-ਨਿਰਮਲ ਜੌੜਾ

ਵਾਈਸ ਚਾਂਸਲਰ ਦਾ ਹੁਕਮ ਮਿਲਣ 'ਤੇ ਜਦੋਂ ਮੈਂ ਉਨ੍ਹਾਂ ਦੇ ਦਫ਼ਤਰ ਪਹੁੰਚਿਆ ਤਾਂ ਉਹ ਕਮੇਟੀ ਰੂਮ ਵਿਚ ਯੂਨੀਵਰਸਿਟੀ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਕਰ ਰਹੇ ਸਨ। ਇਕਦਮ ਬੁਲਾਇਆ ਹੋਣ ਕਰਕੇ ਮੈਂ ਘਬਰਾਇਆ ਹੋਇਆ ਸੀ ਅਤੇ ਅੱਗੋਂ ਸਾਹਿਬ ਵੀ ਕਿਸੇ ਤਲਖੀ ਵਿਚ ਸਨ। 'ਆ ਬੱਚੂ ਸੁਣ' ਕੁਝ ਅੱਗੇ ਆਖਣ ਤੋਂ ਪਹਿਲਾਂ ਉਹ ਸਾਹਮਣੇ ਪਏ ਕਾਗਜ਼ ਦੇਖਣ ਲੱਗ ਪਏ। ਕੰਮ ਅਤੇ ਸਮੇਂ ਦੀ ਅਹਿਮੀਅਤ ਦੇ ਨਾਲ-ਨਾਲ ਅਨੁਸ਼ਾਸਨ ਪੱਖੋਂ ਡਾ. ਕਿਰਪਾਲ ਸਿੰਘ ਔਲਖ ਦੇ ਸਖ਼ਤ ਅਸੂਲਾਂ ਨੂੰ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦਾ ਬੱਚਾ-ਬੱਚਾ ਜਾਣਦਾ ਸੀ। ਵੈਸੇ ਉਹ ਆਪਣੇ ਹੱਸਮੁਖ ਅਤੇ ਅਪਣੱਤ ਭਰੇ ਸੁਭਾਅ ਕਾਰਨ ਲੋਕ ਮਨਾਂ ਦੇ ਨੇੜੇ ਸਨ। “ਲਿਸਨ ਯੰਗਮੈਨ, ਅੱਜ ਸ਼ਾਮ ਨੂੰ ਪੰਜ ਵਜੇ ਪਾਕਿਸਤਾਨ ਤੋਂ ਡੈਲੀਗੇਸ਼ਨ ਆ ਰਿਹਾ ਹੈ। ਦੋ ਕੈਬਨਿਟ ਮੰਤਰੀ, ਤਿੰਨ ਨੈਸ਼ਨਲ ਅਸੈਂਬਲੀ ਦੇ ਮੈਂਬਰ ਤੇ ਨਾਲ ਹੋਰ ਹਾਈ ਆਫੀਸ਼ੀਅਲ ਸਟੇਟ ਗੈਸਟ ਆ ਉਹ। ਰਾਤ ਰੁਕਣਾ ਉਨ੍ਹਾਂ ਨੇ ਯੂਨੀਵਰਸਿਟੀ ਵਿਚ। ਵਧੀਆ ਪ੍ਰਬੰਧ ਹੋਣੇ ਚਾਹੀਦੇ ਆ। ਮਿੰਟ ਟੂ ਮਿੰਟ ਪ੍ਰੋਗਰਾਮ ਬਣਾ ਕੇ ਅੱਜ ਦੁਪਹਿਰ ਤਕ ਸਰਕੂਲੇਟ ਹੋ ਜਾਣਾ ਚਾਹੀਦਾ ਹੈ'। ਸਮਝਾਉਂਦਿਆਂ-ਸਮਝਾਉਂਦਿਆਂ ਉਹ ਤੈਸ਼ 'ਚ ਆ ਗਏ, “ਮੈਂ ਚੰਡੀਗੜ੍ਹ ਸੀਐੱਮ ਦੀ ਮੀਟਿੰਗ ਵਿਚ ਜਾ ਰਿਹਾਂ ਹੁਣੇ। ਰਾਤ ਨੂੰ ਮੁੜਨਾ ਮੈਂ। ਉਨ੍ਹਾਂ ਨਾਲ ਡੀਨ ਡਾਇਰੈਕਰਾਂ ਦੀ ਡਿਨਰ ਮੀਟਿੰਗ ਹੋਵੇਗੀ। ਕੱਲ੍ਹ ਨੂੰ ਵੱਖ-ਵੱਖ ਡਿਪਾਰਟਮੈਂਟ ਵਿਜ਼ਿਟ ਕਰਨਗੇ। ਕੋਈ ਬਦਇੰਤਜ਼ਾਮੀ ਬਰਦਾਸ਼ਤ ਨੀਂ ਕਰਨੀ ਮੈਂ। ਜੇ ਕਿਤੇ ਲੈਪਸ ਰਹਿ ਗਿਆ, ਟੰਗਦੂੰ। ਕੋਈ ਬਹਾਨਾ ਨੀਂ ਸੁਣਨਾ। ਜੇ ਮਾੜੀ ਮੋਟੀ ਵੀ ਢਿੱਲ-ਮੱਠ ਰਹਿ ਗਈ ਨਾ, ਦੈੱਨ ਆਈ ਵਿੱਲ ਟੈੱਲ ਯੂ ਕਿ ਕਿਵੇਂ ਨੌਕਰੀ ਕਰੀਦੀ ਆ, ਚਲੋ ਕਰੋ ਅਰੇਂਜਮੈਂਟ”।

ਵੀਸੀ ਦਾ ਗੁੱਸਾ ਦੇਖ ਕੇ ਸਾਹਮਣੇ ਬੈਠੇ ਅਫ਼ਸਰ ਵੀ ਹੈਰਾਨ ਸਨ। ਕਮੇਟੀ ਰੂਮ ਸ਼ਾਂਤ ਸੀ, ਸਿਰਫ਼ ਕੰਧ 'ਤੇ ਟੰਗਿਆ ਕਲਾਕ ਟਿਕ-ਟਿਕ ਕਰ ਰਿਹਾ ਸੀ। 'ਜੀ ਸਰ' ਆਖ ਕੇ ਮੈਂ ਕਾਗਜ਼ ਲੈ ਕੇ ਅੰਦਰੋ-ਅੰਦਰੀ ਕੁੜ੍ਹਦੇ ਨੇ ਪੀਏ ਕੋਲੋਂ ਆਪਣਾ ਮੋਬਾਈਲ ਫੋਨ ਚੁੱਕਿਆ ਤਾਂ ਘਰਵਾਲੀ ਦੀਆਂ ਚਾਰ ਮਿੱਸ ਕਾਲਾਂ ਸਨ। ਬਾਹਰ ਆਉਣ ਸਾਰ ਫਿਰ ਉਹਦਾ ਫੋਨ ਆ ਗਿਆ। ਅਖੇ 'ਫੋਨ ਨੀ ਚੁੱਕਿਆ?' ਮੈਂ ਦੱਸਿਆ ਕਿ ਵੀਸੀ ਸਾਹਿਬ ਨੇ ਬੁਲਾਇਆ ਸੀ? ਫਿਰ ਅੱਗੋਂ ਸਵਾਲ ਅਖੇ ਕਾਹਦੇ ਵਾਸਤੇ ਬੁਲਾਇਆ ਸੀ। 