ਦੁਨੀਆ 'ਚ ਅਜਿਹਾ ਕੋਈ ਵਿਅਕਤੀ ਨਹੀਂ ਜਿਸ ਨੇ ਜ਼ਿੰਦਗੀ ਵਿਚ ਕਦੇ ਕੋਈ ਗ਼ਲਤੀ ਨਾ ਕੀਤੀ ਹੋਵੇ। ਹਰ ਵਿਅਕਤੀ ਨੇ ਜਾਣੇ-ਅਨਜਾਣੇ ਵਿਚ ਪਾਪ ਕੀਤੇ ਹੁੰਦੇ ਹਨ, ਦਿਲ ਵੀ ਦੁਖਾਏ ਹੁੰਦੇ ਹਨ, ਕਦੇ ਨਾ ਕਦੇ ਕਿਸੇ ਦੂਜੇ ਦੀ ਪੀੜਾ ਦਾ ਕਾਰਨ ਵੀ ਬਣਿਆ ਹੁੰਦਾ ਹੈ। ਅਸੀਂ ਸਾਰੇ ਗ਼ਲਤੀਆਂ ਕਰਦੇ ਹਾਂ। ਗ਼ਲਤੀਆਂ ਦਾ ਖਮਿਆਜ਼ਾ ਅਸੀਂ ਖ਼ੁਦ ਤਾਂ ਭੁਗਤਦੇ ਹੀ ਹਾਂ, ਕਈ ਵਾਰ ਉਨ੍ਹਾਂ ਦਾ ਸਾਡੇ ਪਰਿਵਾਰ ਅਤੇ ਨਜ਼ਦੀਕੀਆਂ 'ਤੇ ਗਹਿਰਾ ਅਸਰ ਹੁੰਦਾ ਹੈ। ਜਹਾਨ ਵਿਚ ਹਰ ਚੀਜ਼ ਦੇ ਦੋ ਪਹਿਲੂ ਹੁੰਦੇ ਹਨ-ਚੰਗਾ ਅਤੇ ਬੁਰਾ। ਇਨਸਾਨ ਹਮੇਸ਼ਾ ਚੰਗੇ ਵੱਲ ਆਕਰਸ਼ਿਤ ਹੁੰਦਾ ਹੈ ਜਿਵੇਂ ਕਿ ਖ਼ੁਸ਼ੀ ਦੀ ਉਮੀਦ ਕਰਦਾ ਹੈ ਅਤੇ ਗਮਾਂ ਤੋਂ ਭੱਜਦਾ ਹੈ। ਜਿੱਤਣਾ ਚਾਹੁੰਦਾ ਹੈ, ਹਾਰਨ ਤੋਂ ਡਰਦਾ ਹੈ। ਚਾਨਣ ਵਧੀਆ ਲੱਗਦਾ ਹੈ ਪਰ ਹਨੇਰੇ ਤੋਂ ਦੂਰ ਭੱਜਦਾ ਹੈ। ਇਹ ਗੱਲ ਵੀ ਸੋਲਾਂ ਆਨੇ ਸੱਚ ਹੈ ਕਿ ਕੋਈ ਚੰਗਾ ਹੋਵੇ ਜਾਂ ਬੁਰਾ, ਉਸ ਦੀ ਆਪਣੀ ਮਹੱਤਤਾ ਹੁੰਦੀ ਹੈ। ਜਿਹੜਾ ਜ਼ਿੰਦਗੀ ਵਿਚ ਕਦੇ ਹਾਰਿਆ ਨਹੀਂ ਹੋਵੇਗਾ, ਉਹ ਜਿੱਤ ਦਾ ਅਸਲੀ ਆਨੰਦ ਨਹੀਂ ਮਾਣ ਸਕੇਗਾ। ਜਿਸ ਇਨਸਾਨ ਨੇ ਕਦੇ ਗ਼ਲਤੀ ਨਹੀਂ ਕੀਤੀ ਹੋਵੇਗੀ, ਉਸ ਨੇ ਕਦੇ ਕੋਸ਼ਿਸ਼ ਵੀ ਨਹੀਂ ਕੀਤੀ ਹੋਵੇਗੀ। ਇਨਸਾਨ ਕੋਲੋਂ ਗ਼ਲਤੀਆਂ ਹੋਣੀਆਂ ਕੋਈ ਜੱਗੋਂ ਤੇਰ੍ਹਵੀਂ ਗੱਲ ਨਹੀਂ ਹੈ। ਜਾਣੇ-ਅਨਜਾਣੇ ਵਿਚ ਹਰ ਵਿਅਕਤੀ ਗ਼ਲਤੀਆਂ ਕਰਦਾ ਹੈ ਪਰ ਸੋਚਣ ਵਾਲੀ ਗੱਲ ਇਹ ਹੈ ਕਿ ਅਸੀਂ ਉਨ੍ਹਾਂ ਤੋਂ ਕੀ ਸਬਕ ਸਿੱਖਿਆ ਹੈ? ਗ਼ਲਤੀਆਂ ਅਤੇ ਹਾਰਾਂ ਅਕਸਰ ਸਾਨੂੰ ਜ਼ਿੰਦਗੀ ਦੇ ਸਭ ਤੋਂ ਵੱਡੇ ਸਬਕ ਦੇ ਜਾਂਦੀਆਂ ਹਨ।।ਇਨਸਾਨ ਨੂੰ ਗ਼ਲਤੀਆਂ ਦਾ ਪੁਤਲਾ ਕਿਹਾ ਜਾਂਦਾ ਹੈ। ਸਾਨੂੰ ਆਪਣੀਆਂ ਪਿਛਲੀਆਂ ਗ਼ਲਤੀਆਂ ਤੋਂ ਹਮੇਸ਼ਾ ਸਬਕ ਲੈਣਾ ਚਾਹੀਦਾ ਹੈ। ਕੋਸ਼ਿਸ਼ ਰਹੇ ਕਿ ਇਕ ਵਾਰ ਕੀਤੀ ਗ਼ਲਤੀ ਦੁਹਰਾਈ ਨਾ ਜਾਵੇ। ਜੋ ਵਿਅਕਤੀ ਉਸੇ ਗ਼ਲਤੀ ਨੂੰ ਵਾਰ-ਵਾਰ ਦੁਹਰਾਉਂਦਾ ਹੈ, ਉਹ ਉਸ ਦੀ ਮੂਰਖਤਾ ਕਹੀ ਜਾ ਸਕਦੀ ਹੈ। ਸੋ ਸਾਨੂੰ ਸਾਰਿਆਂ ਨੂੰ ਗ਼ਲਤੀਆਂ ਤੋਂ ਸਬਕ ਸਿੱਖ ਕੇ ਜੀਵਨ ਵਿਚ ਅੱਗੇ ਵੱਧਦੇ ਰਹਿਣਾ ਚਾਹੀਦਾ ਹੈ। ਜ਼ਿੰਦਗੀ ਦੇ ਤਜਰਬੇ ਨੂੰ ਵਧਾਉਂਦੇ ਜਾਓ। ਉਸ ਤੋਂ ਸਬਕ ਸਿੱਖਦੇ ਜਾਓ। ਗ਼ਲਤੀ ਹੋਣ ਜਾਂ ਅਸਫਲਤਾ ਮਿਲਣ 'ਤੇ ਢੇਰੀ ਨਾ ਢਾਹੋ। ਮਨ ਨੂੰ ਇਹ ਸੋਚ ਕੇ ਤਸੱਲੀ ਦਿੱਤੀ ਜਾਣੀ ਚਾਹੀਦੀ ਹੈ ਕਿ ਭਾਵੇਂ ਅਸੀਂ ਸਬੰਧਤ ਕੰਮ ਵਿਚ ਅਸਫਲ ਰਹੇ ਹਾਂ ਪਰ ਇਸ ਤੋਂ ਸਿੱਖਿਆ ਵੀ ਬਹੁਤ ਕੁਝ ਹੈ। ਇਹੀ ਤਜਰਬਾ ਅੱਗੇ ਚੱਲ ਕੇ ਸਾਡੀ ਸਫਲਤਾ ਦਾ ਮੁੱਢ ਬੰਨ੍ਹੇਗਾ ਅਤੇ ਉਸ ਸਫਲਤਾ ਦਾ ਮਜ਼ਾ ਹੀ ਕੁਝ ਹੋਰ ਹੋਵੇਗਾ। -ਹਰਕੀਰਤ ਕੌਰ ਸਭਰਾ। ਸੰਪਰਕ : 97791-18066

Posted By: Jagjit Singh