ਜਗਜੀਤ ਸਿੰਘ ਗਣੇਸ਼ਪੁਰ

ਡਾ. ਦੀਵਾਨ ਸਿੰਘ ‘ਕਾਲੇਪਾਣੀ’ ਦਾ ਜਨਮ 22 ਮਈ 1897 ਨੂੰ ਪਿੰਡ ਗਲ੍ਹੋਟੀਆ ਖ਼ੁਰਦ, ਜ਼ਿਲ੍ਹਾ ਸਿਆਲਕੋਟ (ਹੁਣ ਪਾਕਿਸਤਾਨ) ਵਿਖੇ ਸੁੰਦਰ ਸਿੰਘ ਦੇ ਘਰ ਮਾਤਾ ਇੰਦਰ ਕੌਰ ਦੀ ਕੁੱਖੋਂ ਹੋਇਆ ਸੀ। ਬਚਪਨ ’ਚ ਹੀ ਮਾਪੇ ਉਨ੍ਹਾਂ ਨੂੰ ਸਦੀਵੀ ਵਿਛੋੜਾ ਦੇ ਗਏ। ਪਾਲਣ-ਪੋਸ਼ਣ ਉਨ੍ਹਾਂ ਦੇ ਚਾਚੇ ਸੋਹਣ ਸਿੰਘ ਅਤੇ ਉਨ੍ਹਾਂ ਦੀ ਦਾਦੀ ਜੀ ਨੇ ਹੀ ਕੀਤਾ। ਗਲ੍ਹੋਟੀਆ ਖ਼ੁਰਦ ਵਿਖੇ ਸਕੂਲ ਨਾ ਹੋਣ ਕਾਰਨ ਆਪ ਤਿੰਨ ਮੀਲ ਪੈਦਲ ਚੱਲ ਕੇ ਗਲ੍ਹੋਟੀਆ ਕਲਾਂ ਵਿਖੇ ਸਥਿਤ ਪ੍ਰਾਇਮਰੀ ਸਕੂਲ ਵਿਚ ਪੜ੍ਹਨ ਜਾਇਆ ਕਰਦੇ ਸਨ। ਆਪ ਜੀ ਨੇ ਮਿਡਲ ਦੀ ਪੜ੍ਹਾਈ ਸਕਾਚ ਮਿਸ਼ਨ ਸਕੂਲ ਡਸਕਾ, ਜ਼ਿਲ੍ਹਾ ਸਿਆਲਕੋਟ ਤੋਂ ਕੀਤੀ ਅਤੇ ਮੈਟ੍ਰਿਕ 1915 ’ਚ ਖ਼ਾਲਸਾ ਹਾਈ ਸਕੂਲ ਸਿਆਲਕੋਟ ਤੋਂ ਪਾਸ ਕਰਨ ਉਪਰੰਤ ਡਾਕਟਰੀ ਦੀ ਪੜ੍ਹਾਈ ਲਈ ਮੈਡੀਕਲ ਕਾਲਜ ਆਗਰਾ ਵਿਚ ਦਾਖ਼ਲਾ ਲੈ ਲਿਆ।

1919 ’ਚ ਡਾਕਟਰੀ ਪਾਸ ਕਰਨ ਤੋਂ ਬਾਅਦ ਆਪ ਜੀ ਰਾਵਲਪਿੰਡੀ ਵਿਖੇ ਸਰਕਾਰੀ ਨੌਕਰੀ ਕਰਨ ਲੱਗੇ। ਇਸ ਤੋਂ ਬਾਅਦ ਆਪ ਬੰਨੂ, ਕੋਹਾਟ ਅਤੇ ਵਜ਼ੀਰਸਤਾਨ ਵਿਖੇ ਵੀ ਡਾਕਟਰੀ ਸੇਵਾਵਾਂ ਦਿੰਦੇ ਰਹੇ। ਆਪ ਡਾਕਟਰੀ ਦੇ ਨਾਲ-ਨਾਲ ਸਾਹਿਤਕ ਰੁਚੀਆਂ ਹੋਣ ਕਾਰਨ ਸਾਹਿਤ ਦੀਆਂ ਚੰਗੀਆਂ ਕਿਤਾਬਾਂ ਵੀ ਪੜ੍ਹਦੇ ਰਹਿੰਦੇ ਸਨ। ਸੰਨ 1922 ’ਚ ਆਪ ਦੀ ਬਦਲੀ ਲਾਹੌਰ ਤੋਂ ਡਗਸ਼ਈ ਹੋ ਗਈ। ਜਿੱਥੇ ਕੁਦਰਤੀ ਵਾਤਾਵਰਨ ਨੇ ਆਪ ਜੀ ਦੇ ਕਵੀ ਮਨ ’ਤੇ ਬਹੁਤ ਡੂੰਘਾ ਪ੍ਰਭਾਵ ਪਾਇਆ।

ਉੱਥੇ ਇਕ ਜਲਸੇ ਵਿਚ ਆਪ ਜੀ ਨੇ ਪਿ੍ਰੰਸ ਆਫ ਵੇਲਜ਼ ਦੇ ਵੱਡੇ ਪੁੱਤਰ ਦੇ ਭਾਰਤ ਦੌਰੇ ਦਾ ਬਾਈਕਾਟ ਕਰਨ ਦਾ ਸੱਦਾ ਦਿੱਤਾ। ਬਰਤਾਨਵੀ ਸਾਮਰਾਜ ਦੇ ਵਿਰੋਧ ਵਿਚ ਬੋਲਣ ਕਾਰਨ ਉਨ੍ਹਾਂ ’ਤੇ ਮੁਕੱਦਮਾ ਦਰਜ ਕੀਤਾ ਗਿਆ ਪਰ ਕੋਈ ਗਵਾਹ ਨਾ ਮਿਲਣ ਕਰਨ ਉਹ ਬਾਇੱਜ਼ਤ ਬਰੀ ਹੋ ਗਏ ਪਰ ਉਹ ਅੰਗਰੇਜ਼ ਸਰਕਾਰ ਦੀਆਂ ਅੱਖਾਂ ’ਚ ਰੜਕਣ ਲੱਗ ਪਏ ਸਨ ਕਿਉਂਕਿ ਇਕ ਸਰਕਾਰੀ ਕਰਮਚਾਰੀ ਦਾ ਸਰਕਾਰ ਵਿਰੁੱਧ ਬੋਲਣਾ ਉਹ ਕਿਵੇਂ ਸਹਿਣ ਕਰ ਸਕਦੀ ਸੀ।

ਇਸ ਲਈ ਆਪ ਜੀ ਦੀ ਬਦਲੀ ਰੰਗੂਨ-ਬਰਮਾ ਵਿਖੇ ਕਰ ਦਿੱਤੀ ਗਈ ਅਤੇ ਫਿਰ ਇੱਥੋਂ ਹੀ ਆਪ ਜੀ ਨੂੰ ਕਾਲ਼ੇਪਾਣੀ ਦੀ ਸੈਲੂਲਰ ਜੇਲ੍ਹ ਦੇ ਡਾਕਟਰ ਵਜੇ ਸੇਵਾਵਾਂ ਨਿਭਾਉਣ ਲਈ ਤਾਇਨਾਤ ਕਰ ਦਿੱਤਾ ਗਿਆ। ਆਪ ਨੇ ਉੱਥੇ ਪੁੱਜ ਕੇ ਆਮ ਲੋਕਾਂ ਦੇ ਮਨਾਂ ’ਚ ਦੇਸ਼ ਭਗਤੀ ਦੀ ਭਾਵਨਾ ਭਰਨ ਲਈ ਕਈ ਅਹਿਮ ਕਾਰਜ ਕੀਤੇ। ਡਾ. ਕਾਲੇਪਾਣੀ ਦੇ ਦਿਲ ਅੰਦਰ ਆਜ਼ਾਦੀ ਲਈ ਤੜਫ ਸੀ। ਉਸ ਸਮੇਂ ਆਮ ਲੋਕਾਂ ਵਿਚ ਸੰਬੋਧਨ ਕਰਨਾ ਮਨ੍ਹਾ ਸੀ। ਇਸ ਲਈ ਉਨ੍ਹਾਂ ਦੁਆਰਾ ਇਕ ਗੁਰਦੁਆਰਾ ਸਾਹਿਬ ਦੀ ਸਥਾਪਨਾ ਕੀਤੀ ਗਈ ਤਾਂ ਜੋ ਇਸ ਸਰਬ-ਸਾਂਝੇ ਅਸਥਾਨ ’ਤੇ ਅਵਾਮ ਅੰਦਰ ਪ੍ਰੇਮ-ਪਿਆਰ ਪੈਦਾ ਕੀਤਾ ਜਾ ਸਕੇ।

