ਪੰਜਾਬੀ ਦੇ ਆਧੁਨਿਕ ਸਾਹਿਤਕਾਰਾਂ ਵਿਚ ਸੰਤੋਖ ਸਿੰਘ ਧੀਰ ਕਹਾਣੀਕਾਰ ਅਤੇ ਕਵੀ ਵਜੋਂ ਇਕ ਮਹੱਤਵਪੂਰਨ ਲੇਖਕ ਹੋ ਗੁਜ਼ਰਿਆ ਹੈ। ਉਸ ਦਾ ਜਨਮ 2 ਦਸੰਬਰ 1920 ਨੂੰ ਪਿਤਾ ਈਸ਼ਰ ਸਿੰਘ ਦੇ ਘਰ ਮਾਤਾ ਜਮਨਾ ਦੇਵੀ ਦੀ ਕੁੱਖੋਂ ਪਿੰਡ ਬੱਸੀ ਪਠਾਣਾਂ ਜ਼ਿਲ੍ਹਾ ਪਟਿਆਲਾ (ਮੌਜੂਦਾ ਜ਼ਿਲ੍ਹਾ ਫਤਹਿਗੜ੍ਹ ਸਾਹਿਬ) ਵਿਖੇ ਹੋਇਆ ਸੀ। ਇੱਥੇ ਉਸ ਦੇ ਨਾਨਕੇ ਸਨ। ਉਸ ਦਾ ਅਸਲ ਪਿੰਡ ਡਡਹੇੜੀ, ਜ਼ਿਲ੍ਹਾ ਲੁਧਿਆਣਾ ਸੀ। ਉਹ ਕਾਫ਼ੀ ਸਮਾਂ ਇੱਥੇ ਹੀ ਰਿਹਾ ਪਰ ਬਾਅਦ ਵਿਚ ਆਪਣਾ ਸਥਾਈ ਨਿਵਾਸ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ ਵਿਖੇ ਬਣਾ ਲਿਆ। ਕਿਰਤੀ ਵਰਗ ਨਾਲ ਸਬੰਧਤ ਹੋਣ ਕਾਰਨ ਉਸ ਦੀ ਘਰੋਗੀ ਤੇ ਆਰਥਿਕ ਹਾਲਤ ਬਹੁਤੀ ਚੰਗੀ ਨਹੀਂ ਰਹੀ। ਇਸ ਲਈ ਉਹ ਉੱਚ-ਵਿੱਦਿਆ ਹਾਸਲ ਨਾ ਕਰ ਸਕਿਆ। ਵੱਡੀ ਉਮਰ 'ਚ ਉਸ ਨੇ ਗਿਆਨੀ (1945) ਅਤੇ ਮੈਟ੍ਰਿਕ (1952, ਸਿਰਫ਼ ਅੰਗਰੇਜ਼ੀ) ਦੀ ਪ੍ਰੀਖਿਆ ਪਾਸ ਕੀਤੀ। ਕੁਝ ਸਮਾਂ ਸਕੂਲ ਵਿਚ ਅਧਿਆਪਕ ਵਜੋਂ ਵੀ ਸੇਵਾ ਨਿਭਾਈ ਪਰ ਛੇਤੀ ਹੀ ਉਹ ਸਾਹਿਤ ਰਚਨਾ ਵਾਲੇ ਪਾਸੇ ਤੁਰ ਪਿਆ ਅਤੇ ਨਿਰੋਲ ਸਾਹਿਤਕਾਰ ਆਪਣੀ ਸਾਰੀ ਉਮਰ ਲੰਘਾ ਦਿੱਤੀ। ਜੀਵਨ ਦੇ ਦੂਜੇ ਦਹਾਕੇ ਵਿਚ ਬੀਬੀ ਸੁਰਿੰਦਰ ਕੌਰ ਨਾਲ ਸ਼ਾਦੀ ਹੋਣ ਉਪਰੰਤ ਉਸ ਦੇ ਘਰ ਪੰਜ ਬੱਚਿਆਂ ਨੇ ਜਨਮ ਲਿਆ : ਨਵਰੂਪ ਕੌਰ, ਨਵਜੋਤ ਕੌਰ, ਨਵਜੀਤ ਕੌਰ, ਨਵਤੇਜ ਕੌਰ ਅਤੇ ਨਵਪ੍ਰੀਤ ਸਿੰਘ। ਉਨ੍ਹਾਂ ਦੇ ਬੱਚਿਆਂ ਦੇ ਨਾਵਾਂ ਤੋਂ ਇਕ ਖ਼ਾਸ ਕਿਸਮ ਦੀ ਅਲੰਕਾਰਕਤਾ ਝਲਕਦੀ ਹੈ ਅਤੇ ਲੇਖਕ ਦਾ ਨਵੀਨਤਾ ਪ੍ਰਤੀ ਉਤਸ਼ਾਹ ਪ੍ਰਗਟ ਹੁੰਦਾ ਹੈ। ਸੰਤੋਖ ਸਿੰਘ ਧੀਰ ਨੇ ਲਿਖਣ ਦੀ ਸ਼ੁਰੂਆਤ ਕਵਿਤਾ ਤੋਂ ਕੀਤੀ ਅਤੇ ਉਸ ਦੀ ਪਹਿਲੀ ਪੁਸਤਕ 24 ਵਰ੍ਹਿਆਂ ਦੀ ਉਮਰ 'ਚ ਹੀ ਪ੍ਰਕਾਸ਼ਿਤ ਹੋ ਗਈ। ਸ਼ਾਇਦ ਇਸੇ ਲਈ ਕਿਰਪਾਲ ਸਿੰਘ ਕਸੇਲ ਨੇ ਪੰਜਾਬੀ ਸਾਹਿਤ ਦੀ ਉਤਪਤੀ ਤੇ ਵਿਕਾਸ ਵਿਚ ਉਸ ਨੂੰ ਬਤੌਰ ਇਕ ਕਵੀ ਹੀ ਸ਼ਾਮਲ ਕੀਤਾ ਹੈ, ਕਹਾਣੀਕਾਰ ਨਹੀਂ। ਸੰਤੋਖ ਸਿੰਘ ਧੀਰ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦਾ ਵੀ ਕਾਫ਼ੀ ਸਮਾਂ ਪ੍ਰਧਾਨ ਰਿਹਾ। ਉਸ ਨੂੰ ਸਾਹਿਤ ਸਾਧਨਾ ਬਦਲੇ ਕਈ ਸਰਕਾਰੀ/ਗ਼ੈਰ-ਸਰਕਾਰੀ ਸੰਸਥਾਵਾਂ ਵੱਲੋਂ ਸਨਮਾਨਿਤ ਅਤੇ ਪੁਰਸਕ੍ਰਿਤ ਕੀਤਾ ਗਿਆ। ਸਾਹਿਤ ਦਾ ਇਹ ਬੇਖ਼ੌਫ਼ ਯੋਧਾ ਆਪਣੀ ਕਲਮ ਦਾ ਸਫ਼ਰ ਮੁਕੰਮਲ ਕਰਦਿਆਂ 8 ਫਰਵਰੀ 2010 ਨੂੰ ਜੀਵਨ ਦੇ ਮੰਚ ਤੋਂ ਲੋਪ ਹੋ ਗਿਆ। ਉਸ ਦੀਆਂ ਸਾਹਿਤਕ ਪੁਸਤਕਾਂ 'ਤੇ ਕਈ ਖੋਜ-ਪੁਸਤਕਾਂ, ਥੀਸਿਜ਼ ਅਤੇ ਖੋਜ-ਪੱਤਰ ਪ੍ਰਕਾਸ਼ਿਤ ਹੋ ਚੁੱਕੇ ਹਨ ਜਿਨ੍ਹਾਂ ਵਿਚ ਡਾ. ਹਰਜਿੰਦਰ ਸਿੰਘ ਅਟਵਾਲ ਵੱਲੋਂ ਲਿਖੀ 'ਕਹਾਣੀਕਾਰ ਸੰਤੋਖ ਸਿੰਘ ਧੀਰ' ਪੁਸਤਕ ਵੀ ਸ਼ਾਮਲ ਹੈ। ਸੰਤੋਖ ਸਿੰਘ ਧੀਰ ਨੇ 1947 ਦੇ ਦੁਖਾਂਤ ਬਾਰੇ ਕਹਾਣੀਆਂ ਲਿਖਣ ਤੋਂ ਇਲਾਵਾ ਕਿਰਤੀ-ਕਿਰਸਾਨ ਸ਼੍ਰੇਣੀ ਦੀਆਂ ਸਮੱਸਿਆਵਾਂ ਨੂੰ ਵੀ ਵਿਸ਼ਾ ਬਣਾਇਆ ਹੈ। ਆਓ, ਅਸੀਂ ਗ਼ਫ਼ਲਤ ਦੀ ਗੂੜ੍ਹੀ ਨੀਂਦ 'ਚੋਂ ਜਾਗੀਏ ਅਤੇ ਆਪਣੇ ਹੱਕਾਂ ਪ੍ਰਤੀ ਸੁਚੇਤ ਹੋਈਏ! ਇਹੋ ਧੀਰ ਨੂੰ ਸਾਡੀ ਸੱਚੀ ਸ਼ਰਧਾਂਜਲੀ ਹੋਵੇਗੀ।

-ਪ੍ਰੋ. ਨਵ ਸੰਗੀਤ ਸਿੰਘ, ਤਲਵੰਡੀ ਸਾਬੋ।

ਸੰਪਰਕ : 82642-86062

Posted By: Jagjit Singh