ਉਨ੍ਹਾਂ ਦਾ ਪ੍ਰਸਿੱਧ ਕਥਨ ਸੀ, "ਬੱਚੇ ਬਾਗ਼ ਦੇ ਫੁੱਲਾਂ ਵਾਂਗ ਹਨ ਅਤੇ ਉਨ੍ਹਾਂ ਨੂੰ ਧਿਆਨ ਨਾਲ ਪਾਲਿਆ ਜਾਣਾ ਚਾਹੀਦਾ ਹੈ, ਕਿਉਂਕਿ ਉਹ ਰਾਸ਼ਟਰ ਦੇ ਭਵਿੱਖ ਦੀ ਨੀਂਹ ਹਨ।" ਉਹ ਗੁਲਾਬ ਦੇ ਫੁੱਲ ਨੂੰ ਆਪਣੀ ਜੈਕੇਟ ’ਤੇ ਸਜਾਉਂਦੇ ਸਨ ਜਿਸ ਨੂੰ ਬਹੁਤੇ ਲੋਕ ਉਨ੍ਹਾਂ ਦੇ ਸ਼ੌਕ ਵਜੋਂ ਦੇਖਦੇ ਸਨ ਪਰ ਅਸਲ ਵਿਚ ਇਹ ਫੁੱਲ ਬੱਚਿਆਂ ਪ੍ਰਤੀ ਉਨ੍ਹਾਂ ਦੇ ਕੋਮਲ ਭਾਵਾਂ, ਮਾਸੂਮੀਅਤ ਅਤੇ ਅਥਾਹ ਸਨੇਹ ਦਾ ਪ੍ਰਤੀਕ ਸੀ।

ਹਰ ਵਰ੍ਹੇ 14 ਨਵੰਬਰ ਦਾ ਦਿਨ ਸਾਡੇ ਦੇਸ਼ ਵਿਚ 'ਬਾਲ ਦਿਵਸ' ਦੇ ਰੂਪ ਵਿਚ ਬੜੇ ਉਤਸ਼ਾਹ ਅਤੇ ਅਕੀਦਤ ਨਾਲ ਮਨਾਇਆ ਜਾਂਦਾ ਹੈ। ਇਹ ਦਿਨ ਦੋਹਰਾ ਮਹੱਤਵ ਰੱਖਦਾ ਹੈ। ਇਕ ਪਾਸੇ ਤਾਂ ਇਹ ਆਧੁਨਿਕ ਭਾਰਤ ਦੇ ਨਿਰਮਾਤਾ ਅਤੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰਲਾਲ ਨਹਿਰੂ, ਜਿਨ੍ਹਾਂ ਨੂੰ ਬੱਚੇ ਪਿਆਰ ਨਾਲ 'ਚਾਚਾ ਨਹਿਰੂ' ਆਖਦੇ ਸਨ, ਦੇ ਜਨਮ ਦਿਹਾੜੇ ਦੀ ਪਵਿੱਤਰ ਯਾਦ ਦਿਵਾਉਂਦਾ ਹੈ, ਤੇ ਦੂਜੇ ਪਾਸੇ ਇਹ ਸਮੁੱਚੀ ਕੌਮ ਨੂੰ ਬੱਚਿਆਂ ਦੇ ਹੱਕਾਂ, ਉਨ੍ਹਾਂ ਦੀ ਸੰਭਾਲ, ਮਿਆਰੀ ਸਿੱਖਿਆ ਅਤੇ ਉਜਵਲ ਭਵਿੱਖ ਪ੍ਰਤੀ ਆਪਣੀ ਨੈਤਿਕ ਤੇ ਸਮਾਜਿਕ ਜ਼ਿੰਮੇਵਾਰੀ ਦੀ ਸਹੁੰ ਚੁੱਕਣ ਲਈ ਪ੍ਰੇਰਦਾ ਹੈ। ਬਾਲਕ ਕਿਸੇ ਵੀ ਕੌਮ ਦਾ ਵਰਤਮਾਨ ਹੀ ਨਹੀਂ, ਸਗੋਂ ਉਸ ਦੀ ਭਵਿੱਖੀ ਤਸਵੀਰ ਹੁੰਦੇ ਹਨ।
ਪੰਡਿਤ ਨਹਿਰੂ ਦਾ ਬੱਚਿਆਂ ਨਾਲ ਸਨੇਹ ਤੇ ਮੋਹ ਕਿਸੇ ਵੀ ਸਿਆਸਤਦਾਨ ਦੇ ਜੀਵਨ ਦਾ ਅਨੋਖਾ ਪਹਿਲੂ ਸੀ। ਆਪਣੀਆਂ ਰਾਜਨੀਤਕ ਤੇ ਕੌਮੀ ਜ਼ਿੰਮੇਵਾਰੀਆਂ, ਕੌਮਾਂਤਰੀ ਮਾਮਲਿਆਂ ਅਤੇ ਭਾਰਤ ਦੇ ਉਦਯੋਗੀਕਰਨ ਦੇ ਜਟਿਲ ਕਾਰਜਾਂ ਵਿੱਚੋਂ ਵੀ ਉਹ ਬੱਚਿਆਂ ਲਈ ਸਮਾਂ ਕੱਢਣਾ ਕਦੇ ਨਹੀਂ ਭੁੱਲਦੇ ਸਨ। ਉਨ੍ਹਾਂ ਦਾ ਮੰਨਣਾ ਸੀ ਕਿ ਬੱਚੇ ਕਿਸੇ ਵੀ ਕੌਮ ਦਾ ਸਭ ਤੋਂ ਅਨਮੋਲ ਸਰਮਾਇਆ ਹਨ ਅਤੇ ਜੇਕਰ ਇਸ ਸਰਮਾਏ ਨੂੰ ਸਹੀ ਸੰਭਾਲ ਅਤੇ ਸਿੱਖਿਆ ਪ੍ਰਦਾਨ ਕੀਤੀ ਜਾਵੇ ਤਾਂ ਦੇਸ਼ ਦਾ ਭਵਿੱਖ ਆਪੇ ਹੀ ਸੁਰੱਖਿਅਤ ਹੋ ਜਾਂਦਾ ਹੈ।
ਉਨ੍ਹਾਂ ਦਾ ਪ੍ਰਸਿੱਧ ਕਥਨ ਸੀ, "ਬੱਚੇ ਬਾਗ਼ ਦੇ ਫੁੱਲਾਂ ਵਾਂਗ ਹਨ ਅਤੇ ਉਨ੍ਹਾਂ ਨੂੰ ਧਿਆਨ ਨਾਲ ਪਾਲਿਆ ਜਾਣਾ ਚਾਹੀਦਾ ਹੈ, ਕਿਉਂਕਿ ਉਹ ਰਾਸ਼ਟਰ ਦੇ ਭਵਿੱਖ ਦੀ ਨੀਂਹ ਹਨ।" ਉਹ ਗੁਲਾਬ ਦੇ ਫੁੱਲ ਨੂੰ ਆਪਣੀ ਜੈਕੇਟ ’ਤੇ ਸਜਾਉਂਦੇ ਸਨ ਜਿਸ ਨੂੰ ਬਹੁਤੇ ਲੋਕ ਉਨ੍ਹਾਂ ਦੇ ਸ਼ੌਕ ਵਜੋਂ ਦੇਖਦੇ ਸਨ ਪਰ ਅਸਲ ਵਿਚ ਇਹ ਫੁੱਲ ਬੱਚਿਆਂ ਪ੍ਰਤੀ ਉਨ੍ਹਾਂ ਦੇ ਕੋਮਲ ਭਾਵਾਂ, ਮਾਸੂਮੀਅਤ ਅਤੇ ਅਥਾਹ ਸਨੇਹ ਦਾ ਪ੍ਰਤੀਕ ਸੀ। ਸਾਲ 1964 ਵਿਚ ਪੰਡਿਤ ਨਹਿਰੂ ਦੇ ਦੇਹਾਂਤ ਤੋਂ ਬਾਅਦ ਉਨ੍ਹਾਂ ਦੇ ਇਸ ਅਥਾਹ ਬਾਲ-ਪਿਆਰ ਅਤੇ ਬਾਲ ਕਲਿਆਣ ਦੇ ਕਾਰਜਾਂ ਨੂੰ ਸਦੀਵੀ ਯਾਦ ਰੱਖਣ ਲਈ ਭਾਰਤੀ ਸੰਸਦ ਅਤੇ ਸਰਕਾਰ ਨੇ ਸਰਬਸੰਮਤੀ ਨਾਲ ਇਹ ਫ਼ੈਸਲਾ ਲਿਆ ਕਿ ਉਨ੍ਹਾਂ ਦੇ ਜਨਮ ਦਿਹਾੜੇ, ਯਾਨੀ 14 ਨਵੰਬਰ ਭਾਰਤ ਵਿਚ 'ਬਾਲ ਦਿਵਸ' ਵਜੋਂ ਮਨਾਇਆ ਜਾਵੇਗਾ। ਇਹ ਇਕ ਰਾਸ਼ਟਰੀ ਸ਼ਰਧਾਂਜਲੀ ਸੀ ਜੋ ਉਨ੍ਹਾਂ ਦੀ ਦੂਰਅੰਦੇਸ਼ੀ ਅਤੇ ਬੱਚਿਆਂ ਪ੍ਰਤੀ ਉਨ੍ਹਾਂ ਦੀ ਅਥਾਹ ਸ਼ਰਧਾ ਨੂੰ ਸਮਰਪਿਤ ਸੀ।
ਹੁਣ ਸਾਨੂੰ ਇਕ ਕੌੜੀ ਸੱਚਾਈ ਦਾ ਸਾਹਮਣਾ ਕਰਨਾ ਪੈਂਦਾ ਹੈ। ਅੱਜ ਵੀ ਭਾਰਤ ਵਿਚ ਲੱਖਾਂ ਬੱਚੇ ਅਜਿਹੇ ਹਨ ਜੋ 'ਬਾਲ ਦਿਵਸ' ਦੇ ਅਸਲ ਅਰਥਾਂ ਤੋਂ ਅਣਜਾਣ ਹਨ। ਉਹ ਬਚਪਨ ਦੀਆਂ ਮਾਸੂਮ ਖ਼ੁਸ਼ੀਆਂ, ਖੇਡ ਦੇ ਮੈਦਾਨਾਂ ਅਤੇ ਸਕੂਲ ਦੀ ਕਿਤਾਬ ਨੂੰ ਛੱਡ ਕੇ ਗ਼ਰੀਬੀ, ਭੁੱਖਮਰੀ ਅਤੇ ਬਾਲ ਮਜ਼ਦੂਰੀ ਦੀ ਦਲਦਲ ਵਿਚ ਫਸੇ ਹੋਏ ਹਨ। ਛੋਟੇ ਹੱਥਾਂ ਵਿਚ ਖਿਡੌਣਿਆਂ ਦੀ ਥਾਂ ਭਾਂਡੇ, ਹਥੌੜੇ ਜਾਂ ਝਾੜੂ ਫੜੇ ਹੋਏ ਹਨ।
ਇਹ ਸਥਿਤੀ ਸਮੁੱਚੇ ਸਮਾਜ ਲਈ ਇਕ ਵੱਡਾ ਪ੍ਰਸ਼ਨ ਚਿੰਨ੍ਹ ਹੈ ਅਤੇ ਇਕ ਵਿਕਾਸਸ਼ੀਲ ਰਾਸ਼ਟਰ ਦੇ ਮੱਥੇ ’ਤੇ ਕਲੰਕ ਹੈ। ਬਾਲ ਦਿਵਸ ਸਿਰਫ਼ ਜਸ਼ਨ ਮਨਾਉਣ ਜਾਂ ਚਾਕਲੇਟਾਂ ਵੰਡਣ ਦਾ ਦਿਹਾੜਾ ਨਹੀਂ ਹੈ। ਇਹ ਦਿਨ ਸਾਨੂੰ ਸੰਯੁਕਤ ਰਾਸ਼ਟਰ ਦੀ 'ਬਾਲ ਅਧਿਕਾਰ ਸੰਧੀ' ਅਤੇ ਸਾਡੇ ਭਾਰਤੀ ਸੰਵਿਧਾਨ ਦੁਆਰਾ ਦਿੱਤੇ ਗਏ ਬੱਚਿਆਂ ਦੇ ਬੁਨਿਆਦੀ ਹੱਕਾਂ ਦੀ ਯਾਦ ਦਿਵਾਉਂਦਾ ਹੈ। ਭਾਰਤੀ ਸੰਵਿਧਾਨ ਦੀ ਧਾਰਾ 21-ਏ ਹਰ ਬੱਚੇ ਨੂੰ ਮੁਫ਼ਤ ਅਤੇ ਲਾਜ਼ਮੀ ਸਿੱਖਿਆ ਦਾ ਹੱਕ ਦਿੰਦੀ ਹੈ ਅਤੇ ਧਾਰਾ 24 ਤਹਿਤ 14 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਖ਼ਤਰਨਾਕ ਕੰਮਾਂ ਜਾਂ ਫੈਕਟਰੀਆਂ ਵਿਚ ਰੁਜ਼ਗਾਰ ਦੇਣਾ ਕਾਨੂੰਨੀ ਅਪਰਾਧ ਹੈ।
ਅੱਜ ਦਾ ਯੁੱਗ ਵਿਗਿਆਨ ਅਤੇ ਤੇਜ਼ੀ ਨਾਲ ਬਦਲਦੀ ਤਕਨਾਲੋਜੀ ਦਾ ਹੈ। ਇਕ ਪਾਸੇ ਸਾਨੂੰ ਆਪਣੇ ਬੱਚਿਆਂ ਨੂੰ ਭਵਿੱਖ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਡਿਜੀਟਲ ਅਤੇ ਤਕਨੀਕੀ ਗਿਆਨ ਨਾਲ ਲੈਸ ਕਰਨਾ ਜ਼ਰੂਰੀ ਹੈ, ਜਿਸ ਨੂੰ 'ਡਿਜੀਟਲ ਸਾਖ਼ਰਤਾ' ਕਿਹਾ ਜਾਂਦਾ ਹੈ। ਦੂਜੇ ਪਾਸੇ, ਇਸ ਤੇਜ਼ੀ ਨਾਲ ਵਧ ਰਹੇ ਤਕਨੀਕੀ ਮਾਹੌਲ ਨੇ ਬੱਚਿਆਂ ਸਾਹਮਣੇ ਨਵੀਆਂ ਮਾਨਸਿਕ ਅਤੇ ਸਮਾਜਿਕ ਚੁਣੌਤੀਆਂ ਖੜ੍ਹੀਆਂ ਕਰ ਦਿੱਤੀਆਂ ਹਨ। ਇੰਟਰਨੈੱਟ, ਸਮਾਰਟਫੋਨ ਅਤੇ ਸੋਸ਼ਲ ਮੀਡੀਆ ਨੇ ਬੱਚਿਆਂ ਦੇ ਮਨਾਂ ’ਤੇ ਗਹਿਰਾ ਪ੍ਰਭਾਵ ਪਾਇਆ ਹੈ। ਜੇ ਅਸੀਂ ਆਪਣੇ ਬੱਚਿਆਂ ਦਾ ਵਰਤਮਾਨ ਸੰਵਾਰਾਂਗੇ ਤਾਂ ਉਹ ਸਾਡੇ ਦੇਸ਼ ਦਾ ਭਵਿੱਖ ਆਪ ਹੀ ਸੰਵਾਰ ਦੇਣਗੇ।
-ਰਮਨਦੀਪ ਖੀਵਾ
-ਮੋਬਾਈਲ : 84378-13558