-ਉਜਾਗਰ ਸਿੰਘ

ਸੰਨ 1992 ਵਿਚ ਜਦੋਂ ਬੇਅੰਤ ਸਿੰਘ ਪੰਜਾਬ ਦੇ ਮੁੱਖ ਮੰਤਰੀ ਸਨ ਤਾਂ ਮੈਨੂੰ ਸਰਕਾਰੀ ਡਿਊਟੀ ਨਿਭਾਉਂਦਿਆਂ ਉਨ੍ਹਾਂ ਨੂੰ ਥੋੜ੍ਹਾ ਨੇੜੇ ਹੋ ਕੇ ਜਾਣਨ ਦਾ ਮੌਕਾ ਮਿਲਿਆ। ਮੈਂ ਉਨ੍ਹਾਂ ਦੀ ਸ਼ਖ਼ਸੀਅਤ ਦੇ ਕਈ ਪੱਖ ਦੇਖੇ ਪਰ ਜੋ ਉਨ੍ਹਾਂ ਦਾ ਬਾਹਰ ਪ੍ਰਭਾਵ ਹੈ, ਉਨ੍ਹਾਂ ਦਾ ਜੀਵਨ ਉਸ ਦੇ ਬਿਲਕੁਲ ਉਲਟ ਸੀ। ਉਨ੍ਹਾਂ ਦਾ ਬਤੌਰ ਮੁੱਖ ਮੰਤਰੀ ਦਾ ਕਾਰਜਕਾਲ ਬੜਾ ਹੀ ਜੋਖ਼ਮ ਭਰਿਆ ਅਤੇ ਗੰਭੀਰ ਸਮਾਂ ਸੀ। ਫਿਰ ਵੀ ਉਨ੍ਹਾਂ ਅਜਿਹੇ ਹਾਲਾਤ ਵਿਚ ਕੰਮ ਕੀਤਾ ਜਿਸ ਨੇ ਉਨ੍ਹਾਂ ਦੀ ਕਾਰਜਕੁਸ਼ਲਤਾ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਸਿਆਸਤ ਵਿਚ ਵੀ ਸਮਾਜਿਕ ਕਦਰਾਂ-ਕੀਮਤਾਂ ’ਤੇ ਪਹਿਰਾ ਦਿੱਤਾ। ਬੇਅੰਤ ਸਿੰਘ ਨੇ ਪੰਜਾਬ ਦੇ ਕਾਲੇ ਦਿਨਾਂ ਵਿਚ ਪ੍ਰਬੰਧਕੀ ਤਾਣੇਬਾਣੇ ਨੂੰ ਰਾਜ ਸੱਤਾ ਦਾ ਸੁੱਖ ਮਾਣਨ ਵਾਲੇ ਅਧਿਕਾਰੀਆਂ ਤੋਂ ਮੁਕਤ ਕਰਵਾਉਣ ਦੀ ਕੋਸ਼ਿਸ਼ ਕੀਤੀ। ਕਥਿਤ ਅੱਤਵਾਦ ਇਕ ਵੱਖਰਾ ਵਿਸ਼ਾ ਹੈ, ਇੱਥੇ ਸਿਰਫ਼ ਤੇ ਸਿਰਫ਼ ਸਮਾਜਿਕ ਨੁਕਤਿਆਂ ਦਾ ਹੀ ਜ਼ਿਕਰ ਕਰਾਂਗਾ। ਇਕ ਵਾਰ ਇਕ ਅਧਿਕਾਰੀ ਮੇਰੇ ਕੋਲ ਮੁੱਖ ਮੰਤਰੀ ਦੇ ਦਫ਼ਤਰ ਵਿਚ ਆਇਆ ਅਤੇ ਕਹਿਣ ਲੱਗਾ ਕਿ ਜੱਥੇਦਾਰ ਗੁਰਚਰਨ ਸਿੰਘ ਟੌਹੜਾ ਕੁਝ ਚਿੰਤਾ ਵਿਚ ਲੱਗਦੇ ਹਨ। ਉਨ੍ਹਾਂ ਨੂੰ ਸੰਦੇਹ ਹੈ ਕਿ ਉਨ੍ਹਾਂ ਨੂੰ ਸਰੀਰਕ ਨੁਕਸਾਨ ਪਹੁੰਚਾਇਆ ਜਾ ਸਕਦਾ ਹੈ। ਜਦੋਂ ਮੈਂ ਇਹ ਗੱਲ ਮੁੱਖ ਮੰਤਰੀ ਨੂੰ ਦੱਸੀ ਤਾਂ ਉਨ੍ਹਾਂ ਟੌਹੜਾ ਸਾਹਿਬ ਨੂੰ ਉਨ੍ਹਾਂ ਦੇ ਜੱਦੀ ਪਿੰਡ ਟੌਹੜਾ ਜਾ ਕੇ ਮਿਲਣ ਦੀ ਇੱਛਾ ਜ਼ਾਹਰ ਕੀਤੀ। ਮੈਂ ਉਸ ਅਧਿਕਾਰੀ ਨਾਲ ਟੌਹੜਾ ਸਾਹਿਬ ਨੂੰ ਮਿਲਿਆ ਤੇ ਮੁੱਖ ਮੰਤਰੀ ਦੇ ਉਨ੍ਹਾਂ ਨੂੰ ਮਿਲਣ ਆਉਣ ਬਾਰੇ ਦੱਸਿਆ। ਟੌਹੜਾ ਸਾਹਿਬ ਨੇ ਸਿਆਸੀ ਕਾਰਨਾਂ ਕਰਕੇ ਮੁੱਖ ਮੰਤਰੀ ਦੇ ਟੌਹੜਾ ਪਿੰਡ ਆ ਕੇ ਮਿਲਣ ਦੀ ਤਜਵੀਜ਼ ਰੱਦ ਕਰਦਿਆਂ ਕਿਹਾ ਕਿ ਇੰਜੀਨੀਅਰਿੰਗ ਕਾਲਜ ਫਤਹਿਗੜ੍ਹ ਸਾਹਿਬ ਦੇ ਕਈ ਮਸਲੇ ਸਰਕਾਰ ਦੇ ਕਾਰਜ ਗੋਚਰੇ ਲਟਕ ਰਹੇ ਹਨ, ਉਨ੍ਹਾਂ ਦੇ ਹੱਲ ਲਈ ਮੁੱਖ ਮੰਤਰੀ ਨਾਲ ਮੀਟਿੰਗ ਕਾਲਜ ਦੀ ਮੈਨੇਜਮੈਂਟ ਦੀ ਨਿਸ਼ਚਤ ਕਰਵਾ ਦਿਓ, ਓਥੇ ਹੀ ਗੱਲ ਕਰ ਲਵਾਂਗੇ। ਇੰਜ ਹੀ ਹੋਇਆ। ਇਸੇ ਤਰ੍ਹਾਂ ਜਦੋਂ ਪ੍ਰਕਾਸ਼ ਸਿੰਘ ਬਾਦਲ ਪਟਿਆਲਾ ਜੇਲ੍ਹ ਵਿਚ ਬੰਦ ਸਨ, ਉਦੋਂ ਗਰਮੀਆਂ ਦਾ ਮੌਸਮ ਸੀ। ਬੇਅੰਤ ਸਿੰਘ ਨੇ ਸਰਕਾਰੀ ਅਧਿਕਾਰੀਆਂ ਨੂੰ ਸੁਰਿੰਦਰ ਕੌਰ ਬਾਦਲ ਨੂੰ ਮਿਲ ਕੇ ਬਾਦਲ ਸਾਹਿਬ ਦੀਆਂ ਰੋਜ਼ਾਨਾਂ ਜ਼ਰੂਰਤਾਂ, ਦਵਾਈਆਂ ਅਤੇ ਜੇਲ੍ਹ ਵਿਚ ਕੂਲਰ ਅਤੇ ਘਰ ਦਾ ਬਣਿਆ ਖਾਣਾ ਆਦਿ ਦੀ ਸਹੂਲਤ ਦੇਣ ਲਈ ਗੱਲਬਾਤ ਕਰਨ ਲਈ ਕਿਹਾ। ਜਿਵੇਂ ਆਮ ਤੌਰ ’ਤੇ ਹੁੰਦਾ ਹੈ, ਸਰਕਾਰੀ ਅਧਿਕਾਰੀਆਂ ਨੇ ਬੀਬੀ ਬਾਦਲ ਨੂੰ ਮਿਲਣ ਤੋਂ ਪ੍ਰਹੇਜ਼ ਕੀਤਾ ਜਿਸ ਕਾਰਨ ਉਨ੍ਹਾਂ ਇਹ ਕੰਮ ਮੇਰੇ ਜ਼ਿੰਮੇ ਲਾਇਆ। ਉਨ੍ਹਾਂ ਕਿਹਾ ਕਿ ਸਿਆਸੀ ਗੱਲਾਂ ਹੋਰ ਹੁੰਦੀਆਂ ਹਨ, ਬਾਦਲ ਨੇ ਕੋਈ ਜੁਰਮ ਨਹੀਂ ਕੀਤਾ। ਉਹ ਤਾਂ ਸਿਆਸੀ ਕੈਦੀ ਦੇ ਤੌਰ ’ਤੇ ਜੇਲ੍ਹ ਵਿਚ ਬੰਦ ਹਨ। ਇਸ ਲਈ ਉਨ੍ਹਾਂ ਦੀਆਂ ਮੁੱਢਲੀਆਂ ਰੋਜ਼ਾਨਾ ਜ਼ਰੂਰਤਾਂ ਪੂਰੀਆਂ ਕੀਤੀਆਂ ਜਾਣ। ਭਾਰਤੀ ਜਨਤਾ ਪਾਰਟੀ, ਖੱਬੇ ਤੇ ਸੱਜੇ ਪੱਖੀ ਅਤੇ ਅਕਾਲੀ ਦਲ ਦੇ ਲੀਡਰਾਂ ਨੂੰ ਉਹ ਹਮੇਸ਼ਾ ਆਪਣੀ ਪਾਰਟੀ ਦੇ ਲੀਡਰਾਂ ਨਾਲੋਂ ਜ਼ਿਆਦਾ ਤਰਜੀਹ ਦਿੰਦੇ ਸਨ। ਲਕਸ਼ਮੀਕਾਂਤਾ ਚਾਵਲਾ, ਮਦਨ ਮੋਹਨ ਮਿੱਤਲ, ਕਾਮਰੇਡ ਬਲਵੰਤ ਸਿੰਘ, ਡਾ. ਜੋਗਿੰਦਰ ਦਿਆਲ, ਕੈਪਟਨ ਅਮਰਿੰਦਰ ਸਿੰਘ, ਜਸਦੇਵ ਸਿੰਘ ਸੰਧੂ, ਜੱਥੇਦਾਰ ਜਗਦੇਵ ਸਿੰਘ ਤਲਵੰਡੀ, ਸਰਦਾਰਾ ਸਿੰਘ ਕੋਹਲੀ, ਜੱਥੇਦਾਰ ਮਨਮੋਹਨ ਸਿੰਘ ਬਜਾਜ ਅਤੇ ਮਨਜੀਤ ਸਿੰਘ ਖਹਿਰਾ ਆਦਿ ਦਾ ਉਹ ਵਿਸ਼ੇਸ਼ ਸਤਿਕਾਰ ਕਰਦੇ ਸਨ। ਇਕ ਵਾਰ ਜਸਦੇਵ ਸਿੰਘ ਸੰਧੂ ਅਤੇ ਅਮਰੀਕ ਸਿੰਘ ਛੀਨਾ ਦਾ ਚੰਡੀਗੜ੍ਹ ਦੇ ਟ੍ਰਿਬਿਊਨ ਚੌਕ ਕੋਲ ਛੋਟਾ ਜਿਹਾ ਐਕਸੀਡੈਂਟ ਹੋ ਗਿਆ। ਉਨ੍ਹਾਂ ਤੁਰੰਤ ਆਪਣੀ ਗੱਡੀ ਭੇਜ ਕੇ ਇਲਾਜ ਕਰਵਾਇਆ। ਆਪਣੀ ਮੌਤ ਤੋਂ ਤਿੰਨ ਦਿਨ ਪਹਿਲਾਂ 28 ਅਗਸਤ ਨੂੰ ਉਨ੍ਹਾਂ ਰਾਤ ਨੂੰ ਯੂਟੀ ਗੈਸਟ ਹਾਊਸ ਵਿਚ ਮੈਨੂੰ ਖ਼ੁਦ ਦੱਸਿਆ ਸੀ ਕਿ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਨੇ ਗ੍ਰਹਿ ਮੰਤਰੀ ਬਣਾ ਕੇ ਕਾਂਗਰਸ ਪਾਰਟੀ ਦਾ ਕਾਰਜਕਾਰੀ ਪ੍ਰਧਾਨ ਬਣਾਉਣ ਦਾ ਫ਼ੈਸਲਾ ਕੀਤਾ ਹੈ। ਇਸ ਲਈ ਮੈਨੂੰ ਲੁਧਿਆਣਾ ਤੋਂ ਲੋਕ ਸਭਾ ਦੀ ਚੋਣ ਲੜਨੀ ਪਵੇਗੀ ਅਤੇ ਮੁੱਖ ਮੰਤਰੀ ਦਾ ਅਹੁਦਾ ਛੱਡਣਾ ਪਵੇਗਾ। ਤੁਸੀਂ ਗੁਰਚਰਨ ਸਿੰਘ ਗਾਲਿਬ ਜੋ ਲੁਧਿਆਣਾ ਤੋਂ ਲੋਕ ਸਭਾ ਦੇ ਮੈਂਬਰ ਸਨ, ਲਈ ਵਿਧਾਨ ਸਭਾ ਦੀ ਸੀਟ ਬਾਰੇ ਪਤਾ ਕਰੋ ਕਿੱਥੋਂ ਚੋਣ ਲੜਾ ਸਕਦੇ ਹਾਂ। ਮੈਂ ਕਿਹਾ ਉਨ੍ਹਾਂ ਨੂੰ ਤੁਹਾਡੇ ਵਾਲੀ ਸੀਟ ਜਲੰਧਰ ਕੈਂਟ ਤੋਂ ਚੋਣ ਲੜਾ ਲਵਾਂਗੇ ਤਾਂ ਕਹਿਣ ਲੱਗੇ ਕਿ ਉਥੋਂ ਤਾਂ ਬਲਬੀਰ ਸਿੰਘ ਨੂੰ ਲੜਾਵਾਂਗੇ ਕਿਉਂਕਿ ਇਹ ਸੀਟ ਆਪਾਂ ਉਨ੍ਹਾਂ ਤੋਂ ਹੀ ਲਈ ਸੀ। ਜਿਸ ਵੀ ਵਿਅਕਤੀ ਨੇ ਉਨ੍ਹਾਂ ’ਤੇ ਕੋਈ ਅਹਿਸਾਨ ਕੀਤਾ, ਉਹ ਉਸ ਨੂੰ ਭੁੱਲਦੇ ਨਹੀਂ ਸਨ ਤੇ ਹਮੇਸ਼ਾ ਉਸ ਦਾ ਮੁੱਲ ਤਾਰਨ ਲਈ ਤਿਆਰ ਰਹਿੰਦੇ ਸਨ। ਅੱਜਕੱਲ੍ਹ ਦੇ ਲੀਡਰਾਂ ਵਿਚ ਇਹ ਘਾਟ ਮਹਿਸੂਸ ਹੋ ਰਹੀ ਹੈ। ਉਨ੍ਹਾਂ ਆਪਣੇ ਕਾਰਜਕਾਲ ਦੌਰਾਨ ਸਾਰੀਆਂ ਪਾਰਟੀਆਂ ਦੇ ਲੀਡਰਾਂ ਨਾਲ ਪੂਰਾ ਤਾਲਮੇਲ ਰੱਖਿਆ ਅਤੇ ਅੰਦਰਖਾਤੇ ਸਾਰੀਆਂ ਪਾਰਟੀਆਂ ਦੇ ਲੀਡਰ ਉਨ੍ਹਾਂ ਦੀ ਪ੍ਰਸ਼ੰਸਾ ਕਰਦੇ ਸਨ ਅਤੇ ਕੰਮਾਂਕਾਰਾਂ ਲਈ ਮਿਲਦੇ ਰਹਿੰਦੇ ਸਨ। ਇਕ ਵਾਰ ਪੀਡਬਲਿਊਡੀ ਦੇ ਇਕ ਐੱਸਡੀਓ ਦੀ ਬਦਲੀ ਲਈ ਇਕ ਵਿਧਾਨਕਾਰ ਨੇ ਕਾਂਗਰਸ ਵਿਧਾਨਕਾਰ ਪਾਰਟੀ ਦੀ ਮੀਟਿੰਗ ਵਿਚ ਕਲੇਸ਼ ਪਾ ਲਿਆ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਇਹ ਬਦਲੀ ਵਿਰੋਧੀ ਧਿਰ ਦੇ ਲੀਡਰ ਦੀ ਸਿਫ਼ਾਰਸ਼ ’ਤੇ ਕੀਤੀ ਹੈ। ਬੇਅੰਤ ਸਿੰਘ ਹਮੇਸ਼ਾ ਸਮਾਜਿਕ ਕਦਰਾਂ-ਕੀਮਤਾਂ ਦਾ ਧਿਆਨ ਰੱਖਦੇ ਸਨ ਅਤੇ ਇਨਸਾਨੀਅਤ ਨੂੰ ਸਿਆਸਤ ਦੇ ਮੁਕਾਬਲੇ ਤਰਜੀਹ ਦਿੰਦੇ ਸਨ। ਉਨ੍ਹਾਂ ਪਾਰਟੀ ਪੱਧਰ ਤੋਂ ਉਪਰ ਉੱਠ ਕੇ ਲੋੜਵੰਦ ਸੁਤੰਤਰਤਾ ਸੰਗਰਾਮੀਆਂ ਦੀ ਸੂਚੀ ਬਣਾ ਕੇ ਉਨ੍ਹਾਂ ਦੀ ਆਰਥਿਕ ਮਦਦ ਵੀ ਕੀਤੀ। ਇਕ ਵਾਰ ਇਕ ਵਿਧਵਾ ਉਨ੍ਹਾਂ ਨੂੰ ਆ ਕੇ ਮਿਲੀ ਅਤੇ ਕਹਿਣ ਲੱਗੀ ਕਿ ਉਸ ਦਾ ਪਤੀ ਅਤੇ ਲੜਕਾ ਨਸ਼ੇ ਕਾਰਨ ਸਵਰਗ ਸਿਧਾਰ ਗਏ ਹਨ। ਉਸ ਕੋਲ ਨਾ ਖਾਣ-ਪੀਣ ਅਤੇ ਨਾ ਹੀ ਰਹਿਣ ਦਾ ਕੋਈ ਸਾਧਨ ਹੈ। ਉਨ੍ਹਾਂ ਤੁਰੰਤ ਪੁਡਾ ਦਾ ਇਕ ਐੱਲਆਈਜੀ ਫਲੈਟ ਅਲਾਟ ਕੀਤਾ ਤੇ ਉਸ ਦੀ ਕੀਮਤ ਵੀ ਆਪ ਹੀ ਅਦਾ ਕੀਤੀ। ਅਸਲ ਵਿਚ ਉਹ ਇਨਸਾਨੀ ਕਦਰਾਂ-ਕੀਮਤਾਂ ਦੇ ਪਹਿਰੇਦਾਰ ਸਨ। ਅੱਜ ਉਨ੍ਹਾਂ ਦੀ ਬਰਸੀ ਮੌਕੇ ਉਨ੍ਹਾਂ ਦੀ ਸਮਾਧੀ ’ਤੇ ਚੰਡੀਗੜ੍ਹ ਵਿਖੇ ਸਰਵ ਧਰਮ ਪ੍ਰਾਰਥਨਾ ਸਭਾ ਸਵੇਰੇ 9 ਵਜੇ ਤੋਂ 11 ਵਜੇ ਤਕ ਕੀਤੀ ਜਾ ਰਹੀ ਹੈ।

-(ਲੇਖਕ ਸਾਬਕਾ ਜ਼ਿਲ੍ਹਾ ਲੋਕ ਸੰਪਰਕ ਅਧਿਕਾਰੀ ਹੈ)। -ਮੋਬਾਈਲ ਨੰ. : 94178 13072

Posted By: Susheel Khanna