-ਦੀਪ ਚੌਹਾਨ

ਸੰਨ 2014 ਵਿਚ ਮਾਂ ਦੀ ਅਚਾਨਕ ਹੋਈ ਮੌਤ ਨੇ ਜ਼ਿੰਦਗੀ ਨੂੰ ਇੱਕੋ ਦਮ ਝੰਜੋੜ ਦਿੱਤਾ। ਮਾਂ ਨੂੰ ਆਪਣਾ ਦੋਸਤ ਤੇ ਸਭ ਕੁਝ ਸਮਝਣ ਵਾਲਾ ਮੁੰਡਾ ਬਿਲਕੁਲ ਇਕੱਲਾ ਰਹਿ ਗਿਆ ਸੀ। ਭਾਵੇਂ ਹਰੇਕ ਰਿਸ਼ਤੇਦਾਰ ਕਹਿ ਰਿਹਾ ਸੀ ਕਿ ਹੌਲੀ-ਹੌਲੀ ਸਭ ਠੀਕ ਹੋ ਜਾਵੇਗਾ ਪਰ ਉਸ ਨੂੰ ਪਤਾ ਸੀ ਕਿ ਕੁਝ ਵੀ ਹੋ ਜਾਵੇ ਪਰ ਉਸ ਦੀ ਮਾਂ ਹੁਣ ਕਦੀ ਵੀ ਉਸ ਦੇ ਕੋਲ ਵਾਪਸ ਨਹੀਂ ਆਵੇਗੀ। ਹੌਲੀ-ਹੌਲੀ ਸਭ ਰਿਸ਼ਤੇਦਾਰ ਇਕ-ਇਕ ਕਰ ਕੇ ਘਰੋਂ ਜਾਂਦੇ ਗਏ। ਵੱਡੀ ਭੈਣ ਦੂਰ ਵਿਆਹੀ ਹੋਈ ਸੀ। ਆਖ਼ਰ ਉਹ ਵੀ ਕਿੰਨੀ ਕੁ ਦੇਰ ਆਪਣਾ ਘਰ ਛੱਡ ਕੇ ਪੇਕੇ ਘਰ ਬੈਠੀ ਰਹਿੰਦੀ। ਇਕ ਮਹੀਨੇ ਬਾਅਦ ਉਹ ਵੀ ਰੋਂਦੀ-ਕੁਰਲਾਂਦੀ ਆਪਣੇ ਭਰਾਵਾਂ ਦੇ ਸਿਰ ਤੇ ਹੱਥ ਰੱਖਦੀ, ਪਿਤਾ ਦੇ ਹੰਝੂ ਪੂੰਝਦੀ ਹੋਈ ਫਿਰ ਦੁਬਾਰਾ ਜਲਦੀ ਆਉਣ ਦਾ ਕਹਿ ਕੇ ਆਪਣੇ ਘਰ ਚਲੀ ਗਈ। ਵੱਡਾ ਭਰਾ ਵੀ ਉਨ੍ਹਾਂ ਦਿਨਾਂ ਵਿਚ ਬਹੁਤ ਚੁੱਪ-ਚੁੱਪ ਰਹਿੰਦਾ ਸੀ ਕਿਉਂਕਿ ਉਸ ਨੇ ਆਪਣੇ ਹੱਥਾਂ ਵਿਚ ਆਪਣੀ ਮਾਂ ਨੂੰ ਜਾਂਦੀ ਹੋਈ ਦੇਖਿਆ ਸੀ।

