ਪੂਰੀ ਦੁਨੀਆ ਦੀ ਨਜ਼ਰ ਇਸ ਵੇਲੇ ਕੋਰੋਨਾ ਦੇ ਵੈਕਸੀਨ 'ਤੇ ਟਿਕੀ ਹੋਈ ਹੈ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਮੁਤਾਬਕ ਉਨ੍ਹਾਂ ਦੇ ਦੇਸ਼ ਨੇ ਦੁਨੀਆ ਦੀ ਪਹਿਲੀ ਕੋਰੋਨਾ ਵੈਕਸੀਨ ਰਜਿਸਟਰ ਕਰਵਾ ਲਈ ਹੈ। ਪੂਰੀ ਦੁਨੀਆ ਲਈ ਮਹਾਮਾਰੀ ਦੇ ਦੌਰ 'ਚ ਇਸ ਨਾਲੋਂ ਚੰਗੀ ਤੇ ਵੱਡੀ ਕੋਈ ਖ਼ੁਸ਼ਖ਼ਬਰੀ ਨਹੀਂ ਹੋ ਸਕਦੀ। ਦੂਜੇ ਪਾਸੇ ਰੂਸ ਦੇ ਵੈਕਸੀਨ ਨੂੰ ਦੁਨੀਆ ਭਰ ਦੇ ਵਿਗਿਆਨੀ ਸ਼ੱਕ ਦੀ ਨਜ਼ਰ ਨਾਲ ਦੇਖ ਰਹੇ ਹਨ ਕਿਉਂਕਿ ਤੀਜੇ ਤੇ ਆਖ਼ਰੀ ਪੜਾਅ ਦੇ ਟਰਾਇਲ ਤੋਂ ਪਹਿਲਾਂ ਇਸ ਨੂੰ ਰਜਿਸਟਰ ਕਰਵਾਇਆ ਗਿਆ ਹੈ। ਰੂਸ ਦੇ ਸਿਹਤ ਮੰਤਰਾਲੇ ਵੱਲੋਂ ਚਾਹੇ ਇਸ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੋਵੇ ਪਰ ਵਿਸ਼ਵ ਸਿਹਤ ਸੰਗਠਨ ਨੇ ਇਸ ਨੂੰ ਜਲਦਬਾਜ਼ੀ ਕਰਾਰ ਦਿੰਦਿਆਂ ਟੀਕੇ ਦੀ ਪ੍ਰਕਿਰਿਆ 'ਤੇ ਸਵਾਲ ਚੁੱਕੇ ਹਨ। ਅਮਰੀਕਾ ਨੇ ਰੂਸ 'ਤੇ ਟੀਕੇ ਦਾ ਫਾਰਮੂਲਾ ਚੋਰੀ ਕਰਨ ਦਾ ਵੀ ਦੋਸ਼ ਲਾਇਆ ਹੈ। ਅਮਰੀਕੀ ਵਿਗਿਆਨੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਇਹ ਟੀਕਾ ਉਨ੍ਹਾਂ ਲੋਕਾਂ ਲਈ ਖ਼ਤਰਨਾਕ ਸਾਬਤ ਹੋ ਸਕਦਾ ਹੈ ਜਿਨ੍ਹਾਂ 'ਚ ਐਂਟੀ-ਬਾਡੀਜ਼ ਬਣ ਚੁੱਕੀ ਹੈ। ਜਦੋਂਕਿ ਰੂਸ ਦਾ ਦਾਅਵਾ ਹੈ ਕਿ ਦੋ ਹਫ਼ਤਿਆਂ ਅੰਦਰ ਪਹਿਲੇ ਬੈਚ ਨੂੰ ਵੈਕਸੀਨ ਲਗਾਇਆ ਜਾਵੇਗਾ। ਇਹ ਵੈਕਸੀਨ ਗੇਮਾਲਿਆ ਰਿਸਰਚ ਇੰਸਟੀਚਿਊਟ ਤੇ ਰੂਸੀ ਰੱਖਿਆ ਮੰਤਰਾਲੇ ਵੱਲੋਂ ਸਾਂਝੇ ਤੌਰ 'ਤੇ ਵਿਕਸਤ ਕੀਤਾ ਗਿਆ ਹੈ। ਜੇਕਰ ਇਹ ਵੈਕਸੀਨ ਕੋਰੋਨਾ ਖ਼ਿਲਾਫ਼ ਸਹੀ ਨਤੀਜੇ ਦਿੰਦਾ ਹੈ ਤਾਂ ਪੂਰੀ ਦੁਨੀਆ ਨੂੰ ਕੋਰੋਨਾ ਦੀ ਦਹਿਸ਼ਤ ਤੋਂ ਛੁਟਕਾਰਾ ਮਿਲ ਸਕਦਾ ਹੈ ਕਿਉਂਕਿ ਰੂਸ ਕੋਲ ਆਪਣੀ ਜ਼ਰੂਰਤ ਪੂਰੀ ਕਰਨ ਤੋਂ ਇਲਾਵਾ ਦੂਜੇ ਮੁਲਕਾਂ ਨੂੰ ਵੈਕਸੀਨ ਬਰਾਮਦ ਕਰਨ ਦੀ ਵੀ ਸਮਰੱਥਾ ਹੈ। ਦੂਜੇ ਪਾਸੇ ਭਾਰਤ ਸਮੇਤ ਦੁਨੀਆ ਦੇ ਕਈ ਮੁਲਕਾਂ 'ਚ ਵੈਕਸੀਨ ਦੇ ਟਰਾਇਲ ਚੱਲ ਰਹੇ ਹਨ। ਵਿਸ਼ਵ ਸਿਹਤ ਸੰਗਠਨ ਨੇ ਆਪਣੀ ਵੈੱਬਸਾਈਟ 'ਤੇ ਕਲੀਨੀਕਲ ਪ੍ਰੀਖਣਾਂ ਅਧੀਨ 25 ਟੀਕਿਆਂ ਨੂੰ ਸੂਚੀਬੱਧ ਕੀਤਾ ਹੈ ਜਦੋਂਕਿ 139 ਟੀਕੇ ਇਸ ਸਮੇਂ ਪੂਰਵ-ਕਲੀਨੀਕਲ ਪੜਾਅ 'ਤੇ ਹਨ। ਡਬਲਯੂਐੱਚਓ ਨੇ ਟੀਕੇ ਦੇ ਉਤਪਾਦਨ ਲਈ ਖ਼ਾਸ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਜਦਕਿ ਰੂਸ ਨੇ ਟੀਕੇ 'ਤੇ ਸਾਰੇ ਕਲੀਨੀਕਲ ਟਰਾਇਲ ਖ਼ਤਮ ਕਰਨ ਦਾ ਵੀ ਐਲਾਨ ਕਰ ਦਿੱਤਾ ਹੈ। ਰੂਸ ਦੇ ਵੈਕਸੀਨ 'ਤੇ ਉਂਗਲ ਇਸ ਕਰਕੇ ਚੁੱਕੀ ਜਾ ਰਹੀ ਹੈ ਕਿਉਂਕਿ ਕਿਸੇ ਵੀ ਟੀਕੇ ਦਾ ਤੀਜੇ ਪੜਾਅ ਦਾ ਪ੍ਰੀਖਣ ਆਮ ਤੌਰ 'ਤੇ ਹਜ਼ਾਰਾਂ ਲੋਕਾਂ 'ਤੇ ਮਹੀਨਿਆਂ ਤਕ ਚੱਲਦਾ ਹੈ। ਭਾਰਤ 'ਚ ਸੀਐੱਸਆਈਆਰ ਦੇ ਵਿਗਿਆਨੀਆਂ ਨੇ ਵੀ ਕਿਹਾ ਹੈ ਕਿ ਇਸ ਵੈਕਸੀਨ ਨੂੰ ਲੈ ਕੇ ਪੁਖ਼ਤਾ ਅੰਕੜੇ ਸਾਹਮਣੇ ਨਹੀਂ ਆਏ ਹਨ ਜਿਸ ਨਾਲ ਵੈਕਸੀਨ ਦੀ ਮਰੀਜ਼ਾਂ ਦੇ ਇਲਾਜ ਲਈ ਕੁਸ਼ਲਤਾ ਅਤੇ ਸੁਰੱਖਿਆ ਦਾ ਪੱਧਰ ਦੇਖਿਆ ਜਾ ਸਕੇ। ਇਸ ਵੇਲੇ ਦੁਨੀਆ 'ਚ ਕੋਰੋਨਾ ਵਾਇਰਸ ਦਾ ਸਭ ਤੋਂ ਵੱਡਾ ਸੰਕਟ ਅਮਰੀਕਾ 'ਤੇ ਮੰਡਰਾ ਰਿਹਾ ਹੈ। ਇਸ ਲਈ ਅਮਰੀਕਾ ਨੂੰ ਕੋਰੋਨਾ ਵੈਕਸੀਨ ਦੀ ਸਭ ਤੋਂ ਪਹਿਲਾਂ ਜ਼ਰੂਰਤ ਹੈ। ਅਮਰੀਕਾ ਨੇ ਵੈਕਸੀਨ ਬਣਾਉਣ ਵਾਲੀ ਮੋਡਰਨਾ ਕੰਪਨੀ ਨਾਲ ਕਰਾਰ ਕੀਤਾ ਹੋਇਆ ਹੈ। ਆਕਸਫੋਰਡ ਯੂਨੀਵਰਸਿਟੀ ਵੀ ਵੈਕਸੀਨ ਲਈ ਕੰਮ ਕਰ ਰਹੀ ਹੈ। ਦੁਨੀਆ ਭਰ ਦੇ ਵਿਗਿਆਨੀਆਂ ਦੀ ਨਜ਼ਰ 'ਚ ਆਕਸਫੋਰਡ ਦੇ ਵੈਕਸੀਨ ਟਰਾਇਲ ਸਭ ਤੋਂ ਪੁਖ਼ਤਾ ਦੱਸੇ ਜਾ ਰਹੇ ਹਨ। ਕੋਰੋਨਾ ਦਾ ਵੈਕਸੀਨ ਬਣਾਉਣ ਵਾਲੇ ਪਹਿਲੇ ਦਾਅਵੇਦਾਰ ਰੂਸ ਨੇ ਵੈਕਸੀਨ ਬਣਾਉਣ ਲਈ ਜੇਕਰ ਡਬਲਯੂਐੱਚਓ ਦੀਆਂ ਹਦਾਇਤਾਂ ਦੀ ਪਾਲਣਾ ਨਹੀਂ ਕੀਤੀ ਤਾਂ ਟੀਕੇ ਦੇ ਨਤੀਜੇ ਆਉਣ ਤਕ ਕੁਝ ਕਹਿਣਾ ਮੁਸ਼ਕਲ ਹੈ। ਦਾਅਵੇ ਮੁਤਾਬਕ ਜਕਰੇ ਰੂਸ ਦਾ ਵੈਕਸੀਨ ਨਤੀਜੇ ਦਿੰਦਾ ਹੈ ਤਾਂ ਇਹ ਕੋਰੋਨਾ ਦੇ ਖ਼ਾਤਮੇ ਲਈ ਸੰਜੀਵਨੀ ਸਾਬਤ ਹੋਵੇਗਾ।

Posted By: Jagjit Singh