-ਡਾ. ਮਨਮੋਹਨ ਵੈਦਿਆ।

ਜਿਸ ਸਮੇਂ ਦੱਤੋਪੰਤ ਠੇਂਗੜੀ ਜੀ ਨੇ ਭਾਰਤੀ ਮਜ਼ਦੂਰ ਸੰਘ ਦੀ ਸਥਾਪਨਾ ਕੀਤੀ ਉਹ ਸਮਾਂ ਕਮਿਊਨਿਜ਼ਮ ਦੇ ਬੋਲਬਾਲੇ ਵਾਲਾ ਸੀ। ਉਸ ਹਾਲਾਤ ਵਿਚ ਰਾਸ਼ਟਰੀ ਵਿਚਾਰ ਨਾਲ ਪ੍ਰੇਰਿਤ ਸ਼ੁੱਧ ਭਾਰਤੀ ਵਿਚਾਰ 'ਤੇ ਆਧਾਰਤ ਇਕ ਮਜ਼ਦੂਰ ਅੰਦੋਲਨ ਦੀ ਸ਼ੁਰੂਆਤ ਕਰਨਾ ਅਤੇ ਅਨੇਕਾਂ ਵਿਰੋਧਾਂ ਅਤੇ ਰੁਕਾਵਟਾਂ ਦੇ ਬਾਵਜੂਦ ਉਸ ਨੂੰ ਲਗਾਤਾਰ ਵਧਾਉਂਦੇ ਜਾਣਾ ਇਹ ਪਹਾੜ ਜਿੱਡਾ ਕੰਮ ਸੀ। ਸ਼ਰਧਾ, ਵਿਸ਼ਵਾਸ ਅਤੇ ਮਿਹਨਤ ਦੇ ਬਿਨਾਂ ਇਹ ਕੰਮ ਸੰਭਵ ਨਹੀਂ ਸੀ। ਅੱਜ ਅਸੀਂ ਦੇਖਦੇ ਹਾਂ ਕਿ ਭਾਰਤੀ ਮਜ਼ਦੂਰ ਸੰਘ ਭਾਰਤ ਦਾ ਸਭ ਤੋਂ ਵੱਡਾ ਮਜ਼ਦੂਰ ਸੰਗਠਨ ਹੈ। ਯੋਗ ਸੰਗਠਨਕਰਤਾ ਦਾ ਗੁਣ ਹੁੰਦਾ ਹੈ ਕਿ ਉਹ ਆਪ ਕਿੰਨਾ ਵੀ ਪ੍ਰਤਿਭਾਵਾਨ ਕਿਉਂ ਨਾ ਹੋਵੇ, ਆਪਣੇ ਸਾਥੀਆਂ ਅਤੇ ਸਹਿਯੋਗੀਆਂ ਦੇ ਵਿਚਾਰਾਂ ਅਤੇ ਸੁਝਾਵਾਂ ਨੂੰ ਖੁੱਲ੍ਹੇ ਮਨ ਨਾਲ ਸੁਣਦਾ ਹੈ ਅਤੇ ਯੋਗ ਸੁਝਾਅ ਨੂੰ ਸਹਿਜ ਸਵੀਕਾਰਦਾ ਵੀ ਹੈ।

ਠੇਂਗੜੀ ਜੀ ਇਹੋ ਜਿਹੇ ਹੀ ਸੰਗਠਨਕਰਤਾ ਸਨ। ਰਾਸ਼ਟਰੀ ਸਵੈਮ ਸੇਵਕ ਸੰਘ ਵੱਲੋਂ ਜਦੋਂ ਮਜ਼ਦੂਰਾਂ ਵਿਚ ਕੰਮ ਸ਼ੁਰੂ ਹੋਇਆ ਤਾਂ ਇਸ ਲਈ 'ਭਾਰਤੀ ਸ਼੍ਰਮਿਕ ਸੰਘ' ਨਾਂ ਸੋਚਿਆ ਗਿਆ ਪਰ ਜਦੋਂ ਇਸ ਨਾਲ ਸਬੰਧਤ ਕਾਰਕੁਨਾਂ ਦੀ ਪਹਿਲੀ ਬੈਠਕ 'ਚ ਇਹ ਗੱਲ ਸਾਹਮਣੇ ਆਈ ਕਿ ਜਿਨ੍ਹਾਂ ਲੋਕਾਂ 'ਚ ਉਹ ਕੰਮ ਕਰਨ ਜਾ ਰਹੇ ਹਨ ਉਨ੍ਹਾਂ ਲਈ 'ਸ਼੍ਰਮਿਕ' ਸ਼ਬਦ ਸਮਝਣਾ ਔਖਾ ਹੋਵੇਗਾ। ਕੁਝ ਰਾਜਾਂ ਵਿਚ ਤਾਂ ਇਸ ਦੇ ਸਹੀ ਉਚਾਰਨ ਵਿਚ ਵੀ ਪਰੇਸ਼ਾਨੀ ਆ ਸਕਦੀ ਹੈ। ਇਸ ਲਈ 'ਸ਼੍ਰਮਿਕ' ਦੀ ਥਾਂ 'ਮਜ਼ਦੂਰ' ਜਿਹੇ ਆਸਾਨ ਸ਼ਬਦ ਦੀ ਵਰਤੋਂ ਦਾ ਸੁਝਾਅ ਆਇਆ ਜਿਸ ਨੂੰ ਸਵੀਕਾਰ ਕਰਦਿਆਂ ਸੰਗਠਨ ਦਾ ਨਾਂ 'ਭਾਰਤੀ ਮਜ਼ਦੂਰ ਸੰਘ' ਰੱਖਿਆ ਗਿਆ। ਠੇਂਗੜੀ ਜੀ ਉੱਚ ਕੋਟੀ ਦੇ ਸੰਗਠਨਕਰਤਾ ਦੇ ਨਾਲ-ਨਾਲ ਦਾਰਸ਼ਨਿਕ ਵੀ ਸਨ। ਭਾਰਤੀ ਚਿੰਤਨ ਦੀਆਂ ਗਹਿਰਾਈਆਂ ਦੇ ਵੱਖ-ਵੱਖ ਪਹਿਲੂ ਉਨ੍ਹਾਂ ਦੀ ਗੱਲਬਾਤ 'ਚ ਸਹਿਜੇ ਹੀ ਝਲਕਦੇ ਸਨ। ਉਨ੍ਹਾਂ ਨੇ ਭਾਰਤੀ ਵਿਚਾਰ ਸ਼ੈਲੀ ਦੀ ਪਛਾਣ ਕਰਵਾਉਣ ਵਾਲੇ ਨਾਅਰੇ ਤਿਆਰ ਕੀਤੇ।

