105 ਸਾਲ ਪਹਿਲਾਂ 1916 ’ਚ ਗਿਆਨੀ ਜ਼ੈਲ ਸਿੰਘ ਨੇ ਮਾਤਾ ਇੰਦ ਕੌਰ ਦੀ ਕੁੱਖੋਂ ਭਾਈ ਕਿਸ਼ਨ ਸਿੰਘ ਦੇ ਘਰ ਪਿੰਡ ਸੰਧਵਾਂ, ਜ਼ਿਲ੍ਹਾ ਫ਼ਰੀਦਕੋਟ ਵਿਖੇ ਜਨਮ ਲਿਆ ਸੀ। ਗਿਆਨੀ ਜੀ ਨੂੰ 25 ਜੁਲਾਈ 1982 ਵਿਚ ਭਾਰਤ ਦੇ 7ਵੇਂ ਰਾਸ਼ਟਰਪਤੀ ਬਣਨ ਉਪਰੰਤ ਲਾਲ ਕਿਲ੍ਹੇ ਦੀ ਫ਼ਸੀਲ ’ਤੇ 26 ਜਨਵਰੀ 1983 ਨੂੰ ਤਿਰੰਗਾ ਲਹਿਰਾਉਣ ਦਾ ਮਾਣ ਪ੍ਰਾਪਤ ਹੋਇਆ। ਉਹ ਇਸ ਅਹੁਦੇ ’ਤੇ 25 ਜੁਲਾਈ 1987 ਤਕ ਰਹੇ। ਉਹ ਇਸ ਤੋਂ ਪਹਿਲਾਂ ਪੈਪਸੂ ਵਿਚ ਮਾਲ ਅਤੇ ਖੇਤੀਬਾੜੀ ਮੰਤਰੀ, 1972 ਤੋਂ 1977 ਤਕ ਪੰਜਾਬ ਦੇ ਮੁੱਖ ਮੰਤਰੀ, 1980 ਤੋਂ 1982 ਤਕ ਵਿਚ ਭਾਰਤ ਦੇ ਗ੍ਰਹਿ ਮੰਤਰੀ ਰਹੇ। ਉਹ 1972 ਵਿਚ ਪੰਜਾਬ ਦੇ ਮੁੱਖ ਮੰਤਰੀ ਬਣਨ ਉਪਰੰਤ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਮੱਥਾ ਟੇਕਣ ਗਏ। ਉਨ੍ਹਾਂ ਨੇ ਪਰਮਾਤਮਾ ਕੋਲੋਂ ਆਸ਼ੀਰਵਾਦ ਲਿਆ ਅਤੇ ਜ਼ਿੰਮੇਵਾਰੀ ਸੰਭਾਲੀ। ਗਿਆਨੀ ਜੀ ਦਾ ਸਿੱਖ ਧਰਮ ਵਿਚ ਅਟੁੱਟ ਵਿਸ਼ਵਾਸ ਸੀ। ਉਨ੍ਹਾਂ ਨੇ ਮੁੱਖ ਮੰਤਰੀ ਦਾ ਅਹੁਦਾ ਸੰਭਾਲਣ ਉਪਰੰਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਯਾਦ ਵਿਚ ਸਭ ਤੋਂ ਪਹਿਲਾਂ ਦੋ ਤਖ਼ਤਾਂ ਸ੍ਰੀ ਅਨੰਦਪੁਰ ਸਾਹਿਬ ਤੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਨੂੰ ਜੋੜਨ ਵਾਲਾ 640 ਕਿਲੋਮੀਟਰ ਲੰਬਾ ‘ਗੁਰੂ ਗੋਬਿੰਦ ਸਿੰਘ ਮਾਰਗ’ ਬਣਵਾਇਆ। ਉਨ੍ਹਾਂ ਦੀ ਸਰਕਾਰ ਨੇ ਪੰਜਾਬੀ ਸੂਬੇ ਦੇ ਵਿਕਾਸ ਲਈ ਕਈ ਕਦਮ ਚੁੱਕੇ ਜਿਨ੍ਹਾਂ ’ਚੋਂ ਪਿੰਡਾਂ ਦਾ ਸੌ ਫ਼ੀਸਦੀ ਬਿਜਲੀਕਰਨ ਸਭ ਤੋਂ ਵੱਡੀ ਪ੍ਰਾਪਤੀ ਰਹੀ। ਗਿਆਨੀ ਜੀ ਨੇ ਸਰਦਾਰ ਭਗਤ ਸਿੰਘ ਦੀ ਮਾਂ ਨੂੰ ‘ਪੰਜਾਬ ਮਾਤਾ’ ਦੇ ਖ਼ਿਤਾਬ ਨਾਲ ਸਨਮਾਨਿਆ। ਗਿਆਨੀ ਜ਼ੈਲ ਸਿੰਘ ਦੇ ਯਤਨਾਂ ਨਾਲ ਹੀ ਸ਼ਹੀਦ ਊਧਮ ਸਿੰਘ ਦੀਆਂ ਅਸਥੀਆਂ ਇੰਗਲੈਂਡ ਤੋਂ ਭਾਰਤ ਲਿਆਂਦੀਆਂ ਗਈਆਂ। ਗਿਆਨੀ ਜੀ ਦਾ ਆਪਣੇ ਆਪ ’ਤੇ ਪੂਰਨ ਕੰਟਰੋਲ ਸੀ। ਉਹ ਵੱਡੀ ਤੋਂ ਵੱਡੀ ਗੱਲ ਹੋਣ ’ਤੇ ਵੀ ਡੋਲਦੇ ਨਹੀਂ ਸਨ। ਉਨ੍ਹਾਂ ਦੇ ਕਾਰਜਕਾਲ ਸਮੇਂ ਲੋਕਾਂ ਨਾਲ ਕਿਸੇ ਤਰ੍ਹਾਂ ਦੀ ਜ਼ਿਆਦਤੀ ਦੀ ਕੋਈ ਘਟਨਾ ਨਹੀਂ ਸੀ ਹੁੰਦੀ। ਗਿਆਨੀ ਜੀ ਨੇ ਸੱਤਾ ਵਿਚ ਹੁੰਦੇ ਹੋਏ ਕਦੇ ਵੀ ਆਪਣੇ ਵਿਰੋਧੀਆਂ ਵਿਰੁੱਧ ਕਾਰਵਾਈ ਕਰਨ ਬਾਰੇ ਨਹੀਂ ਸੀ ਸੋਚਿਆ। ਫ਼ਰੀਦਕੋਟ ਦੇ ਮਹਾਰਾਜੇ ਹਰਿੰਦਰ ਸਿੰਘ ਬਰਾੜ ਨੇ ਆਪਣੇ ਰਾਜ ਸਮੇਂ ਗਿਆਨੀ ਜੀ ਨੂੰ ਜੀਪ ਪਿੱਛੇ ਬੰਨ੍ਹ ਕੇ ਘੜੀਸਿਆ ਅਤੇ ਹੋਰ ਅਨੇਕਾਂ ਵਧੀਕੀਆਂ ਕੀਤੀਆਂ ਸਨ ਪਰ ਉਹ ਮੁੱਖ ਮੰਤਰੀ ਬਣ ਕੇ ਮਹਾਰਾਜੇ ਦੇ ਘਰ ਗਏ ਅਤੇ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਬਦੌਲਤ ਹੀ ਉਹ ਮੁੱਖ ਮੰਤਰੀ ਹਨ। ਗਿਆਨੀ ਜੀ ਖ਼ੁਦ ਸੁਤੰਤਰਤਾ ਸੰਗਰਾਮੀ ਸਨ ਜਿਸ ਕਾਰਨ ਉਹ ਹਮੇਸ਼ਾ ਹੋਰ ਆਜ਼ਾਦੀ ਘੁਲਾਟੀਆਂ ਦੀ ਮਦਦ ਨੂੰ ਪਹਿਲ ਦਿੰਦੇ ਰਹੇ। ਉਨ੍ਹਾਂ ਦੇ ਪੁਰਾਣੇ ਸਾਥੀ ਅੱਜ ਵੀ ਉਨ੍ਹਾਂ ਦੀ ਮਿੱਤਰਤਾ ਦੀਆਂ ਕਹਾਣੀਆਂ ਫ਼ਖ਼ਰ ਨਾਲ ਸੁਣਾਉਂਦੇ ਹਨ। ਗਿਆਨੀ ਜੀ ਆਪਣੀਆਂ ਮਿੱਠੀਆਂ ਯਾਦਾਂ ਛੱਡਦੇ ਹੋਏ 25 ਦਸੰਬਰ 1994 ਨੂੰ ਸਦੀਵੀ ਵਿਛੋੜਾ ਦੇ ਗਏ।

-ਗਿਆਨ ਸਿੰਘ, ਜ਼ਿਲ੍ਹਾ ਲੋਕ ਸੰਪਰਕ ਅਫ਼ਸਰ (ਸੇਵਾ ਮੁਕਤ)।

-ਮੋਬਾਈਲ ਫੋਨ : 98157-84100

Posted By: Susheel Khanna