ਪੰਜਾਬ ਦੇ ਸਰਕਾਰੀ ਸਕੂਲਾਂ ਲਈ ਸੈਸ਼ਨ 2022-23 ਦਾਖ਼ਲਿਆਂ ਪੱਖੋਂ ਕਾਫ਼ੀ ਮਾੜਾ ਕਿਹਾ ਜਾ ਸਕਦਾ ਹੈ। ਅਪ੍ਰੈਲ ਤੋਂ ਸ਼ੁਰੂ ਹੋਏ ਨਵੇਂ ਦਾਖ਼ਲਿਆਂ ਪ੍ਰਤੀ ਮਾਪਿਆਂ ਦਾ ਉਤਸ਼ਾਹ ਕਾਫ਼ੀ ਮੱਠਾ ਰਿਹਾ ਹੈ। ਪਿਛਲੇ ਦਿਨੀਂ ਪ੍ਰਕਾਸ਼ਿਤ ਮੀਡੀਆ ਰਿਪੋਰਟਾਂ ਅਨੁਸਾਰ ਪਿਛਲੇ ਸੈਸ਼ਨ ਦੌਰਾਨ ਸਰਕਾਰੀ ਸਕੂਲਾਂ ’ਚ ਪ੍ਰੀ-ਪ੍ਰਾਇਮਰੀ ਜਮਾਤ ਤੋਂ ਲੈ ਕੇ ਬਾਰ੍ਹਵੀਂ ਤਕ 30.40 ਲੱਖ ਵਿਦਿਆਰਥੀਆਂ ਨੇ ਦਾਖ਼ਲਾ ਲਿਆ ਸੀ ਜੋ ਮੌਜੂਦਾ ਸੈਸ਼ਨ ਦੌਰਾਨ ਘਟ ਕੇ 28.36 ਲੱਖ ਰਹਿ ਗਿਆ ਹੈ। ਮੌਜੂਦਾ ਸੈਸ਼ਨ ਦੌਰਾਨ ਸਰਕਾਰੀ ਸਕੂਲਾਂ ਦੇ ਦਾਖ਼ਲਿਆਂ ’ਚ ਰਿਕਾਰਡ ਪੌਣੇ ਸੱਤ ਫ਼ੀਸਦੀ ਦੀ ਕਮੀ ਆਈ ਹੈ। ਹੋ ਸਕਦਾ ਹੈ ਕਿ ਮੌਜੂਦਾ ਸੈਸ਼ਨ ਦੇ ਇਸ ਦਾਖ਼ਲਾ ਅੰਕੜੇ ’ਚ ਹੋਰ ਵਾਧਾ ਹੋ ਜਾਵੇ। ਸਰਕਾਰੀ ਸਕੂਲਾਂ ਦੇ ਦਾਖ਼ਲਿਆਂ ’ਚ ਪਿਛਲੇ ਤਕਰੀਬਨ ਪੰਜ-ਛੇ ਵਰਿ੍ਹਆਂ ਤੋਂ ਚੱਲਿਆ ਆ ਰਿਹਾ ਵਾਧੇ ਦਾ ਰੁਝਾਨ ਸੈਸ਼ਨ 2020-21 ਅਤੇ 2021-22 ਦੌਰਾਨ ਸਿਖ਼ਰਾਂ ਨੂੰ ਛੂਹ ਗਿਆ ਸੀ। ਇਨ੍ਹਾਂ ਸੈਸ਼ਨਾਂ ਦੌਰਾਨ ਦਾਖ਼ਲਿਆਂ ਪ੍ਰਤੀ ਕੀਤੀ ਯੋਜਨਾਬੰਦੀ ਦਾ ਪ੍ਰਤੱਖ ਅਸਰ ਵੇਖਣ ਨੂੰ ਮਿਲਿਆ ਸੀ। ਹੋਰਨਾਂ ਸਕੂਲਾਂ ਨੂੰ ਛੱਡ ਕੇ ਸਰਕਾਰੀ ਸਕੂਲਾਂ ’ਚ ਦਾਖ਼ਲਾ ਲੈਣ ਦੀ ਪ੍ਰਕਿਰਿਆ ਨੂੰ ਵੀ ਸਰਲ ਕਰਨਾ ਆਪਣੇ-ਆਪ ’ਚ ਵੱਡਾ ਉਪਰਾਲਾ ਸੀ। ਇਸ ਸਮੇਂ ਦੌਰਾਨ ਸਕੂਲ ਸਿੱਖਿਆ ਵਿਭਾਗ ਅਧਿਆਪਕਾਂ ਦੀ ਮਦਦ ਨਾਲ ਸਰਕਾਰੀ ਸਕੂਲਾਂ ’ਚ ਬੁਨਿਆਦੀ ਸਹੂਲਤਾਂ ਅਤੇ ਪੜ੍ਹਨ-ਪੜ੍ਹਾਉਣ ਦੀਆਂ ਤਕਨੀਕਾਂ ਪੱਖੋਂ ਆਏ ਸੁਧਾਰ ਦਾ ਸੁਨੇਹਾ ਮਾਪਿਆਂ ਤਕ ਪਹੁੰਚਾਉਣ ’ਚ ਬਾਖੂਬੀ ਕਾਮਯਾਬ ਰਿਹਾ ਸੀ। ਦਾਖ਼ਲਾ ਮੁਹਿੰਮ ਨੂੰ ਮਿਸ਼ਨ ਵਜੋਂ ਚਲਾ ਕੇ ਸਮਾਜਿਕ ਸੰਸਥਾਵਾਂ ਦਾ ਵੀ ਸਹਿਯੋਗ ਲਿਆ ਗਿਆ ਸੀ। ਲੰਬੇ ਅਰਸੇ ਉਪਰੰਤ ਬਹੁਤ ਸਾਰੇ ਮਾਪਿਆਂ ਵੱਲੋਂ ਸਰਕਾਰੀ ਸਕੂਲਾਂ ਪ੍ਰਤੀ ਮੁੜ ਤੋਂ ਵਿਸ਼ਵਾਸ ਪ੍ਰਗਟ ਕੀਤਾ ਗਿਆ। ਇਸ ਸਮੇਂ ਦੌਰਾਨ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਵੱਲੋਂ ਵੀ ਆਪਣੇ ਬੱਚਿਆਂ ਦਾ ਦਾਖ਼ਲਾ ਸਰਕਾਰੀ ਸਕੂਲਾਂ ’ਚ ਕਰਵਾਉਣ ਦਾ ਰੁਝਾਨ ਵੇਖਣ ਨੂੰ ਮਿਲਿਆ ਸੀ। ‘ਈਚ ਵਨ ਬਰਿੰਗ ਵਨ’ ਜਿਹੀਆਂ ਦਾਖ਼ਲਾ ਮੁਹਿੰਮਾਂ ਦੀ ਗੂੰਜ ਗਲੀਆਂ ’ਚ ਸੁਣਾਈ ਦੇਣ ਲੱਗੀ ਸੀ। ਮੀਡੀਆ ਦੇ ਨਾਲ-ਨਾਲ ਸੋਸ਼ਲ ਮੀਡੀਆ ’ਤੇ ਸਰਕਾਰੀ ਸਕੂਲਾਂ ਦੀ ਪੜ੍ਹਾਈ ਦੇ ਮਿਆਰ ਦਾ ਹੋਇਆ ਪ੍ਰਚਾਰ ਸਮਾਜ ਤਕ ਪੁੱਜ ਗਿਆ ਸੀ। ਅਧਿਆਪਕਾਂ ਤੋਂ ਲੈ ਕੇ ਅਧਿਕਾਰੀਆਂ ਤਕ ਨੇ ਘਰ-ਘਰ ਜਾ ਕੇ ਮਾਪਿਆਂ ਨੂੰ ਸਰਕਾਰੀ ਸਕੂਲਾਂ ਦੀ ਬਦਲੀ ਨੁਹਾਰ ਦਾ ਸੁਨੇਹਾ ਇਸ ਤਰ੍ਹਾਂ ਦਿੱਤਾ ਕਿ ਮਾਪਿਆਂ ਦਾ ਟੁੱਟਿਆ ਭਰੋਸਾ ਬਹਾਲ ਹੋਇਆ ਸੀ। ਦਾਖ਼ਲਿਆਂ ਵਿਚ ਵਾਧਾ ਕਰਨ ਵਾਲੇ ਅਧਿਕਾਰੀਆਂ ਅਤੇ ਅਧਿਆਪਕਾਂ ਨੂੰ ਉਤਸ਼ਾਹਿਤ ਕਰਨ ਲਈ ਸ਼ੁਰੂ ਕੀਤੀ ਸਨਮਾਨਿਤ ਕਰਨ ਦੀ ਪਿਰਤ ਦੇ ਵੀ ਹਾਂ-ਪੱਖੀ ਪ੍ਰਭਾਵ ਵੇਖਣ ਨੂੰ ਮਿਲੇ ਸਨ। ਅਧਿਆਪਕ ਵਜੋਂ ਨੌਕਰੀ ਦੀ ਤਲਾਸ਼ ’ਚ ਬੈਠੇ ਉਮੀਦਵਾਰਾਂ ਲਈ ਦਾਖ਼ਲਿਆਂ ਦਾ ਘਟਣਾ ਝਟਕੇ ਤੋਂ ਘੱਟ ਨਹੀਂ ਹੋਵੇਗਾ। ਵਿਦਿਆਰਥੀਆਂ ਦੀ ਘਟਦੀ ਗਿਣਤੀ ਕਾਰਨ ਸਰਕਾਰੀ ਸਕੂਲਾਂ ’ਚ ਅਧਿਆਪਕ ਤੇ ਵਿਦਿਆਰਥੀ ਅਨੁਪਾਤ ’ਚ ਵਿਗਾੜ ਆਵੇਗਾ।

-ਬਿੰਦਰ ਸਿੰਘ ਖੁੱਡੀ ਕਲਾਂ

ਮੋਬਾਈਲ :98786-05965

Posted By: Jagjit Singh