੁੰਦੇ ਹਨ। ਹਾਸ਼ੀਆਗ੍ਰਸਤ ਸਮਾਜ ਦੀ ਚਰਚਾ ਕਰਦੇ ਹੋਏ ਅਨੁਸੂਚਿਤ ਜਾਤੀ, ਅਨੁਸੂਚਿਤ ਜਨਜਾਤੀ ਅਤੇ ਓਬੀਸੀ ਦੇ ਲੋਕ ਸਭ ਤੋਂ ਪਹਿਲਾਂ ਧਿਆਨ ਵਿਚ ਆਉਂਦੇ ਹਨ। ਆਰਥਿਕ, ਸਮਾਜਿਕ ਅਤੇ ਵਿੱਦਿਅਕ ਦਿ੍ਰਸ਼ਟੀ ਤੋਂ ਵਿਰਵੇ ਹੋਣ ਦਾ ਇਨ੍ਹਾਂ ਦਾ ਪੁਰਾਣਾ ਇਤਿਹਾਸ ਹੈ।

ਪਰਵਾਸੀ ਮਜ਼ਦੂਰ, ਦਿਵਿਆਂਗ, ਟ੍ਰਾਂਸਜੈਂਡਰ, ਗਰੀਬੀ ਰੇਖਾ ਤੋਂ ਹੇਠਲੇ ਲੋਕ, ਔਰਤਾਂ, ਬੱਚੇ, ਬਜ਼ੁਰਗ, ਮਾਨਸਿਕ ਤੌਰ ’ਤੇ ਬਿਮਾਰ, ਘੱਟ-ਗਿਣਤੀ ਭਾਈਚਾਰਿਆਂ ਨਾਲ ਸਬੰਧਤ ਲੋਕ ਵੀ ਹਾਸ਼ੀਏ ਦੇ ਸਮੂਹ ਹਨ। ਜੈਂਡਰ ਆਧਾਰਿਤ ਘਰੇਲੂ ਹਿੰਸਾ ਅਤੇ ਜਿਨਸੀ ਹਿੰਸਾ ਦੀਆਂ ਘਟਨਾਵਾਂ ਜਿਸ ਤਰ੍ਹਾਂ ਵਧੀਆਂ ਹਨ, ਉਹ ਚਿੰਤਾ ਦਾ ਕਾਰਨ ਹਨ। ਦੇਸ਼ ਦੇ ਵਿਕਾਸ ਦਾ ਤਕਾਜ਼ਾ ਤਾਂ ਅਜਿਹੇ ਸਹਿਜ ਮਾਹੌਲ ਦਾ ਵਿਕਾਸ ਹੈ ਜੋ ਸਭ ਲਈ ਸਿਹਤਮੰਦ, ਉਤਪਾਦਕ ਅਤੇ ਸਿਰਜਣਾਤਮਕ ਜੀਵਨ ਦਾ ਮੌਕਾ ਉਪਲਬਧ ਕਰਵਾ ਸਕੇ।

ਆਜ਼ਾਦੀ ਦਾ ਮਜ਼ਾ ਨੈਤਿਕ ਸ਼ੁੱਧਤਾ ਅਤੇ ਜਨ ਗਣ ਮਨ ਦੇ ਪ੍ਰਤੀ ਸੱਚੇ-ਸੁੱਚੇ ਸਮਰਪਣ ਸਦਕਾ ਹੀ ਲਿਆ ਜਾ ਸਕਦਾ ਹੈ। ਇਸ ਦੇ ਲਈ ਦ੍ਰਿੜ੍ਹ ਸੰਕਲਪ ਨਾਲ ਕਦਮ ਵਧਾਉਣਾ ਹੋਵੇਗਾ। ਭਾਰਤ ਵਰਗਾ ਗਣਤੰਤਰ ਇਕਤਾਰਾ ਨਾ ਹੋ ਕੇ ਇਕ ਵੱਡਾ ਸਾਜ਼ ਜਾਂ ਆਰਕੈਸਟਰਾ ਵਰਗਾ ਹੈ ਜਿਸ ਦੇ ਅਨੁਸ਼ਾਸਿਤ ਸੰਚਾਲਨ ਨਾਲ ਹੀ ਮਿੱਠੀਆਂ ਸੁਰਾਂ ਨਾਲ ਆਲਾ-ਦੁਆਲਾ ਸੰਗੀਤਮਈ ਬਣ ਸਕਦਾ ਹੈ। ਦੇਸ਼ ਰਾਗ ਨਾਲ ਹੀ ਉਸ ਕਲਿਆਣਕਾਰੀ ਮਨੁੱਖ ਦੀ ਰਚਨਾ ਸੰਭਵ ਹੈ ਜਿਸ ਵਿਚ ਸਾਰੇ ਲੋਕਾਈ ਦੇ ਸੁੱਖ ਦਾ ਯਤਨ ਸੰਭਵ ਹੋ ਸਕੇਗਾ।

ਹੁੱਲੜਬਾਜ਼ੀ ਕਰਨੀ ਤਾਂ ਸਰਲ ਹੈ ਕਿਉਂਕਿ ਉਸ ਦੇ ਲਈ ਕਿਸੇ ਨਿਯਮ-ਅਨੁਸ਼ਾਸਨ ਦੀ ਕੋਈ ਪਰਵਾਹ ਨਹੀਂ ਹੁੰਦੀ ਪਰ ਸੰਗੀਤ ਨਾਲ ਰਸ ਦੀ ਸਿੱਧੀ ਲਈ ਨਿਸ਼ਠਾਪੂਰਵਕ ਸਾਧਨਾ ਦੀ ਜ਼ਰੂਰਤ ਪੈਂਦੀ ਹੈ। ਕੋਰੋਨਾ ਮਹਾਮਾਰੀ ਦੇ ਲੰਬੇ ਬੁਰੇ ਦੌਰ ਵਿਚ ਵਿਸ਼ਵ ਦੇ ਇਸ ਸਭ ਤੋਂ ਵਿਸ਼ਾਲ ਗਣਤੰਤਰ ਨੇ ਸਰਹੱਦ ’ਤੇ ਟਕਰਾਅ ਦੇ ਨਾਲ-ਨਾਲ ਸਿਹਤ, ਚੋਣਾਂ, ਸਿੱਖਿਆ ਅਤੇ ਅਰਥਚਾਰੇ ਦੇ ਅੰਦਰੂਨੀ ਖੇਤਰਾਂ ਵਿਚ ਚੁਣੌਤੀਆਂ ਦਾ ਡਟ ਕੇ ਸਾਹਮਣਾ ਕੀਤਾ ਅਤੇ ਆਪਣੀ ਰਾਹ ਖ਼ੁਦ ਬਣਾਈ।

ਇਹ ਉਸ ਦੀ ਅੰਦਰੂਨੀ ਸ਼ਕਤੀ ਅਤੇ ਦ੍ਰਿੜ੍ਹ ਸੰਕਲਪ ਦਾ ਸਬੂਤ ਹੈ। ਸਾਰੇ ਭਾਰਤ ਵਾਸੀਆਂ ਨੂੰ ਚਾਹੀਦਾ ਹੈ ਕਿ ਉਹ ਦੇਸ਼ ਦੇ ਸੰਵਿਧਾਨ ਪ੍ਰਤੀ ਸੱਚੀ ਨਿਸ਼ਠਾ ਰੱਖਦੇ ਹੋਏ ਸੁਤੰਤਰਤਾ ਸੈਨਾਨੀਆਂ ਦੇ ਸੁਪਨਿਆਂ ਵਾਲੇ ਭਾਰਤ ਦਾ ਸੁਪਨਾ ਹਕੀਕਤ ਵਿਚ ਬਦਲਣ ਲਈ ਜ਼ੋਰਦਾਰ ਹੰਭਲੇ ਮਾਰਨ।

-(ਲੇਖਕ ਸਾਬਕਾ ਵੀਸੀ ਤੇ ਸਾਬਕਾ ਪ੍ਰੋਫੈਸਰ ਹੈ)।

-response@jagran.com

Posted By: Jagjit Singh