ਇਸ ਅਸਥਾਨ ਦੀ ਕਮੇਟੀ ’ਚ ਸਾਰੇ ਧਰਮਾਂ ਦੇ ਲੋਕ ਸ਼ਾਮਲ ਕੀਤੇ ਗਏ। ਇਸ ਗੁਰਦੁਆਰਾ ਸਾਹਿਬ ਵਿਚ ਪੰਜਾਬੀ, ਹਿੰਦੀ, ਤਾਮਿਲ, ਬੰਗਾਲੀ, ਉਰਦੂ ਅਤੇ ਅੰਗਰੇਜ਼ੀ ਭਾਸ਼ਾ ਸਿੱਖਣ ਦਾ ਪ੍ਰਬੰਧ ਕੀਤਾ ਗਿਆ। ਅੱਜ ਇਸ ਗੁਰਦੁਆਰਾ ਸਾਹਿਬ ਦਾ ਨਾਮ ਆਪ ਜੀ ਦੇ ਨਾਮ ’ਤੇ ਹੀ ਰੱਖਿਆ ਗਿਆ ਹੈ। ਸੰਨ 1942 ’ਚ ਆਪ ਕਾਲ਼ੇਪਾਣੀ ਟਾਪੂ ਵਿਖੇ ਹੋਂਦ ’ਚ ਆਈ ਭਾਰਤੀ ਸੁਤੰਤਰਤਾ ਲੀਗ ਦੇ ਪ੍ਰਧਾਨ ਚੁਣੇ ਗਏ।

