ਪੰਜਾਬ ਦੇ ਮੁੱਖ ਮੰਤਰੀ ਨੇ ਵਿਧਾਇਕਾਂ ਤੇ ਸਾਬਕਾ ਵਿਧਾਇਕਾਂ ਲਈ ਸਿਰਫ਼ ਇਕ ਪੈਨਸ਼ਨ ਦਾ ਫਾਰਮੂਲਾ ਲਾਗੂ ਕਰਦਿਆਂ ਸਾਬਕਾ ਵਿਧਾਇਕਾਂ, ਮੰਤਰੀਆਂ ਅਤੇ ਮੁੱਖ ਮੰਤਰੀਆਂ ਦੀ ਆਪਣੇ ਕਈ-ਕਈ ਕਾਰਜਕਾਲਾਂ ਦੀ ਮਿਲਦੀ ਪੈਨਸ਼ਨ ਬੰਦ ਕਰ ਦਿੱਤੀ ਹੈ। ਸਤਾਰਾਂ ਅਗਸਤ 2021 ਨੂੰ ਇਸ ਪਾਰਟੀ ਦੇ ਹਰਪਾਲ ਚੀਮਾ ਨੇ ਵੀ ਉਸ ਸਮੇਂ ਦੇ ਸਪੀਕਰ ਨੂੰ ਪੱਤਰ ਲਿਖ ਕੇ ਇਹ ਪੈਨਸ਼ਨਾਂ ਬੰਦ ਕਰਨ ਦੀ ਬੇਨਤੀ ਕੀਤੀ ਸੀ। ਹੁਣ ਤਾਕਤ ਵਿਚ ਆਉਂਦਿਆਂ ਹੀ ਇਸ ਮੰਗ ਨੂੰ ਮੁੱਖ ਮੰਤਰੀ ਨੇ ਅਮਲੀਜਾਮਾ ਪਹਿਨਾ ਦਿੱਤਾ ਹੈ। ਗ਼ੁਰਬਤ ਦਾ ਸਾਹਮਣਾ ਕਰ ਰਹੇ ਕਿਰਤੀਆਂ ਤੇ ਮੁਲਾਜ਼ਮਾਂ ਦੇ ਨਾਲ-ਨਾਲ 2004 ਤੋਂ ਭਰਤੀ ਹੋਏ ਮੁਲਾਜ਼ਮਾਂ ਨੂੰ ਪੈਨਸ਼ਨ ਨਾ ਮਿਲਣਾ ਜਿੱਥੇ ਵੱਡੀ ਤ੍ਰਾਸਦੀ ਹੈ ਓਥੇ ਹੀ ਪੰਜ ਸਾਲਾਂ ਲਈ ਚੁਣੇ ਗਏ ਵਿਧਾਇਕਾਂ ਨੂੰ ਜ਼ਿੰਦਗੀ ਭਰ ਲਈ 75100 ਰੁਪਏ ਪ੍ਰਤੀ ਮਹੀਨਾ ਤੇ ਹੋਰ ਸਹੂਲਤਾਂ ਦੇ ਨਾਲ-ਨਾਲ ਬਾਅਦ ਵਿਚ ਪਰਿਵਾਰ ਨੂੰ ਫੈਮਿਲੀ ਪੈਨਸ਼ਨ ਦੇਣਾ ਪੱਖਪਾਤ ਦੀ ਵੱਡੀ ਮਿਸਾਲ ਹੈ। ਦੂਜੇ ਪਾਸੇ ਵੱਖ-ਵੱਖ ਮਹਿਕਮਿਆਂ ਵਿਚ 58 ਸਾਲ ਦੀ ਉਮਰ ਤਕ ਕੰਮ ਕਰ ਰਹੇ ਕਰਮਚਾਰੀਆਂ ਨੂੰ ਬਿਨਾਂ ਪੈਨਸ਼ਨ ਤੋਂ ਰਿਟਾਇਰ ਕਰ ਦੇਣਾ ਲੋਕਤੰਤਰ ਵਿਚ ਹਿੱਤਾਂ ਦਾ ਘਾਣ ਹੈ। ਜਨਤਾ ਨੇ ਇਕ ਪਾਸੇ ਕਈ ਸਾਲਾਂ ਤੋਂ 5-7 ਹਜ਼ਾਰ ਰੁਪਏ ਪ੍ਰਤੀ ਮਹੀਨਾ ਠੇਕੇ ’ਤੇ ਕੰਮ ਕਰਦੇ ਕਰਮਚਾਰੀਆਂ ਪ੍ਰਤੀ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਹੈ ਕਿ ਉਹ ਕਈ ਕਈ ਘੰਟੇ ਨਿਗੂਣੀ ਜਿਹੀ ਤਨਖ਼ਾਹ ਲੈ ਕੇ ਭੁੱਖ-ਨੰਗ ਨਾਲ ਲੜਦਿਆਂ ਜੀਵਨ ਬਸਰ ਕਰ ਰਹੇ ਹਨ, ਦੂਜੇ ਪਾਸੇ ਕਈ ਕਈ ਲੱਖ ਰੁਪਏ ਪ੍ਰਤੀ ਮਹੀਨਾ ਲੈ ਰਹੇ ਸਾਬਕਾ ਵਿਧਾਇਕ ਸੇਵਾ ਦੇ ਨਾਂ ’ਤੇ ਖ਼ਜ਼ਾਨੇ ਨੂੰ ਲੁੱਟ ਰਹੇ ਸਨ।

ਬਹੁਤ ਚਿਰ ਤੋਂ ਲੋਕ ਇਹ ਵੀ ਮੰਗ ਕਰ ਰਹੇ ਸਨ ਕਿ ਜੇਕਰ ਰਾਜਨੀਤੀ ਸੇਵਾ ਹੈ ਫਿਰ ਮੋਟੀਆਂ ਤਨਖ਼ਾਹਾਂ ਕਿਉਂ ਅਤੇ ਜੇਕਰ ਤਨਖ਼ਾਹਾਂ ਲੈਂਦੇ ਨੇ ਫਿਰ ਯੋਗਤਾ ਅਤੇ ਉਮਰ ਨਿਰਧਾਰਤ ਕਿਉਂ ਨਹੀਂ? ਇੱਥੇ ਤਾਂ ਕਈ ਅਜਿਹੇ ਰਾਜਨੀਤਕ ਲੋਕ ਵੀ ਮੋਟੀਆਂ ਪੈਨਸ਼ਨਾਂ ਲੈ ਰਹੇ ਨੇ ਜਿਨ੍ਹਾਂ ਨੇ ਪਹਿਲਾਂ ਪੈਸੇ ਅਤੇ ਬਾਹੂਬਲ ਦੇ ਜ਼ੋਰ ’ਤੇ ਸੱਤਾ ਵਿਚ ਭਾਈਵਾਲੀ ਸੰਭਾਲੀ ਅਤੇ ਆਪਣੇ ਕਾਰੋਬਾਰ ਨੂੰ ਨਾਜਾਇਜ਼ ਢੰਗ ਨਾਲ ਅੰਦਾਜ਼ਨ 20 ਤੋਂ 500 ਫ਼ੀਸਦੀ ’ਤੇ ਪਹੁੰਚਾ ਕੇ ਟਰਾਂਸਪੋਰਟ ’ਤੇ ਕਬਜ਼ਾ ਕਰਨ ਦੇ ਨਾਲ-ਨਾਲ ਕੇਬਲ, ਲੈਂਡ, ਰੇਤ, ਸ਼ਰਾਬ ਮਾਫ਼ੀਆ ਅਤੇ ਭ੍ਰਿਸ਼ਟਾਚਾਰ ਨੂੰ ਪ੍ਰਫੁੱਲਿਤ ਕਰਨ ਵਿਚ ਭਰਵਾਂ ਯੋਗਦਾਨ ਪਾਇਆ। ਹੁਣ ਇਹ ਪੈਨਸ਼ਨਾਂ ਬੰਦ ਹੋਣ ’ਤੇ ਕਈ ਸਿਆਸੀ ਆਗੂਆਂ ਨੇ ਆਪਣੇ ਟੱਬਰ ਪਾਲਣ ਦਾ ਵਾਸਤਾ ਪਾਉਂਦੇ ਹੋਏ ਕਿਹਾ ਹੈ ਕਿ 75100 ਰੁਪਏ ਨਾਲ ਲੋਕਾਂ ਦੀ ਚੱਜ ਨਾਲ ਸੇਵਾ ਨਹੀਂ ਕੀਤੀ ਜਾਣੀ। ਇਹ ਕਹਿੰਦਿਆਂ ਉਹ ਇਹ ਭੁੱਲ ਗਏ ਹਨ ਕਿ ਬਹੁਤ ਸਾਰੇ ਦਿਹਾੜੀਦਾਰਾਂ ਦਾ ਗੁਜ਼ਾਰਾ ਮਗਨਰੇਗਾ ਸਕੀਮ ਤਹਿਤ ਮਿਲਦੇ ਰੁਜ਼ਗਾਰ ’ਤੇ ਨਿਰਭਰ ਹੈ ਜਿਸ ਵਿਚ ਮਿਹਨਤਾਨਾ ਘੱਟੋ-ਘੱਟ ਉਜਰਤ ਤੋਂ ਵੀ ਘੱਟ ਹੋਣ ਕਾਰਨ ਚੁੱਲ੍ਹਾ ਬਲਦਾ ਰੱਖਣ ਲਈ ਉਨ੍ਹਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ‘ਸੇਵਾ’ ਸ਼ਬਦ ਦੀ ਵਰਤੋਂ ਕਰਦਿਆਂ ਹੀ ਬਹੁਤ ਸਾਰੇ ਰਾਜਨੀਤਕ ਲੋਕਾਂ ਨੇ ਇਸ ਸ਼ਬਦ ਨੂੰ ਕਲੰਕਿਤ ਕੀਤਾ ਹੈ। ਅਸਲੀ ਸ਼ਬਦਾਂ ਵਿਚ ਸੇਵਾ ਕਹਿੰਦੇ ਕੀਹਨੂੰ ਨੇ ਤੇ ਲੋਕਾਂ ਦੇ ਅੱਥਰੂ ਕਿੰਜ ਪੂੰਝੇ ਜਾਂਦੇ ਨੇ? ਲੋੜਵੰਦਾਂ, ਗ਼ਰੀਬਾਂ, ਬੇਸਹਾਰਿਆਂ ਅਤੇ ਕੁੱਲੀ, ਗੁੱਲੀ, ਜੁੱਲੀ ਤੋਂ ਵਾਂਝੇ ਲੋਕਾਂ ਦੀ ਕਿੰਜ ਮਦਦ ਕੀਤੀ ਜਾਂਦੀ ਹੈ?

