ਡਾ. ਹੇਮ ਕਿਰਨ ਕਿੱਤੇ ਵਜੋਂ ਸਮਾਜ ਨੂੰ ਸਿਹਤ ਸੇਵਾਵਾਂ ਦੇਣ ਵਾਲੇ ਡਾਕਟਰ ਤੇ ਮਨੋਂ-ਚਿੱਤੋਂ ਪੰਜਾਬੀ ਦੇ ਲੇਖਕ ਸਨ। ਕਲਮਕਾਰ ਦੇ ਤੌਰ ’ਤੇ ਉਨ੍ਹਾਂ ਨੇ ਕਹਾਣੀ ਨੂੰ ਚੁਣਿਆ। ਉਹ ਸਾਹਿਤਕ ਸੰਸਥਾਵਾਂ ਵਿਚ ਮੋਹਰੀ ਭੂਮਿਕਾ ਨਿਭਾਉਂਦੇ ਰਹੇ। ਚੰਡੀਗੜ੍ਹ ਵਿਚ ਪੰਜਾਬੀ ਲਾਗੂ ਕਰਨ ਦੀ ਗੱਲ ਤੁਰੀ ਤਾਂ ਉਹ ਸਾਥੀਆਂ ਨਾਲ ਮਟਕਾ ਚੌਕ ਵਿਚ ਭੁੱਖ ਹੜਤਾਲ ’ਤੇ ਆ ਬੈਠੇ। ਪੰਜਾਬੀ ਨੂੰ ਪਿਆਰ ਕਰਨ ਵਾਲੀ ਅਜਿਹੀ ਸ਼ਖ਼ਸੀਅਤ ਦਾ ਜਨਮ ਪਿਤਾ ਕੇਵਲ ਕ੍ਰਿਸ਼ਨ ਦੇ ਘਰ ਪੰਦਰਾਂ ਮਾਰਚ 1954 ਨੂੰ ਹੋਇਆ ਸੀ। ਭਾਵੇਂ ਉਨ੍ਹਾਂ ਨੇ ਦਇਆਨੰਦ ਆਯੁਰਵੈਦਿਕ ਕਾਲਜ ਤੋਂ ਡਿਗਰੀ ਪ੍ਰਾਪਤ ਕਰ ਕੇ ਰੋਪੜ ਸ਼ਹਿਰ ਵਿਚ ਸਮਾਜ ਨੂੰ ਸਿਹਤ ਸੇਵਾਵਾਂ ਦੇਣੀਆਂ ਸ਼ੁਰੂ ਕੀਤੀਆਂ ਪਰ ਸਾਹਿਤ ਦੀ ਚਿਣਗ ਨੇ ਉਨ੍ਹਾਂ ਨੂੰ ਬੇਚੈਨ ਕਰੀ ਰੱਖਿਆ। ਜਦੋਂ ਇਸ ਖੇਤਰ ’ਚ ਪੈਰ ਧਰਨ ਲਈ ਉਹ ਭੂਸ਼ਨ ਧਿਆਨਪੁਰੀ ਨੂੰ ਮਿਲੇ ਤਾਂ ਉਸ ਤੋਂ ਬਾਅਦ ਡਾ. ਹੇਮ ਕਿਰਨ ਨੇ ਪਿੱਛੇ ਮੁੜ ਕੇ ਨਾ ਦੇਖਿਆ। ਬਲਦੇਵ ਸਿੰਘ ਕੋਰੇ ਨਾਲ ਮਿਲ ਕੇ 1998 ’ਚ ਪਹਿਲੀ ਕਹਾਣੀਆਂ ਦੀ ਪੁਸਤਕ ਪ੍ਰਕਾਸ਼ਿਤ ਕਰਵਾਈ। ਉਨ੍ਹਾਂ ਦੀ ਮਿੰਨੀ ਕਹਾਣੀਆਂ ਦੀ ਪੁਸਤਕ ‘ਤਿਲ ਫੁੱਲ’ ਸੰਨ 2021 ਵਿਚ ਪ੍ਰਕਾਸ਼ਿਤ ਹੋਈ। ਪਿਛਲੇ ਮਹੀਨਿਆਂ ਤੋਂ ਇਹ ਪੁਸਤਕ ਸਾਹਿਤਕ ਖੇਤਰ ’ਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਡਾ. ਹੇਮ ਕਿਰਨ ਨੇ ਸਾਹਿਤਕ ਖੇਤਰ ’ਚ ਮਿੰਨੀ ਕਹਾਣੀ ਨੂੰ ਚੁਣਿਆ। ਇਸ ਕਾਰਜ ਦੀ ਪੂਰਤੀ ਹਿੱਤ ਉਨ੍ਹਾਂ ਨੇ ਗੁਰਇੰਦਰ ਸਿੰਘ ਪ੍ਰੀਤ ਨਾਲ ਮਿਲ ਕੇ ਪੰਡਿਤ ਇੰਦਰ ਸੈਨ ਬ੍ਰਹਮ ਨੰਦ ਮੈਮੋਰੀਅਲ ਸਾਹਿਤਕ ਟਰੱਸਟ ਦੀ ਸਥਾਪਨਾ ਕੀਤੀ। ਇਸ ਟਰੱਸਟ ਵੱਲੋਂ ਮਿੰਨੀ ਕਹਾਣੀਆਂ ਦੇ ਸਾਹਿਤਕ ਮੁਕਾਬਲੇ ਸ਼ੁਰੂ ਕਰਵਾਏ ਗਏ। ਇਨ੍ਹਾਂ ’ਚ ਆਈਆਂ ਮਿੰਨੀ ਕਹਾਣੀਆਂ ਨੂੰ ਡਾ. ਹੇਮ ਕਿਰਨ ਸੰਪਾਦਿਤ ਕਰ ਕੇ ਪੁਸਤਕ ਰੂਪ ਵਿਚ ਛਾਪਦੇ ਰਹੇ। ਇਸ ਸੰਸਥਾ ਵੱਲੋਂ ਪ੍ਰਕਾਸ਼ਿਤ ਪੁਸਤਕਾਂ ਮਿੰਨੀ ਕਹਾਣੀ ਖੇਤਰ ’ਚ ਉਨ੍ਹਾਂ ਵੱਲੋਂ ਪਾਇਆ ਸਾਹਿਤ ਲਈ ਵੱਡਾ ਯੋਗਦਾਨ ਹੈ। ਇਸ ਕਾਰਜ ਲਈ ਉਨ੍ਹਾਂ ਨੇ ਆਪਣੇ ਨਾਲ ਨਾਮਵਰ ਸਾਹਿਤਕਾਰ ਜੋੜੇ ਜਿਨ੍ਹਾਂ ’ਚ ਕਰਨਲ ਜਸਬੀਰ ਭੁੱਲਰ ਦਾ ਨਾਂ ਵਿਸ਼ੇਸ਼ ਤੌਰ ’ਤੇ ਵਰਨਣਯੋਗ ਹੈ। ਉਨ੍ਹਾਂ ਨੇ ਇਸ ਤੇਈ ਸਾਲਾਂ ਦੇ ਸਾਹਿਤਕ ਸਫ਼ਰ ਦੌਰਾਨ ਮੌਲਿਕ ਤੇ ਸੰਪਾਦਿਤ ਪੁਸਤਕਾਂ ਤੇ ਇਕ ‘ਰੂਪ’ ਨਾਂ ਦਾ ਸਾਹਿਤਕ ਮੈਗਜ਼ੀਨ ਵੀ ਪ੍ਰਕਾਸ਼ਿਤ ਕੀਤਾ। ਸਾਹਿਤ ਦੇ ਖੇਤਰ ਵਿਚ ਉਨ੍ਹਾਂ ਦੀਆਂ ਪੁਸਤਕਾਂ ਵਿਚ ‘ਆਖ਼ਰੀ ਖ਼ਤ ਵੀਹ ਸਾਲ ਬਾਅਦ’ , ‘ਧੀਆਂ ਵਾਲੇ ਪੁੱਤਾਂ ਵਾਲੇ’, ‘ਸੂਲਾਂ’, ‘ਆਖ਼ਰੀ ਬਾਂਦਰ’, ‘ਤਿਲ -ਫੁੱਲ’ ਚਰਚਿਤ ਰਹੀਆਂ। ਡਾ. ਹੇਮ ਕਿਰਨ ਇਕ ਸਮਾਜ ਸੇਵੀ ਦੇ ਤੌਰ ’ਤੇ ਰੋਟਰੀ ਕਲੱਬ ਰੋਪੜ ਨਾਲ ਸਰਗਰਮ ਰਹੇ। ਉਨ੍ਹਾਂ ਨੇ ਕਲੱਬ ਦੇ ਬਹੁਤ ਸਾਰੇ ਮੈਂਬਰਾਂ ਨੂੰ ਸਾਹਿਤ ਨਾਲ ਜੋੜਿਆ। ਉਹ 10 ਅਕਤੂਬਰ ਨੂੰ ਸਦੀਵੀ ਵਿਛੋੜਾ ਦੇ ਗਏ। ਉਨ੍ਹਾਂ ਦੇ ਪੁੱਤਰ ਡਾ. ਕਸਿਤਜ਼ ਐੱਮਡੀ ਹਨ ਅਤੇ ਪੀਜੀਆਈ ਵਿਚ ਫਿਜ਼ੀਓਥੈਰੇਪਿਸਟ ਦੇ ਤੌਰ ’ਤੇ ਕਾਰਜ ਕਰ ਰਹੇ ਹਨ। ਡਾ. ਹੇਮ ਕਿਰਨ ਨਮਿਤ ਅੱਜ ਗੁਰਦੁਆਰਾ ਟਿੱਬੀ ਸਾਹਿਬ ਰੋਪੜ ਵਿਖੇ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਹੋ ਰਿਹਾ ਹੈ।

-ਡਾ. ਹਰਨੇਕ ਸਿੰਘ ਕਲੇਰ

Posted By: Jatinder Singh