ਰਾਜਸਥਾਨ ਵਿਚ ਸਰਕਾਰ ਦਾ ਸਿਆਸੀ ਡਰਾਮਾ ਹੁਣ ਖੁੱਲ੍ਹ ਕੇ ਸਾਹਮਣੇ ਆਉਣ ਲੱਗਿਆ ਹੈ। ਰਾਜਸਥਾਨ ਸਰਕਾਰ ਦੇ ਡਗਮਗਾਉਣ ਦਾ ਇਕ ਕਾਰਨ ਮੁੱਖ ਮੰਤਰੀ ਅਸ਼ੋਕ ਗਹਿਲੋਤ ਨਾਲ ਉਪ ਮੁੱਖ ਮੰਤਰੀ ਸਚਿਨ ਪਾਇਲਟ ਦੀ ਨਾਰਾਜ਼ਗੀ ਵੀ ਹੈ। ਇਨ੍ਹਾਂ ਦੋਵੇਂ ਨੇਤਾਵਾਂ ਵਿਚਕਾਰ ਟਕਰਾਅ ਸਾਹਮਣੇ ਆਉਣ ਤੋਂ ਬਾਅਦ ਕਾਂਗਰਸ ਲੀਡਰਸ਼ਿਪ ਸਰਗਰਮ ਤਾਂ ਹੋਈ ਹੈ ਪਰ ਇਹ ਕਹਿਣਾ ਮੁਸ਼ਕਲ ਹੈ ਕਿ ਉਹ ਉਨ੍ਹਾਂ ਵਿਚਕਾਰ ਸੁਲ੍ਹਾ ਕਰਵਾਉਣ 'ਚ ਕਾਮਯਾਬ ਹੋਵੇਗੀ ਜਾਂ ਫਿਰ ਰਾਜਸਥਾਨ ਵੀ ਮੱਧ ਪ੍ਰਦੇਸ਼ ਜਿਹੇ ਦਿਨ ਦੇਖਣ ਨੂੰ ਮਜਬੂਰ ਹੋਵੇਗਾ। ਚਰਚਾ ਹੈ ਕਿ ਸਚਿਨ ਪਾਇਲਟ ਨੂੰ ਹਾਸ਼ੀਏ 'ਤੇ ਕੀਤਾ ਜਾ ਰਿਹਾ ਹੈ। ਇਹ ਹੈਰਾਨੀ ਵਾਲੀ ਗੱਲ ਹੈ ਕਿ ਰਾਜਸਥਾਨ ਪੁਲਿਸ ਨੇ ਕਾਗਰਸੀ ਵਿਧਾਇਕਾਂ ਦੀ ਖ਼ਰੀਦੋ-ਫਰੋਖਤ ਦੇ ਮਾਮਲੇ 'ਚ ਪਾਇਲਟ ਨੂੰ ਨੋਟਿਸ ਫੜਾ ਦਿੱਤਾ। ਇਹ ਨੋਟਿਸ ਸਚਿਨ ਤੇ ਗਹਿਲੋਤ ਵਿਚਕਾਰ ਤਰੇੜ ਵੱਲ ਇਸ਼ਾਰਾ ਕਰ ਰਿਹਾ ਹੈ। ਸਚਿਨ ਪਾਇਲਟ ਕਾਂਗਰਸ ਦੀ ਅੰਤ੍ਰਿਮ ਪ੍ਰਧਾਨ ਸੋਨੀਆ ਗਾਂਧੀ ਨਾਲ ਮੁਲਾਕਾਤ ਕਰਨ ਦੀ ਕੋਸ਼ਿਸ਼ 'ਚ ਹਨ ਪਰ ਕੋਈ ਨਹੀਂ ਜਾਣਦਾ ਕਿ ਰਾਜਸਥਾਨ ਦਾ ਝਗੜਾ ਉਹ ਖ਼ੁਦ ਸੁਲਝਾਉਣਗੇ ਜਾਂ ਰਾਹੁਲ ਗਾਂਧੀ ਮਾਮਲੇ ਨੂੰ ਆਪਣੇ ਹੱਥ 'ਚ ਲੈਣਗੇ। ਆਮ ਧਾਰਨਾ ਇਹੋ ਹੈ ਕਿ ਪ੍ਰਧਾਨ ਦਾ ਅਹੁਦਾ ਛੱਡਣ ਤੋਂ ਬਾਅਦ ਵੀ ਪਾਰਟੀ ਦੇ ਫ਼ੈਸਲੇ ਰਾਹੁਲ ਗਾਂਧੀ ਹੀ ਕਰ ਰਹੇ ਹਨ। ਇਸ ਦੀ ਪੁਸ਼ਟੀ ਹਾਰਦਿਕ ਪਟੇਲ ਨੂੰ ਗੁਜਰਾਤ ਕਾਂਗਰਸ ਦਾ ਕਾਰਜਕਾਰੀ ਪ੍ਰਧਾਨ ਬਣਾਏ ਜਾਣ ਤੋਂ ਹੁੰਦੀ ਹੈ। ਸੱਚਾਈ ਜੋ ਵੀ ਹੋਵੇ, ਇਸ 'ਚ ਦੋ ਰਾਇ ਨਹੀਂ ਕਿ ਰਾਹੁਲ ਦੇ ਪ੍ਰਭਾਵੀ ਹੋਣ ਤੋਂ ਬਾਅਦ ਪਹਿਲਾਂ ਮੱਧ ਪ੍ਰਦੇਸ਼ ਤੇ ਹੁਣ ਰਾਜਸਥਾਨ ਵਿਚ ਪਾਰਟੀ ਦੇ ਮਤਭੇਦ ਸਾਹਮਣੇ ਆਏ ਹਨ। ਕਾਂਗਰਸ ਪਾਰਟੀ ਛੱਡਣ ਵਾਲਿਆਂ ਵਿਚ ਹੇਮੰਤ ਬਿਸਵਾ ਤੇ ਜਗਨਮੋਹਨ ਰੈਡੀ ਦਾ ਨਾਂ ਵੀ ਸ਼ਾਮਲ ਹੈ। ਹਾਲਾਂਕਿ ਕਾਂਗਰਸ ਦੀ ਆਪਸੀ ਲੜਾਈ ਦਾ ਭਾਜਪਾ ਨੂੰ ਹੀ ਫ਼ਾਇਦਾ ਹੋ ਰਿਹਾ ਹੈ ਤੇ ਉਹ ਇਸ ਲਈ ਹਰ ਕੋਸ਼ਿਸ਼ ਕਰ ਰਹੀ ਹੈ। ਬੀਤੇ ਦਿਨ ਹੀ ਗਹਿਲੋਤ ਨੇ ਭਾਜਪਾ ਲੀਡਰਾਂ ਉੱਤੇ ਕਾਂਗਰਸ ਵਿਧਾਇਕਾਂ ਨੂੰ ਕਰੋੜਾਂ ਰੁਪਏ ਦੀ ਪੇਸ਼ਕਸ਼ ਕਰਨ ਦੇ ਦੋਸ਼ ਲਾਏ ਸਨ। ਕਾਂਗਰਸ ਲੀਡਰਸ਼ਿਪ ਵਿਚ ਇਸ ਨੂੰ ਲੈ ਕੇ ਚਰਚਾ ਤਾਂ ਚੱਲ ਰਹੀ ਹੈ ਪਰ ਕਾਂਗਰਸ ਅਕਸਰ ਫ਼ੈਸਲੇ ਲੈਣ ਵਿਚ ਬਹੁਤ ਦੇਰ ਕਰ ਦਿੰਦੀ ਹੈ। ਕਾਂਗਰਸ ਹਾਲੇ ਤਕ ਸੋਨੀਆ ਤੇ ਰਾਹੁਲ ਗਾਂਧੀ 'ਤੇ ਨਿਰਭਰ ਹੈ। ਦਰਬਾਰੀ ਪ੍ਰਵਿਰਤੀ ਹਾਲੇ ਵੀ ਕਾਂਗਰਸ ਵਿਚੋਂ ਖ਼ਤਮ ਨਹੀਂ ਹੋਈ ਹੈ। ਇਹ ਠੀਕ ਹੈ ਕਿ ਗਾਂਧੀ ਪਰਿਵਾਰ ਕਾਂਗਰਸ ਦੀ ਜ਼ਰੂਰਤ ਹੈ। ਜੇ ਕਾਂਗਰਸ ਲੀਡਰਸ਼ਿਪ ਨੂੰ ਆਪਣੇ ਭਵਿੱਖ ਦੀ ਥੋੜ੍ਹੀ ਜਿਹੀ ਵੀ ਚਿੰਤਾ ਹੈ ਤਾਂ ਖ਼ੁਦ ਨੂੰ ਚਾਪਲੂਸਾਂ ਤੋਂ ਬਚਾਉਣਾ ਹੋਵੇਗਾ। ਦੂਸਰੀ ਵਾਰ ਚੋਣਾਂ ਹਾਰਨ ਤੋਂ ਬਾਅਦ ਪਾਰਟੀ ਹਾਲੇ ਤਕ ਇਹ ਤੈਅ ਨਹੀਂ ਕਰ ਸਕੀ ਕਿ ਰਾਹੁਲ ਗਾਂਧੀ ਨੇ ਪ੍ਰਧਾਨ ਬਣਨਾ ਹੈ ਜਾਂ ਨਹੀਂ। ਪਹਿਲਾਂ ਵੀ ਰਾਹੁਲ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਗਈ ਤੇ ਹੁਣ ਵੀ ਕੁਝ ਆਗੂ ਰਾਹੁਲ ਗਾਂਧੀ ਨੂੰ ਪ੍ਰਧਾਨ ਬਣਾਉਣ ਦੀ ਮੰਗ ਕਰ ਰਹੇ ਹਨ। ਜੇ ਸੂਬਿਆਂ ਵਿਚ ਕਾਂਗਰਸ ਨੂੰ ਮਜ਼ਬੂਤ ਕਰਨਾ ਹੈ ਤਾਂ ਰਾਹੁਲ ਗਾਂਧੀ ਨੂੰ ਇਸ ਲਈ ਤਿਆਰੀ ਕਰਨੀ ਹੋਵੇਗੀ ਕਿਉਂਕਿ ਉਸ ਦਾ ਮੁਕਾਬਲਾ ਭਾਜਪਾ ਨਾਲ ਹੈ। ਜੇ ਕਾਂਗਰਸ ਨਾ ਸੰਭਲੀ ਤਾਂ ਭਾਜਪਾ ਦੀ ਰਣਨੀਤੀ ਰਾਜਸਥਾਨ ਵਿਚ ਵੀ ਉਸ ਦੀ ਸਰਕਾਰ ਨੂੰ ਖ਼ਤਰੇ ਵਿਚ ਲੈ ਆਵੇਗੀ। ਪਾਰਟੀ ਹਾਈਕਮਾਨ ਨੂੰ ਦੋਵਾਂ ਲੀਡਰਾਂ ਵਿਚ ਜੇ ਕੋਈ ਮਤਭੇਦ ਹਨ ਤਾਂ ਉਨ੍ਹਾਂ ਨੂੰ ਦੂਰ ਕਰਨ ਲਈ ਕੰਮ ਕਰਨਾ ਚਾਹੀਦਾ ਹੈ।

Posted By: Jagjit Singh