ਧਰਮ ਤੇ ਰਾਜਨੀਤੀ ਨੂੰ ਲੈ ਕੇ ਅੱਜ ਜਿਹੋ ਜਿਹੇ ਪ੍ਰਯੋਗ ਕੀਤੇ ਜਾ ਰਹੇ ਹਨ, ਉਸ ਨਾਲ ਦੋਵਾਂ 'ਤੇ ਹੀ ਸਵਾਲ ਉੱਠ ਰਹੇ ਹਨ। ਕਦੇ ਧਰਮ 'ਤੇ ਰਾਜਨੀਤੀ ਹਾਵੀ ਹੋ ਜਾਂਦੀ ਹੈ ਤੇ ਕਦੇ ਰਾਜਨੀਤੀ ਅਧਰਮ ਦਾ ਸ਼ਿਕਾਰ ਹੋ ਜਾਂਦੀ ਹੈ।

ਸਵਾਰਥ ਕਾਰਨ ਧਰਮ 'ਚ ਰਾਜਨੀਤੀ ਤੇ ਰਾਜਨੀਤੀ 'ਚ ਧਰਮ ਦੇ ਅਣਉੱਚਿਤ ਦਖ਼ਲ ਨਾਲ ਨਾ ਤਾਂ ਧਰਮ ਦਾ ਉਹ ਸਤਿਕਾਰ ਰਿਹਾ ਹੈ ਤੇ ਨਾ ਹੀ ਰਾਜਨੀਤੀ ਦੀ ਮਰਿਆਦਾ ਬਚੀ ਹੈ। ਦੋਵਾਂ ਦੇ ਪ੍ਰਤੀਨਿਧ ਬੱਸ ਇਕ ਦੂਜੇ ਦੀ ਵਰਤੋਂ ਕਰ ਰਹੇ ਹਨ। ਧਰਮ ਤੇ ਰਾਜਨੀਤੀ ਦਾ ਸਮਾਜ ਨਾਲ ਰਿਸ਼ਤਾ ਗੌਣ ਹੁੰਦਾ ਜਾ ਰਿਹਾ ਹੈ। ਧਰਮ ਤੇ ਰਾਜਨੀਤੀ ਇਕ ਦੂਜੇ ਦੀ ਸੀਮਾ 'ਚ ਸ਼ਰਨਾਰਥੀ ਹੀ ਲੱਗਦੇ ਹਨ।

ਭਾਰਤ ਦੇ ਅਤੀਤ 'ਚ ਧਰਮ ਦੇ ਸੰਬੰਧਾਂ ਦੀ ਗੱਲ ਕਰੀਏ ਤਾਂ ਰਾਜਤੰਤਰ ਹਮੇਸ਼ਾ ਤੋਂ ਧਰਮ 'ਤੇ ਆਧਾਰਿਤ ਸੀ। ਧਰਮ ਇਕ ਅਣਲਿਖਤ ਸੰਵਿਧਾਨ ਹੁੰਦਾ ਸੀ, ਜਿਸ ਦੀ ਪਾਲਣਾ ਰਾਜਤੰਤਰ ਵੱਲੋਂ ਸਮਾਜ ਦੇ ਹਿੱਤ 'ਚ ਕੀਤੀ ਜਾਂਦੀ ਸੀ। ਰਾਜਤੰਤਰ ਦੇ ਪ੍ਰਤੀਨਿਧ ਧਰਮ ਦੇ ਗਰਭ 'ਚ ਜਨਮੇ ਸੰਵਿਧਾਨ ਦਾ ਸਨਮਾਨ ਕਰਦੇ ਸਨ। ਵੇਦਾਂ 'ਚ ਇਸ ਗੱਲ 'ਤੇ ਜ਼ੋਰ ਦਿੱਤਾ ਗਿਆ ਹੈ ਕਿ ਧਰਮ ਤੇ ਰਾਜਨੀਤੀ ਦਾ ਮਕਸਦ ਚੰਗੇ ਇਨਸਾਨ ਤਿਆਰ ਕਰਨਾ ਹੈ।