ਡਾਕਟਰ ਹੋਣ ਦੇ ਨਾਲ-ਨਾਲ ਉਹ ਮਹਾਨ ਕਵੀ ਵੀ ਸਨ। ਉਨ੍ਹਾਂ ਦੇ ਕਾਵਿ-ਸੰਗ੍ਰਹਿ ‘ਵਗਦੇ ਪਾਣੀ’ ,‘ਅੰਤਿਮ ਲਹਿਰਾਂ’ ਅਤੇ ‘ਮਲਿ੍ਹਆਂ ਦੇ ਬੇਰ’ ਬੜੇ ਹੀ ਪ੍ਰਸਿੱਧ ਹੋਏ। ਆਪ ਜੀ ਦੇ ਵਾਰਤਕ ‘ਮੇਰਾ ਜੀਵਨ ਮੇਰਾ ਗੀਤ’ ਅਤੇ ‘ਸਹਿਜ ਸੰਚਾਰ’ ਵੀ ਪ੍ਰਕਾਸ਼ਿਤ ਹੋਏ। ਸਾਹਿਤਕ ਸਰਗਰਮੀਆਂ ’ਚ ਉਹ ਸਟੱਡੀ ਸਰਕਲ ਪੋਰਟ ਬਲੇਅਰ ਦੇ ਮੋਢੀ ਪ੍ਰਧਾਨ ਵਜੋਂ ਸੇਵਾਵਾਂ ਨਿਭਾਉਂਦੇ ਰਹੇ। ਆਪ ਜੀ ਦੀਆਂ ਕਵਿਤਾਵਾਂ ਵੀ ਸਮਾਜਿਕ, ਆਰਥਿਕ, ਧਾਰਮਿਕ ਅਤੇ ਰਾਜਨੀਤਕ ਚੇਤਨਾ ਦੇ ਵਿਸ਼ੇ ਨਾਲ ਹੀ ਸਬੰਧਤ ਹਨ।‘‘ਮੇਰਾ ਜੀਵਨ ਮੇਰਾ ਗੀਤ’ ਵਿਚ ਉਹ ਮਨੁੱਖ ਨੂੰ ਆਪਣੀ ਤੰਗਦਿਲੀ ਵਾਲੀ ਸੋਚ ’ਚੋਂ ਬਾਹਰ ਨਿਕਲਣ ਦੀ ਤਾਕੀਦ ਕਰਦੇ ਇਕ ਜਗ੍ਹਾ ਲਿਖਦੇ ਹਨ “ਦਰਸ ਅਤੇ ਦੁਨੀਆ ਦੋਵੇਂ ਚੰਗੇ ਹਨ, ਸੁੰਦਰ ਹਨ-ਬੁਰਾ ਤੇ ਕੋਝਾ ਮਨੁੱਖ ਹੈ ਜਿਹੜਾ ਇਨ੍ਹਾਂ ਦੇ ਬਦਲਦੇ ਰੰਗਾਂ ਦੀ ਦਰੁਸਤ ਵਰਤੋਂ ਨਹੀਂ ਜਾਣਦਾ। ‘ਵਗਦੇ ਪਾਣੀ’ ਉਨ੍ਹਾਂ ਦੀ ਇਕ ਅਜਿਹੀ ਰਚਨਾ ਹੈ ਜਿਸ ਦਾ ਪੰਜਾਬੀ ਸਾਹਿਤ ’ਚ ਆਪਣਾ ਇਕ ਨਿਵੇਕਲਾ ਸਥਾਨ ਹੈ :

ਪਾਣੀ ਵਗਦੇ ਹੀ ਰਹਿਣ, ਕਿ ਵਗਦੇ ਸੁੰਹਦੇ ਨੇ,

ਖੜੋਂਦੇ ਬੁੱਸਦੇ ਨੇ, ਕਿ ਪਾਣੀ ਵਗਦੇ ਹੀ ਰਹਿਣ।...