'ਉਦਯੋਗਾਂ ਦੇ ਰਾਸ਼ਟਰੀਕਰਨ' ਦੀ ਥਾਂ ਉਨ੍ਹਾਂ ਨੇ ਕਿਹਾ ਕਿ ਅਸੀਂ 'ਰਾਸ਼ਟਰ ਦਾ ਉਦਯੋਗੀਕਰਨ-ਉਦਯੋਗਾਂ ਦਾ ਮਜ਼ਦੂਰੀਕਰਨ ਅਤੇ ਮਜ਼ਦੂਰਾਂ ਦਾ ਰਾਸ਼ਟਰੀਕਰਨ' ਚਾਹੁੰਦੇ ਹਾਂ। 'ਸਾਡੀਆਂ ਮੰਗਾਂ ਪੂਰੀਆਂ ਹੋਣ-ਚਾਹੇ ਜੋ ਮਜਬੂਰੀ ਹੋਵੇ' ਦੀ ਥਾਂ ਉਨ੍ਹਾਂ ਨੇ 'ਦੇਸ਼ ਲਈ ਕਰਾਂਗੇ ਕਮ, ਕੰਮ ਦੇ ਲਵਾਂਗੇ ਪੂਰੇ ਦਾਮ' ਦਾ ਨਾਅਰਾ ਦਿੱਤਾ। 'ਭਾਰਤੀ ਮਜ਼ਦੂਰ ਸੰਘ' ਅਤੇ 'ਭਾਰਤੀ ਕਿਸਾਨ ਸੰਘ' ਸੰਗਠਨਾਂ ਦੇ ਇਲਾਵਾ 'ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ', 'ਸਵਦੇਸ਼ੀ ਜਾਗਰਣ ਮੰਚ', 'ਪ੍ਰੱਗਿਆ ਪ੍ਰਵਾਹ', 'ਵਿਗਿਆਨ ਭਾਰਤੀ' ਆਦਿ ਸੰਗਠਨਾਂ ਦੀ ਨੀਂਹ ਰੱਖਣ ਵਿਚ ਠੇਂਗੜੀ ਜੀ ਦਾ ਯੋਗਦਾਨ ਤੇ ਸਹਿਯੋਗ ਰਿਹਾ ਹੈ। ਉਨ੍ਹਾਂ ਨੇ ਭਾਰਤੀ ਕਲਾ ਦ੍ਰਿਸ਼ਟੀ 'ਤੇ ਜੋ ਲੇਖ ਪੇਸ਼ ਕੀਤੇ, ਉਹ ਅੱਗੇ ਜਾ ਕੇ 'ਸੰਸਕਾਰ ਭਾਰਤੀ' ਦਾ ਆਧਾਰ ਬਣੇ। ਠੇਂਗੜੀ ਜਿਹੇ ਚਿੰਤਕ, ਸੰਗਠਨਕਰਤਾ ਤੇ ਦੂਰ-ਦ੍ਰਿਸ਼ਟੀ ਵਾਲੇ ਨੇਤਾ ਨਾਲ ਮੈਨੂੰ ਵਿਚਰਨ ਦਾ ਸੁਭਾਗ ਮਿਲਿਆ। ਠੇਂਗੜੀ ਜੀ ਦੀ ਜਨਮ ਸ਼ਤਾਬਦੀ ਮੌਕੇ ਉਨ੍ਹਾਂ ਨੂੰ ਮੇਰੇ ਵੱਲੋਂ ਸ਼ਰਧਾਂਜਲੀ।


Posted By: Sunil Thapa