ਪਿਤਾ ਕੋਲ ਆਪਣੇ ਦੁੱਖ ਭੁਲਾਉਣ ਦੀ ਬਸ ਇੱਕੋ ਹੀ ਦਵਾਈ ਸੀ... ਸ਼ਰਾਬ!! ਪਿਤਾ ਦੀ ਰੋਜ਼ ਸ਼ਰਾਬ ਪੀਣ ਦੀ ਆਦਤ ਸ਼ਾਇਦ ਉਸ ਨੂੰ ਆਪਣੇ ਪਿਤਾ ਨਾਲ ਕੁਝ ਗੱਲ ਕਰਨ ਦੀ ਇਜਾਜ਼ਤ ਨਹੀਂ ਦਿੰਦੀ ਸੀ। ਉਹ ਹਰ ਰੋਜ਼ ਅਲੱਗ ਕਮਰੇ ਵਿਚ ਆਪਣੀ ਮਾਂ ਦੀ ਤਸਵੀਰ ਘੰਟਿਆਂ ਤਕ ਹੱਥ ਵਿਚ ਫੜੀ, ਸੀਨੇ ਨਾਲ ਲਾਈ ਬੈਠਾ ਰਹਿੰਦਾ ਅਤੇ ਹੌਲੀ-ਹੌਲੀ ਗੱਲਾਂ ਕਰਦਾ ਰਹਿੰਦਾ। ਦਿਲ ਦੀਆਂ ਗੱਲਾਂ ਭੈਣ ਨਾਲ ਨਹੀਂ ਸੀ ਕਰਦਾ। ਉਹ ਸੋਚਦਾ ਕਿ ਦੂਰ ਬੈਠੀ ਮੇਰਾ ਦੁੱਖ ਸੁਣ ਕੇ ਹੋਰ ਵੀ ਦੁਖੀ ਹੋਵੇਗੀ। ਨਾਲੇ ਭੈਣ ਦਾ ਦੁੱਖ ਕਿਹੜਾ ਘੱਟ ਸੀ। ਧੀਆਂ ਕੋਲ ਵੀ ਤਾਂ ਮਾਵਾਂ ਹੀ ਹੁੰਦੀਆਂ ਨੇ ਜਿਨ੍ਹਾਂ ਨਾਲ ਉਹ ਦਿਲ ਦੀ ਹਰ ਗੱਲ ਕਰਦੀਆਂ ਨੇ। ਕਮਰੇ ਵਿਚ ਘੰਟਿਆਂ ਇਕੱਲੇ ਬੈਠੇ ਰਹਿਣਾ ਅਤੇ ਆਪਣੀ ਮਾਂ ਦੀ ਤਸਵੀਰ ਨਾਲ ਗੱਲਾਂ ਕਰੀ ਜਾਣਾ ਉਸ ਦੀ ਰੋਜ਼ ਦੀ ਆਦਤ ਬਣ ਗਈ ਸੀ।

ਇਕ ਦਿਨ ਆਪਣੀ ਮਾਂ ਨੂੰ ਕਹਿਣ ਲੱਗਾ ਕਿ ਮੈਂ ਤਾਂ ਸੁਣਿਆ ਸੀ ਕਿ ਮਾਵਾਂ ਮਰਨ ਤੋਂ ਬਾਅਦ ਵੀ ਪੁੱਤਾਂ ਨੂੰ ਨਹੀਂ ਛੱਡਦੀਆਂ। ਕੀ ਤੂੰ ਮੈਨੂੰ ਸੱਚੀ ਛੱਡ ਕੇ ਚਲੀ ਗਈ। ਇਸੇ ਗੁੱਸੇ-ਗਿਲੇ 'ਚ ਰੋਂਦੇ-ਰੋਂਦੇ ਨੇ ਮਾਂ ਦੀ ਤਸਵੀਰ ਨੂੰ ਗਲ ਨਾਲ ਲਾਇਆ। ਕਦੋਂ ਨੀਂਦ ਆ ਗਈ, ਉਸ ਨੂੰ ਪਤਾ ਹੀ ਨਹੀਂ ਲੱਗਾ। ਸੁਪਨੇ 'ਚ ਮਾਂ ਤਾਂ ਦੇਖੀ ਪਰ ਬਹੁਤ ਹੀ ਦੂਰ, ਨਾ ਬੋਲੀ, ਨਾ ਕੋਈ ਗੱਲ ਕੀਤੀ। ਬਸ ਦੂਰ ਤੋਂ ਉਸ ਨੂੰ ਵੇਖਦੀ-ਵੇਖਦੀ ਅੱਖਾਂ ਤੋਂ ਓਹਲੇ ਹੋ ਗਈ। ਪਰ ਹੈਰਾਨੀ ਦੀ ਗੱਲ ਇਹ ਸੀ ਕਿ ਮਾਂ ਦੇ ਹੱਥ ਵਿਚ ਇਕ ਡਾਇਰੀ ਸੀ ਜੋ ਹੂਬਹੂ ਉਸੇ ਡਾਇਰੀ ਨਾਲ ਮਿਲਦੀ ਸੀ ਜੋ ਉਸ ਦੇ ਹੀ ਘਰ ਦੇ ਕਿਤਾਬਾਂ ਵਾਲੇ ਖਾਨੇ ਵਿਚ ਪਈ ਸੀ। ਅੱਧੀ ਰਾਤ ਨੂੰ ਉੱਠ ਕੇ ਉਹ ਆਪਣੇ ਕਿਤਾਬਾਂ ਵਾਲੇ ਖਾਨੇ ਵਿਚ ਉਹੀ ਡਾਇਰੀ ਲੱਭਣ ਲੱਗ ਪਿਆ। ਡਾਇਰੀ ਤਾਂ ਮਿਲੀ ਪਰ ਬਿਲਕੁਲ ਖ਼ਾਲੀ। ਉਸ ਨੂੰ ਲੱਗਾ ਸ਼ਾਇਦ ਇਹ ਉਸ ਦੀ ਮਾਂ ਦਾ ਕੋਈ ਸੁਨੇਹਾ ਹੈ ਜੋ ਉਸ ਨੂੰ ਕਿਸੇ ਤਰੀਕੇ ਮਿਲਿਆ ਹੈ। ਲਿਖਣ ਦਾ ਸ਼ੌਕ ਤਾਂ ਉਸ ਨੂੰ ਬਚਪਨ ਤੋਂ ਹੀ ਸੀ ਪਰ ਕਦੀ ਮਾਂ ਲਈ ਵੀ ਲਿਖਣਾ ਪਵੇਗਾ ਇਹ ਸ਼ਾਇਦ ਇਸ ਤੋਂ ਪਹਿਲਾਂ ਉਸ ਨੇ ਕਦੇ ਨਹੀਂ ਸੋਚਿਆ ਸੀ।

