ਪੰਜ-ਪਾਣੀਆਂ ਦੀ ਧਰਤ ਪਿਛਲੇ ਕੁਝ ਸਮੇਂ ਤੋਂ ਨਿਰਾਸ਼ਾ ਦੇ ਡੂੰਘੇ ਪਾਣੀਆਂ ਵਿਚ ਘਿਰੀ ਹੋਈ ਹੈ। ਦੁਖਦਾਈ ਤੇ ਨਿਰਾਸ਼ਾਜਨਕ ਘਟਨਾਵਾਂ ਨੇ ਪੰਜਾਬ ਦਾ ਪੋਟਾ-ਪੋਟਾ ਵਲੂੰਧਰ ਦਿੱਤਾ ਹੈ। ਹਰ ਸਵੇਰ ਦੀ ਅਖ਼ਬਾਰ ਉਦਾਸ ਖ਼ਬਰਾਂ ਲੈ ਕੇ ਆਉਂਦੀ ਹੈ। ਕਿਸਾਨਾਂ-ਮਜ਼ਦੂਰਾਂ ਦੀ ਖ਼ੁਦਕੁਸ਼ੀ ਦੀਆਂ ਖ਼ਬਰਾਂ ਨਿੱਤ ਦਿਨ ਘਰਾਂ ਵਿਚ ਸੱਥਰ ਵਿਛਾ ਰਹੀਆਂ ਹਨ। ਇਹ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਤੰਗੀਆਂ-ਤੁਰਸ਼ੀਆਂ, ਤਰਸੇਵਿਆਂ, ਕਰਜ਼ਿਆਂ, ਨਕਲੀ ਬੀਜਾਂ, ਨਕਲੀ ਕੀੜੇਮਾਰ ਜ਼ਹਿਰਾਂ, ਫ਼ਸਲਾਂ ਦੀ ਬਰਬਾਦੀ, ਮੰਡੀਆਂ ਵਿਚ ਹੁੰਦੀ ਦਰਗਤੀ, ਲੋੜਾਂ-ਥੁੜ੍ਹਾਂ ਕਾਰਨ ਆਪਣੇ ਪਰਿਵਾਰ ਲਈ ਸਿਰਜੇ ਸੁਪਨਿਆਂ ਦੇ ਪੂਰੀ ਤਰ੍ਹਾਂ ਤਹਿਸ-ਨਹਿਸ ਹੋਣ ਦਾ ਦਰਦ ਝੱਲਣਾ ਕੋਈ ਸੌਖਾ ਨਹੀਂ ਹੁੰਦਾ। ਖ਼ੁਦਕੁਸ਼ੀ ਕਿਸੇ ਮਸਲੇ ਦਾ ਹੱਲ ਨਹੀਂ ਹੈ। ਇਸ ਕਾਰਨ ਜਿਹੜਾ ਦਰਦ ਬਾਅਦ ਵਿਚ ਪਰਿਵਾਰ ਨੂੰ ਹੰਢਾਉਣਾ ਪੈਂਦਾ ਹੈ, ਉਸ ਨੂੰ ਸ਼ਬਦਾਂ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ। ਇਹ ਸਿਰੇ ਦਾ ਕਦਮ ਵੀ ਬੰਦਾ ਉਦੋਂ ਹੀ ਚੁੱਕਦਾ ਹੈ ਜਦੋਂ ਸਭ ਪਾਸੇ ਤੋਂ ਨਿਰਾਸ਼ ਹੋ ਜਾਵੇ। ਹੈਰਾਨੀ ਤਾਂ ਉਦੋਂ ਹੁੰਦੀ ਹੈ ਜਦੋਂ ਬਾਰਾਂ-ਚੌਦਾਂ ਸਾਲ ਦੇ ਬੱਚੇ ਵੀ ਮਾਪਿਆਂ ਜਾਂ ਅਧਿਆਪਕ ਦੇ ਝਿੜਕਣ 'ਤੇ ਖ਼ੁਦਕੁਸ਼ੀ ਵਰਗਾ ਕਦਮ ਚੁੱਕ ਲੈਂਦੇ ਹਨ। ਬਾਰ੍ਹਵੀਂ ਵਿਚ ਪੜ੍ਹਦੀ ਕਬੱਡੀ ਖਿਡਾਰਨ ਇਸ ਕਾਰਨ ਮੌਤ ਨੂੰ ਗਲੇ ਲਾ ਲੈਂਦੀ ਹੈ ਕਿਉਂਕਿ ਉਸ ਦੀ ਚੋਣ ਟੀਮ ਵਿਚ ਨਹੀਂ ਹੋ ਸਕੀ ਸੀ। ਨਸ਼ਿਆਂ ਕਾਰਨ ਹੋ ਰਹੀਆਂ ਮੌਤਾਂ ਨੇ ਵੀ ਪੰਜਾਬ ਦੀ ਫਿਜ਼ਾ ਨੂੰ ਸੋਗਮਈ ਬਣਾਇਆ ਹੋਇਆ ਹੈ। ਪਿਛਲੇ ਦਿਨੀਂ ਬਹੁਤ ਸਾਰੇ ਪੁਲਿਸ ਮੁਲਾਜ਼ਮ ਵੀ ਨਸ਼ਾ ਤਸਕਰੀ ਦੇ ਦੋਸ਼ਾਂ ਹੇਠ ਫੜੇ ਗਏ। ਜੇ ਵਾੜ ਹੀ ਖੇਤ ਨੂੰ ਖਾਣ ਲੱਗ ਜਾਵੇ ਤਾਂ ਕੌਣ ਰਾਖੀ ਕਰੇਗਾ? ਗੈਂਗਸਟਰਾਂ ਦੀ ਚੜ੍ਹਤ ਤੇ ਨਿੱਤ ਹੋ ਰਹੀਆਂ ਕਤਲਾਂ ਦੀਆਂ ਵਾਰਦਾਤਾਂ ਨਾਲ ਪੰਜਾਬ ਦੇ ਵਾਤਾਵਰਨ ਵਿਚ ਸਹਿਮ ਤੇ ਡਰ ਪਸਰਿਆ ਹੋਇਆ ਹੈ। ਸਰਕਾਰ ਦੀ ਪ੍ਰਸ਼ਾਸਕੀ ਵਿਵਸਥਾ ਬਹੁਤ ਢਿੱਲੀ ਹੈ। ਪੁਲਿਸ ਦੇ ਅਕਸ ਨੂੰ ਭਾਰੀ ਢਾਹ ਲੱਗ ਚੁੱਕੀ ਹੈ। ਜਿੰਨੀ ਨਿਰਾਸ਼ਾ ਦੇ ਆਲਮ 'ਚੋਂ ਅੱਜਕੱਲ੍ਹ ਮੁਲਾਜ਼ਮ ਵਰਗ ਨਿਕਲ ਰਿਹਾ ਹੈ, ਉਸ ਨੂੰ ਸ਼ਬਦਾਂ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ। ਹਰ ਵਰਗ ਦੇ ਮੁਲਾਜ਼ਮ ਹੱਕੀ ਮੰਗਾਂ ਲਈ ਧਰਨਿਆਂ, ਮੁਜ਼ਾਹਰਿਆਂ, ਰੈਲੀਆਂ, ਭੁੱਖ-ਹੜਤਾਲਾਂ ਅਤੇ ਮਰਨ-ਵਰਤਾਂ ਦੇ ਰਾਹ ਪਏ ਹੋਏ ਹਨ। ਪਿਛਲੇ ਕੁਝ ਦਿਨਾਂ ਤੋਂ ਜਿਸ ਤਰ੍ਹਾਂ ਪੰਜਾਬ ਵਿਚ ਕੁਇੰਟਲਾਂ ਦੇ ਹਿਸਾਬ ਨਾਲ ਨਕਲੀ ਦੁੱਧ, ਨਕਲੀ ਪਨੀਰ, ਨਕਲੀ ਘਿਉ ਤੇ ਹੋਰ ਨਕਲੀ ਪਦਾਰਥ ਫੜੇ ਜਾ ਰਹੇ ਹਨ, ਇਸ ਨੇ ਹਰ ਸੰਵੇਦਨਸ਼ੀਲ ਮਨ ਨੂੰ ਹਿਲਾ ਕੇ ਰੱਖ ਦਿੱਤਾ ਹੈ ਕਿ ਪੰਜਾਬ ਵਿਚ ਹੋ ਕੀ ਰਿਹਾ ਹੈ। ਇਹ ਤਾਂ ਪੰਜ ਸੱਤ ਸ਼ਹਿਰਾਂ ਵਿਚ ਮਾਰੇ ਛਾਪਿਆ ਦੀ ਕਹਾਣੀ ਹੈ। ਸਾਰੇ ਪੰਜਾਬ ਦੀ ਸਥਿਤੀ ਕੀ ਹੋਵੇਗੀ, ਇਸ ਦਾ ਅੰਦਾਜ਼ਾ ਸਹਿਜੇ ਹੀ ਲਾਇਆ ਜਾ ਸਕਦਾ ਹੈ। ਮਿਲਾਵਟਖੋਰਾਂ ਨੂੰ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ ਤਾਂ ਕਿ ਲੋਕ ਮਿਲਾਵਟੀ ਪਦਾਰਥਾਂ ਕਾਰਨ ਭਿਆਨਕ ਰੋਗਾਂ ਦਾ ਸ਼ਿਕਾਰ ਬਣਨ ਤੋਂ ਬਚੇ ਰਹਿਣ। ਹਰ ਦਿਨ ਵਾਪਰ ਰਹੇ ਸੜਕ ਹਾਦਸਿਆਂ ਨੇ ਵੀ ਪੰਜਾਬ ਦੇ ਮਾਹੌਲ ਨੂੰ ਗਮਗੀਨ ਕੀਤਾ ਹੋਇਆ ਹੈ। ਸਰਕਾਰ ਨੂੰ ਪੰਜਾਬ ਦੀ ਬਿਹਤਰੀ ਲਈ ਕੰਮ ਕਰਨਾ ਚਾਹੀਦਾ ਹੈ।

ਗੁਰਬਿੰਦਰ ਸਿੰਘ ਮਾਣਕ।

98153-56086

Posted By: Sarabjeet Kaur