ਅਜਿਹੇ ਸੰਸਕਾਰ ਪੈਦਾ ਕਰਨਾ ਹੈ, ਜੋ ਸਮਾਜ ਨੂੰ ਜੋੜਨ ਦੀ ਗੱਲ ਕਰਨ। ਮਹਾਰਿਸ਼ੀ ਜਾਬਾਲੀ ਦਾ ਮੰਨਣਾ ਸੀ ਕਿ ਨਾਸਤਿਕ ਵੀ ਧਰਮ ਦੇ ਨਾਲ ਰਹਿੰਦਾ ਹੈ, ਭਾਵੇਂ ਹੀ ਉਸ ਦਾ ਧਰਮ ਪੂਰੇ ਸਮਾਜ ਨੂੰ ਸਵੀਕਾਰ ਨਾ ਹੋਵੇ। ਧਰਮ ਦਾ ਅਰਥ ਕਿਸੇ ਵਿਸ਼ੇਸ਼ ਵਿਚਾਰਧਾਰਾ ਪ੍ਰਤੀ ਅੱਖਾਂ ਬੰਦ ਕਰ ਕੇ ਚੱਲਣਾ ਨਹੀਂ। ਜਾਗਰੂਕਤਾ ਹੀ ਧਰਮ ਹੈ।

ਅੱਖਾਂ ਬੰਦ ਕਰ ਕੇ ਧਿਆਨ ਲਗਾਉਣਾ ਧਰਮ ਨਹੀਂ। ਉਸ ਰਾਜਤੰਤਰ 'ਤੇ ਦੁਸ਼ਮਣਾਂ ਦਾ ਕਬਜ਼ਾ ਹੋ ਜਾਂਦਾ ਹੈ, ਜਿਨ੍ਹਾਂ ਦੇ ਪ੍ਰਤੀਨਿਧ ਪਖੰਡ ਕਰਦੇ ਹਨ ਤੇ ਪਰਜਾ ਦੀਆਂ ਤਕਲੀਫ਼ਾਂ ਦੀ ਚਿੰਤਾ ਨਹੀਂ ਕਰਦੇ। ਰਾਜਤੰਤਰ ਜਦੋਂ ਤਕ ਇਹ ਨਹੀਂ ਸਮਝਦਾ ਕਿ ਧਰਮ ਤੇ ਆਸਥਾ ਨਾਲ ਜੋੜ ਕੇ ਹੀ ਸਮੁੱਚੇ ਵਿਸ਼ਵ ਦੇ ਭਲੇ ਦੀ ਕਲਪਨਾ ਕੀਤੀ ਜਾ ਸਕਦੀ ਹੈ, ਉਦੋਂ ਤਕ ਰਾਜ ਦਾ ਬੁਨਿਆਦੀ ਚਰਿੱਤਰ ਨਹੀਂ ਬਦਲੇਗਾ।

ਆਸਥਾ ਪਰਿਵਰਤਨਸ਼ੀਲ ਹੈ ਪਰ ਧਰਮ ਕਦੇ ਨਹੀਂ ਬਦਲਦਾ।

ਸੱਭਿਅਤਾ, ਆਰਥਿਕ, ਸਮਾਜਿਕ, ਰਾਜਨੀਤਕ ਵਿਵਸਥਾ ਉਦੋਂ ਹੀ ਮਜ਼ਬੂਤ ਹੁੰਦੀ ਹੈ, ਜਦੋਂ ਇਸ ਨੂੰ ਧਰਮ ਦਾ ਸਮਰਥਨ ਮਿਲਦਾ ਹੈ। ਵੇਦ ਸਾਨੂੰ ਦੱਸਦੇ ਹਨ ਕਿ ਮਨੁੱਖ ਦਾ ਜੀਵਨ ਕਿੰਨਾ ਅਨਮੋਲ ਹੈ ਤੇ ਅੱਜ ਸਾਰੇ ਧਰਮਾਂ ਨੂੰ ਇਹੋ ਸਮਝਣ ਦੀ ਜ਼ਰੂਰਤ ਹੈ। ਪੁਰਾਤਨਪੰਥੀ ਵਿਚਾਰ ਕਹਿ ਕੇ ਅਸੀਂ ਵੇਦਾਂ ਨੂੰ ਹਾਸ਼ੀਏ 'ਤੇ ਭਾਵੇਂ ਹੀ ਰੱਖ ਦੇਈਏ ਪਰ ਰਾਸ਼ਟਰਧਰਮ ਦੇ ਸੰਦਰਭ 'ਚ ਵੇਦਾਂ ਦੀ ਪ੍ਰਸੰਗਿਕਤਾ ਨੂੰ ਕਦੇ ਨਹੀਂ ਨਕਾਰਿਆ ਜਾ ਸਕਦਾ।

-ਰਮੇਸ਼ ਯੋਗੀ

Posted By: Arundeep