-ਡਾ. ਵਿਕਰਮ ਸੰਗਰੂਰ

ਉਸ ਬਾਰੇ ਕਿੱਥੋਂ ਸੁਣਾਉਣਾ ਸ਼ੁਰੂ ਕਰਾਂ? ਉਸ ਦੇ ਜਿਸਮ 'ਤੇ ਤਾਂ ਕੋਈ ਅਜਿਹੀ ਥਾਂ ਹੀ ਨਹੀਂ ਬਚੀ ਜਿੱਥੋਂ ਉਸ ਦੇ ਦਰਦ ਦੀ ਚੀਸ ਨਾ ਫੁੱਟ ਰਹੀ ਹੋਵੇ। ਉਸ ਦੇ ਮੂੰਹੋਂ ਨਿਕਲਦਾ ਹਰ ਲਫ਼ਜ਼ ਇਉਂ ਸੀ ਜਿਵੇਂ ਕਿਸੇ ਨੇ ਹੰਝੂਆਂ ਵਿਚ ਭਿਓਂ ਕੇ ਕੱਢਿਆ ਹੁੰਦਾ ਹੈ। ਉਸ ਦੀਆਂ ਦੱਬੀਆਂ ਜਿਹੀਆਂ ਗੱਲਾਂ ਜਦੋਂ ਕਦੇ ਵੀ ਹਲਕੀ ਜਿਹੀ ਮੁਸਕਰਾਹਟ ਦੀ ਅੰਗੜਾਈ ਲੈਣ ਖ਼ਾਤਰ ਬਾਹਰ ਵੱਲ ਨੂੰ ਉੱਭਰਦੀਆਂ ਤਾਂ ਦੂਜੇ ਹੀ ਪਲ ਉਹ ਕੁਝ ਕੁ ਚਿਰਾਂ ਵਾਸਤੇ ਖ਼ਾਮੋਸ਼ ਜਿਹਾ ਹੋ ਜਾਂਦਾ ਜਿਵੇਂ ਇਹੋ ਸਵਾਲ ਖ਼ੁਦ ਨੂੰ ਕਰਨ ਲੱਗ ਪੈਂਦਾ ਹੋਵੇ ਕਿ ਇਸ ਭੁੱਲੀ-ਵਿਸਰੀ ਮੁਸਕਰਾਹਟ ਦੇ ਝੋਕੇ ਨੂੰ ਮੇਰੇ ਚਿਹਰੇ ਦਾ ਸਿਰਨਾਵਾਂ ਆਖ਼ਰ ਕੀਹਨੇ ਦੇ ਦਿੱਤਾ?

ਮੈਂ ਇਕ ਅਜਿਹੇ ਪੇਂਟਰ ਦੇ ਹਾਲਾਤ ਨੂੰ ਪਲਕਾਂ ਹੇਠ ਲੁਕੋ ਕੇ ਅਤੇ ਉਸ ਨਾਲ ਕੀਤੀ ਗੱਲਬਾਤ ਨੂੰ ਆਪਣੇ ਚੇਤਿਆਂ ਵਿਚ ਵਸਾ ਕੇ ਘਰ ਪਰਤ ਰਿਹਾ ਸਾਂ ਜਿਸ ਦੇ ਨਾਂ ਨੂੰ ਬਚਪਨ ਤੋਂ ਹੀ ਮੇਰੀਆਂ ਅੱਖੀਆਂ ਕਦੇ ਕਿਸੇ ਦਿਲਕਸ਼ ਚਿੱਤਰ ਅਤੇ ਕਦੇ ਤਰ੍ਹਾਂ-ਤਰ੍ਹਾਂ ਦੇ ਰੰਗਾਂ ਨਾਲ ਰੰਗੀਆਂ ਬੱਸਾਂ, ਟਰੱਕਾਂ ਦੇ ਅੱਗੇ-ਪਿੱਛੇ ਅਤੇ ਸੱਜੇ-ਖੱਬੇ ਤੱਕਦੀਆਂ ਆ ਰਹੀਆਂ ਸਨ। ਇਸ ਨਾਂ ਨੂੰ ਦੇਖ ਕੇ ਮੈਂ ਆਪਣੀ ਕਲਪਨਾ ਦੀ ਕਲਮ ਨਾਲ ਇਹ ਲਕੀਰਾਂ ਉਲੀਕਣ ਬਹਿ ਜਾਂਦਾ ਸਾਂ ਕਿ ਇਹ ਸੱਚੀਓਂ ਕੋਈ ਬਹੁਤ ਹੀ ਰਈਸ ਪੇਂਟਰ ਹੋਵੇਗਾ ਜਿਸ ਦੇ ਹੁਨਰ ਦੀ ਅਮੀਰੀ ਹਰ ਥਾਂ ਦੇਖਣ ਵਾਸਤੇ ਨਸੀਬ ਹੋ ਜਾਂਦੀ ਹੈ। ਇਸ ਪੇਂਟਰ ਨੂੰ ਮਿਲਣ ਦੀ ਤਾਂਘ ਜਦੋਂ ਮੈਨੂੰ ਇਸ ਦੇ ਬੂਹੇ ਤੀਕ ਲੈ ਕੇ ਆਈ ਤਾਂ ਮੇਰੀਆਂ ਸਾਲਾਂ ਪੁਰਾਣੀਆਂ ਇਨ੍ਹਾਂ ਕਲਪਨਾ ਦੀਆਂ ਲਕੀਰਾਂ ਨੂੰ ਉਸ ਦੇ ਕਮਰੇ ਦੀ ਚੋ ਰਹੀ ਛੱਤ ਨੇ ਪਲਾਂ ਵਿਚ ਖੋਰ ਕੇ ਰੱਖ ਦਿੱਤਾ। ਉਸ ਦੇ ਢੱਠੇ ਜਿਹੇ ਕਮਰੇ ਵਿਚ ਉਸ ਵੱਲੋਂ ਬਣਾਈਆਂ ਤਸਵੀਰਾਂ ਦੀ ਲਿਸ਼ਕ ਇਉਂ ਲੱਗ ਰਹੀ ਸੀ ਜਿਵੇਂ ਹਨੇਰੇ ਵਿਚ ਕੋਈ ਕੋਹੇਨੂਰ ਪਿਆ ਹੋਵੇ। ਗ਼ਮ, ਗ਼ਰੀਬੀ, ਫ਼ਿਕਰ ਅਤੇ ਖ਼ੌਰੇ ਹੋਰ ਕਿੰਨਿਆਂ ਹੀ ਅਜਿਹੇ ਸ਼ਬਦਾਂ ਨੇ ਮਿਲ ਕੇ ਇਸ ਰੰਗਾਂ ਦੇ ਜਾਦੂਗਰ ਦੀ ਜ਼ਿੰਦਗੀ 'ਚੋਂ ਹਾਸਿਆਂ ਦੇ ਰੰਗਾਂ ਨੂੰ ਇਸ ਤਰ੍ਹਾਂ ਛੂਮੰਤਰ ਕਰ ਦਿੱਤਾ ਸੀ ਕਿ ਮਹਿਜ਼ ਤੀਹਾਂ ਵਰ੍ਹਿਆਂ ਦੀ ਉਮਰ ਵਿਚ ਹੀ ਉਸ ਦੀ ਸੂਰਤ 'ਤੇ ਝੁਰੜੀਆਂ ਪੈਣ ਲੱਗੀਆਂ ਸਨ।

ਜਦੋਂ ਮੈਂ ਉਸ ਦੇ ਵਿਹੜੇ ਵੜਿਆ ਤਾਂ ਮੇਰੇ ਜਾਂਦਿਆਂ ਨੂੰ ਉਹਨੇ ਹੱਥ ਵਾਲੀ ਚੱਕੀ ਨਾਲ ਕਣਕ ਦਲ਼ ਕੇ ਪਾਣੀ ਵਿਚ ਫਿੱਕਾ ਦਲ਼ੀਆ ਬਣਾਇਆ ਹੋਇਆ ਸੀ। ਉਹਦਾ ਚੁੱਲ੍ਹਾ ਹਾਲੇ ਵੀ ਤੱਤਾ ਸੀ ਜਿਸ ਕੋਲ ਬਹਿ ਕੇ ਉਸ ਨੇ ਆਪਣੀ ਜ਼ਿੰਦਗੀ ਦੇ ਸਿੱਲ੍ਹੇ ਵਰਕੇ ਫਰੋਲੇ। ਮੈਨੂੰ ਰੁਖ਼ਸਤ ਕਰਨ ਪਿੱਛੋਂ ਵੀ ਜਿਵੇਂ ਉਸ ਦੀਆਂ ਨਜ਼ਰਾਂ ਮੇਰੇ ਸਾਈਕਲ ਦੇ ਟਾਇਰਾਂ ਨਾਲ ਰੇਤ ਉੱਤੇ ਬਣੀਆਂ ਲਕੀਰਾਂ ਨੂੰ ਓਨੀ ਦੇਰ ਦੇਖਦੀਆਂ ਰਹੀਆਂ ਜਦੋਂ ਤਕ ਮੈਂ ਉਹਦੇ ਪਿੰਡ ਦੀ ਫਿਰਨੀ ਨਾ ਟੱਪ ਗਿਆ।

ਘਰੋਂ ਤੁਰਨ ਲੱਗਿਆਂ ਜਿਹੜੇ ਸਵਾਲ ਮੇਰੇ ਨਾਲ ਜਾਣ ਨੂੰ ਬੇਚੈਨ ਹੋ ਰਹੇ ਸਨ, ਉਨ੍ਹਾਂ ਦੇ ਜਵਾਬ ਤਾਂ ਮੈਨੂੰ ਪੇਂਟਰ ਦੇ ਹਾਲਾਤ ਨੇ ਦੇ ਹੀ ਦਿੱਤੇ ਸਨ ਪਰ ਮੈਂ ਉਨ੍ਹਾਂ ਸਵਾਲਾਤ ਦੇ ਜਵਾਬ ਲੱਭਣੇ ਬਹੁਤ ਔਖੇ ਮਹਿਸੂਸ ਕਰ ਰਿਹਾ ਸਾਂ ਜੋ ਇਸ ਪੇਂਟਰ ਨੇ ਤੁਰਨ ਲੱਗਿਆਂ ਮੇਰੇ ਲੜ ਬੰਨ੍ਹ ਦਿੱਤੇ ਸਨ। ਆਖ਼ਰ ਕਿਉਂ ਬਹੁਤੇ ਅਖ਼ਬਾਰਾਂ ਅਤੇ ਟੀਵੀ ਚੈਨਲਾਂ ਤੋਂ ਅਜਿਹੇ ਲੋਕ ਗੁਆਚੇ ਹੋਏ ਹਨ? ਮੇਰੇ ਬੁੱਲ੍ਹਾਂ 'ਤੇ ਪੇਂਟਰ ਵੱਲੋਂ ਖੁਆਏ ਫਿੱਕੇ ਦਲ਼ੀਏ ਦਾ ਜ਼ਾਇਕਾ ਹਾਲੇ ਵੀ ਚਿਪਕ ਰਿਹਾ ਸੀ। ਇਸ ਜ਼ਾਇਕੇ ਨੇ ਇਕ ਅਜਿਹੀ ਪੁਰਾਣੀ ਯਾਦ ਨੂੰ ਅੱਖਾਂ ਮੂਹਰੇ ਕਰ ਦਿੱਤਾ ਜਿਸ ਨੇ ਮੇਰੇ ਲੜ ਨਾਲ ਬੱਧੇ ਪੇਂਟਰ ਦੇ ਇਸ ਔਖੇਰੇ ਸਵਾਲਾਂ ਦੇ ਜਵਾਬ ਮੈਨੂੰ ਦੇ ਦਿੱਤੇ।