ਉਸ ਨੇ ਕਲਮ ਚੁੱਕੀ ਅਤੇ ਜੋ ਵੀ ਉਸ ਦੇ ਦਿਲ ਵਿਚ ਸੀ, ਸਭ ਕੁਝ ਲਿਖਣਾ ਸ਼ੁਰੂ ਕਰ ਦਿੱਤਾ। ਇਹ ਸੋਚ ਕੇ ਕਿ ਇਹ ਸਭ ਉਸ ਦੀ ਮਾਂ ਪੜ੍ਹੇਗੀ। ਫਿਰ ਇਹ ਸਿਲਸਿਲਾ ਚੱਲਦਾ ਹੀ ਰਿਹਾ। ਥੋੜ੍ਹੇ-ਥੋੜ੍ਹੇ ਦਿਨਾਂ ਬਾਅਦ ਉਹ ਉਸੇ ਡਾਇਰੀ ਵਿਚ ਆਪਣੀ ਮਾਂ ਨੂੰ ਇਕ ਖ਼ਤ ਲਿਖਣ ਲੱਗ ਪਿਆ। ਇਕ ਦਿਨ ਲਿਖਦਾ-ਲਿਖਦਾ ਬਹੁਤ ਰੋਇਆ ਜਿਵੇਂ ਕਹਿ ਰਿਹਾ ਹੋਵੇ ਕਿ ਮਾਂ ਮੰਨ ਲਿਆ ਕਿ ਤੂੰ ਆਪਣੇ ਨਾਲ ਗੱਲਾਂ ਕਰਨ ਦਾ ਇਕ ਤਰੀਕਾ ਦੇ ਦਿੱਤਾ ਪਰ ਮੈਂ ਸਿਰਫ਼ ਗੱਲਾਂ ਨਹੀਂ ਕਰਨੀਆਂ।

