ਗੁਜਰਾਤ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਇਹੀ ਸਵਾਲ ਸਤ੍ਹਾ ’ਤੇ ਸੀ ਕਿ ਭਾਜਪਾ ਲਗਾਤਾਰ ਸੱਤਵੀਂ ਵਾਰ ਜਿੱਤ ਹਾਸਲ ਕਰ ਕੇ ਰਿਕਾਰਡ ਕਾਇਮ ਕਰੇਗੀ ਜਾਂ ਨਹੀਂ? ਨਤੀਜਿਆਂ ਤੋਂ ਸਿੱਧ ਹੋਇਆ ਕਿ ਉਸ ਨੇ ਇਹ ਕੰਮ ਸ਼ਾਨਦਾਰ ਤਰੀਕੇ ਨਾਲ ਕਰ ਦਿਖਾਇਆ। ਉਸ ਦੀਆਂ ਸੀਟਾਂ ਦੀ ਗਿਣਤੀ 155 ਦੇ ਅੰਕੜੇ ਨੂੰ ਪਾਰ ਕਰ ਗਈ। ਇਹ ਅਣ-ਕਿਆਸਾ ਹੋਣ ਦੇ ਨਾਲ-ਨਾਲ ਇਸ ਦਾ ਵੀ ਪ੍ਰਤੀਕ ਹੈ ਕਿ ਜੇਕਰ ਉਸ ਦੀਆਂ ਵਿਰੋਧੀ ਪਾਰਟੀਆਂ ਇਕਜੁੱਟ ਹੋ ਜਾਂਦੀਆਂ ਤਾਂ ਵੀ ਉਹ ਉਸ ਤੋਂ ਪਾਰ ਨਹੀਂ ਪਾ ਸਕਦੀਆਂ ਸਨ। ਭਾਜਪਾ ਦੀ ਸੱਤਵੀਂ ਵਾਰ ਪ੍ਰਚੰਡ ਬਹੁਮਤ ਨਾਲ ਜਿੱਤ ਉਸ ਪ੍ਰਤੀ ਜਨਤਾ ਦੇ ਭਰੋਸੇ ਨੂੰ ਰੇਖਾਂਕਿਤ ਕਰਦੀ ਹੈ। ਚੋਣ ਪ੍ਰਚਾਰ ਵੇਲੇ ਕਾਂਗਰਸ ਦੇ ਸੀਨੀਅਰ ਨੇਤਾਵਾਂ ਦਾ ਗੁਜਰਾਤ ਨਾ ਜਾਣਾ ਇਹ ਦਰਸਾਉਂਦਾ ਹੈ ਕਿ ਪਾਰਟੀ ਹਾਈ ਕਮਾਨ ਪਹਿਲਾਂ ਹੀ ਦਿਲ ਛੱਡ ਬੈਠੀ ਸੀ। ਕਾਂਗਰਸ ਦੇ ਮੁਕਾਬਲੇ ਆਮ ਆਦਮੀ ਪਾਰਟੀ ਨੇ ਗੁਜਰਾਤ ’ਚ ਅੱਡੀ-ਚੋਟੀ ਦਾ ਜ਼ੋਰ ਲਾਇਆ ਸੀ ਪਰ ਉਸ ਦੇ ਪੱਲੇ ਵੀ ਕੁਝ ਖ਼ਾਸ ਨਹੀਂ ਪਿਆ। ਗੁਜਰਾਤ ਦੇ ਨਤੀਜੇ ਉਮੀਦ ਅਤੇ ਅਨੁਮਾਨ ਦੇ ਮੁਤਾਬਕ ਤਾਂ ਹਨ ਪਰ ਇਸ ਦੀ ਕਲਪਨਾ ਨਹੀਂ ਕੀਤੀ ਜਾਂਦੀ ਸੀ ਕਿ ਪਿਛਲੀ ਵਾਰ 77 ਸੀਟਾਂ ਜਿੱਤਣ ਵਾਲੀ ਕਾਂਗਰਸ ਮਹਿਜ਼ 17 ਸੀਟਾਂ ’ਤੇ ਸਿਮਟ ਜਾਵੇਗੀ। ਆਪਣੀ ਇਸ ਦੁਰਗਤੀ ਲਈ ਕਾਂਗਰਸ ਖ਼ੁਦ ਦੇ ਇਲਾਵਾ ਕਿਸੇ ਹੋਰ ਨੂੰ ਜ਼ਿੰਮੇਵਾਰ ਨਹੀਂ ਠਹਿਰਾ ਸਕਦੀ। ਇਹ ਇਕ ਬੁਝਾਰਤ ਹੀ ਹੈ ਕਿ ਕਾਂਗਰਸ ਨੇ ਪੂਰੇ ਦਮ-ਖਮ ਨਾਲ ਗੁਜਰਾਤ ਚੋਣਾਂ ਕਿਉਂ ਨਹੀਂ ਲੜੀਆਂ ਅਤੇ ਉਸ ਦੇ ਸਭ ਤੋਂ ਅਸਰਦਾਰ ਨੇਤਾ ਰਾਹੁਲ ਗਾਂਧੀ ਨੇ ਉੱਥੇ ਸਿਰਫ਼ ਦੋ ਰੈਲੀਆਂ ਨੂੰ ਸੰਬੋਧਨ ਕਿਉਂ ਕੀਤਾ? ਗੁਜਰਾਤ ਚੋਣਾਂ ਤੋਂ ਜ਼ਿਆਦਾ ਭਾਰਤ ਜੋੜੋ ਯਾਤਰਾ ਨੂੰ ਤਰਜੀਹ ਦੇਣਾ ਕੋਈ ਸੁਚੱਜੇ ਵਿਚਾਰ ਵਾਲੀ ਸਿਆਸੀ ਰਣਨੀਤੀ ਨਹੀਂ। ਜਿਵੇਂ ਗੁਜਰਾਤ ਨੂੰ ਲੈ ਕੇ ਇਹ ਸਵਾਲ ਸੀ ਕਿ ਭਾਜਪਾ ਜਿੱਤ ਦਾ ਰਿਕਾਰਡ ਬਣਾਵੇਗੀ ਜਾਂ ਨਹੀਂ, ਤਿਵੇਂ ਹੀ ਹਿਮਾਚਲ ਨੂੰ ਲੈ ਕੇ ਇਹ ਸਵਾਲ ਸੀ ਕਿ ਵਾਰੀ-ਵਾਰੀ ਸੱਤਾ ਤਬਦੀਲੀ ਦਾ ਰਿਵਾਜ ਬਦਲੇਗਾ ਜਾਂ ਨਹੀਂ? ਭਾਜਪਾ ਨੇ ਇਸ ਰਿਵਾਜ ਨੂੰ ਬਦਲਣ ਲਈ ਪੂਰਾ ਜ਼ੋਰ ਲਗਾਇਆ ਪਰ ਉਹ ਕਾਮਯਾਬ ਨਾ ਹੋ ਸਕੀ। ਹਾਲਾਂਕਿ ਉਸ ਦੀ ਹਾਰ ਦਾ ਫ਼ਰਕ ਇਕ ਫ਼ੀਸਦੀ ਤੋਂ ਵੀ ਘੱਟ ਹੈ ਪਰ ਹਾਰ ਤਾਂ ਹਾਰ ਹੀ ਹੁੰਦੀ ਹੈ। ਉਹ ਇਸ ਨੂੰ ਟਾਲ ਸਕਦੀ ਸੀ ਜੇਕਰ ਉਸ ਨੇ ਟਿਕਟਾਂ ਦੀ ਵੰਡ ਸਹੀ ਤਰੀਕੇ ਨਾਲ ਕੀਤੀ ਹੁੰਦੀ ਅਤੇ ਸੱਤਾ ਵਿਰੋਧੀ ਰੁਝਾਨ ਨਾਲ ਨਜਿੱਠਣ ਲਈ ਸਮਾਂ ਰਹਿੰਦੇ ਹੀ ਸਰਗਰਮੀ ਦਿਖਾਈ ਹੁੰਦੀ। ਉਸ ਨੂੰ ਇਸ ਦਾ ਅਹਿਸਾਸ ਹੋਣਾ ਚਾਹੀਦਾ ਹੈ ਕਿ ਕਾਂਗਰਸ ਨੇ ਸੱਤਾ ਵਿਰੋਧੀ ਰੁਝਾਨ ਦਾ ਬਿਹਤਰ ਤਰੀਕੇ ਨਾਲ ਫ਼ਾਇਦਾ ਚੁੱਕਿਆ। ਹਿਮਾਚਲ ਦੀ ਜਿੱਤ ਕਾਂਗਰਸ ਲਈ ਇਕ ਵੱਡੀ ਰਾਹਤ ਹੈ ਕਿਉਂਕਿ ਬੀਤੇ ਚਾਰ ਸਾਲਾਂ ਵਿਚ ਉਹ ਪਹਿਲੀ ਵਾਰ ਵਿਧਾਨ ਸਭਾ ਦੀ ਕੋਈ ਚੋਣ ਜਿੱਤ ਸਕੀ ਹੈ। ਹਿਮਾਚਲ ਦੀ ਜਿੱਤ ਕਾਂਗਰਸ ਨੂੰ ਸੰਜੀਵਨੀ ਦੇਣ ਵਾਲੀ ਹੈ ਪਰ ਗੁਜਰਾਤ ਦੀ ਕਰਾਰੀ ਹਾਰ ਕੌਮੀ ਪੱਧਰ ’ਤੇ ਉਸ ਦੀ ਚੜ੍ਹਤ ਨੂੰ ਲੈ ਕੇ ਸਵਾਲੀਆ ਨਿਸ਼ਾਨ ਲਗਾਉਂਦੀ ਰਹੇਗੀ। ਗੁਜਰਾਤ ਤੇ ਹਿਮਾਚਲ ਪ੍ਰਦੇਸ਼ ਵਿਚ ਤੀਜੇ ਖਿਡਾਰੀ ਦੇ ਤੌਰ ’ਤੇ ਆਮ ਆਦਮੀ ਪਾਰਟੀ ਵੀ ਮੈਦਾਨ ਵਿਚ ਸੀ ਅਤੇ ਆਪਣੀ ਜਿੱਤ ਦੇ ਵੱਡੇ-ਵੱਡੇ ਦਾਅਵੇ ਕਰ ਰਹੀ ਸੀ ਪਰ ਉਹੋ ਜਿਹਾ ਕੁਝ ਨਹੀਂ ਹੋਣਾ ਸੀ ਜਿਹੋ ਜਿਹਾ ਉਸ ਵੱਲੋਂ ਕਿਹਾ ਜਾ ਰਿਹਾ ਸੀ। ਆਮ ਆਦਮੀ ਪਾਰਟੀ ਨੂੰ ਗੁਜਰਾਤ ’ਚ ਪੈਰ ਜਮਾਉਣ ਦੇ ਨਾਲ ਕੌਮੀ ਪਾਰਟੀ ਵਜੋਂ ਉੱਭਰਨ ਦਾ ਮੌਕਾ ਜ਼ਰੂਰ ਮਿਲਿਆ ਪਰ ਉਸ ਨੂੰ ਸਮਝਣਾ ਹੋਵੇਗਾ ਕਿ ਰਿਉੜੀ ਰਾਜਨੀਤੀ ਦੀਆਂ ਆਪਣੀਆਂ ਹੱਦਾਂ ਹਨ ਤੇ ਬਿਨਾਂ ਵਿਚਾਰਧਾਰਾ ਦੇ ਬਹੁਤ ਦੂਰ ਤਕ ਨਹੀਂ ਜਾਇਆ ਜਾ ਸਕਦਾ।

Posted By: Jagjit Singh