ਇਕ ਸਮਾਂ ਸੀ ਜਦੋਂ ਰੇਡੀਓ ਦੀ ਪੂਰੀ ਚੜ੍ਹਾਈ ਹੁੰਦੀ ਸੀ। ਲੋਕ ਅਕਸਰ ਬੀਬੀਸੀ ਲੰਡਨ ਅਤੇ ਆਲ ਇੰਡੀਆ ਰੇਡੀਓ 'ਤੇ ਉਰਦੂ ਵਿਚ ਨਸ਼ਰ ਹੋਣ ਵਾਲੀਆਂ ਵੱਖ-ਵੱਖ ਨਸ਼ਰੀਆਤ ਨੂੰ ਬੜੇ ਚਾਅ ਨਾਲ ਸੁਣਿਆ ਕਰਦੇ ਸਨ। ਫਰਮਾਇਸ਼ੀ ਗੀਤਾਂ ਦੇ ਪ੍ਰੋਗਰਾਮ ਤਾਂ ਕੰਮਕਾਜੀ ਲੋਕਾਂ ਦੇ ਮਨੋਰੰਜਨ ਦਾ ਇਕਲੌਤਾ ਸਾਧਨ ਹੁੰਦੇ ਸਨ। ਟੈਲੀਵਿਜ਼ਨ ਦੀ ਆਮਦ ਅਤੇ ਇਸ 'ਤੇ ਆਉਣ ਵਾਲੇ ਵੱਖ-ਵੱਖ ਚੈਨਲਾਂ ਦੀ ਭਰਮਾਰ ਨੇ ਰੇਡੀਓ ਦੀ ਲੋਕਪ੍ਰਿਅਤਾ ਵਿਚ ਖ਼ਤਰਨਾਕ ਹੱਦ ਤਕ ਕਮੀ ਲਿਆ ਦਿੱਤੀ ਹੈ। ਇਸ ਵਿਚ ਕੋਈ ਦੋ ਰਾਇ ਨਹੀਂ ਕਿ ਜਿਸ ਮਿਆਰ ਅਤੇ ਸੱਭਿਅਤਾ ਨੂੰ ਰੇਡੀਓ ਅੱਜ ਵੀ ਸੰਭਾਲੀ ਬੈਠਾ ਹੈ ਉਸ 'ਤੇ ਟੀਵੀ ਚੈਨਲਾਂ ਦੇ ਪ੍ਰੋਗਰਾਮ ਖ਼ਰੇ ਨਹੀਂ ਉਤਰਦੇ। ਇਹੀ ਵਜ੍ਹਾ ਹੈ ਕਿ ਦਿਹਾਤੀ ਇਲਾਕਿਆਂ ਵਿਚ ਅੱਜ ਵੀ ਲੋਕ ਰੇਡੀਓ ਸੁਣਦੇ ਹਨ। ਅਮਰੀਕਾ, ਇੰਗਲੈਂਡ ਆਦਿ ਦੇਸ਼ਾਂ ਵਿਚ ਅੱਜ ਵੀ ਲੋਕਾਂ ਵਿਚ ਰੇਡੀਓ ਦਾ ਉਹੀ ਮਿਆਰ ਤੇ ਸਤਿਕਾਰ ਹੈ ਜੋ ਸਾਡੇ ਇੱਥੇ ਤਿੰਨ-ਚਾਰ ਦਹਾਕੇ ਪਹਿਲਾਂ ਹੋਇਆ ਕਰਦਾ ਸੀ। ਰੇਡੀਓ ਦੇ ਸ਼ਾਨਦਾਰ ਇਤਿਹਾਸ ਨੂੰ ਯਾਦ ਕਰਨ ਅਤੇ ਦੁਨੀਆ 'ਚ ਇਸ ਦੇ ਗੁੰਮ ਹੋ ਰਹੇ ਸਵੈਮਾਣ ਨੂੰ ਬਹਾਲ ਕਰਨ ਲਈ ਹਰ ਸਾਲ 13 ਫਰਵਰੀ ਨੂੰ 'ਵਿਸ਼ਵ ਰੇਡੀਓ ਦਿਵਸ' ਮਨਾਇਆ ਜਾਂਦਾ ਹੈ। ਯੂਨੈਸਕੋ ਨੇ 2011 ਵਿਚ ਹਰ ਸਾਲ 13 ਫਰਵਰੀ ਨੂੰ ਉਕਤ ਦਿਹਾੜਾ ਮਨਾਉਣ ਦਾ ਫ਼ੈਸਲਾ ਕੀਤਾ ਸੀ ਅਤੇ ਉਕਤ ਦਿਵਸ ਦੀ ਸ਼ੁਰੂਆਤ ਸੰਨ 2012 'ਚ ਹੋਈ ਸੀ। ਰੇਡੀਓ ਦੇ ਇਤਿਹਾਸ ਦੀ ਗੱਲ ਕਰੀਏ ਤਾਂ ਇਤਾਲਵੀ ਖੋਜੀ ਗੁਗਲਿਲੇਮੋ ਮਾਰਕੋਨੀ ਨੇ ਕਈ ਸਾਲਾਂ ਦੀ ਮਿਹਨਤ ਸਦਕਾ ਸੰਨ 1894 ਤੋਂ ਏਅਰਹੋਬਰਨ ਹਾਰਟਜ਼ਿਅਨ ਵੇਵਜ਼ (ਰੇਡੀਓ ਪ੍ਰਸਾਰਨ) 'ਤੇ ਆਧਾਰਤ ਪਹਿਲੀ ਸੰਪੂਰਨ, ਵਪਾਰਕ ਸਫਲਤਾ ਨਾਲ ਬੇਤਾਰ ਟੈਲੀਗ੍ਰਾਫੀ ਸਿਸਟਮ ਬਣਾਇਆ। ਮਾਰਕੋਨੀ ਨੇ ਰੇਡੀਓ ਸੰਚਾਰ ਸੇਵਾਵਾਂ ਅਤੇ ਸਾਜ਼ੋ-ਸਾਮਾਨ ਦੇ ਵਿਕਾਸ ਅਤੇ ਪ੍ਰਸਾਰ ਲਈ ਇਕ ਕੰਪਨੀ ਸ਼ੁਰੂ ਕੀਤੀ। ਇਸ ਉਪਰੰਤ ਸੰਨ 1901 ਵਿਚ ਉਸ ਨੇ ਪਹਿਲਾ ਸਫਲ ਟ੍ਰਾਂਸਲਾਟੈਨਟਿਕ ਪ੍ਰਯੋਗਾਤਮਕ ਰੇਡੀਓ ਸੰਚਾਰ ਕੀਤਾ। ਸੰਨ 1904 ਵਿਚ ਯੂਐੱਸ ਪੇਟੈਂਟ ਆਫਿਸ ਨੇ ਮਾਰਕੋਨੀ ਨੂੰ ਰੇਡੀਓ ਦੀ ਖੋਜ ਲਈ ਇਕ ਪੇਟੈਂਟ ਐਵਾਰਡ ਦਿੱਤਾ। ਸੰਨ 1907 ਵਿਚ ਮਾਰਕੋਨੀ ਨੇ ਕਲਿਫਡਨ, ਆਇਰਲੈਂਡ ਅਤੇ ਗਲੇਸ ਬੇ, ਨਿਊ ਫਾਊਂਡਲੈਂਡ ਵਿਚਕਾਰ ਪਹਿਲੀ ਵਪਾਰਕ ਟੋਰਾਂਟੋ-ਐਟਲਾਂਟਿਕ ਰੇਡੀਓ ਸੰਚਾਰ ਸੇਵਾ ਸਥਾਪਤ ਕੀਤੀ। ਸੰਨ 1954 ਵਿਚ ਰੈਜੈਂਸੀ ਨੇ 'ਸਟੈਂਡਰਡ 22.5 ਵਾਈ ਬੈਟਰੀ' ਦੁਆਰਾ ਇਕ ਪਾਕੇਟ ਟ੍ਰਾਂਜ਼ਿਸਟ੍ਰਿਕ ਰੇਡੀਓ, ਟੀਆਰ-1, ਪੇਸ਼ ਕੀਤਾ। ਸੰਨ 1960 ਵਿਚ ਸੋਨੀ ਨੇ ਆਪਣਾ ਪਹਿਲਾ ਟਰਾਂਜ਼ਿਸਟਰਾਈਜ਼ਡ ਰੇਡੀਓ ਪੇਸ਼ ਕੀਤਾ ਜੋ ਕਾਫੀ ਛੋਟਾ ਤੇ ਇਕ ਛੋਟੀ ਜਿਹੀ ਬੈਟਰੀ ਦੁਆਰਾ ਸੰਚਾਲਿਤ ਹੋਣ ਦੇ ਸਮਰੱਥ ਸੀ। ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੇਡੀਓ ਤੋਂ 'ਮਨ ਕੀ ਬਾਤ' ਪ੍ਰੋਗਰਾਮ ਦੀ ਸ਼ੁਰੂਆਤ ਕਰ ਕੇ ਰੇਡੀਓ ਦੇ ਵਿਸਰੇ ਨਾਂ ਨੂੰ ਲੋਕਾਂ ਦੇ ਦਿਮਾਗਾਂ ਵਿਚ ਤਰੋ-ਤਾਜ਼ਾ ਕਰ ਦਿੱਤਾ ਹੈ।

-ਮੁਹੰਮਦ ਅੱਬਾਸ ਧਾਲੀਵਾਲ,

ਮਾਲੇਰਕੋਟਲਾ। (985520-59650)

Posted By: Jagjit Singh