ਸਿਡਨੀ ’ਚ ਖੇਡੇ ਜਾ ਰਹੇ ਟੈਸਟ ਮੈਚ ਵਿਚ ਆਸਟ੍ਰੇਲੀਆ ਦੇ ਦਰਸ਼ਕਾਂ ਵੱਲੋਂ ਨਸਲੀ ਟਿੱਪਣੀ ਦਾ ਮਸਲਾ ਲਗਾਤਾਰ ਦੂਜੇ ਦਿਨ ਭਖਿਆ ਰਿਹਾ। ਟੈਸਟ ਮੈਚ ਦੇ ਚੌਥੇ ਦਿਨ ਭਾਰਤੀ ਗੇਂਦਬਾਜ਼ ਮੁਹੰਮਦ ਸਿਰਾਜ ’ਤੇ ਦਰਸ਼ਕਾਂ ਨੇ ਨਸਲੀ ਟਿੱਪਣੀਆਂ ਕੀਤੀਆਂ। ਦਰਸ਼ਕਾਂ ਦਾ ਸਮੂਹ ਸਿਰਾਜ ’ਤੇ ਲਗਾਤਾਰ ਨਸਲੀ ਟਿੱਪਣੀਆਂ ਕਰ ਰਿਹਾ ਸੀ। ਉਸ ਦੀ ਸ਼ਿਕਾਇਤ ਤੋਂ ਬਾਅਦ ਮੈਚ ਰੈਫਰੀ ਨੇ ਪੁਲਿਸ ਬੁਲਾਈ ਤੇ 6 ਦਰਸ਼ਕਾਂ ਨੂੰ ਸਟੇਡੀਅਮ ’ਚੋਂ ਬਾਹਰ ਕੱਢ ਦਿੱਤਾ ਗਿਆ। ਸਾਬਕਾ ਕਪਤਾਨ ਵਿਰਾਟ ਕੋਹਲੀ ਨੇ ਵੀ ਇਸ ’ਤੇ ਇਤਰਾਜ਼ ਪ੍ਰਗਟਾਇਆ ਹੈ।

ਉਸ ਨੇ ਸੋਸ਼ਲ ਮੀਡੀਆ ’ਤੇ ਲਿਖਿਆ ਕਿ ਨਸਲੀ ਸ਼ੋਸ਼ਣ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਦਰਸ਼ਕਾਂ ਦੀਆਂ ਬਹੁਤ ਸਾਰੀਆਂ ਹਾਸੋਹੀਣੀਆਂ ਗੱਲਾਂ ਵੇਖੀਆਂ ਹਨ ਪਰ ਇਹ ਗੁੰਡਾਗਰਦੀ ਦਾ ਸਿਖਰ ਹੈ। ਦਰਅਸਲ ਆਸਟ੍ਰੇਲੀਆ ਦੇ ਦਰਸ਼ਕਾਂ ਦਾ ਇਹ ਵਤੀਰਾ ਸਰਾਸਰ ਗ਼ਲਤ ਹੈ। ਕ੍ਰਿਕਟ ਆਸਟ੍ਰੇਲੀਆ (ਸੀਏ) ਨੇ ਕਿਹਾ ਹੈ ਕਿ ਉਨ੍ਹਾਂ ਦੀ ਨਸਲੀ ਟਿੱਪਣੀਆਂ ਸੰਬੰਧੀ ਜ਼ੀਰੋ ਟਾਲਰੈਂਸ ਦੀ ਨੀਤੀ ਹੈ, ਇਸ ਮਾਮਲੇ ’ਚ ਸਖ਼ਤ ਕਾਰਵਾਈ ਕੀਤੀ ਜਾਵੇਗੀ। ਸੀਏ ਵੱਲੋਂ ਬਣਾਈ ਟੀਮ ਤੋਂ ਇਲਾਵਾ ਸਾਉਥ ਵੇਲਜ਼ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈਸੀਸੀ) ਨੇ ਵੀ ਇਸ ਨਸਲੀ ਟਿੱਪਣੀ ਦੀ ਨਿਖੇਧੀ ਕੀਤੀ ਹੈ। ਉਹ ਸੀਏ ਤੋਂ ਜਾਂਚ ਰਿਪੋਰਟ ਮਿਲਣ ਤੋਂ ਬਾਅਦ ਕਾਰਵਾਈ ਕਰੇਗੀ।

ਆਸਟ੍ਰੇਲੀਆ ਕ੍ਰਿਕਟ ਬੋਰਡ ਨੇ ਘਟਨਾ ’ਤੇ ਭਾਰਤੀ ਟੀਮ ਤੋਂ ਮਾਫ਼ੀ ਮੰਗੀ ਹੈ ਪਰ ਇਸ ਮਸਲੇ ’ਚ ਕਿਤੇ ਨਾ ਕਿਤੇ ਆਸਟ੍ਰੇਲੀਆ ਕ੍ਰਿਕਟ ਬੋਰਡ ਵੀ ਜ਼ਿੰਮੇਵਾਰ ਹੈ ਕਿਉਂਕਿ ਸ਼ਨਿਚਰਵਾਰ ਨੂੰ ਮੈਚ ਦੇ ਤੀਜੇ ਦਿਨ ਵੀ ਦੋ ਭਾਰਤੀ ਖਿਡਾਰੀਆਂ ’ਤੇ ਨਸਲੀ ਟਿੱਪਣੀਆਂ ਦਾ ਮਾਮਲਾ ਸਾਹਮਣੇ ਆਇਆ ਸੀ। ਇਕ ਦਰਸ਼ਕ ਨੇ ਜਸਪ੍ਰੀਤ ਬੁਮਰਾਹ ਅਤੇ ਮੁਹੰਮਦ ਸਿਰਾਜ ਖ਼ਿਲਾਫ਼ ਅਸ਼ਲੀਲ ਤੇ ਨਸਲੀ ਟਿੱਪਣੀਆਂ ਕੀਤੀਆਂ ਸਨ। ਬੀਸੀਸੀਆਈ ਨੇ ਮੈਚ ਰੈਫਰੀ ਨੂੰ ਸ਼ਿਕਾਇਤ ਵੀ ਕੀਤੀ ਸੀ। ਇਸ ਦਰਸ਼ਕ ਨੇ ਨਸ਼ਾ ਕੀਤਾ ਹੋਇਆ ਸੀ ਤੇ ਪੂਰਾ ਸਮਾਂ ਉਹ ਮੈਚ ਦੇਖਦਾ ਰਿਹਾ ਤੇ ਖਿਡਾਰੀਆਂ ਨੂੰ ਪਰੇਸ਼ਾਨ ਕਰਦਾ ਰਿਹਾ। ਜੇ ਸੀਏ ਵੱਲੋਂ ਪਹਿਲੇ ਦਿਨ ਹੀ ਕਾਰਵਾਈ ਕੀਤੀ ਗਈ ਹੁੰਦੀ ਤਾਂ ਇਹ ਘਟਨਾ ਨਹੀਂ ਸੀ ਵਾਪਰਨੀ। ਦਰਅਸਲ ਦਰਸ਼ਕਾਂ ਦਾ ਇਹ ਵਤੀਰਾ ਖੇਡ ਭਾਵਨਾ ਦੇ ਉਲਟ ਹੈ। ਕ੍ਰਿਕਟ ਨੂੰ ‘ਜੈਂਟਲਮੈਨ ਗੇਮ’ ਕਿਹਾ ਜਾਂਦਾ ਹੈ ਪਰ ਕਈ ਵਾਰ ਇਸ ਵਿਚ ਅਜਿਹੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ ਜ਼ਿਆਦਾਤਰ ਇੰਗਲੈਂਡ ਤੇ ਨਿਊਜ਼ੀਲੈਂਡ ਨਾਲ ਹੋਣ ਵਾਲੇ ਆਸਟ੍ਰੇਲੀਆ ਦੇ ਮੈਚਾਂ ’ਚ। ਦਰਅਸਲ ਬਾਹਰਲੇ ਮੁਲਕਾਂ ’ਚ ਖੇਡ ਮੈਦਾਨਾਂ ’ਚ ਮੈਚ ਦੌਰਾਨ ਬੀਅਰ ਪੀਣ ’ਤੇ ਕੋਈ ਪਾਬੰਦੀ ਨਹੀਂ ਹੈ, ਜਿਸ ਕਾਰਨ ਅਜਿਹੇ ਜ਼ਿਆਦਾਤਰ ਮਾਮਲੇ ਬਾਹਰਲੇ ਮੁਲਕਾਂ ਦੇ ਮੈਦਾਨਾਂ ’ਚ ਹੀ ਵਾਪਰਦੇ ਹਨ। ਅਜਿਹਾ ਇਕ ਕਿੱਸਾ ਭਾਰਤ ਨਾਲ ਵੀ ਜੁੜਿਆ ਹੋਇਆ ਹੈ। 2007-08 ’ਚ ਹਰਭਜਨ ਸਿੰਘ ਅਤੇ ਐਂਡਰਿਊ ਸਾਇਮੰਡਜ਼ ਦੀ ਝੜਪ ਪੂਰੀ ਦੁਨੀਆ ਵਿਚ ਚਰਚਾ ਦਾ ਵਿਸ਼ਾ ਬਣੀ ਸੀ।

ਸਿਡਨੀ ਟੈਸਟ ’ਚ ਸਾਇਮੰਡਜ਼ ਬੱਲੇਬਾਜ਼ੀ ਕਰ ਰਿਹਾ ਸੀ ਤਾਂ ਉਸ ਦੀ ਹਰਭਜਨ ਸਿੰਘ ਨਾਲ ਤਕਰਾਰ ਹੋ ਗਈ। ਦੋਵਾਂ ਵਿਚਾਲੇ ਜ਼ੁਬਾਨੀ ਤਲਖ਼ੀ ਵੀ ਹੋਈ। ਸਾਇਮੰਡਜ਼ ਨੇ ਦੋਸ਼ ਲਾਇਆ ਕਿ ਭੱਜੀ ਨੇ ਉਸ ਨੂੰ ‘ਬਾਂਦਰ’ ਕਿਹਾ ਹੈ। ਆਈਸੀਸੀ ਦੇ ਨਿਯਮਾਂ ਮੁਤਾਾਬਕ ਇਹ ਨਸਲੀ ਟਿੱਪਣੀ ਸੀ। ਇਸ ਕਾਰਨ ਮੈਚਾਂ ਦੀ ਲੜੀ ਖ਼ਤਰੇ ’ਚ ਪੈ ਗਈ ਸੀ ਪਰ ਮੈਚ ਰੈਫਰੀ ਦੀ ਸੁਣਵਾਈ ’ਚ ਹਰਭਜਨ ਨੂੰ ਕਲੀਨ ਚਿੱਟ ਮਿਲ ਗਈ। ਦਰਅਸਲ ਅਜਿਹੇ ਦਰਸ਼ਕਾਂ ’ਤੇ ਸਖ਼ਤ ਕਾਰਵਾਈ ਦੀ ਲੋੜ ਹੈ। ਸੀਏ ਨੂੰ ਚਾਹੀਦਾ ਹੈ ਕਿ ਮੈਦਾਨ ’ਚ ਨਸਲੀ ਟਿੱਪਣੀਆਂ ਕਰਨ ਵਾਲੇ ਦਰਸ਼ਕਾਂ ’ਤੇ ਉਮਰ ਭਰ ਦੀ ਪਾਬੰਦੀ ਲਾਈ ਜਾਵੇ ਤਾਂ ਜੋ ਖੇਡ ਭਾਵਨਾ ਦੇ ਨਾਲ- ਨਾਲ ਦਰਸ਼ਕਾਂ ’ਚ ਵੀ ਅਨੁਸ਼ਾਸਨ ਬਣਿਆ ਰਹੇ।

Posted By: Sunil Thapa