-ਇੰਜੀ. ਸੁਖਵੰਤ ਸਿੰਘ ਧੀਮਾਨ

ਲਗਾਤਾਰ ਪੇਟ 'ਚ ਦਰਦ ਰਹਿਣ ਕਾਰਨ ਮੇਰੇ ਮਿੱਤਰਾਂ ਨੇ ਕਿਹਾ ਕਿ ਤੂੰ ਸ਼ਹਿਰ ਜਾ ਕੇ ਕਿਸੇ ਵੱਡੇ ਡਾਕਟਰ ਨੂੰ ਜ਼ਰੂਰ ਚੈੱਕ ਕਰਵਾ। ਘਰ ਵਾਲੇ ਵੀ ਵਾਰ-ਵਾਰ ਕਹਿੰਦੇ ਕਿ ਏਨਾ ਜ਼ਿਆਦਾ ਲੰਮਾ ਸਮਾਂ ਪੇਟ ਦਰਦ ਰਹਿਣਾ ਠੀਕ ਨਹੀਂ, ਸ਼ਹਿਰ ਜਾ ਕੇ ਵੱਡੇ ਹਸਪਤਾਲ 'ਚ ਚੈੱਕ ਕਰਵਾ ਲੈ। ਸੋ ਸਭ ਦੀਆਂ ਸਲਾਹਾਂ ਕਰਕੇ ਤੇ ਪੇਟ ਦੀ ਤਕਲੀਫ਼ ਵਧਣ ਕਾਰਨ ਮੈਂ ਸ਼ਹਿਰ ਦੇ ਇਕ ਵੱਡੇ ਡਾਕਟਰ ਕੋਲ ਚਲਾ ਗਿਆ। ਜਦੋਂ ਡਾਕਟਰ ਨੇ ਚੈੱਕਅਪ ਕੀਤਾ ਤਾਂ ਮੈਨੂੰ ਕਿਸੇ ਖ਼ਾਸ ਲੈਬ ਤੋਂ ਟੈਸਟ ਕਰਵਾਉਣ ਲਈ ਕਿਹਾ। ਡਾਕਟਰ ਸਾਬ੍ਹ ਵੱਲੋਂ ਦੱਸੇ ਸਾਰੇ ਟੈਸਟ ਕਰਵਾ ਕੇ ਤਕਰੀਬਨ ਚਾਰ ਕੁ ਵਜੇ ਵਾਪਿਸ ਡਾਕਟਰ ਕੋਲ ਚਲਾ ਗਿਆ। ਵਾਰੀ ਆਉਣ 'ਤੇ ਮੈਂ ਸਾਰੀਆਂ ਟੈਸਟ ਰਿਪੋਰਟਾਂ ਡਾਕਟਰ ਨੂੰ ਫੜਾ ਦਿੱਤੀਆਂ। ਰਿਪੋਰਟਾਂ ਚੈੱਕ ਕਰਨ 'ਤੇ ਪਤਾ ਲੱਗਿਆ ਕਿ ਮੈਨੂੰ ਪੇਟ ਦਾ ਕੈਂਸਰ ਹੋ ਚੁੱਕਿਆ ਹੈ ਤੇ ਆਖਰੀ ਸਟੇਜ 'ਤੇ ਹੈ। ਡਾਕਟਰ ਨੇ ਦੱਸਿਆ ਕਿ ਤੇਰਾ ਲਿਵਰ ਬਿਲਕੁਲ ਖ਼ਰਾਬ ਹੋ ਚੁੱਕਿਆ ਹੈ ਤੇ ਹੁਣ ਇਸ ਦਾ ਕੋਈ ਇਲਾਜ ਨਹੀਂ। ਇਹ ਸੁਣ ਕੇ ਮੇਰੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਮੇਰੇ ਕੋਲੋਂ ਹਿੱਲਿਆ ਨਹੀਂ ਸੀ ਜਾ ਰਿਹਾ। ਮੇਰੀ ਹਿੰਮਤ ਜਵਾਬ ਦੇ ਚੁੱਕੀ ਸੀ। ਮੈਂ ਆਪਣੇ ਮਿੱਤਰ ਚਰਨਜੀਤ ਸਿੰਘ ਨੂੰ ਬੁਲਾਇਆ ਤੇ ਸਾਰੀ ਕਹਾਣੀ ਦੱਸੀ ਤੇ ਫਿਰ ਉਹੋ ਹੀ ਮੈਨੂੰ ਮੇਰੇ ਘਰ ਛੱਡ ਕੇ ਆਇਆ।

ਘਰ 'ਚ ਇਕਦਮ ਭੂਚਾਲ ਜਿਹਾ ਆ ਗਿਆ। ਕੁਝ ਨਹੀਂ ਸੁੱਝ ਰਿਹਾ ਸੀ ਕਿ ਆਖਰ ਕੀਤਾ ਕੀ ਜਾਵੇ। ਬਹੁਤ ਛੇਤੀ ਹੀ ਮੇਰੀ ਬਿਮਾਰੀ ਦੀ ਗੱਲ ਜੰਗਲ ਦੀ ਅੱਗ ਵਾਂਗ ਸਾਰੇ ਪਿੰਡ 'ਤੇ ਮੇਰੇ ਸਾਰੇ ਮਿੱਤਰਾਂ, ਰਿਸ਼ਤੇਦਾਰਾਂ 'ਚ ਫੈਲ ਗਈ। ਮੇਰੇ ਦੋਸਤ ਮਿੱਤਰ , ਰਿਸ਼ਤੇਦਾਰ ਤੇ ਗੁਆਂਢੀ ਸਾਰੇ ਮੈਨੂੰ ਮਿਲਣ ਆਉਣ ਲੱਗ ਗਏ ਪਏ। ਕਈ ਉਹ ਲੋਕ ਵੀ ਮੇਰੇ ਨਾਲ ਪਿਆਰ ਜਤਾਉਣ ਲੱਗ ਪਏ, ਜਿਹੜੇ ਮੈਨੂੰ ਦੇਖ ਕੇ ਵੀ ਰਾਜ਼ੀ ਨਹੀਂ ਸਨ। ਮੇਰਾ ਇਕ ਮਿੱਤਰ ਜੋ ਮੈਨੂੰ ਅਖ਼ਬਾਰਾਂ 'ਚ ਆਰਟੀਕਲ ਲਿਖਣ ਕਾਰਨ ਮਿਲਿਆ ਸੀ, ਉਸ ਦਾ ਤਾਂ ਰੋ- ਰੋ ਕੇ ਬੁਰਾ ਹਾਲ ਹੋ ਗਿਆ ਸੀ। ਮੇਰੇ ਕੋਲੋਂ ਉਸ ਦਾ ਦੁੱਖ ਨਹੀਂ ਸੀ ਸਹਿ ਹੋ ਰਿਹਾ। ਮੇਰੇ ਮਹਿਕਮੇ ਦੇ ਦਫ਼ਤਰਾਂ 'ਚ ਮੁਲਾਜ਼ਮ ਮੈਨੂੰ ਪਹਿਲਾਂ ਤੋਂ ਵੀ ਬਹੁਤ ਜ਼ਿਆਦਾ ਹੋਰ ਪਿਆਰ ਤੇ ਮੁਹੱਬਤ ਨਾਲ ਪੇਸ਼ ਆਉਣ ਲੱਗ ਗਏ। ਇਕ ਦਿਨ ਤਾਂ ਹੈਰਾਨੀ ਹੋਈ ਜਦੋਂ ਮੇਰਾ ਇਕ ਬਹੁਤ ਪੁਰਾਣਾ ਮਿੱਤਰ ਜੋ ਮੇਰੇ ਨਾਲ ਕਾਫ਼ੀ ਸਾਲ ਪਹਿਲਾਂ ਕਿਸੇ ਗਲਤਫਹਿਮੀ ਕਰਕੇ ਰੁੱਸ ਗਿਆ ਸੀ , ਉਸ ਦਾ ਫੋਨ ਆਇਆ ਤੇ ਗੱਲਾਂ-ਗੱਲਾਂ 'ਚ ਕਈ ਸਾਲ ਪਹਿਲਾਂ ਕੀਤੀ ਗਲ਼ਤੀ ਦੀ ਮਾਫ਼ੀ ਮੰਗੀ ਤੇ ਗੱਲਾਂ ਕਰਦਾ -ਕਰਦਾ ਉਹ ਭਾਵੁਕ ਹੋ ਕੇ ਰੋਣ ਲੱਗ ਗਿਆ। ਘਰ ਦਾ ਮਾਹੌਲ ਬਹੁਤ ਗ਼ਮਗੀਨ ਰਹਿਣ ਲੱਗ ਗਿਆ ਸੀ। ਮੈਂ ਹੁਣ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਸਮਾਂ ਆਪਣੇ ਘਰਦਿਆਂ ਨਾਲ, ਬੱਚਿਆਂ ਨਾਲ ਗੁਜ਼ਾਰਨ ਲੱਗਾ।

ਮੈਂ ਸੋਚਿਆ ਕਿ ਜਿੰਨਾ ਸਮਾਂ ਜਿਊੁਂਦਾ ਹਾਂ, ਆਪਣੇ ਪਰਿਵਾਰ ਨਾਲ ਵਧੀਆ ਹੱਸ- ਖੇਡ ਕੇ ਸਮਾਂ ਬਿਤਾਇਆ ਜਾਵੇ। ਕਿ ਕਿ ਹੁਣ ਮੌਤ ਤਾਂ ਨਿਸ਼ਚਿਤ ਸੀ। ਵੱਡੇ ਡਾਕਟਰਾਂ ਨੇ ਜਵਾਬ ਦੇ ਦਿੱਤਾ ਸੀ ਕਿ ਆਖਰੀ ਸਟੇਜ ਹੋਣ ਕਾਰਨ ਇਸ ਲਾਇਲਾਜ ਬੀਮਾਰੀ ਦਾ ਕੋਈ ਇਲਾਜ ਨਹੀਂ ਸੀ। ਜ਼ਿੰਦਗੀ ਇਸ ਤਰ੍ਹਾਂ ਖਿਸਕ ਰਹੀ ਸੀ ਜਿਵੇਂ ਮੁੱਠੀ 'ਚੋਂ ਰੇਤ ਖਿਸਕ ਰਹੀ ਹੋਵੇ। ਮੇਰਾ ਸੁਭਾਅ ਜੋ ਪਹਿਲਾਂ ਕਾਫ਼ੀ ਸਖ਼ਤ ਸੀ, ਹੁਣ ਨਿਮਰਤਾ ਨਾਲ ਭਰ ਚੁੱਕਿਆ ਸੀ ਤੇ ਸਭ ਨੂੰ ਅਸੀਸਾਂ ਦਿੰਦਾ ਰਹਿੰਦਾ ਸੀ। ਕਿਸੇ ਨਾਲ ਵੈਰ-ਵਿਰੋਧ ਨਹੀਂ ਸੀ ਰਿਹਾ। ਮੈਨੂੰ ਸਭ ਆਪਣੇ ਲੱਗਣ ਲੱਗ ਪਏ ਸਨ। ਕਿਸੇ ਨਾਲ ਕੋਈ ਨਫ਼ਰਤ ਜਾਂ ਗਿਲਾ ਨਹੀਂ ਸੀ ਰਿਹਾ। ਮੈਂ ਰੋਜ਼ ਮੌਤ ਵੱਲ ਨੂੰ ਵਧ ਰਿਹਾ ਸੀ। ਕਈ ਮੇਰੇ ਮਿੱਤਰ ਜੋ ਬਾਹਰਲੇ ਮੁਲਕਾਂ 'ਚ ਵਸ ਗਏ ਸੀ, ਉਨ੍ਹਾਂ ਦੇ ਫੋਨ ਆਉਣੇ, ਕਈ ਭਾਰਤ ਆ ਕੇ ਮੇਰੇ ਘਰ ਆ ਕੇ ਮਿਲ ਕੇ ਜਾਂਦੇ, ਬਹੁਤ ਪਿਆਰ ਜਤਾਉਂਦੇ, ਜੱਫੀਆਂ ਪਾਉਂਦੇ। ਮੇਰੇ ਚਾਚੇ ਦਾ ਮੁੰਡਾ ਜੋ ਮੈਨੂੰ ਪਿਛਲੇ ਦਸ-ਬਾਰਾਂ ਸਾਲਾਂ ਤੋਂ ਬੁਲਾਉਂਦਾ ਨਹੀ ਸੀ , ਇਕ ਦਿਨ ਉਹ ਵੀ ਆ ਕੇ ਮੈਨੂੰ ਜੱਫੀ ਪਾ ਕੇ ਉੱਚੀ-ਉੱਚੀ ਰੋਂਦਾ ਹੋਇਆ ਆਪਣੇ ਆਪ ਨੂੰ ਕੋਸਣ ਲੱਗਿਆ। ਮੈਂ ਸਗੋਂ ਉਸ ਨੂੰ ਹੌਂਸਲਾ ਦਿੰੰਦਿਆਂ ਕਿਹਾ, ''ਵੱਡੇ ਵੀਰ ਰੋ ਨਾ। ਮੈਂ ਏਨੀ ਜਲਦੀ ਨ੍ਹੀਂ ਮਰਨ ਲੱਗਾ, ਅਜੇ ਜਿਊਂਦਾ ਹਾਂ।'' ਦਫ਼ਤਰੋਂ ਜਲਦੀ ਆ ਜਾਂਦਾ।

ਮੈਨੂੰ ਦੇਖਣ ਸਾਰ ਬਜ਼ੁਰਗਾਂ ਦੀ ਖੁੰਢ ਚਰਚਾ ਦਾ ਵਿਸ਼ਾ ਬਦਲ ਜਾਂਦਾ। ਮੈਂ ਉੱਥੇ ਬੈਠੇ ਚਾਚੇ-ਤਾਇਆਂ ਨਾਲ ਹਾਸੀ ਮਜ਼ਾਕ ਕਰਨ ਲੱਗ ਜਾਂਦਾ। ਉਂਝ ਮੈਂ ਕਦੀ ਉਨ੍ਹਾਂ ਕੋਲ ਨਹੀਂ ਖੜ੍ਹਦਾ ਸੀ ਪਰ ਇਸ ਭਿਆਨਕ ਬਿਮਾਰੀ ਨੇ ਮੇਰਾ ਸਭ ਕੁਝ ਹੀ ਬਦਲ ਕੇ ਰੱਖ ਦਿੱਤਾ ਸੀ। ਮੈਨੂੰ ਕੋਈ ਵੀ ਪਰਾਇਆ ਨਹੀਂ ਸੀ ਲੱਗਦਾ ਤੇ ਸਾਰੇ ਲੋਕ ਮੈਨੂੰ ਆਪਣੇ ਲੱਗਦੇ ਸਨ। ਹੁਣ ਮੈਨੂੰ ਕਿਸੇ 'ਚ ਕੋਈ ਬੁਰਾਈ ਨਹੀਂ ਸੀ ਦਿਸਦੀ। ਸਭ ਪਾਸੇ ਸਿਰਫ਼ ਪਿਆਰ ਤੇ ਆਪਣਾਪਣ ਹੀ ਸੀ। ਇਕ ਪਾਸੇ ਤਾਂ ਮੈਨੂੰ ਇਸ ਨਾਮੁਰਾਦ ਬਿਮਾਰੀ ਨੇ ਝੰਜੋੜ ਕੇ ਰੱਖ ਦਿੱਤਾ ਸੀ ਪਰ ਦੂਜੇ ਪਾਸੇ ਜਦੋਂ ਮੈਂ ਸਭ ਪਾਸੇ ਏਨੀ ਪਿਆਰ- ਮੁਹੱਬਤ ਦੇਖਦਾ ਸੀ ਤਾਂ ਮੇਰਾ ਗੱਚ ਭਰ ਆਉਂਦਾ। ਮੈਨੂੰ ਆਪਣੇ 'ਚ ਔਗੁਣ ਜ਼ਿਆਦਾ ਤੇ ਦੂਜਿਆਂ 'ਚ ਗੁਣ ਦਿਸਣ ਲੱਗ ਪਏ ਸਨ ਪਰ ਮੈਨੂੰ ਬਿਮਾਰੀ ਦੇ ਨਾਲ -ਨਾਲ ਇਕ ਦੁੱਖ ਬਹੁਤ ਬੇਚੈਨ ਕਰ ਦਿੰਦਾ ਸੀ ਕਿ ਮੇਰੇ ਘਰ ਵਾਲੇ ਮੇਰੀ ਮੌਤ ਨੂੰ ਕਿਵੇਂ ਸਹਿਣਗੇ?

ਹੁਣ ਮੌਤ ਇਕ ਸੱਚਾਈ ਜਾਪਣ ਲੱਗ ਗਈ ਸੀ। ਪਹਿਲਾਂ ਮੈਨੂੰ ਮੌਤ ਯਾਦ ਨਹੀਂ ਸੀ ਹੁੰਦੀ ਜਦਕਿ ਹੁਣ ਮੌਤ ਮੈਨੂੰ ਪਲ- ਪਲ ਯਾਦ ਰਹਿਣ ਲੱਗੀ ਸੀ। ਭਾਵੇਂ ਮੇਰੀ ਸਰੀਰਕ ਤਕਲੀਫ਼ ਵਧ ਰਹੀ ਸੀ ਪਰ ਜਿਉਂ-ਜਿਉਂ ਮੌਤ ਨੇੜੇ ਆ ਰਹੀ ਸੀ, ਮੈਂ ਪਹਿਲਾਂ ਨਾਲੋਂ ਨਿਡਰ ਹੋ ਰਿਹਾ ਸੀ। ਹੁਣ ਮੈਨੂੰ ਜਿਊਣ ਦੀ ਹੋਰ ਵੀ ਜਾਚ ਆ ਰਹੀ ਸੀ। ਮੇਰੇ ਮੂੰਹ 'ਚੋਂ ਹਮੇਸ਼ਾ ਸਭ ਲਈ ਦੁਆਵਾਂ, ਤਾਰੀਫ਼ ਤੇ ਪਿਆਰ ਵਾਲੀਆਂ ਗੱਲਾਂ ਹੀ ਨਿਕਲਦੀਆਂ। ਮਨ 'ਚ ਊਚ-ਨੀਚ, ਵੈਰ-ਵਿਰੋਧ ਖ਼ਤਮ ਹੋ ਚੁੱਕਿਆ ਸੀ। ਹੁਣ ਮੈਨੂੰ ਕੋਈ ਵੀ ਬੇਗਾਨਾ ਨਹੀਂ ਸੀ ਲੱਗਦਾ। ਹਰ ਰੋਜ਼ ਜਦੋਂ ਮੈਂ ਅਪਣੀ ਸਰਕਾਰੀ ਗੱਡੀ ਰਾਹੀਂ ਯਾਤਰਾ ਬੰਦ ਕਰ ਕੇ ਦਸਤਖ਼ਤ ਕਰਦਾ ਤਾਂ ਮੈਨੂੰ ਆਪਣੀ ਜ਼ਿੰਦਗੀ ਦੇ ਵੀ ਕਿਲੋਮੀਟਰ ਪੂਰੇ ਹੁੰਦੇ ਸਾਫ਼ ਦਿਖਾਈ ਦੇਣ ਲੱਗੇ। ਇੰਨੇ ਵੱਡੇ ਆਏ ਬਦਲਾਅ ਨੂੰ ਦੇਖਦਿਆਂ ਮੈਂ ਸੋਚਦਾ ਕਿ ਅਜੋਕਾ ਇਨਸਾਨ ਜਿੰਨੀ ਸ਼ਿੱਦਤ ਨਾਲ ਨਫ਼ਰਤ ਨੂੰ ਨਿਭਾਉਂਦਾ ਹੈ, ਜੇ ਓਨੀ ਸ਼ਿੱਦਤ ਨਾਲ ਪਿਆਰ ਨੂੰ ਵੀ ਨਿਭਾਵੇ ਤਾਂ ਇਹ ਦੁਨੀਆ ਸਵਰਗ ਬਣ ਜਾਵੇ।

ਡਾਕਟਰ ਦੇ ਦੱਸਣ ਮੁਤਾਬਕ ਮੌਤ ਦਾ ਦਿਨ ਨਜ਼ਦੀਕ ਆਉਣ ਲੱਗ ਗਿਆ। ਮੈਨੂੰ ਸਵੇਰ ਤੋਂ ਸਾਹ ਔਖਾ ਆ ਰਿਹਾ ਸੀ। ਸਾਰੇ ਸਰੀਰ 'ਚ ਕਈ ਦਿਨਾਂ ਤੋਂ ਹੋ ਰਿਹਾ ਦਰਦ ਬਹੁਤ ਜ਼ਿਆਦਾ ਵਧ ਗਿਆ ਸੀ। ਹੁਣ ਪੇਨ-ਕਿਲਰ ਵੀ ਅਸਰ ਨਹੀਂ ਸੀ ਕਰ ਰਹੇ। ਮੇਰੀ ਤਕਲੀਫ਼ ਬਰਦਾਸ਼ਤ ਤੋਂ ਪਰੇ ਹੋਈ ਪਈ ਸੀ। ਮੇਰਾ ਦਿਮਾਗ਼ ਸੁੰਨ ਹੋਣ ਲੱਗ ਪਿਆ ਸੀ। ਸਾਹ ਘੁਟਣ ਲੱਗਾ ਤਾਂ ਮੈਂ ਜ਼ੋਰ-ਜ਼ੋਰ ਦੀ ਚੀਕਾਂ ਮਾਰਨ ਲੱਗਿਆ। ਮੂੰਹ 'ਚੋਂ ਆਵਾਜ਼ ਨਹੀਂ ਸੀ ਨਿਕਲ ਰਹੀ ਪਰ ਮੈਂ ਹੋਰ ਵੀ ਜ਼ੋਰ ਲਾ ਕੇ ਚੀਕਾਂ ਮਾਰਨ ਦੀ ਕੋਸ਼ਿਸ਼ ਕੀਤੀ ਤਾਂ ਇਕਦਮ ਮੇਰੀ ਜਾਗ ਖੁੱਲ੍ਹ ਗਈ। ਮੈਂ ਪਸੀਨੋ-ਪਸੀਨੀ ਹੋਇਆ ਪਿਆ ਸੀ। ਮੈਨੂੰ ਕੁਝ ਵੀ ਨਹੀਂ ਸੀ ਸੁੱਝ ਰਿਹਾ। ਮੈਂ ਘੜੀ 'ਤੇ ਸਮਾਂ ਦੇਖਿਆ। ਸਵੇਰ ਦੇ ਪੌਣੇ ਤਿੰਨ ਵੱਜ ਚੁੱਕੇ ਸਨ। ਫਿਰ ਇਕਦਮ ਮੇਰਾ ਧਿਆਨ ਕੋਲ ਪਏ ਮੇਰੇ 5 ਸਾਲ ਦੇ ਬੇਟੇ ਵੱਲ ਗਿਆ ਤਾਂ ਇਕਦਮ ਉਸ ਨੂੰ ਘੁੱਟ ਕੇ ਜੱਫੀ 'ਚ ਲਿਆ ਤੇ ਬਹੁਤ ਪਿਆਰ ਕੀਤਾ। ਹੁਣ ਮੈਨੂੰ ਵਿਸ਼ਵਾਸ ਹੋ ਗਿਆ ਸੀ ਕਿ ਇਹ ਇਕ ਭੈੜਾ ਸੁਪਨਾ ਸੀ। ਮੈਂ ਪਾਣੀ ਦਾ ਘੁੱਟ ਭਰਿਆ ਤੇ ਲੰਮਾ ਸਾਹ ਲੈ ਕੇ ਪਰਮਾਤਮਾ ਦਾ ਸ਼ੁਕਰਾਨਾ ਕੀਤਾ ਕਿ ਇਹ ਇਕ ਸੁਪਨਾ ਸੀ। ਏਨੇ ਨੂੰ ਗੁਰੂ ਘਰ 'ਚ ਭਾਈ ਜੀ ਬੋਲ ਪਿਆ ਤੇ ਮੈਂ ਵਾਹਿਗੁਰੂ ਵੱਲ ਧਿਆਨ ਧਰ ਕੇ ਲੱਖ- ਲੱਖ ਸ਼ੁਕਰਾਨਾ ਕੀਤਾ।ਪਰ ਇਸ ਸੁਪਨੇ ਨੇ ਮੈਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਸੀ। ਇਸ ਸੁਪਨੇ ਨੇ ਹਕੀਕਤ ਦਾ ਜੋ ਪਾਠ ਪੜ੍ਹਾਇਆ, ਉਹ ਮੈਂ ਪੂਰੀ ਜ਼ਿੰਦਗੀ ਨਹੀਂ ਭੁੱਲਾਂਗਾ। ਜੇ ਇਨਸਾਨ ਆਪਣੀ ਮੌਤ ਨੂੰ ਯਾਦ ਰੱਖਦਾ ਹੈ ਤਾਂ ਕਦੇ ਵੀ ਕੋਈ ਪਾਪ ਜਾਂ ਬੁਰਾ ਕੰਮ ਕਰਨ ਬਾਰੇ ਨਹੀਂ ਸੋਚਦਾ। ਇਸ ਤਰ੍ਹਾਂ ਉਸ ਇਨਸਾਨ ਨੂੰ ਸਭ 'ਚ ਪਰਮਾਤਮਾ ਹੀ ਨਜ਼ਰ ਆਉਣ ਲੱਗ ਪੈਂਦਾ ਹੈ। ਹੁਣ ਮੇਰਾ ਨਜ਼ਰੀਆ ਬਦਲ ਚੁੱਕਾ ਸੀ।

-ਮੋਬਾਈਲ ਨੰ: 96461-18113

Posted By: Sukhdev Singh