ਆਖ਼ਰ ਉੱਤਰ ਪ੍ਰਦੇਸ਼ ਦਾ ਗੈਂਗਸਟਰ ਵਿਕਾਸ ਦੂਬੇ ਪੁਲਿਸ ਮੁਕਾਬਲੇ 'ਚ ਢੇਰ ਹੋ ਗਿਆ। ਸ਼ੁੱਕਰਵਾਰ ਸਵੇਰੇ ਉਜੈਨ ਤੋਂ ਕਾਨਪੁਰ ਲਿਜਾਂਦੇ ਸਮੇਂ ਉਸ ਨੇ ਭੱਜਣ ਦੀ ਕੋਸ਼ਿਸ਼ ਕੀਤੀ ਅਤੇ ਦੁਵੱਲੀ ਫਾਇਰਿੰਗ 'ਚ ਉਹ ਮਾਰਿਆ ਗਿਆ। ਇਸੇ ਇਲਾਕੇ 'ਚ ਬੀਤੇ ਦਿਨ ਵਿਕਾਸ ਦੇ ਸਾਥੀ ਪ੍ਰਭਾਤ ਮਿਸ਼ਰਾ ਦਾ ਵੀ ਐਨਕਾਊਂਟਰ ਹੋਇਆ ਸੀ। ਪੁਲਿਸ ਦਾ ਦਾਅਵਾ ਹੈ ਕਿ ਉਸ ਨੇ ਵੀ ਪੁਲਿਸ ਦੀ ਗੱਡੀ ਪੈਂਚਰ ਹੋਣ ਤੋਂ ਬਾਅਦ ਭੱਜਣ ਦੀ ਕੋਸ਼ਿਸ਼ ਕੀਤੀ ਸੀ। ਕਾਨਪੁਰ 'ਚ ਅੱਠ ਪੁਲਿਸ ਵਾਲਿਆਂ ਦੀ ਹੱਤਿਆ ਲਈ ਜ਼ਿੰਮੇਵਾਰ ਵਿਕਾਸ ਦੇ ਸਾਰੇ ਮਾਮਲੇ 'ਚ ਕਈ ਅਜਿਹੇ ਸਵਾਲ ਹਨ ਜਿਨ੍ਹਾਂ ਦੇ ਜਵਾਬ ਲੱਭਣ ਦੀ ਲੋੜ ਹੈ। ਪਹਿਲੇ ਦਿਨ ਜਦੋਂ ਪੁਲਿਸ ਟੀਮ ਵਿਕਾਸ ਦੇ ਘਰ ਛਾਪੇਮਾਰੀ ਕਰਨ ਗਈ ਤਾਂ ਉਸ ਨੂੰ ਪੁਲਿਸ ਦੇ ਆਉਣ ਦੀ ਸੂਹ ਪਹਿਲਾਂ ਹੀ ਮਿਲ ਗਈ ਸੀ ਜਿਸ ਕਾਰਨ ਰਸਤੇ 'ਚ ਡਿੱਚ ਮਸ਼ੀਨ ਲਗਾ ਕੇ ਪੁਲਿਸ ਦਾ ਰਸਤਾ ਰੋਕਣ ਦੀ ਕੋਸ਼ਿਸ਼ ਕੀਤੀ ਗਈ ਸੀ।

ਵਿਕਾਸ ਨੂੰ ਪੁਲਿਸ ਦੇ ਆਉਣ ਦੀ ਖ਼ਬਰ ਕਿਸੇ ਪੁਲਿਸ ਵਾਲੇ ਨੇ ਹੀ ਦਿੱਤੀ ਸੀ ਪਰ ਹਾਲੇ ਤਕ ਇਹ ਸਾਫ਼ ਨਹੀਂ ਹੋਇਆ ਕਿ ਆਖ਼ਰ ਉਹ ਕਿਹੜੀ ਕਾਲੀ ਭੇਡ ਸੀ ਜਿਸ ਨੇ ਮਹਿਕਮੇ ਨਾਲ ਧੋਖਾ ਕੀਤਾ। ਪੁਲਿਸ ਵਾਲਿਆਂ ਦੀ ਹੱਤਿਆ ਤੋਂ ਬਾਅਦ ਸਿਸਟਮ ਹਾਈ ਅਲਰਟ 'ਤੇ ਸੀ ਪਰ ਵਿਕਾਸ ਯੂਪੀ ਤੋਂ ਐੱਮਪੀ ਚਲਾ ਗਿਆ। ਇਹ ਰਹੱਸ ਅਜੇ ਬਣਿਆ ਹੋਇਆ ਹੈ ਕਿ ਵਿਕਾਸ ਦੂਬੇ 4 ਰਾਜਾਂ 'ਚੋਂ 1250 ਕਿਲੋਮੀਟਰ ਦਾ ਸਫ਼ਰ ਕਰਨ ਤੋਂ ਬਾਅਦ ਉਜੈਨ ਕਿਵੇਂ ਪਹੁੰਚਿਆ? ਯੂਪੀ ਤੋਂ ਉਜੈਨ ਤਕ ਵਿਕਾਸ ਦਾ ਪਹੁੰਚਣਾ ਇਹ ਦੱਸਦਾ ਹੈ ਕਿ ਚਾਰ ਸੂਬਿਆਂ ਦੇ ਖੁਫ਼ੀਆਤੰਤਰ ਵਿਚ ਸਭ ਕੁਝ ਠੀਕ ਨਹੀਂ ਹੈ। ਉਸ ਦੀ ਗ੍ਰਿਫ਼ਤਾਰੀ ਵੀ ਬਹੁਤ ਫਿਲਮੀ ਅੰਦਾਜ਼ 'ਚ ਹੋਈ ਸੀ। ਪਹਿਲਾਂ ਉਸ ਨੇ ਮੀਡੀਆ ਨੂੰ ਫੋਟੋਆਂ ਭੇਜੀਆਂ।

ਜਦੋਂ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਤਾਂ ਉੱਚੀ-ਉੱਚੀ ਦੱਸਣ ਲੱਗਾ ਕਿ-ਮੈਂ ਵਿਕਾਸ ਦੂਬੇ ਹਾਂ ਕਾਨਪੁਰ ਵਾਲਾ। ਅਜਿਹਾ ਖ਼ਦਸ਼ਾ ਪਹਿਲਾਂ ਤੋਂ ਹੀ ਜ਼ਾਹਰ ਕੀਤਾ ਜਾ ਰਿਹਾ ਸੀ ਕਿ ਜੇ ਵਿਕਾਸ ਯੂਪੀ ਪੁਲਿਸ ਦੇ ਹੱਥ ਚੜ੍ਹ ਗਿਆ ਤਾਂ ਮਾਰਿਆ ਜਾਵੇਗਾ। ਹਾਲਾਂਕਿ ਉਜੈਨ ਵਿਚ ਜਿਸ ਨਾਟਕੀ ਢੰਗ ਨਾਲ ਉਸ ਦੀ ਗ੍ਰਿਫ਼ਤਾਰੀ ਹੋਈ ਉਸ ਤੋਂ ਲੱਗ ਰਿਹਾ ਸੀ ਕਿ ਵਿਕਾਸ ਦਾ ਐਨਕਾਊਂਟਰ ਸੌਖਾ ਨਹੀਂ ਹੋਵੇਗਾ। ਇਸ ਤੋਂ ਪਹਿਲਾਂ ਵਿਕਾਸ ਦੇ ਪੰਜ ਸਾਥੀਆਂ ਨੂੰ ਵੀ ਪੁਲਿਸ ਨੇ ਮੁਕਾਬਲੇ ਵਿਚ ਮਾਰ ਦਿੱਤਾ ਸੀ। ਇਹ ਤਾਂ ਜਗ ਜ਼ਾਹਰ ਹੈ ਕਿ ਹਰੇਕ ਬਦਮਾਸ਼ ਜਾਂ ਅਪਰਾਧੀ ਦਾ ਅੰਤ ਇਸੇ ਤਰ੍ਹਾਂ ਹੁੰਦਾ ਹੈ ਪਰ ਵਿਕਾਸ ਦੇ ਐਨਕਾਊਂਟਰ ਨਾਲ ਦੇਸ਼ ਵਿਚ ਇਕ ਬਹਿਸ ਫਿਰ ਛਿੜ ਗਈ ਹੈ। ਪਿਛਲੇ ਅੱਠ ਮਹੀਨਿਆਂ 'ਚ ਇਹ ਦੂਜਾ ਐਨਕਾਊਂਟਰ ਹੈ ਜਿਸ ਨੂੰ ਲੈ ਕੇ ਪੁਲਿਸ 'ਤੇ ਸਵਾਲ ਉੱਠ ਰਹੇ ਹਨ। ਪਿਛਲੇ ਸਾਲ ਦਸੰਬਰ ਮਹੀਨੇ ਵੀ ਹੈਦਰਾਬਾਦ ਦੀ ਮਹਿਲਾ ਵੈਟਰਨਰੀ ਡਾਕਟਰ ਨਾਲ ਜਬਰ-ਜਨਾਹ ਅਤੇ ਕਤਲ ਦੇ ਮੁਲਜ਼ਮਾਂ ਨੂੰ ਤੜਕਸਾਰ ਪੁਲਿਸ ਮੁਕਾਬਲੇ 'ਚ ਮਾਰ ਦਿੱਤਾ ਗਿਆ ਸੀ।

ਇਕ ਪਾਸੇ ਵਿਕਾਸ ਦੂਬੇ ਦੇ ਇਸ ਐਨਕਾਊਂਟਰ ਦਾ ਵਿਰੋਧ ਹੋਇਆ, ਦੂਜੇ ਪਾਸੇ ਯੂਪੀ ਦੇ ਕੁਝ ਇਲਾਕਿਆਂ ਵਿਚ ਲੱਡੂ ਵੰਡੇ ਗਏ। ਇਹ ਉਹ ਲੋਕ ਹਨ ਜਿਨ੍ਹਾਂ ਨੂੰ ਐਨਕਾਊਂਟਰ ਦੇ ਸੱਚ ਜਾਂ ਝੂਠ ਨਾਲ ਕੁਝ ਲੈਣਾ-ਦੇਣਾ ਨਹੀਂ। ਉਹ ਤਾਂ ਤੁਰੰਤ ਇਨਸਾਫ਼ ਮੰਗਦੇ ਹਨ। ਦਰਅਸਲ, ਨਿਆਂ ਪ੍ਰਣਾਲੀ ਦੀ ਸੁਸਤ ਰਫ਼ਤਾਰ ਕਾਰਨ ਲੋਕ ਫ਼ਰਜ਼ੀ ਪੁਲਿਸ ਮੁਕਾਬਲਿਆਂ ਦੇ ਹੱਕ 'ਚ ਵੀ ਖੜ੍ਹੇ ਹੋਣ ਲੱਗੇ ਹਨ। ਜੇਕਰ ਵਿਕਾਸ ਦੂਬੇ ਵਰਗੇ ਮਾਮਲਿਆਂ 'ਚ ਨਿਆਂ-ਪ੍ਰਣਾਲੀ ਵਿਚ ਤੇਜ਼ੀ ਲਿਆਂਦੀ ਜਾਵੇ ਅਤੇ ਅਜਿਹੇ ਅਪਰਾਧੀਆਂ ਨੂੰ ਤੈਅ ਸਮੇਂ 'ਚ ਫਾਂਸੀ ਦਿੱਤੀ ਜਾਵੇ ਤਾਂ ਉਹ ਜ਼ਿਆਦਾ ਬਿਹਤਰ ਹੋਵੇਗਾ। ਜ਼ਰੂਰਤ ਹੈ ਨਿਆਂ-ਪ੍ਰਣਾਲੀ ਵਿਚ ਸੁਧਾਰ ਦੀ ਤਾਂ ਜੋ ਪੁਲਿਸ ਵਾਲਿਆਂ 'ਚ ਐਨਕਾਊਂਟਰ ਦਾ ਰੁਝਾਨ ਨਾ ਵਧੇ।

Posted By: Sunil Thapa