'ਕਹਿੰਦੇ ਸੀ ਲੰਚ ਮੇਰੇ ਨਾਲ ਈ ਕਰੀਂ ਕਾਕਾ' ਮੈਂ ਸਾਹਿਬ ਆਲਾ ਗੁੱਸਾ ਘਰਵਾਲੀ 'ਤੇ ਕੱਢਿਆ ਤਾਂ ਉਹਨੇ ਫੋਨ ਬੰਦ ਕਰਤਾ। ਮੈਂ ਸੰਚਾਰ ਕੇਂਦਰ ਦੇ ਮੁਖੀ ਡਾ. ਸਰਜੀਤ ਸਿੰਘ ਗਿੱਲ ਨੂੰ ਫੋਨ 'ਤੇ ਸਾਰੀ ਗੱਲ ਦੱਸੀ। ਉਹ ਜਲੰਧਰ ਦੂਰਦਰਸ਼ਨ ਦੀ ਐਡਵਾਈਜ਼ਰੀ ਮੀਟਿੰਗ 'ਤੇ ਗਏ ਹੋਏ ਸਨ। ਉਨ੍ਹਾਂ ਮੈਨੂੰ ਪ੍ਰੋਗਰਾਮ ਦੀ ਰੂਪ-ਰੇਖਾ ਸਮਝਾ ਦਿੱਤੀ। ਕੰਮ ਕਾਫ਼ੀ ਸੀ ਤੇ ਟਾਈਮ ਬਹੁਤ ਘੱਟ। ਰਿਹਾਇਸ਼ ਦਾ ਇੰਤਜ਼ਾਮ ਕਰਨਾ, ਖਾਣ-ਪੀਣ ਦਾ ਪ੍ਰਬੰਧ ਕਰਨਾ, ਗੁਲਦਸਤੇ ਤਿਆਰ ਕਰਵਾਉਣੇ, ਕਾਰਾਂ ਬੁੱਕ ਕਰਵਾਉਣੀਆਂ, ਸਨਮਾਨ ਨਿਸ਼ਾਨੀਆਂ ਲੈਣੀਆਂ, ਮਿੰਟ ਟੂ ਮਿੰਟ ਪ੍ਰੋਗਰਾਮ ਸਰਕੂਲੇਟ ਕਰਨਾ, ਫੋਟੋਗ੍ਰਾਫੀ ਅਤੇ ਪ੍ਰੈੱਸ ਕਵਰੇਜ ਆਦਿ ਅਤੇ ਫਿਰ ਪੰਜ ਵਜੇ ਡੈਲੀਗੇਸ਼ਨ ਨੂੰ ਰਿਸੀਵ ਕਰਨਾ। ਮੈਂ ਵੱਖ-ਵੱਖ ਚਿੱਠੀਆਂ ਬਣਾ ਕੇ ਆਪ ਈ ਲੈ ਤੁਰਿਆ। ਸੋਚਿਆ ਜੇ ਦਫ਼ਤਰੀ ਚੱਕਰ 'ਚ ਪਿਆ ਤਾਂ ਚਿੱਠੀਆਂ ਰੁਲ ਜਾਣਗੀਆਂ। ਅਸਟੇਟ ਅਫ਼ਸਰ ਸੇਵਾਮੁਕਤ ਮਿਲਟਰੀ ਅਫ਼ਸਰ ਸੀ। ਉਹਨੇ ਮਿੰਟ 'ਚ ਕੰਮ ਓਕੇ ਕਰਤਾ ਅਤੇ ਮੇਰੇ ਬੈਠਿਆਂ-ਬੈਠਿਆਂ ਗੈਸਟ ਹਾਊਸ ਦੇ ਇੰਚਾਰਜ ਨੂੰ ਫੋਨ ਵੀ ਕਰ ਦਿੱਤਾ ਕਿ ਡੀਲਕਸ ਕਮਰੇ ਫਰੈੱਸ਼ ਕਰਵਾਓ। ਗੀਜ਼ਰ, ਹੀਟਰ, ਐਗਜ਼ਾਸਟ ਫੈਨ ਵਗੈਰਾ ਦੀ ਵਰਕਿੰਗ ਚੈੱਕ ਕਰੋ। ਮੈਟ ਅਤੇ ਬੈੱਡ ਸ਼ੀਟਾਂ ਵੀ ਬਦਲੋ। ਤੁਰਨ ਲੱਗੇ ਨੂੰ ਅਸਟੇਟ ਅਫ਼ਸਰ ਮੈਨੂੰ ਆਖਣ ਲੱਗਾ, 'ਜੇ ਕੋਈ ਢਿੱਲ-ਮੱਠ ਲੱਗੇ ਤਾਂ ਮੈਨੂੰ ਫੋਨ ਕਰ ਦੇਣਾ, ਵੈਸੇ ਮੈਂ ਵੀ ਘੰਟੇ ਕੁ ਨੂੰ ਗੇੜਾ ਮਾਰਦਾਂ ਗੈਸਟ ਹਾਊਸ'।

