-ਸੰਜੇ ਗੁਪਤ

ਆਖ਼ਰਕਾਰ ਅਯੁੱਧਿਆ ਵਿਚ ਰਾਮ ਮੰਦਰ ਨਿਰਮਾਣ ਦਾ ਹਿੰਦੂ ਸਮਾਜ ਦਾ ਸੁਪਨਾ 5 ਅਗਸਤ 2020 ਨੂੰ ਪੂਰਾ ਹੋਣ ਜਾ ਰਿਹਾ ਹੈ। ਇਸ ਦੇ ਲਈ ਉਹ ਬੀਤੇ ਪੰਜ ਸੌ ਸਾਲਾਂ ਤੋਂ ਵੀ ਵੱਧ ਸਮੇਂ ਤੋਂ ਸੰਘਰਸ਼ ਕਰ ਰਿਹਾ ਸੀ। ਰਾਮ ਜਨਮ ਭੂਮੀ 'ਤੇ ਸਥਿਤ ਰਾਮ ਮੰਦਰ ਨੂੰ ਬਾਬਰ ਦੇ ਸੈਨਾਪਤੀ ਮੀਰ ਬਾਕੀ ਨੇ ਤੋੜਿਆ ਸੀ। ਉਸ ਦੁਆਰਾ ਬਣਾਈ ਗਈ ਮਸਜਿਦ ਨੂੰ ਹਿੰਦੂ ਸਮਾਜ ਨੇ ਕਦੇ ਸਵੀਕਾਰ ਨਹੀਂ ਕੀਤਾ। ਉਹ ਮੰਦਰ ਨਿਰਮਾਣ ਲਈ ਸੰਘਰਸ਼ ਕਰਦਾ ਰਿਹਾ।

ਇਸ ਸੰਘਰਸ਼ ਦੀ ਪਹਿਲਾਂ ਅੰਗਰੇਜ਼ ਹਕੂਮਤ ਨੇ ਅਣਦੇਖੀ ਕੀਤੀ ਅਤੇ ਫਿਰ ਆਜ਼ਾਦ ਭਾਰਤ ਦੀ ਸੱਤਾ ਅਤੇ ਹੋਰ ਰਾਜਨੀਤਕ ਪਾਰਟੀਆਂ ਨੇ ਵੀ। ਅਯੁੱਧਿਆ ਵਿਚ ਮੰਦਰ ਨਿਰਮਾਣ ਲਈ ਹਿੰਦੂ ਸੰਗਠਨਾਂ ਦੀ ਵਿਆਕੁਲਤਾ ਦੇਖ ਕੇ ਭਾਰਤੀ ਜਨਤਾ ਪਾਰਟੀ ਨੇ ਉਨ੍ਹਾਂ ਨੂੰ ਆਪਣਾ ਸਮਰਥਨ ਦਿੱਤਾ ਅਤੇ ਸਾਫ਼ ਤੌਰ 'ਤੇ ਇਹ ਕਿਹਾ ਕਿ ਅਯੁੱਧਿਆ ਵਿਚ ਰਾਮ ਜਨਮ ਭੂਮੀ 'ਤੇ ਮੰਦਰ ਹੀ ਬਣਨਾ ਚਾਹੀਦਾ ਹੈ।

ਇਸ ਨਾਲ ਰਾਮ ਮੰਦਰ ਅੰਦੋਲਨ ਨੂੰ ਹੁਲਾਰਾ ਮਿਲਿਆ। ਜਦ 6 ਦਸੰਬਰ 1992 ਨੂੰ ਅਯੁੱਧਿਆ ਸਥਿਤ ਵਿਵਾਦਤ ਢਾਂਚਾ ਢਾਹ ਦਿੱਤਾ ਗਿਆ ਤਾਂ ਮੰਦਰ ਨਿਰਮਾਣ ਦੇ ਸੰਘਰਸ਼ ਨੇ ਇਕ ਨਵਾਂ ਮੋੜ ਲੈ ਲਿਆ। ਇਸ ਦੇ ਬਾਵਜੂਦ ਮੰਦਰ ਨਿਰਮਾਣ ਦਾ ਟੀਚਾ ਦੂਰ ਹੀ ਬਣਿਆ ਰਿਹਾ ਕਿਉਂਕਿ ਭਾਰਤੀ ਜਨਤਾ ਪਾਰਟੀ ਨੂੰ ਛੱਡ ਕੇ ਹੋਰ ਮੁੱਖ ਪਾਰਟੀਆਂ ਨੇ ਮੰਦਰ ਦੇ ਪੱਖ ਵਿਚ ਆਵਾਜ਼ ਬੁਲੰਦ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਕੁਝ ਪਾਰਟੀਆਂ ਨੇ ਤਾਂ ਭਗਵਾਨ ਰਾਮ ਦੀ ਹੋਂਦ ਨੂੰ ਹੀ ਮੰਨਣ ਤੋਂ ਇਨਕਾਰ ਕਰ ਦਿੱਤਾ। ਇਸ ਦੀ ਇਕ ਵੱਡੀ ਵਜ੍ਹਾ ਮੁਸਲਿਮ ਸਮਾਜ ਤੋਂ ਫ਼ਾਇਦਾ ਚੁੱਕਣ ਦੀ ਉਨ੍ਹਾਂ ਦੀ ਸੌੜੀ ਸਿਆਸਤ ਸੀ। ਇਸੇ ਰਾਜਨੀਤੀ ਕਾਰਨ ਇਸ ਦੀ ਅਣਦੇਖੀ ਕੀਤੀ ਗਈ ਕਿ ਆਖ਼ਰ ਅਯੁੱਧਿਆ ਵਿਚ ਬਾਬਰ ਦੇ ਨਾਂ ਦੀ ਮਸਜਿਦ ਕਿੱਦਾਂ ਬਣ ਸਕਦੀ ਹੈ ਅਤੇ ਜਿੱਥੇ ਦਹਾਕਿਆਂ ਤੋਂ ਨਮਾਜ਼ ਨਾ ਪੜ੍ਹੀ ਜਾ ਰਹੀ ਹੋਵੇ, ਉਹ ਸਥਾਨ ਮਸਜਿਦ ਕਿੱਦਾਂ ਹੋ ਸਕਦਾ ਹੈ? ਵਿਵਾਦਤ ਢਾਂਚਾ ਢਾਹੁਣ ਦੇ ਬਾਅਦ ਜਦ ਇਲਾਹਾਬਾਦ ਹਾਈ ਕੋਰਟ ਨੇ ਮੰਦਰ ਦੇ ਪੱਖ ਵਿਚ ਫ਼ੈਸਲਾ ਦਿੱਤਾ ਤਾਂ ਦੋਵੇਂ ਹੀ ਧਿਰਾਂ ਉਸ ਤੋਂ ਸੰਤੁਸ਼ਟ ਨਹੀਂ ਹੋਈਆਂ ਅਤੇ ਮਾਮਲਾ ਸੁਪਰੀਮ ਕੋਰਟ ਵਿਚ ਪੁੱਜ ਗਿਆ ਪਰ ਉੱਥੇ ਸੁਣਵਾਈ ਵਿਚ ਦੇਰੀ

ਹੁੰਦੀ ਗਈ।

ਇਸ ਦਾ ਇਕ ਕਾਰਨ ਯੂਪੀਏ ਸਰਕਾਰ ਦੀ ਇਸ ਮਸਲੇ ਨੂੰ ਸੁਲਝਾਉਣ ਵਿਚ ਦਿਲਚਸਪੀ ਨਾ ਹੋਣਾ ਸੀ। ਸੰਨ 2014 ਵਿਚ ਜਦ ਮੋਦੀ ਸਰਕਾਰ ਕੇਂਦਰ ਵਿਚ ਹੁਕਮਰਾਨ ਬਣੀ ਤਾਂ ਮੰਦਰ ਨਿਰਮਾਣ ਦੀ ਉਮੀਦ ਫਿਰ ਜਾਗੀ। ਇਸ ਸਰਕਾਰ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਸੁਪਰੀਮ ਕੋਰਟ ਨੂੰ ਇਸ ਮਸਲੇ ਦੀ ਸੁਣਵਾਈ ਜਲਦੀ ਤੋਂ ਜਲਦੀ ਕਰਨੀ ਚਾਹੀਦੀ ਹੈ। ਸੰਨ 2019 ਦੀਆਂ ਲੋਕ ਸਭਾ ਚੋਣਾਂ ਤੋਂ ਬਾਅਦ ਸੁਪਰੀਮ ਕੋਰਟ ਨੇ ਰਾਮ ਮੰਦਰ ਦੇ ਪੱਖ ਵਿਚ ਫ਼ੈਸਲਾ ਸੁਣਾਇਆ। ਸੁਪਰੀਮ ਕੋਰਟ ਨੇ ਮੰਨਿਆ ਕਿ ਢਾਹੇ ਗਏ ਵਿਵਾਦਤ ਢਾਂਚੇ ਦੇ ਹੇਠਾਂ ਮੰਦਰ ਸੀ। ਇਸੇ ਨਤੀਜੇ 'ਤੇ ਇਲਾਹਾਬਾਦ ਹਾਈ ਕੋਰਟ ਵੀ ਪੁੱਜਾ ਸੀ ਅਤੇ ਉਸ ਦਾ ਇਕ ਵੱਡਾ ਆਧਾਰ ਪੁਰਾਤੱਤਵ ਸਰਵੇਖਣ ਵਿਭਾਗ ਦੀ ਉਹ ਰਿਪੋਰਟ ਸੀ ਜੋ ਇਹ ਕਹਿੰਦੀ ਸੀ ਕਿ ਵਿਵਾਦਤ ਢਾਂਚੇ ਦਾ ਨਿਰਮਾਣ ਮੰਦਰ ਦੇ ਉੱਪਰ ਹੋਇਆ ਸੀ।