ਇਕ ਵਾਰ ਤੇਰੇ ਗਲ ਲੱਗ ਕੇ ਰੋਣਾ ਹੈ। ਇਕ ਵਾਰ ਮੈਨੂੰ ਰੋ ਲੈਣ ਦੇ ਮਾਂ। ਇਸ ਤੋਂ ਬਾਅਦ ਕਦੇ ਕੁਝ ਨਹੀਂ ਮੰਗਾਂਗਾ। ਉਸ ਨੇ ਆਪਣੇ ਖ਼ਤਾਂ 'ਚ ਆਪਣੀ ਇਹੀ ਮੰਗ ਬਹੁਤ ਵਾਰ ਦੁਹਰਾਈ ਪਰ ਸ਼ਾਇਦ ਮਾਂ ਹਾਲੇ ਮਜਬੂਰ ਸੀ। ਇਨ੍ਹਾਂ ਸੋਚਾਂ ਅਤੇ ਇਕੱਲੇਪਨ ਦਾ ਨਤੀਜਾ ਉਹੀ ਨਿਕਲਿਆ ਜਿਸ ਦਾ ਡਰ ਸੀ। ਇਕ ਦਿਨ ਅਚਾਨਕ ਉਸ ਦੇ ਢਿੱਡ ਵਿਚ ਪੀੜ ਉੱਠੀ ਅਤੇ ਗੱਲ ਹਸਪਤਾਲ ਦਾਖ਼ਲ ਹੋਣ ਤਕ ਆ ਗਈ। ਮਾਂ ਕਾਫ਼ੀ ਵਾਰ ਸੁਪਨੇ ਵਿਚ ਆਉਂਦੀ ਪਰ ਦੂਰੋਂ ਹੀ ਗੱਲਾਂ ਕਰ ਕੇ ਮੁੜ ਜਾਂਦੀ ਪਰ ਉਹ ਜਿਵੇਂ ਆਪਣੀ ਅੜੀ 'ਤੇ ਅੜਿਆ ਹੋਇਆ ਸੀ ਜਿਸ ਤਰ੍ਹਾਂ ਬਚਪਨ ਵਿਚ ਆਪਣੀ ਕੋਈ ਗੱਲ ਮਾਂ ਤੋਂ ਮਨਾਉਣ ਲਈ ਜ਼ਿੱਦ 'ਤੇ ਅੜਦਾ ਹੁੰਦਾ ਸੀ। ਓਧਰ ਡਾਕਟਰ ਇਹ ਸੋਚ ਕੇ ਪਰੇਸ਼ਾਨ ਸਨ ਕਿ ਇਸ 'ਤੇ ਕੋਈ ਦਵਾਈ ਅਸਰ ਕਿਉਂ ਨਹੀਂ ਕਰ ਰਹੀ। ਸਾਰਾ ਪਰਿਵਾਰ, ਰਿਸ਼ਤੇਦਾਰ ਉਸ ਦੇ ਕੋਲ ਸਨ। ਉਸ ਨੂੰ ਸਮਝਾ ਰਹੇ ਸਨ, ਪਿਆਰ ਕਰ ਰਹੇ ਸਨ ਪਰ ਉਸ ਦੇ ਅੰਦਰ ਕੀ ਚੱਲ ਰਿਹਾ ਸੀ?

ਇਹ ਕੋਈ ਵੀ ਨਹੀਂ ਜਾਣਦਾ ਸੀ ਸਿਵਾਏ ਉਸ ਦੀ ਮਾਂ ਦੇ ਜਾਂ ਉਨ੍ਹਾਂ ਖ਼ਤਾਂ ਦੇ ਜੋ ਉਸ ਨੇ ਆਪਣੀ ਮਾਂ ਨੂੰ ਲਿਖੇ ਸਨ। ਆਖ਼ਰਕਾਰ ਰੱਬ ਨੂੰ ਵੀ ਮਾਂ ਤੇ ਪੁੱਤ ਦੇ ਪਿਆਰ ਵਿਚ ਝੁਕਣਾ ਪਿਆ। ਉਸ ਨੂੰ ਹਸਪਤਾਲ ਵਿਚ ਹੀ ਇਕ ਰਾਤ ਸੁਪਨਾ ਆਇਆ ਜਿਸ ਵਿਚ ਉਸ ਦੀ ਮਾਂ ਉਸ ਨੂੰ ਮਿਲਣ ਆਈ। ਉਸ ਨੇ ਅੰਮੜੀ ਨਾਲ ਖ਼ੂਬ ਗੱਲਾਂ ਕੀਤੀਆਂ। ਮਾਂ ਉਸ ਦਾ ਹਾਲ ਪੁੱਛ ਕੇ ਜਾਣ ਹੀ ਲੱਗੀ ਸੀ ਕਿ ਉਸ ਨੇ ਉਸ ਦਾ ਹੱਥ ਫੜ ਲਿਆ ਅਤੇ ਗਲ ਨਾਲ ਲਾ ਲਈ।