ਤੇ ਮੈਂ ਟੁਰਦਾ ਹੀ ਰਹਾਂ, ਕਿ ਟੁਰਿਆ ਵਧਦਾ ਹਾਂ,

ਖਲੋਇਆਂ ਘਟਦਾ ਹਾਂ, ਕਿ ਹਾਂ, ਮੈਂ ਟੁਰਦਾ ਹੀ ਰਹਾਂ।

ਡਾ. ਕਾਲੇਪਾਣੀ ਦੇ ਯਤਨਾਂ ਸਦਕਾ ਹੀ ਪੋਰਟ ਬਲੇਅਰ ਦੇ ਸਰਕਾਰੀ ਸਕੂਲਾਂ ’ਚ ਪੰਜਾਬੀ ਭਾਸ਼ਾ ਲਾਗੂ ਹੋ ਸਕੀ। ਆਪ ਕਿਹਾ ਕਰਦੇ ਸਨ ਕਿ ਪੰਜਾਬੀ ’ਚ ਵੱਧ ਤੋਂ ਵੱਧ ਅਖ਼ਬਾਰ ਅਤੇ ਰੇਡੀਓ ਸਟੇਸ਼ਨ ਹੋਣੇ ਚਾਹੀਦੇ ਹਨ ਤਾਂ ਕਿ ਵੱਧ ਤੋਂ ਵੱਧ ਲੋਕ ਇਨ੍ਹਾਂ ਨੂੰ ਪੜ੍ਹ-ਸੁਣ ਕੇ ਦੁਨੀਆ ਵਿਚ ਕੀ-ਕੀ ਘਟਨਾਕ੍ਰਮ ਹੋ ਰਿਹਾ ਹੈ, ਉਸ ਬਾਰੇ ਗਿਆਨ ਪ੍ਰਾਪਤ ਕਰ ਸਕਣ। ਆਪ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਿਤ ਕਰਨ ਲਈ ਵੀ ਨਿਰੰਤਰ ਕਾਰਜ ਕਰਦੇ ਰਹੇ। ਆਪ ਜੀ ਨੇ ਬੀਬੀਸੀ ਨੂੰ ਪੰਜਾਬੀ ਪ੍ਰੋਗਰਾਮ ਆਰੰਭ ਕਰਨ ਲਈ ਵੀ ਲਿਖਿਆ। ਆਪਣੀ ਰਚਨਾ ‘ਸਹਿਜ ਸੰਚਾਰ’ ਵਿਚ ਉਹ ਪੰਜਾਬੀਆਂ ਨੂੰ ਆਪਣੇ ਅਨੋਖੇ ਅੰਦਾਜ਼ ਵਿਚ ਆਪਣੀ ਬੋਲੀ ਅਤੇ ਜ਼ਮੀਨ ਨਾਲ ਜੁੜਨ ਦੀ ਅਰਜ਼ੋਈ ਕਰਦੇ ਲਿਖਦੇ ਹਨ, “ਪਰ ਹਾਏ ਪੰਜਾਬ, ਤੇਰੇ ਭੇੜੇ ਭਾਗ! ਤੈਨੂੰ ਕੋਈ ਮਿੱਟੀ ਹੀ ਅਜਿਹੀ ਲੱਗੀ ਹੈ ਕਿ ਪਾਟਣਾ ਤੇ ਤਿਲ੍ਹਕਣਾ ਤੇਰਾ ਸੁਭਾਅ ਹੋ ਗਿਆ ਹੈ, ਹੈ ਕੋਈ ਐਸਾ ਮਾਂ ਦਾ ਲਾਲ ਜਿਹੜਾ ਇਸ ਪੰਜਾਬ ਦੀ ਰੇਤ ਵਿਚ ਚੀਕਣੀ ਮਿੱਟੀ ਰਲਾ ਦੇਵੇ, ਜਿਸ ਨਾਲ ਪੰਜਾਬੀ, ਪੰਜਾਬੀ ਬਣੇ ਰਹਿਣ ਤੇ ਆਪਣੇ ਪੰਜਾਬ ਦੇਸ਼ ਤੇ ਆਪਣੀ ਪੰਜਾਬੀ ਬੋਲੀ ਨਾਲ ਪਿਆਰ ਕਰਨਾ ਸਿੱਖ ਲੈਣ”