ਹਾਲਾਂਕਿ ਸੁਪਰੀਮ ਕੋਰਟ ਦਾ ਫ਼ੈਸਲਾ ਆਉਣ ਤੋਂ ਪਹਿਲਾਂ ਹੀ ਰਾਮ ਮੰਦਰ ਨਿਰਮਾਣ ਦਾ ਵਿਰੋਧ ਕਰਨ ਵਾਲੀਆਂ ਸਿਆਸੀ ਪਾਰਟੀਆਂ ਦੀ ਭਾਸ਼ਾ ਬਦਲ ਗਈ ਸੀ ਪਰ ਫ਼ੈਸਲਾ ਆਉਣ ਤੋਂ ਬਾਅਦ ਉਨ੍ਹਾਂ ਦੇ ਸਾਹਮਣੇ ਉਸ ਦਾ ਸਵਾਗਤ ਕਰਨ ਦੀ ਮਜਬੂਰੀ ਆ ਖੜ੍ਹੀ ਹੋਈ। ਉਨ੍ਹਾਂ ਵੱਲੋਂ ਇਸ ਫ਼ੈਸਲੇ ਦਾ ਸਵਾਗਤ ਕਰਨ ਤੋਂ ਬਾਅਦ ਵੀ ਇਸ ਦੀ ਅਣਦੇਖੀ ਨਹੀਂ ਕੀਤੀ ਜਾ ਸਕਦੀ ਕਿ ਉਨ੍ਹਾਂ ਨੇ ਕਿਸ ਤਰ੍ਹਾਂ ਰਾਮ ਮੰਦਰ ਦੇ ਨਿਰਮਾਣ ਵਿਚ ਅੜਿੱਕੇ ਡਾਹੇ ਅਤੇ ਹਿੰਦੂ ਸੰਗਠਨਾਂ ਨੂੰ ਫਿਰਕੂ ਕਹਿ ਕੇ ਉਨ੍ਹਾਂ ਦੀ ਬੇਇੱਜ਼ਤੀ ਕੀਤੀ। ਅਯੁੱਧਿਆ ਵਿਚ 5 ਅਗਸਤ ਨੂੰ ਜਿਸ ਰਾਮ ਜਨਮ ਭੂਮੀ ਮੰਦਰ ਦਾ ਨੀਂਹ ਪੱਥਰ ਰੱਖਿਆ ਜਾ ਰਿਹਾ ਹੈ ਉਹ ਰਾਸ਼ਟਰੀ ਸਵੈਮ ਸੇਵਕ ਸੰਘ, ਵਿਸ਼ਵ ਹਿੰਦੂ ਪ੍ਰੀਸ਼ਦ ਅਤੇ ਭਾਰਤੀ ਜਨਤਾ ਪਾਰਟੀ ਦੀ ਤਰਫੋਂ ਭਾਰਤੀ ਸੰਸਕ੍ਰਿਤੀ ਅਤੇ ਸਨਮਾਨ ਲਈ ਮਿਲ ਕੇ ਲੜੀ ਗਈ ਜੰਗ ਦੀ ਜਿੱਤ ਹੈ। ਇਹ ਸੰਗਠਨ ਸਰਗਰਮ ਨਾ ਹੁੰਦੇ ਤਾਂ ਇਸ ਜੰਗ ਨੂੰ ਜਿੱਤਣਾ ਔਖਾ ਹੁੰਦਾ। ਇਸ ਜਿੱਤ ਤੋਂ ਬਾਅਦ ਵੀ ਅਜੇ ਕੁਝ ਹੋਰ ਸੰਘਰਸ਼ ਬਾਕੀ ਹਨ। ਸਭ ਤੋਂ ਮੁੱਖ ਹੈ ਹਿੰਦੂ ਸਮਾਜ ਨੂੰ ਕੁਰੀਤੀਆਂ ਤੋਂ ਮੁਕਤ ਕਰਨਾ। ਇਸ ਸੰਘਰਸ਼ ਵਿਚ ਜੇਤੂ ਹੋ ਕੇ ਹੀ ਭਾਰਤ ਸੱਭਿਆਚਾਰਕ ਅਤੇ ਰੂਹਾਨੀ ਪੱਧਰ 'ਤੇ ਵਿਸ਼ਵ ਗੁਰੂ ਦੀ ਭੂਮਿਕਾ ਅਦਾ ਕਰ ਸਕਦਾ ਹੈ।

ਰਾਮ ਮੰਦਰ ਇਸ ਭੂਮਿਕਾ ਦੇ ਅਦਾ ਕਰਨ ਦਾ ਕੇਂਦਰ ਬਣੇ, ਇਹ ਬੀੜਾ ਇਨ੍ਹਾਂ ਸਾਰੇ ਸੰਗਠਨਾਂ ਨੂੰ ਮਿਲ ਕੇ ਚੁੱਕਣਾ ਚਾਹੀਦਾ ਹੈ। ਰਾਮ ਜਨਮ ਭੂਮੀ ਮੰਦਰ ਦਾ ਨੀਂਹ-ਪੱਥਰ ਰੱਖਣਾ ਮਾਣਮੱਤੇ ਪਲ ਹਨ ਪਰ ਇਨ੍ਹਾਂ ਪਲਾਂ ਵਿਚ ਇਸ ਤੱਥ 'ਤੇ ਵੀ ਗ਼ੌਰ ਕਰਨਾ ਚਾਹੀਦਾ ਹੈ ਕਿ ਹਿੰਦੂ ਸਮਾਜ ਨੂੰ ਕਿਨ੍ਹਾਂ ਕਾਰਨਾਂ ਕਾਰਨ ਵਿਦੇਸ਼ੀ ਹਮਲਾਵਰਾਂ ਦੇ ਅੱਤਿਆਚਾਰ ਅਤੇ ਉਨ੍ਹਾਂ ਦੀ ਗ਼ੁਲਾਮੀ ਦਾ ਸਾਹਮਣਾ ਕਰਨਾ ਪਿਆ? ਵਿਦੇਸ਼ੀ ਹਮਲਾਵਰਾਂ ਦੁਆਰਾ ਭਾਰਤ ਵਿਚ ਹਮਲੇ ਕਰ ਕੇ ਦੇਸ਼ ਨੂੰ ਤਹਿਸ-ਨਹਿਸ ਕਰਨ ਦਾ ਇਕ ਲੰਬਾ ਇਤਿਹਾਸ ਹੈ। ਸ਼ਾਇਦ ਹੀ ਕੋਈ ਵਿਦੇਸ਼ੀ ਅਤੇ ਖ਼ਾਸ ਤੌਰ 'ਤੇ ਮੁਸਲਮਾਨ ਹਮਲਾਵਰ ਅਜਿਹਾ ਰਿਹਾ ਹੋਵੇ ਜਿਸ ਨੇ ਮੰਦਰਾਂ ਨੂੰ ਨਸ਼ਟ ਕਰਨ ਦਾ ਕੰਮ ਨਾ ਕੀਤਾ ਹੋਵੇ। ਜਿਵੇਂ ਬਾਬਰ ਦੀ ਫ਼ੌਜ ਨੇ ਅਯੁੱਧਿਆ ਵਿਚ ਰਾਮ ਮੰਦਰ ਨੂੰ ਤਬਾਹ ਕੀਤਾ, ਉਸੇ ਤਰ੍ਹਾਂ ਸੋਮਨਾਥ ਮੰਦਰ ਨੂੰ ਮਹਿਮੂਦ ਗਜ਼ਨਬੀ ਦੁਆਰਾ ਤਬਾਹ ਕਰ ਦਿੱਤਾ ਗਿਆ। ਇਸ ਦੇ ਇਲਾਵਾ ਮੁਸਲਮਾਨ ਹਮਲਾਵਰਾਂ ਨੇ ਹੋਰ ਅਨੇਕ ਮੁੱਖ ਮੰਦਰਾਂ ਨੂੰ ਨਸ਼ਟ ਜਾਂ ਅਪਵਿੱਤਰ ਕਰ ਦਿੱਤਾ ਗਿਆ।

ਇਨ੍ਹਾਂ ਵਿਚ ਕਾਸ਼ੀ ਅਤੇ ਮਥੁਰਾ ਦੇ ਮੰਦਰ ਵੀ ਹਨ। ਕਰੀਬ-ਕਰੀਬ ਹਰ ਜਗ੍ਹਾ ਮੰਦਰਾਂ ਦੇ ਸਥਾਨ 'ਤੇ ਮਸਜਿਦਾਂ ਦਾ ਨਿਰਮਾਣ ਕੀਤਾ ਗਿਆ ਅਤੇ ਉਹ ਅੱਜ ਵੀ ਮੌਜੂਦ ਹਨ। ਇਸ ਕਾਰਨ ਹਿੰਦੂਆਂ ਦੀਆਂ ਭਾਵਨਾਵਾਂ ਨੂੰ ਅਘਾਤ ਪੁੱਜਾ ਪਰ ਉਹ ਬੇਵੱਸੀ ਕਾਰਨ ਕੁਝ ਨਹੀਂ ਕਰ ਸਕੇ।

ਭਾਰਤ ਵਿਦੇਸ਼ੀ ਹਮਲਾਵਰਾਂ ਦੇ ਅੱਤਿਆਚਾਰਾਂ ਦਾ ਸ਼ਿਕਾਰ ਇਸ ਲਈ ਹੁੰਦਾ ਰਿਹਾ ਕਿਉਂਕਿ ਹਿੰਦੂ ਸਮਾਜ ਅਨੇਕਾਂ ਕੁਰੀਤੀਆਂ ਤੋਂ ਗ੍ਰਸਤ ਹੋਣ ਕਾਰਨ ਇਕਜੁੱਟ ਨਹੀਂ ਸੀ। ਇਸ ਦਾ ਫ਼ਾਇਦਾ ਵਿਦੇਸ਼ੀ ਹਮਲਾਵਰਾਂ ਨੇ ਚੁੱਕਿਆ। ਜਿਵੇਂ ਇਹ ਸੱਚ ਹੈ ਕਿ ਉਨ੍ਹਾਂ ਨੇ ਤਲਵਾਰ ਦੇ ਜ਼ੋਰ 'ਤੇ ਇਸਲਾਮ ਨੂੰ ਹਿੰਦੂਆਂ 'ਤੇ ਥੋਪਿਆ, ਉਸੇ ਤਰ੍ਹਾਂ ਹੀ ਇਹ ਵੀ ਕਿ ਅਨੇਕ ਹਿੰਦੂ ਪੱਖਪਾਤ ਅਤੇ ਛੂਤ-ਛਾਤ ਕਾਰਨ ਮੁਸਲਮਾਨ ਬਣੇ। ਇਹ ਸਵੀਕਾਰ ਕੀਤਾ ਜਾਣਾ ਚਾਹੀਦਾ ਹੈ ਕਿ ਪੱਖਪਾਤ ਅਤੇ ਛੂਤ-ਛਾਤ ਹਿੰਦੂ ਸਮਾਜ ਨੂੰ ਕਮਜ਼ੋਰ ਕਰਨ ਦਾ ਇਕ ਵੱਡਾ ਕਾਰਨ ਬਣਿਆ। ਅੱਜ ਵੀ ਹਿੰਦੂ ਸਮਾਜ ਇਨ੍ਹਾਂ ਕੁਰੀਤੀਆਂ ਤੋਂ ਗ੍ਰਸਤ ਦਿਖਾਈ ਦਿੰਦਾ ਹੈ। ਦਲਿਤਾਂ, ਆਦਿਵਾਸੀਆਂ ਸਮੇਤ ਕਈ ਹਿੰਦੂ ਸਮੂਹ ਮੁੱਖ ਧਾਰਾ ਤੋਂ ਦੂਰ ਹੁੰਦੇ ਨਜ਼ਰ ਆਉਂਦੇ ਹਨ। ਹੁਣ ਜਦ ਸਮਾਜ ਦੇ ਹਰ ਤਬਕੇ ਨੂੰ ਅਪਨਾਉਣ ਵਾਲੇ ਭਗਵਾਨ ਰਾਮ ਦੇ ਨਾਂ ਦਾ ਮੰਦਰ ਬਣਨ ਜਾ ਰਿਹਾ ਹੈ ਤਦ ਹਿੰਦੂ ਸੰਤਾਂ ਅਤੇ ਸੰਗਠਨਾਂ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਪੂਰੇ ਹਿੰਦੂ ਸਮਾਜ ਨੂੰ ਜੋੜਨ ਅਤੇ ਉਸ ਵਿਚਾਲੀਆਂ ਕੁਰੀਤੀਆਂ ਨੂੰ ਖ਼ਤਮ ਕਰਨ 'ਤੇ ਵਿਸ਼ੇਸ਼ ਤੌਰ 'ਤੇ ਧਿਆਨ ਦੇਣ। ਜੇਕਰ ਇਹ ਕੰਮ ਪਹਿਲ ਦੇ ਆਧਾਰ 'ਤੇ ਨਹੀਂ ਕੀਤਾ ਗਿਆ ਤਾਂ ਹਿੰਦੂਆਂ ਦੀ ਫੁੱਟ ਦਾ ਸਮਾਜ ਤੇ ਦੇਸ਼ ਵਿਰੋਧੀ ਅਨਸਰ ਫ਼ਾਇਦਾ ਚੁੱਕਦੇ ਰਹਿਣਗੇ ਜੋ ਦੇਸ਼ ਲਈ ਬਹੁਤ ਖ਼ਤਰਨਾਕ ਵਰਤਾਰਾ ਸਿੱਧ ਹੋਵੇਗਾ।

ਇਹ ਕੰਮ ਇਸ ਲਈ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਗੀਤਾ, ਰਾਮਾਇਣ ਵਰਗੇ ਗ੍ਰੰਥ ਜੀਵਨ ਨੂੰ ਆਦਰਸ਼ ਰੂਪ ਵਿਚ ਹੀ ਜਿਊਣ ਦੀ ਸਿੱਖਿਆ ਦਿੰਦੇ ਹਨ। ਵਾਲਮੀਕਿ ਰਚਿਤ ਰਾਮਾਇਣ ਤੋਂ ਲੈ ਕੇ ਤੁਲਸੀਦਾਸ ਰਚਿਤ ਰਾਮਚਰਿਤ ਮਾਨਸ ਵਿਚ ਰਾਮ ਨੂੰ ਮਰਿਆਦਾ ਪੁਰਸ਼ੋਤਮ ਦੇ ਰੂਪ ਵਿਚ ਰੇਖਾਂਕਿਤ ਕੀਤਾ ਗਿਆ ਹੈ। ਜੀਵਨ ਦੀਆਂ ਜਿਨ੍ਹਾਂ ਕਦਰਾਂ-ਕੀਮਤਾਂ ਕਾਰਨ ਉਨ੍ਹਾਂ ਨੂੰ ਇਕ ਆਦਰਸ਼ ਪੁੱਤਰ ਤੋਂ ਲੈ ਕੇ ਆਦਰਸ਼ ਯੋਧੇ ਅਤੇ ਰਾਜੇ ਦੇ ਰੂਪ ਵਿਚ ਜਾਣਿਆ ਜਾਂਦਾ ਹੈ, ਉਨ੍ਹਾਂ ਦਾ ਮਹੱਤਵ ਅੱਜ ਵੀ ਹੈ ਅਤੇ ਇਸੇ ਕਾਰਨ ਇਹ ਕਿਹਾ ਜਾਂਦਾ ਹੈ ਕਿ ਰਾਮ-ਰਾਜ ਦੀ ਸਥਾਪਨਾ ਕਰਨੀ ਹੈ।

ਹੁਣ ਰਾਮ ਮੰਦਰ ਨਿਰਮਾਣ ਦੇ ਨਾਲ ਹੀ ਇਹ ਵੀ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ ਕਿ ਅਯੁੱਧਿਆ ਇਕ ਅਜਿਹਾ ਕੇਂਦਰ ਬਣੇ ਜੋ ਭਾਰਤੀ ਸਮਾਜ ਨੂੰ ਆਦਰਸ਼ ਰੂਪ ਵਿਚ ਸਥਾਪਤ ਕਰਨ ਵਿਚ ਸਹਾਇਕ ਬਣੇ। ਚੰਗਾ ਹੋਵੇ ਕਿ ਇਹ ਮੰਦਰ ਉਪਨਿਸ਼ਦਾਂ, ਵੇਦਾਂ, ਗੀਤਾ, ਰਾਮਾਇਣ ਆਦਿ ਦੇ ਸਾਰ ਤੋਂ ਸਾਰਿਆਂ ਨੂੰ ਜਾਣ ਕਰਵਾਉਣ ਦਾ ਕੰਮ ਕਰੇ ਤਾਂ ਕਿ ਹਿੰਦੂ ਧਰਮ ਦੀ ਪ੍ਰਸਿੱਧੀ ਵਿਸ਼ਵ ਵਿਚ ਵੀ ਵਧੇ। ਇਸ ਮੰਦਰ ਜ਼ਰੀਏ ਹਿੰਦੂ ਸਮਾਜ ਦੀਆਂ ਕੁਰੀਤੀਆਂ ਨੂੰ ਦੂਰ ਕਰਨ ਅਤੇ ਨਾਲ ਹੀ ਹਿੰਦੂ ਧਰਮ ਦੇ ਮੂਲ ਅਤੇ ਉਸ ਦੀ ਮਹੱਤਤਾ ਨੂੰ ਸਥਾਪਤ ਕਰਨ ਦਾ ਕੰਮ ਅਗਲਾ ਟੀਚਾ ਬਣਨਾ ਚਾਹੀਦਾ ਹੈ।

-(ਲੇਖਕ 'ਦੈਨਿਕ ਜਾਗਰਣ ਅਖ਼ਬਾਰ ਦੇ ਮੁੱਖ ਸੰਪਾਦਕ ਹਨ)।

Posted By: Jagjit Singh