ਮੇਰਾ ਅੱਧਾ ਬੋਝ ਲਹਿ ਗਿਆ। ਪਸਾਰ ਸਿੱਖਿਆ ਡਾਇਰੈਕਟਰ ਨੂੰ ਮਿਲਿਆ ਤਾਂ ਮਿੰਟ ਟੂ ਮਿੰਟ ਪ੍ਰੋਗਰਾਮ ਦੇਖ ਕੇ ਪੁੱਛਣ ਲੱਗੇ, 'ਡਾ ਗਿੱਲ ਨੂੰ ਦਿਖਾ ਲਿਆ?' 'ਹਾਂ ਜੀ ਸਰ, ਉਨ੍ਹਾਂ ਨੇ ਈ ਫਾਈਨਲ ਕੀਤਾ ਫੋਨ 'ਤੇ। ਆਪ ਵੀ ਆ ਜਾਣਗੇ ਦੁਪਹਿਰ ਤਕ'। 'ਵੈਰੀ ਗੁੱਡ, ਤਿੰਨੇ ਗੱਡੀਆਂ ਦੇ ਡਰਾਈਵਰ ਤੇਲ ਪੁਆ ਕੇ ਚਾਰ ਵਜੇ ਤੈਨੂੰ ਮਿਲ ਲੈਣਗੇ, ਜੇ ਲੋੜ ਪਈ ਤਾਂ ਮੇਰੇ ਵਾਲੀ ਗੱਡੀ ਵੀ ਲੈ ਜਾਣਾ'। ਨਾਲ ਦੀ ਨਾਲ ਆਪਣੇ ਪੀਏ ਨੂੰ ਬੁਲਾ ਕੇ ਉਨ੍ਹਾਂ ਆਖਿਆ, 'ਜਿੱਥੇ-ਜਿੱਥੇ ਵਿਜ਼ਟਰਜ਼ ਨੇ ਜਾਣਾ ਹੈ, ਉਨ੍ਹਾਂ ਦੇ ਹੈੱਡਜ਼ ਅਤੇ ਮੀਟਿੰਗ ਲਈ ਡੀਨ ਡਾਇਰੈਕਰਾਂ ਨੂੰ ਫੋਨ ਕਰੋ ਹੁਣੇ, ਕਾਕਾ ਤੂੰ ਕੋਲ ਬੈਠ ਕੇ ਕਰਵਾਲਾ ਫੋਨ'। ਉਨ੍ਹਾਂ ਨੇ ਮੇਰਾ ਹੌਸਲਾ ਹੋਰ ਵਧਾ ਦਿੱਤਾ। ਦੁਪਹਿਰ ਵੇਲੇ ਡਾ. ਗਿੱਲ ਵੀ ਆ ਗਏ। ਮੈਂ ਉਨ੍ਹਾਂ ਨੂੰ ਵੀਸੀ ਤੋਂ ਸਾਰੇ ਅਫ਼ਸਰਾਂ ਸਾਹਮਣੇ ਪਈਆਂ ਝਿੜਕਾਂ ਵਾਲੀ ਗੱਲ ਦੱਸੀ ਤਾਂ ਉਹ ਅੱਗੋਂ ਹੱਸ ਕੇ ਆਖਣ ਲੱਗੇ, 'ਕੋਈ ਨੀ, ਤੂੰ ਆਪਣਾ ਕੰਮ ਕਰ'। ਦੁਪਹਿਰ ਬਾਅਦ ਵੀਸੀ ਦਫ਼ਤਰ ਪ੍ਰੋਗਰਾਮ ਦੀ ਕਾਪੀ ਦੇ ਕੇ ਮੈਂ ਨਿਰਦੇਸ਼ਕ ਖੋਜ ਨੂੰ ਪ੍ਰੋਗਰਾਮ ਦੀ ਕਾਪੀ ਦਿਖਾਈ ਤਾਂ ਉਨ੍ਹਾਂ ਉਸੇ ਵੇਲੇ ਸੋਇਲ ਸਾਇੰਸ, ਪੈਥਾਲੋਜੀ, ਇੰਟੋਮੋਲੋਜੀ, ਬਾਇਓ-ਟੈਕਨਾਲੋਜੀ, ਮਾਈਕਰੋ-ਬਾਇਓਲਾਜੀ ਅਤੇ ਖੇਤੀ ਮਸ਼ੀਨਰੀ ਵਿਭਾਗਾਂ ਨੂੰ ਤਿਆਰੀ ਲਈ ਲਿਖ ਵੀ ਦਿੱਤਾ ਅਤੇ ਫੋਨ ਵੀ ਕਰ ਦਿੱਤੇ। ਬਾਗ਼ਬਾਨੀ ਐਕਸੀਅਨ ਨੂੰ ਗੁਲਦਸਤਿਆਂ ਲਈ ਚਿੱਠੀ ਦੇਣ ਉਪਰੰਤ ਖਾਣ-ਪੀਣ ਦੇ ਇੰਤਜ਼ਾਮ ਕਰਨ ਲਈ ਮੈਂ ਐੱਸਪੀਓ ਨਾਲ ਗੱਲ ਕਰ ਰਿਹਾ ਸਾਂ, 'ਸਰ ਪੰਜਾਬ ਸਰਕਾਰ ਦੀ ਲਿਸਟ ਮੁਤਾਬਕ ਪੰਦਰਾਂ-ਸੋਲਾਂ ਮੈਂਬਰ ਆ। ਇਕ-ਦੋ ਪੰਜਾਬ ਸਰਕਾਰ ਦੇ ਅਫ਼ਸਰ ਹੋਣਗੇ। ਸ਼ਾਮ ਦੀ ਹਾਈ ਟੀ, ਰਾਤ ਨੂੰ ਡਿਨਰ ਮੀਟਿੰਗ ਆ ਸਾਰੇ ਅਫ਼ਸਰਾਂ ਨਾਲ। ਕੱਲ੍ਹ ਵੀ ਰੁਕਣਾ ਤੇ ਪਰਸੋਂ ਬਰੇਕਫਾਸਟ ਕਰ ਕੇ ਜਾਣਗੇ। ਵੀਸੀ ਸਾਹਿਬ ਤਾਂ ਸ਼ਾਇਦ ਰਾਤ ਤਕ ਆਉਣ। ਕੱਲ੍ਹ ਨੂੰ ਯੂਨੀਵਰਸਿਟੀ ਗੈਸਟ ਦੀ ਅਪਰੂਵਲ ਲੈ ਲਵਾਂਗੇ ਉਨ੍ਹਾਂ ਤੋਂ'। ਮੈਨੂੰ ਵਿੱਚੇ ਰੋਕ ਕੇ ਉਹ ਆਖਣ ਲੱਗੇ , 'ਨੋ ਪ੍ਰੋਬਲਮ, ਅਪਰੂਵਲ ਬਾਅਦ ਵਿਚ ਹੋ ਜਾਵੇਗੀ।

ਤੁਸੀਂ ਸਟਨ ਹਾਊਸ ਦੇ ਕੁੱਕ ਗਣੇਸ਼ ਨਾਲ ਕੋਆਰਡੀਨੇਟ ਕਰ ਲਵੋ, ਉਸ ਨੂੰ ਜੋ ਕਹੋਗੇ, ਹੋ ਜਾਵੇਗਾ।' ਸਟਨ ਹਾਊਸ ਹੋ ਕੇ ਮੈਂ ਸਿੱਧਾ ਹੋਮ ਸਾਇੰਸ ਕਾਲਜ ਦੇ ਡੀਨ ਦੇ ਦਫ਼ਤਰ ਜਾ ਕੇ ਫੁਲਕਾਰੀ ਵਾਲੇ ਯੂਨੀਵਰਸਿਟੀ ਸਨਮਾਨ ਚਿੰਨ੍ਹਾਂ ਬਾਰੇ ਪੁੱਛਿਆ ਤਾਂ ਪੀਏ ਆਖਣ ਲੱਗਾ, 'ਦੋ-ਤਿੰਨ ਦਿਨ ਤਾਂ ਲੱਗ ਈ ਜਾਂਦੇ ਆ ਬਣਾਉਣ ਨੂੰ'। ਪੀਏ ਦਾ ਜਵਾਬ ਸੁਣ ਕੇ ਵੀਸੀ ਦਾ ਕਿਹਾ ਸ਼ਬਦ 'ਟੰਗਦੂੰ' ਮੇਰੇ ਛਮਕ ਵਾਂਗ ਵੱਜਿਆ। 