-ਉਜਾਗਰ ਸਿੰਘ

ਟਕਸਾਲੀ ਅਕਾਲੀ ਆਗੂ ਮਰਹੂਮ ਜਸਦੇਵ ਸਿੰਘ ਸੰਧੂ ਅਕਸਰ ਮੈਨੂੰ ਮੇਰੇ ਦੋਸਤ ਸਵਰਗਵਾਸੀ ਅਮਰੀਕ ਸਿੰਘ ਛੀਨਾ ਨਾਲ ਮਿਲਦੇ ਰਹੇ। ਫਿਰ ਮੇਰੇ ਉਨ੍ਹਾਂ ਨਾਲ ਨਜ਼ਦੀਕੀ ਸਬੰਧ ਹੋ ਗਏ ਜਾਂ ਇਉਂ ਕਹਿ ਲਓ ਕਿ ਉਹ ਜਿਸ ਵੀ ਵਿਅਕਤੀ ਨੂੰ ਮਿਲਦੇ ਸਨ। ਮੇਰੀ ਵੀ ਖ਼ੁਸ਼ਕਿਸਮਤੀ ਸੀ ਕਿ ਮੈਨੂੰ ਉਨ੍ਹਾਂ ਨਾਲ ਵਿਚਰਨ ਦਾ ਮੌਕਾ ਮਿਲਿਆ। ਉਨ੍ਹਾਂ ਦੇ ਇਕ-ਦੋ ਗੁਣਾਂ ਦੀ ਗੱਲ ਨਹੀਂ, ਉਹ ਤਾਂ ਗੁਣਾਂ ਦੀ ਗੁਥਲੀ ਸਨ। ਉਹ ਸਾਹਿਤਕਾਰ, ਖੋਜੀ, ਇਤਿਹਾਸਕਾਰ, ਵਕੀਲ, ਨਰਮ ਦਿਲ, ਸੁਹਜਾਤਮਿਕ ਤੇ ਦਰਵੇਸ਼ ਬਿਰਤੀ ਦੇ ਮਾਲਕ ਸਨ। ਉਨ੍ਹਾਂ ਨੂੰ ਚੱਲਦਾ-ਫਿਰਦਾ ਇਨਸਾਈਕਲੋਪੀਡੀਆ ਵੀ ਕਿਹਾ ਜਾਂਦਾ ਸੀ। ਆਮ ਤੌਰ ’ਤੇ ਸਿਆਸਤਦਾਨ ਲੋਕਾਂ ਕੋਲੋਂ ਖ਼ਾਸ ਦਿਨਾਂ ’ਤੇ ਤੋਹਫੇ ਭਾਲਦੇ ਹਨ। ਲੋਕ ਉਨ੍ਹਾਂ ਨੂੰ ਤੋਹਫੇ ਦਿੰਦੇ ਵੀ ਹਨ। ਮੈਂ ਸੰਧੂ ਸਾਹਿਬ ਨੂੰ ਲੋਕਾਂ ਨੂੰ ਤੋਹਫੇ ਦੇਂਦਿਆਂ ਵੇਖਿਆ ਹੈ। ਇਕ ਵਾਰ ਉਹ ਸ਼ਾਇਦ ਸੁਬਾਰਡੀਨੇਟ ਸਰਵਿਸ ਚੋਣ ਬੋਰਡ ਦੇ ਚੇਅਰਮੈਨ ਬਣੇ ਸਨ ਤਾਂ ਮੇਰੇ ਦਫ਼ਤਰ ਲੱਡੂਆਂ ਦੇ ਕਈ ਡੱਬੇ ਲੈ ਕੇ ਆ ਗਏ। ਮੈਂ ਕਿਹਾ ਕਿ ਇੰਨੇ ਡੱਬੇ ਕਾਹਦੇ ਹਨ ਅਤੇ ਕੀ ਕਰਨੇ ਹਨ ਤਾਂ ਕਹਿਣ ਲੱਗੇ, ‘‘ਇਹ ਮਠਿਆਈ ਦੇ ਡੱਬੇ ਹਨ, ਸਾਰੇ ਸਟਾਫ ਨੂੰ ਖੁਆ ਦਿਓ।

ਤੁਹਾਡੇ ਕੋਲ ਬਹੁਤ ਪੱਤਰਕਾਰ ਅਤੇ ਹੋਰ ਲੋਕ ਆਉਂਦੇ ਹਨ, ਉਨ੍ਹਾਂ ਨੂੰ ਵੀ ਖੁਆ ਦੇਣਾ।’’ ਸਿਆਸਤਦਾਨ ਕਿਸੇ ਵਸਤੂ ਨੂੰ ਆਪ ਚੁੱਕਣ ਵਿਚ ਹਤਕ ਸਮਝਦੇ ਹਨ। ਕੋਈ ਨਾ ਕੋਈ ਕਰਿੰਦਾ ਨਾਲ ਰੱਖਦੇ ਹਨ। ਮੈਂ ਪਟਿਆਲੇ ਸਹਾਇਕ ਲੋਕ ਸੰਪਰਕ ਅਧਿਕਾਰੀ ਲੱਗਿਆ ਹੋਇਆ ਸੀ। ਪੰਜਾਬ ਵਿਚ ਰਾਸ਼ਟਰਪਤੀ ਰਾਜ ਸੀ। ਪ੍ਰੀਤਮ ਸਿੰਘ ਬਾਲਾ ਡਿਪਟੀ ਕਮਿਸ਼ਨਰ ਸਨ। ਉਨ੍ਹਾਂ ਦਾ ਘਨੌਰ ਦੇ ਨਜ਼ਦੀਕ ਕਿਸੇ ਪਿੰਡ ਵਿਚ ਸਮਾਗਮ ਸੀ। ਉੱਥੇ ਜਸਦੇਵ ਸਿੰਘ ਸੰਧੂ ਵੀ ਪਹੁੰਚੇ ਹੋਏ ਸਨ। ਸਮਾਗਮ ’ਤੇ ਮੇਰੀ ਡਿਊਟੀ ਲੱਗੀ ਹੋਈ ਸੀ। ਅਸੀਂ ਜਦੋਂ ਸਰਕਾਰੀ ਦੌਰੇ ’ਤੇ ਜਾਂਦੇ ਸੀ ਤਾਂ ਸਰਕਾਰੀ ਪ੍ਰਚਾਰ ਸਮੱਗਰੀ ਲੋਕਾਂ ਵਿਚ ਵੰਡਣ ਲਈ ਲੈ ਕੇ ਜਾਂਦੇ ਸਾਂ। ਜਦੋਂ ਸਮਾਗਮ ਖ਼ਤਮ ਹੋਇਆ ਤਾਂ ਜਿਹੜੀ ਪ੍ਰਚਾਰ ਸਮੱਗਰੀ ਬਕਾਇਆ ਪਈ ਰਹਿ ਗਈ, ਸੰਧੂ ਸਾਹਿਬ ਉਸ ਨੂੰ ਚੁੱਕ ਕੇ ਲੋਕਾਂ ਵਿਚ ਵੰਡਣ ਲੱਗ ਪਏ। ਸਮਾਗਮ ਤੋਂ ਬਾਅਦ ਚਾਹ ਪੀਣ ਦਾ ਪ੍ਰੋਗਰਾਮ ਸੀ। ਮੈਂ ਵੇਖ ਰਿਹਾ ਸਾਂ ਕਿ ਸੰਧੂ ਸਾਹਿਬ ਇਕ ਹੱਥ ਵਿਚ ਬਰਫੀ ਅਤੇ ਦੂਜੇ ’ਚ ਨਮਕੀਨ ਵਾਲੀ ਪਲੇਟ ਚੁੱਕ ਕੇ ਲੋਕਾਂ ਨੂੰ ਖਾਣ ਲਈ ਦਿੰਦੇ ਫਿਰਨ। ਆਮ ਤੌਰ ’ਤੇ ਮੁੱਖ ਮਹਿਮਾਨ ਦੇ ਆਲੇ-ਦੁਆਲੇ ਛੋਟੇ ਅਧਿਕਾਰੀ ਅਜਿਹਾ ਸਾਮਾਨ ਲਈ ਫਿਰਦੇ ਹੁੰਦੇ ਹਨ। ਦਫ਼ਤਰ ਉਹ ਆਪਣੀ ਨਿੱਜੀ ਕਾਰ ਵਿਚ ਜਾਂਦੇ ਸਨ। ਉੱਥੋਂ ਜੇਕਰ ਕਿਸੇ ਸਰਕਾਰੀ ਕੰਮ ’ਤੇ ਜਾਣਾ ਹੁੰਦਾ ਤਾਂ ਸਰਕਾਰੀ ਕਾਰ ਵਰਤਦੇ ਸਨ। ਚੰਡੀਗੜ੍ਹ ਤੋਂ ਜਦੋਂ ਆਪਣੇ ਘਰ ਪਟਿਆਲਾ ਆਉਂਦੇ ਤਾਂ ਆਪਣੀ ਪ੍ਰਾਈਵੇਟ ਕਾਰ ਵਰਤਦੇ ਸਨ। ਸਰਕਾਰੀ ਕੋਠੀ ਦੀ ਬਜਾਏ ਐੱਮਐੱਲਏ ਫਲੈਟ ਵਿਚ ਹੀ ਰਹਿ ਜਾਂਦੇ ਸਨ। ਉਹ ਸਾਧਾਰਨ ਪਹਿਰਾਵਾ ਪਾਉਂਦੇ ਅਤੇ ਰੁੱਖੀ-ਸੁੱਕੀ ਰੋਟੀ ਖਾਣ ਵਾਲੇ ਇਨਸਾਨ ਸਨ। ਜੇ ਇਹ ਕਹਿ ਲਈਏ ਕਿ ਉਹ ਸਮਾਜਿਕ ਸਰੋਕਾਰਾਂ ਨਾਲ ਲਬਰੇਜ਼ ਸਿਆਸਤਦਾਨ ਸਨ ਤਾਂ ਕੋਈ ਅਤਿਕਥਨੀ ਨਹੀ ਹੋਵੇਗੀਂ। ਉਨ੍ਹਾਂ ਨੂੰ ਕੋਈ ਵਹੀਕਲ ਚਲਾਉਣਾ ਨਹੀਂ ਆਉਂਦਾ ਸੀ।

ਉਨ੍ਹਾਂ ਦਾ ਘਰ ਅਦਾਲਤ ਬਾਜ਼ਾਰ ਵਿਚ ਸੀ। ਜੇ ਕਿਸੇ ਦਫ਼ਤਰ ਜਾਣਾ ਹੁੰਦਾ ਤਾਂ ਉਹ ਕਿਸੇ ਦੇ ਮਗਰ ਸਾਈਕਲ ਜਾਂ ਮੋਟਰਸਾਈਕਲ ’ਤੇ ਬੈਠ ਕੇ ਚਲੇ ਜਾਂਦੇ ਸਨ। ਰਾਹ ’ਚ ਜੇ ਕਿਸੇ ਜਨਤਕ ਸਥਾਨ ’ਤੇ ਲੱਗੀ ਟੂਟੀ ਚੱਲ ਰਹੀ ਹੁੰਦੀ ਤਾਂ ਰੁਕ ਕੇ ਉਸ ਨੂੰ ਆਪ ਬੰਦ ਕਰਦੇ ਸਨ। ਜੇ ਨਾਲੀ ਵਿਚ ਪਾਣੀ ਕਿਸੇ ਚੀਜ਼ ਦੇ ਫਸਣ ਨਾਲ ਰੁਕਿਆ ਹੁੰਦਾ ਤਾਂ ਆਪ ਉਸ ਨੂੰ ਸਾਫ਼ ਕਰ ਦਿੰਦੇ ਸਨ। ਨਾਲੀਆਂ ਸਾਫ਼ ਕਰਦਾ ਸਿਆਸਤਦਾਨ ਤਾਂ ਛੱਡੋ, ਮੈਂ ਕੋਈ ਆਮ ਆਦਮੀ ਵੀ ਨਹੀਂ ਵੇਖਿਆ। ਉਨ੍ਹਾਂ ਦੇ ਘਰ ਦੇ ਬਾਹਰ ਅਦਾਲਤ ਬਾਜ਼ਾਰ ਵਿਚ ਪੁਸਤਕਾਂ ਦੀ ਦੁਕਾਨ ਸੀ। ਉਹ ਹਰ ਰੋਜ਼ ਦੁਕਾਨਦਾਰ ਨੂੰ ਕਿਸੇ ਨਵੀਂ ਪੁਸਤਕ ਦੇ ਆਉਣ ਬਾਰੇ ਪੁੱਛਦੇ ਅਤੇ ਖ਼ਰੀਦ ਲੈਂਦੇ ਸਨ। ਉਨ੍ਹਾਂ ਦੇ ਘਰੇ ਇਕ ਕਮਰਾ ਪੁਸਤਕਾਂ ਅਤੇ ਅਖ਼ਬਾਰਾਂ ਨਾਲ ਭਰਿਆ ਪਿਆ ਸੀ। ਵੈਸੇ ਬਹੁਤੀਆਂ ਇਤਿਹਾਸਕ ਘਟਨਾਵਾਂ ਤਾਂ ਉਨ੍ਹਾਂ ਨੂੰ ਮੂੰਹ ਜ਼ੁਬਾਨੀ ਯਾਦ ਸਨ। ਚੰਡੀਗੜ੍ਹ ਤੋਂ ਪੰਜਾਬ ਸਰਕਾਰ ਵੀ ਕਈ ਵਾਰ ਉਨ੍ਹਾਂ ਤੋਂ ਜਾਣਕਾਰੀ ਲੈਂਦੀ ਰਹਿੰਦੀ ਸੀ। ਪਾਣੀਆਂ ਦੀ ਵੰਡ ਬਾਰੇ ਉਨ੍ਹਾਂ ਨੇ ਇਤਿਹਾਸਕ ਤੱਥਾਂ ਸਮੇਤ ਦਸਤਾਵੇਜ਼ ਆਪਣੇ ਕੋਲ ਰੱਖੇ ਹੋਏ ਸਨ। ਉਨ੍ਹਾਂ ਦੇ ਚਲਾਣੇ ਮਗਰੋਂ ਪਤਾ ਨਹੀਂ ਉਨ੍ਹਾਂ ਦੀ ਲਾਇਬ੍ਰੇਰੀ ਦਾ ਕੀ ਬਣਿਆ। ਇਕ ਵਾਰ ਗਿਆਨੀ ਜ਼ੈਲ ਸਿੰਘ ਅਦਾਲਤ ਬਾਜ਼ਾਰ ’ਚੋਂ ਲੰਘੇ ਜਾ ਰਹੇ ਸਨ। ਸੰਧੂ ਆਪਣੇ ਘਰ ਦੇ ਬਾਹਰ ਪੁਸਤਕਾਂ ਦੀ ਦੁਕਾਨ ’ਤੇ ਖੜ੍ਹੇ ਨਵੀਆਂ ਆਈਆਂ ਪੁਸਤਕਾਂ ਨੂੰ ਵੇਖ ਰਹੇ ਸਨ। ਗਿਆਨੀ ਜੀ ਨੇ ਉਨ੍ਹਾਂ ਦੇ ਮੋਢੇ ’ਤੇ ਹੱਥ ਰੱਖ ਕੇ ਕਿਹਾ, ‘‘ਸੰਧੂ ਸਾਹਿਬ, ਤੁਹਾਡੇ ਘਰ ਚਾਹ ਪੀਣ ਨੂੰ ਜੀਅ ਕਰਦਾ ਹੈ।’’ ਅਸਲ ਵਿਚ ਚਾਹ ਦਾ ਤਾਂ ਬਹਾਨਾ ਸੀ। ਗਿਆਨੀ ਜ਼ੈਲ ਸਿੰਘ ਪਟਿਆਲਾ ਵਿਖੇ ਡਾ. ਸਤ ਟੰਡਨ ਅਤੇ ਗਾਜੇਵਾਸ ਵਾਲੇ ਸੰਤ ਰਾਮ ਸਿੰਗਲਾ ਦੇ ਪਿਤਾ ਲਾਲਾ ਰੌਸ਼ਨ ਲਾਲ ਕੋਲੋਂ ਵੇਲੇ-ਕੁਵੇਲੇ ਔਖੇ ਸਮੇਂ ਪੈਸੇ ਲੈਣ ਆਉਂਦੇ ਸਨ। ਉਸ ਦਿਨ ਦੋਵੇਂ ਨਾ ਮਿਲੇ ਤਾਂ ਉਨ੍ਹਾਂ ਸੰਧੂ ਸਾਹਿਬ ਤੋਂ 50 ਰੁਪਏ ਉਧਾਰੇ ਮੰਗੇ ਕਿਉਂਕਿ ਉਨ੍ਹਾਂ ਨੇ ਦਿੱਲੀ ਕਿਸੇ ਮੀਟਿੰਗ ’ਚ ਜਾਣਾ ਸੀ।

ਸੰਧੂ ਸਾਹਿਬ ਨੇ ਰੁਪਏ ਦਿੰਦਿਆਂ ਕਿਹਾ ਕਿ ਤੁਸੀਂ ਲੈ ਜਾਓ ਪਰ ਮੈਂ ਵਾਪਸ ਨਹੀਂ ਲੈਣੇ ਕਿਉਂਕਿ ਤੁਹਾਡੇ ਵਰਗੇ ਇਮਾਨਦਾਰ ਸਿਆਸਤਦਾਨ ਘੱਟ ਹੀ ਮਿਲਦੇ ਹਨ। ਜਦੋਂ ਗਿਆਨੀ ਜ਼ੈਲ ਸਿੰਘ ਪੰਜਾਬ ਦੇ ਮੁੱਖ ਮੰਤਰੀ ਬਣੇ ਤਾਂ ਉਹ ਸੰਧੂ ਦਾ ਅਹਿਸਾਨ ਚੁਕਾਉਣਾ ਚਾਹੁੰਦੇ ਸਨ। ਗਿਆਨੀ ਜੀ ਨੇ ਉਨ੍ਹਾਂ ਨੂੰ ਕਿਹਾ ਕਿ ਤੁਸੀਂ ਕਾਂਗਰਸ ਪਾਰਟੀ ਵਿਚ ਆ ਜਾ ਜਾਓ, ਮੈਂ ਤੁਹਾਨੂੰ ਉੱਚਾ ਅਹੁਦਾ ਦੇਣਾ ਚਾਹੁੰਦਾ ਹਾਂ। ਸੰਧੂ ਸਾਹਿਬ ਨੇ ਕੋਰਾ ਜਵਾਬ ਦੇ ਦਿੱਤਾ। ਮੈਂ ਉਨ੍ਹਾਂ ਤੋਂ ਬਿਨਾਂ ਕੋਈ ਅਜਿਹਾ ਸਿਆਸਤਦਾਨ ਨਹੀਂ ਵੇਖਿਆ, ਜਿਸ ਨੂੰ ਸਾਰੀਆਂ ਪਾਰਟੀਆਂ ਵਾਲੇ ਇੰਨਾ ਸਤਿਕਾਰ ਦਿੰਦੇ ਹੋਣ। ਉਹ ਹਰ ਵਿਅਕਤੀ ਨਾਲ ਪਾਰਟੀ ਪੱਧਰ ਤੋਂ ਉਪਰ ਉੱਠ ਕੇ ਵਿਚਰਦੇ ਸਨ। ਲੋਕ ਸੇਵਾ ਦੀ ਇਕ ਹੋਰ ਘਟਨਾ ਪਟਿਆਲਾ ਵਿਚ ਬਹੁਤ ਚਰਚਾ ਵਿਚ ਰਹੀ। ਇਕ ਵਿਅਕਤੀ ਸੰਧੂ ਸਾਹਿਬ ਕੋਲ ਆਇਆ ਅਤੇ ਕਹਿਣ ਲੱਗਾ ਕਿ ਘਰ ਵਿਚ ਆਟਾ ਨਹੀਂ ਹੈ। ਉਨ੍ਹਾਂ ਨੇ ਰਿਕਸ਼ਾ ਬੁਲਾਇਆ ਤੇ ਕਣਕ ਦੀ ਬੋਰੀ ਉਸ ’ਚ ਰਖਵਾ ਦਿੱਤੀ। ਉਹ ਕਹਿਣ ਲੱਗਾ ਕਿ ਉਸ ਕੋਲ ਤਾਂ ਕਣਕ ਪਿਸਾਉਣ ਲਈ ਵੀ ਪੈਸੇ ਨਹੀਂ ਹਨ। ਸੰਧੂ ਸਾਹਿਬ ਨੇ ਰਿਕਸ਼ੇ ਵਾਲੇ ਨੂੰ ਕਿਰਾਇਆ ਦਿੰਦਿਆਂ ਉਸ ਆਦਮੀ ਨੂੰ ਪੰਜ ਰੁੁਪਏ ਆਟਾ ਪਿਸਵਾਉਣ ਲਈ ਦੇ ਦਿੱਤੇ। ਇਤਿਹਾਸਕ ਘਟਨਾਵਾਂ ਬਾਰੇ ਅਖ਼ਬਾਰਾਂ ’ਚ ਕਿਸੇ ਲੇਖਕ ਨੇ ਗ਼ਲਤ ਵੇਰਵਾ ਦੇ ਦਿੱਤਾ ਹੁੰਦਾ ਤਾਂ ਉਹ ਉਸ ਨੂੰ ਫੋਨ ਕਰ ਕੇ ਦਰੁਸਤ ਕਰਦੇ ਸਨ।

-(ਸਾਬਕਾ ਜ਼ਿਲ੍ਹਾ ਲੋਕ ਸੰਪਰਕ ਅਧਿਕਾਰੀ)।

-ਮੋਬਾਈਲ ਨੰ. : 94178 13072

Posted By: Susheel Khanna