ਇਸ ਦੀ ਇਕ ਤਾਜ਼ਾ ਉਦਾਹਰਨ ਦਿੰਦਿਆਂ ਹੀ ਪਠਾਨਕੋਟ ਦੇ ਅੰਗਹੀਣ ਅਤੇ ਬੇਸਹਾਰਾ ਨੌਜਵਾਨ ਪ੍ਰਤੀ ਸ਼ਰਧਾ ਨਾਲ ਸਿਰ ਝੁਕ ਜਾਂਦਾ ਹੈ। ਇਸ ਨੌਜਵਾਨ ਨੇ ਅਪਾਹਜ ਹੋ ਕੇ ਵੀ ਨਿੱਜ ਤੋਂ ਉੱਪਰ ਉੱਠ ਕੇ ਸਮੂਹ ਨੂੰ ਸਮਰਪਿਤ ਹੁੰਦਿਆਂ ਸਰਮਾਏਦਾਰਾਂ ਅਤੇ ਅਜਿਹੇ ਦੇਸ਼ ਭਗਤਾਂ ਨੂੰ ਸੁਨੇਹਾ ਦਿੱਤਾ ਹੈ ਕਿ ਆਪਣੇ ਲਈ ਮੰਗਣ ਵਾਲੇ ਨੂੰ ਭਿਖਾਰੀ ਅਤੇ ਹੋਰਾਂ ਲਈ ਮੰਗਣ ਵਾਲੇ ਨੂੰ ਦਾਤਾ ਕਿਹਾ ਜਾਂਦਾ ਹੈ। ਚਾਲੀ ਕੁ ਸਾਲਾਂ ਦਾ ਰਾਜੂ ਜਿੱਥੇ ਬਚਪਨ ਵਿਚ ਹੀ ਕੁਦਰਤ ਦੀ ਮਾਰ ਕਾਰਨ ਤੁਰਨ-ਫਿਰਨ ਤੋਂ ਅਸਮਰੱਥ ਹੋ ਗਿਆ ਸੀ, ਉੱਥੇ ਹੀ ਮਾਂ-ਬਾਪ ਦੇ ਸਦੀਵੀ ਵਿਛੋੜੇ ਕਾਰਨ ਉਨ੍ਹਾਂ ਦੇ ਸਹਾਰੇ ਅਤੇ ਪਿਆਰ ਤੋਂ ਵੀ ਵਾਂਝਾ ਹੋ ਗਿਆ ਸੀ। ਤੀਜੀ ਮਾਰ ਉਸ ਨੂੰ ਉਸ ਵੇਲੇ ਝੱਲਣੀ ਪਈ ਜਦੋਂ ਵਿਆਹੇ-ਵਰ੍ਹੇ ਭਰਾਵਾਂ ਨੇ ਉਹਨੂੰ ਬੋਝ ਸਮਝਦਿਆਂ ਘਰੋਂ ਕੱਢ ਦਿੱਤਾ ਪਰ ਉਹਨੇ ਹਿੰਮਤ ਨਹੀਂ ਹਾਰੀ। ਲੋਕਾਂ ਅੱਗੇ ਹੱਥ ਅੱਡਦਿਆਂ ਪਹਿਲਾਂ ਉਹਨੇ ਆਪਣੇ ਲਈ ਵ੍ਹੀਲਚੇਅਰ ਦਾ ਪ੍ਰਬੰਧ ਕੀਤਾ। ਲੋਕਾਂ ਦੀ ਰਹਿਮਦਿਲੀ ਉਹਦੇ ਅੰਗ-ਸੰਗ ਰਹੀ। ਰੁੱਖੀ-ਸੁੱਕੀ ਖਾ ਕੇ ਉਹ ਪੇਟ ਦੀ ਅੱਗ ਬੁਝਾਉਂਦਾ ਰਿਹਾ। ਬੱਸ ਸਟੈਂਡ ਦਾ ਸ਼ੈੱਡ ਉਹਦੇ ਰਾਤ ਨੂੰ ਸੌਣ ਦਾ ਸਹਾਰਾ ਬਣਿਆ। ਸਾਰੇ ਦਿਨ ਵਿਚ ਜੋ ਕੁਝ ਵੀ ਉਸ ਨੂੰ ਮਿਲਦਾ, ਉਸ ’ਚੋਂ ਰੋਟੀ ਜੋਗੇ ਪੈਸੇ ਆਪਣੇ ਕੋਲ ਰੱਖ ਕੇ ਬਾਕੀ ਪੈਸੇ ਉਹ ਲੋੜਵੰਦਾਂ ਵਿਚ ਵੰਡਦਾ ਰਿਹਾ। ਕਈ ਵਾਰ ਉਹ ਆਪਣੀ ਵ੍ਹੀਲਚੇਅਰ ਇਕ ਪਾਸੇ ਖੜ੍ਹੀ ਕਰ ਕੇ ਰੀਂਗ ਕੇ ਜਾਂਦਿਆਂ ਵੀ ਭਿੱਖਿਆ ਮੰਗਦਾ ਰਿਹਾ ਕਿਉਂਕਿ ਵ੍ਹੀਲਚੇਅਰ ’ਤੇ ਜਾਂਦਿਆਂ ਭੀੜ ਵਿਚ ਭਿੱਖਿਆ ਮੰਗਣ ’ਚ ਉਸ ਨੂੰ ਦਿੱਕਤ ਆਉਂਦੀ ਸੀ। ਹੌਲੀ-ਹੌਲੀ ਲੋਕ ਉਸ ਦੇ ਰਹਿਮਦਿਲ ਅਤੇ ਦਿਆਲੂ ਸੁਭਾਅ ਤੋਂ ਜਾਣੂ ਹੋ ਗਏ ਅਤੇ ਉਸ ਨੂੰ ਦਿਲ ਖੋਲ੍ਹ ਕੇ ਦਾਨ ਦੇਣਾ ਸ਼ੁਰੂ ਕਰ ਦਿੱਤਾ। ਲਾਕਡਾਊਨ ਸਮੇਂ ਉਸ ਨੇ ਪੰਜ ਹਜ਼ਾਰ ਮਾਸਕ, 3 ਲੱਖ ਦਾ ਰਾਸ਼ਨ, 20 ਟ੍ਰਾਈਸਾਈਕਲ ਤੇ 20 ਸਿਲਾਈ ਮਸ਼ੀਨਾਂ ਵੰਡ ਕੇ ਮਨੁੱਖਤਾ ਦੀ ਸੇਵਾ ਕੀਤੀ। ਗ਼ਰੀਬ ਵਿਦਿਆਰਥੀਆਂ ਲਈ ਕਿਤਾਬਾਂ-ਕਾਪੀਆਂ, ਗ਼ਰੀਬ ਕੁੜੀਆਂ ਦੀ ਸ਼ਾਦੀ, ਹਰ 15 ਅਗਸਤ ਨੂੰ ਲੋੜਵੰਦ ਲੜਕੀਆਂ ਨੂੰ ਸਿਲਾਈ ਮਸ਼ੀਨਾਂ, ਵਾਰਡ ’ਚ ਸਟਰੀਟ ਲਾਈਟਾਂ, ਦੂਜੀਆਂ ਸਮਾਜ ਸੇਵੀ ਸੰਸਥਾਵਾਂ ਨੂੰ ਵਿੱਤੀ ਸਹਿਯੋਗ ਦੇ ਨਾਲ-ਨਾਲ ਲੋੜਵੰਦਾਂ ਦੇ ਅੱਥਰੂ ਪੂੰਝਣ ਦੇ ਨਾਲ-ਨਾਲ ਉਹ ਪ੍ਰੇਰਨਾ ਦਾ ਸੋਮਾ ਬਣਿਆ।

ਮਹਾ-ਸ਼ਿਵਰਾਤਰੀ ਮੌਕੇ ਲੰਗਰ ਲਾਉਣਾ ਵੀ ਉਹਦੇ ਨੇਕ ਕੰਮਾਂ ’ਚ ਸ਼ਾਮਲ ਰਿਹਾ। ਪਠਾਨਕੋਟ ਦੇ ਢਾਂਗੂ ਰੋਡ ’ਤੇ ਬਣੇ ਪੁਲ ਦੀ ਮੁਰੰਮਤ ਕਰਵਾਉਣ ਦਾ ਸਿਹਰਾ ਵੀ ਰਾਜੂ ਨੂੰ ਹੀ ਜਾਂਦਾ ਹੈ। ਇਹੋ-ਜਿਹੇ ਹੋਰ ਅਨੇਕਾਂ ਕਾਰਜਾਂ ਵਿਚ ਲੋਕ ਤਾਂ ਉਸ ਨੂੰ ਭਰਵਾਂ ਸਹਿਯੋਗ ਦਿੰਦੇ ਰਹੇ ਪਰ ਕਿਸੇ ਸਿਆਸੀ ਆਗੂ ਨੇ ਉਸ ਦੀ ਕੋਈ ਮਦਦ ਨਹੀਂ ਕੀਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੀ ‘ਮਨ ਕੀ ਬਾਤ’ ਵਿਚ ਰਾਜੂ ਦੀ ਨਿਸ਼ਕਾਮ ਸੇਵਾ ਦਾ ਜ਼ਿਕਰ ਕਰਦਿਆਂ ਉਸ ਨੂੰ ਹੋਰਾਂ ਲਈ ਪ੍ਰੇਰਨਾ ਦਾ ਸੋਮਾ ਕਿਹਾ। ਚੌਕ ਵਿਚ ਵ੍ਹੀਲਚੇਅਰ ’ਤੇ ਬੈਠੇ ਰਾਜੂ ਨੂੰ ਹੁਣ ਤਾਂ ਬਹੁਤ ਸਾਰੇ ਲੋਕ ਆਪ-ਮੁਹਾਰੇ ਦਾਨ ਵੀ ਦਿੰਦੇ ਹਨ ਅਤੇ ਸਿਜਦਾ ਵੀ ਕਰਦੇ ਹਨ ਕਿਉਂਕਿ ਲੋਕਾਂ ਨੂੰ ਪਤਾ ਹੈ ਕਿ ਉਨ੍ਹਾਂ ਦਾ ਦਿੱਤਾ ਪੈਸਾ ਕਿਸੇ ਗ਼ਰੀਬ ਦੇ ਅੱਥਰੂ ਪੂੰਝਣ ਵਿਚ ਸਹਾਈ ਹੋਵੇਗਾ। ਦਰਅਸਲ, ਰਾਜੂ ਵਰਗੇ ਨੇਕ ਇਨਸਾਨ ਸੜਕ ’ਤੇ ਰਾਤ ਨੂੰ ਜਗਦੀਆਂ ਉਨ੍ਹਾਂ ਲਾਈਟਾਂ ਵਰਗੇ ਹੁੰਦੇ ਹਨ, ਜਿਨ੍ਹਾਂ ਦੀ ਰੋਸ਼ਨੀ ਨਾਲ ਸਫ਼ਰ ਦਾ ਫ਼ਾਸਲਾ ਭਾਵੇਂ ਘੱਟ ਨਹੀਂ ਹੁੰਦਾ ਪਰ ਸੁਖਾਲਾ ਜ਼ਰੂਰ ਹੋ ਜਾਂਦਾ ਹੈ। ਕਾਸ਼! ਸਿਆਸਤਦਾਨਾਂ ਦਾ ਜੀਵਨ ਵੀ ਰਾਜੂ ਦੇ ਕਰਮਾਂ ਵਰਗਾ ਹੋ ਜਾਵੇ। ਫਿਰ ਹੀ ਗੰਧਲਾ ਪੰਜਾਬ ਰੰਗਲਾ ਪੰਜਾਬ ਹੋ ਸਕਦਾ ਹੈ।

-ਮੋਹਨ ਸ਼ਰਮਾ

-(ਪ੍ਰਾਜੈਕਟ ਡਾਇਰੈਕਟਰ, ਨਸ਼ਾ ਛੁਡਾਊ ਕੇਂਦਰ, ਸੰਗਰੂਰ)

-ਮੋਬਾਈਲ : 94171-48866

Posted By: Jagjit Singh