'ਦੋ-ਤਿੰਨ ਦਿਨ! ਪੀਏ ਸਾਹਿਬ ਜੇ ਵੀਸੀ ਨੇ ਕਹਿਤਾ ਕਿ ਡਿਨਰ ਵੇਲੇ ਈ ਸਨਮਾਨ ਕਰਨਾ ਫਿਰ?' ਮੇਰੀ ਪਰੇਸ਼ਾਨੀ ਦੇਖ ਕੇ ਪੀਏ ਕਹਿੰਦਾ 'ਬੈਠੋ ਦੋ ਮਿੰਟ, ਮੈਡਮ ਆ ਰਹੇ ਆ'। ਮੈਡਮ ਆਏ। ਸਰਕੂਲਰ ਪੜ੍ਹਦਿਆਂ-ਪੜ੍ਹਦਿਆਂ ਈ ਉਨ੍ਹਾਂ ਨੇ ਪੀਏ ਨੂੰ ਕਿਹਾ 'ਹੈ ਤਾਂ ਇਹ ਔਖਾ ਪਰ ਇਹ ਐਮਰਜੈਂਸੀ ਆ, ਤੁਸੀਂ ਇੰਜ ਕਰੋ ਮਿਸਿਜ਼ ਜੈਸਵਾਲ ਨਾਲ ਮੇਰੀ ਗੱਲ ਕਰਵਾਓ'। ਉਹ ਮੈਨੂੰ ਆਖਣ ਲੱਗੇ, 'ਡੌਂਟ ਵਰੀ, ਡਿਨਰ ਤੋਂ ਪਹਿਲਾਂ ਸਟਨ ਹਾਊਸ ਪਹੁੰਚ ਜਾਣਗੇ ਸਨਮਾਨ ਚਿੰਨ੍ਹ'। ਸਟਨ ਹਾਊਸ ਤੋਂ ਗਣੇਸ਼ ਦਾ ਫੋਨ ਆਇਆ 'ਡਾਕਟਰ ਸਾਹਿਬ ਬੁੱਕੇ ਆਗੇ ਜੀ ਇੱਥੇ'। ਹੁਣ ਮੈਂ ਬੇਫ਼ਿਕਰੀ ਤੇ ਤਸੱਲੀ ਵਾਲੀ ਖ਼ੁਸ਼ੀ ਨਾਲ ਡਾ. ਗਿੱਲ ਕੋਲ ਗਿਆ, “ਡਾਕਟਰ ਸਾਹਿਬ ਪ੍ਰਬੰਧ ਤਾਂ ਮੈਂ ਸਭ ਕਰਲੇ ਪਰ ਸਾਰੇ ਅਫ਼ਸਰਾਂ ਦੇ ਸਾਹਮਣੇ ਵੀਸੀ ਦੀਆਂ ਦਿੱਤੀਆਂ ਝਿੜਕਾਂ ਨੀ ਮੈਨੂੰ ਭੁੱਲਦੀਆਂ'। ਡਾ. ਗਿੱਲ ਅੱਗੋਂ ਪੁੱਛਣ ਲੱਗੇ, 'ਤੂੰ ਕੀ ਸੋਚਦਾਂ ਕਿ ਇਹ ਸਾਰੇ ਪ੍ਰਬੰਧ ਤੂੰ ਕੀਤੇ ਆ?' ਮੈਂ ਹੈਰਾਨ ਹੋਇਆ ਤਾਂ ਉਹ ਹੱਸਦਿਆਂ ਮੇਰੇ ਮੋਢੇ 'ਤੇ ਹੱਥ ਰੱਖ ਕੇ ਆਖਣ ਲੱਗੇ, 'ਇਹ ਉਹੀ ਝਿੜਕਾਂ ਰਾਸ ਆਈਆਂ ਤੈਨੂੰ।' ਕਈ ਸਾਲਾਂ ਬਾਅਦ ਹੁਣ ਇਹ ਗੱਲ ਮੈਨੂੰ ਸਮਝ ਆਈ। -ਮੋਬਾਈਲ ਨੰ. : 98140-78799

Posted By: Jagjit Singh