ਕੁਝ ਸਾਲ ਪਹਿਲਾਂ ਇਕ ਸਮਾਗਮ 'ਚ ਵੱਖ-ਵੱਖ ਯੂਨੀਵਰਸਿਟੀਆਂ ਤੋਂ ਆਏ ਪੱਤਰਕਾਰੀ ਦੇ ਵਿਸ਼ੇ ਨਾਲ ਜੁੜੇ ਵਿਦਿਆਰਥੀ ਇਕੱਠੇ ਹੋਏ। ਪੱਤਰਕਾਰਾਂ ਦੀ ਇਹ ਮਹਿਫ਼ਲ ਵਾਰੋ-ਵਾਰੀ ਪੱਤਰਕਾਰੀ ਦੇ ਖੇਤਰ ਵਿਚ ਆਪਣੀ ਹੁਣ ਤਕ ਦੀ ਕੀਤੀ 'ਬੈਸਟ ਸਟੋਰੀ' ਇਕ-ਦੂਜੇ ਨਾਲ ਸਾਂਝੀ ਕਰਨ ਲੱਗੀ। ਹਰੇਕ ਦੀਆਂ ਗੱਲਾਂ 'ਚੋਂ ਜਿਵੇਂ ਹਾਸਿਆਂ ਅਤੇ ਖ਼ੁਸ਼ੀਆਂ ਦੇ ਫੁੱਲ ਕਿਰ ਰਹੇ ਸਨ। ਕੋਈ ਮੋਬਾਈਲ ਦੀ ਸਕਰੀਨ ਤੋਂ ਕਿਸੇ ਅਦਾਕਾਰ ਨਾਲ ਕੀਤੀ ਮੁਲਾਕਾਤ ਦੀਆਂ ਤਸਵੀਰਾਂ ਵਿਖਾ ਰਿਹਾ ਸੀ ਅਤੇ ਕੋਈ ਵੀਡੀਓਜ਼। ਕੁਝ ਕੁ ਗੱਲਾਂ ਕਰ ਰਹੇ ਸਨ ਕਿ ਜਿਨ੍ਹਾਂ ਬਾਰੇ ਉਨ੍ਹਾਂ ਲਿਖਿਆ, ਉਹ ਸਾਨੂੰ ਪੰਜ ਤਾਰਾ ਹੋਟਲ ਵਿਚ ਲੈ ਗਏ ਜਿੱਥੇ ਉਨ੍ਹਾਂ ਨੂੰ ਕਈ ਤਰ੍ਹਾਂ ਦੇ ਮਜ਼ੇਦਾਰ ਮਹਿੰਗੇ ਪਕਵਾਨ ਖਵਾਏ ਗਏ। ਜਦੋਂ ਵਾਰੀ ਦਾ ਇਹ ਚੱਕਰ ਘੁੰਮਦਾ ਹੋਇਆ ਮੇਰੇ ਕੋਲ ਆਇਆ ਤਾਂ ਮੇਰੀਆਂ ਅੱਖਾਂ ਸਾਹਮਣੇ ਸੜਕਾਂ ਬਣਾਉਣ ਵਾਲਿਆਂ ਦੀਆਂ ਝੁੱਗੀਆਂ ਜਿਹੀਆਂ ਆ ਗਈਆਂ। ਇਨ੍ਹਾਂ ਵਿਚ ਇਕ ਝੁੱਗੀ ਅਜਿਹੀ ਵੀ ਸੀ ਜਿਸ ਵਿਚ ਦੀਪਕ ਨਾਂ ਦਾ ਮੁੰਡਾ ਰਹਿੰਦਾ ਸੀ ਜੋ ਅੱਤ ਦੀ ਗ਼ਰੀਬੀ 'ਚ ਬਲ਼ ਕੇ ਆਪਣੇ ਡਾਕਟਰ ਬਣਨ ਦੇ ਖ਼ਾਬ ਨੂੰ ਰੁਸ਼ਨਾਉਣ ਦੀ ਕੋਸ਼ਿਸ਼ ਵਿਚ ਲੱਗਾ ਹੋਇਆ ਸੀ। ਉਸ ਨਾਲ ਕੀਤੀ ਗੱਲਬਾਤ ਨੂੰ ਵਰਕਿਆਂ ਉੱਤੇ ਉਲੀਕ ਕੇ ਜਦੋਂ ਮੈਂ ਉੱਠਿਆ ਤਾਂ ਉਹ ਮੈਨੂੰ ਚਾਹ ਪਿਆਉਣ ਦੀ ਜ਼ਿੱਦ ਕਰਨ ਲੱਗਾ। ਚੁੱਲ੍ਹੇ 'ਤੇ ਰੱਖੀ ਪਤੀਲੀ ਵਿਚ ਜਦੋਂ ਉਹਨੇ ਦੁੱਧ ਪਾਇਆ ਤਾਂ ਉਹ ਫੁੱਟ ਗਿਆ। ਚਾਹ ਦੀ ਖਟਾਸ ਤਾਂ ਉਹਦੇ ਪਿਆਰ ਅਤੇ ਹੌਸਲੇ ਨੇ ਹੀ ਦੂਰ ਕਰ ਦਿੱਤੀ ਸੀ।

ਮੇਰਾ ਫਿਕਰਾ ਹਾਲੇ ਪੂਰਾ ਵੀ ਨਹੀਂ ਸੀ ਹੋਇਆ ਕਿ ਨਾਲ ਦੇ ਇਕ ਪੱਤਰਕਾਰ ਸਾਥੀ ਨੇ ਟੋਕ ਕੇ ਕਿਹਾ,“''ਕਯਾ ਯੇਹ ਤੇਰੀ ਅਬ ਤਕ ਕੀ ਬੈਸਟ ਸਟੋਰੀ ਹੈ ਯਾਰ! ਸ਼ੀ...ਸ਼ੀ, ਤੂਨੇ ਵੋਹ ਚਾਏ ਪੀ? ਯਾਰ ਫਿਰ ਤੋ ਤੂ ਕਭੀ ਪੱਤਰਕਾਰ ਨਹੀਂ ਬਨ ਸਕਤਾ, ਤੂ ਤੋ ਪੱਤਰਕਾਰੀ ਕਾ ਇਗਜ਼ਾਮ ਪਾਸ ਕਰ ਕੇ ਭੀ ਫੇਲ੍ਹ ਹੋ ਗਯਾ। ਫੇਲ੍ਹ ਪੱਤਰਕਾਰ!''” ਜਦੋਂ ਇੰਨੀ ਗੱਲ ਉਸ ਸਾਥੀ ਨੇ ਆਖੀ ਤਾਂ ਮੇਰੇ ਆਲੇ-ਦੁਆਲੇ ਸਾਰੇ ਉੱਚੀ-ਉੱਚੀ ਹਾਸੇ ਵਿਚ 'ਫੇਲ੍ਹ ਪੱਤਰਕਾਰ', 'ਫੇਲ੍ਹ ਪੱਤਰਕਾਰ' ਗੂੰਜ ਰਿਹਾ ਸੀ। ਇਹ ਸਾਰੀ ਗੱਲ ਜਦੋਂ ਮੈਂ ਸ਼ਾਮੀਂ ਘਰ ਪਰਤ ਕੇ ਭਰੇ ਜਿਹੇ ਮਨ ਨਾਲ ਆਪਣੇ ਇਕ ਕਰੀਬੀ ਦੋਸਤ ਨੂੰ ਫੋਨ ਉੱਤੇ ਸੁਣਾਈ ਤਾਂ ਉਸ ਨੇ ਜਵਾਬ ਵਿਚ ਬਸ ਇੰਨਾ ਹੀ ਕਿਹਾ, ''ਜੇ ਇਹੋ ਤੇਰੀ 'ਬੈਸਟ ਸਟੋਰੀ' ਹੈ ਤਾਂ ਮੈਂ ਦੁਆ ਕਰਦਾ ਹਾਂ ਕਿ ਤੂੰ ਹਮੇਸ਼ਾ 'ਫੇਲ੍ਹ ਪੱਤਰਕਾਰ' ਹੀ ਰਹੇਂ।” -ਮੋਬਾਈਲ ਨੰ. : 98884-13836

Posted By: Jagjit Singh