ਫਿਰ ਉਹ ਕੁਝ ਨਾ ਬੋਲਿਆ ਅਤੇ ਨਾ ਹੀ ਮਾਂ ਨੂੰ ਬੋਲਣ ਦਿੱਤਾ, ਬਸ ਰੋਈ ਗਿਆ। ਜਦ ਉੱਠਿਆ ਤਾਂ ਸਰਾਣਾ ਭਾਵੇਂ ਗਿੱਲਾ ਸੀ ਪਰ ਜਿਵੇਂ ਉਸ ਦਾ ਦਿਲ ਬਹੁਤ ਹਲਕਾ ਹੋ ਗਿਆ ਸੀ। ਕੁਝ ਦਿਨਾਂ 'ਚ ਹੀ ਉਸ ਦੀ ਸਿਹਤ ਵਿਚ ਵੀ ਫ਼ਰਕ ਪੈਣਾ ਸ਼ੁਰੂ ਹੋ ਗਿਆ ਅਤੇ ਹੌਲੀ-ਹੌਲੀ ਉਹ ਬਿਲਕੁਲ ਠੀਕ ਹੋ ਗਿਆ। ਫਿਰ ਉਸ ਨੇ ਆਪਣੀ ਮਾਂ ਨੂੰ ਖ਼ਤ ਤਾਂ ਲਿਖੇ ਪਰ ਕਦੀ ਉਸ ਨੂੰ ਮਿਲਣ ਦੀ ਜਾਂ ਕਿਸੇ ਹੋਰ ਗੱਲ ਦੀ ਜ਼ਿੱਦ ਨਹੀਂ ਕੀਤੀ ਪਰ ਮਾਂ ਵੀ ਥੋੜ੍ਹੇ ਕੁ ਦਿਨਾਂ ਬਾਅਦ ਹੀ ਕਿਸੇ ਨਾ ਕਿਸੇ ਬਹਾਨੇ ਉਸ ਦੇ ਸੁਪਨੇ ਵਿਚ ਆ ਹੀ ਜਾਂਦੀ ਸੀ। ਭਾਵੇਂ ਨਵਾਂ ਸਾਲ ਚੜ੍ਹਦਾ ਗਿਆ ਹੈ ਪਰ ਇਨ੍ਹਾਂ ਖ਼ਤਾਂ ਅਤੇ ਸੁਪਨਿਆਂ ਦਾ ਸਿਲਸਿਲਾ ਅੱਜ ਵੀ ਜਾਰੀ ਹੈ। ਕੋਈ ਨਹੀਂ ਜਾਣਦਾ ਪਰ ਮਾਂ ਅੱਜ ਵੀ ਹਰ ਖ਼ਤ ਦਾ ਜਵਾਬ ਦਿੰਦੀ ਹੈ। ਅਜਿਹਾ ਸ਼ਾਇਦ ਇਸ ਕਰ ਕੇ ਕਿਉਂਕਿ ਮਾਂ ਨੂੰ ਆਪਣੀ ਸੰਤਾਨ ਦਾ ਫ਼ਿਕਰ ਪਰਲੋਕ ਵਿਚ ਵੀ ਹੁੰਦਾ ਹੈ। ਅੱਜਕੱਲ੍ਹ ਜਦੋਂ ਮੀਡੀਆ ਰਿਪੋਰਟਾਂ ਰਾਹੀਂ ਮਾਪਿਆਂ ਦੀ ਔਲਾਦ ਵੱਲੋਂ ਬੇਕਦਰੀ ਬਾਰੇ ਪਤਾ ਲੱਗਦਾ ਹੈ ਤਾਂ ਮਨ ਬਹੁਤ ਦੁਖੀ ਹੁੰਦਾ ਹੈ। ਅਜਿਹੇ ਲੋਕ ਸ਼ਾਇਦ ਇਸ ਗੱਲੋਂ ਬੇਖ਼ਬਰ ਹੁੰਦੇ ਹਨ ਕਿ ਮਾਪਿਆਂ ਦੇ ਪੈਰਾਂ ਵਿਚ ਹੀ ਸੁਰਗ ਹੁੰਦਾ ਹੈ। ਉਨ੍ਹਾਂ ਦੀ

ਬੇਕਦਰੀ ਭੁੱਲ ਕੇ ਵੀ ਨਾ ਕਰੋ।

-ਮੋਬਾਈਲ ਨੰ. : 94642-12566

-response@jagran.com

Posted By: Jagjit Singh