ਦੂਜੀ ਸੰਸਾਰ ਜੰਗ ਦੌਰਾਨ ਜਾਪਾਨੀਆਂ ਦਾ ਅੰਡੇਮਾਨ-ਨਿਕੋਬਾਰ ਟਾਪੂ ’ਤੇ ਕਬਜ਼ਾ ਹੋ ਗਿਆ। ਡਾ. ਦੀਵਾਨ ਸਿੰਘ ‘ਕਾਲੇਪਾਣੀ’ ਨੇ ਜਾਪਾਨੀ ਫ਼ੌਜਾਂ ਦੇ ਜ਼ੁਲਮ ਵਿਰੁੱਧ ਆਵਾਜ਼ ਬੁਲੰਦ ਕੀਤੀ ਜਿਸ ਦਾ ਸਿੱਟਾ ਇਹ ਨਿਕਲਿਆ ਕਿ 23 ਅਕਤੂਬਰ 1943 ਨੂੰ ਆਪ ਜੀ ਦੀ ਗਿ੍ਰਫ਼ਤਾਰੀ ਦੇ ਹੁਕਮ ਜਾਰੀ ਹੋ ਗਏ। ਉਨ੍ਹਾਂ ਨੂੰ ਜਾਪਾਨੀਆਂ ਦੀ ਜਸੂਸੀ ਕਰਨ ਦੇ ਝੂਠੇ ਕੇਸ ’ਚ ਫਸਾ ਕੇ ਕੈਦ ਕਰ ਲਿਆ ਗਿਆ। ਪੰਜਾਬੀ ਸਭਾ ਦੇ 65 ਮੈਂਬਰ ਵੀ ਗਿ੍ਰਫ਼ਤਾਰ ਕਰ ਕੇ ਜੇਲ੍ਹ ’ਚ ਸੁੱਟ ਦਿੱਤੇ ਗਏ। ਹੁਣ ਉਹ ਜੇਲ੍ਹ ’ਚ ਹੀ ਡਾਕਟਰੀ ਸੇਵਾਵਾਂ ਦੇਣ ਲੱਗੇ। ਜਾਪਾਨੀਆਂ ਨੇ ਉਨ੍ਹਾਂ ਨੂੰ ਜੇਲ੍ਹ ’ਚ 82 ਦਿਨਾਂ ਤਕ ਤਸੀਹੇ ਦਿੱਤੇ। ਇਸ ਸਭ ਤੋਂ ਬਾਅਦ ਵੀ ਜਦ ਡਾਕਟਰ ਸਾਹਿਬ ਨਾ ਡੋਲੇ ਤਾਂ ਉਨ੍ਹਾਂ ਦੇ ਜਿਊਂਦੇ ਜੀਅ ਮਾਸ ਨੂੰ ਅੱਗ ਨਾਲ ਸਾੜਿਆ ਗਿਆ ਪਰ ਉਨ੍ਹਾਂ ਨੇ ਜਾਪਾਨੀਆਂ ਦੀ ਈਨ ਨਾ ਮੰਨੀ। ਉਹ 14 ਜਨਵਰੀ 1944 ਨੂੰ ਸ਼ਹਾਦਤ ਪ੍ਰਾਪਤ ਕਰ ਗਏ।

ਡਾ. ਕਾਲੇਪਾਣੀ ਦੀ ਨਿੱਘੀ ਯਾਦ ਵਿਚ ਉਨ੍ਹਾਂ ਦੇ ਪਰਿਵਾਰ ਵੱਲੋਂ ਖ਼ੁਦ ਉਪਰਾਲਾ ਕਰ ਕੇ ਚੰਡੀਗੜ੍ਹ-ਬੱਦੀ ਸੜਕ ’ਤੇ ਸੀਸਵਾਂ ਵਿਖੇ ਇਕ ਆਧੁਨਿਕ ਅਜਾਇਬਘਰ ਬਣਵਾਇਆ ਗਿਆ ਹੈ। ਪਿਛਲੇ ਸਮੇਂ ਦੌਰਾਨ ਸ਼੍ਰੋਮਣੀ ਕਮੇਟੀ ਨੇ ਅੰਡੇਮਾਨ ਨਿਕੋਬਾਰ ਦੇ ਉੱਪ ਰਾਜਪਾਲ ਐਡਮਿਰਲ ਡੀਕੇ ਜੋਸ਼ੀ ਨੂੰ ਇਕ ਪੱਤਰ ਭੇਜ ਕੇ ਡਾ. ਦੀਵਾਨ ਸਿੰਘ ਕਾਲੇਪਾਣੀ ਦੀਆਂ ਮਹਾਨ ਸੇਵਾਵਾਂ ਨੂੰ ਵੇਖਦੇ ਹੋਏ ਉੱਥੋਂ ਦੇ ਇਕ ਟਾਪੂ ਦਾ ਨਾਮ ਡਾ. ਦੀਵਾਨ ਸਿੰਘ ਕਾਲੇਪਾਣੀ ਦੇ ਨਾਂ ’ਤੇ ਰੱਖਣ ਦੀ ਮੰਗ ਕੀਤੀ ਹੈ ਜੋ ਇਕ ਸਾਰਥਕ ਕਦਮ ਹੈ। ਦੇਖਣਾ ਇਹ ਹੋਵੇਗਾ ਕਿ ਇਹ ਮੰਗ ਕਦੋਂ ਮੰਨੀ ਜਾਵੇਗੀ?

-ਮੋਬਾਈਲ ਨੰ. : 94655-76022।

Posted By: Susheel Khanna