ਰਾਬਰਟ ਵਾਡਰਾ ਕੋਲੋਂ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੱਲੋਂ ਕੀਤੀ ਜਾ ਰਹੀ ਪੁੱਛਗਿੱਛ ਚਰਚਾ ਵਿਚ ਹੈ। ਚਰਚੇ ਤਾਂ ਹੋਣਗੇ ਹੀ ਕਿਉਂਕਿ ਰਾਬਰਟ ਵਾਡਰਾ ਕਾਂਗਰਸ ਸੁਪਰੀਮੋ ਸੋਨੀਆ ਗਾਂਧੀ ਦਾ ਜਵਾਈ, ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦਾ ਜੀਜਾ ਅਤੇ ਕਾਂਗਰਸ ਦੀ ਹੁਣੇ-ਹੁਣੇ ਜਨਰਲ ਸਕੱਤਰ ਬਣੀ ਪ੍ਰਿਅੰਕਾ ਗਾਂਧੀ ਦਾ ਪਤੀ ਹੈ। ਵਾਡਰਾ ਤੋਂ ਪੁੱਛਗਿੱਛ ਉਦੋਂ ਸ਼ੁਰੂ ਹੋਈ ਹੈ ਜਦੋਂ ਪ੍ਰਿਅੰਕਾ ਗਾਂਧੀ ਨੂੰ ਸਿਆਸਤ ਵਿਚ ਆਇਆਂ ਹਾਲੇ ਕੁਝ ਦਿਨ ਹੀ ਹੋਏ ਹਨ। ਪ੍ਰਿਅੰਕਾ ਖ਼ੁਦ ਆਪਣੇ ਪਤੀ ਨੂੰ ਈਡੀ ਕੋਲ ਛੱਡ ਕੇ ਗਈ ਸੀ। ਇਸ 'ਤੇ ਪ੍ਰਿਅੰਕਾ ਦਾ ਕਹਿਣਾ ਸੀ 'ਪੂਰੀ ਦੁਨੀਆ ਨੂੰ ਪਤਾ ਹੈ ਕਿ ਕੀ ਹੋ ਰਿਹਾ ਹੈ ਅਤੇ ਉਹ ਪੂਰੀ ਤਰ੍ਹਾਂ ਆਪਣੇ ਪਰਿਵਾਰ ਨਾਲ ਖੜ੍ਹੀ ਹੈ।' ਦਰਅਸਲ, ਲੰਡਨ 'ਚ 19 ਲੱਖ ਪੌਂਡ 'ਚ ਘਰ ਖ਼ਰੀਦਣ 'ਤੇ ਵਾਡਰਾ 'ਤੇ ਮਨੀ ਲਾਂਡਰਿੰਗ ਦਾ ਕੇਸ ਚੱਲ ਰਿਹਾ ਹੈ। ਹਾਲਾਂਕਿ ਭਾਜਪਾ ਆਗੂ ਤਾਂ ਇਸ ਤੋਂ ਵੀ ਵੱਡੇ ਦੋਸ਼ ਲਾ ਰਹੇ ਹਨ। ਉਨ੍ਹਾਂ ਮੁਤਾਬਕ ਇਸ ਘਰ ਤੋਂ ਇਲਾਵਾ ਵਾਡਰਾ ਦੇ ਲੰਡਨ ਵਿਚ 6 ਹੋਰ ਫਲੈਟ ਹਨ। ਦੂਜੇ ਪਾਸੇ ਵਾਡਰਾ ਪਹਿਲਾਂ ਤੋਂ ਹੀ ਇਨ੍ਹਾਂ ਇਲਜ਼ਾਮਾਂ ਨੂੰ ਖ਼ਾਰਜ ਕਰਦਾ ਆ ਰਿਹਾ ਹੈ ਅਤੇ ਇਨ੍ਹਾਂ ਨੂੰ ਸਿਆਸਤ ਤੋਂ ਪ੍ਰੇਰਿਤ ਦੱਸ ਰਿਹਾ ਹੈ। ਮਾਮਲੇ ਨੂੰ ਲੈ ਕੇ ਈਡੀ ਨੇ ਪਿਛਲੇ ਸਾਲ ਦਸੰਬਰ ਵਿਚ ਵਾਡਰਾ ਨਾਲ ਜੁੜੀ ਕੰਪਨੀ ਸਕਾਈਲਾਈਟਸ ਹੋਸਪੀਟੈਲਿਟੀ 'ਤੇ ਛਾਪੇਮਾਰੀ ਕੀਤੀ ਸੀ ਅਤੇ ਵਾਡਰਾ ਤੇ ਉਸ ਦੇ ਸਾਥੀ ਮਨੋਜ ਅਰੋੜਾ ਕੋਲੋਂ ਪੁੱਛਗਿੱਛ ਕੀਤੀ ਸੀ। ਮਨੀ ਲਾਂਡਰਿੰਗ ਦੇ ਇਸ ਮਾਮਲੇ 'ਚ ਵਾਡਰਾ ਅਗਾਊਂ ਜ਼ਮਾਨਤ 'ਤੇ ਚੱਲ ਰਿਹਾ ਹੈ ਅਤੇ ਉਸ ਨੇ ਪਹਿਲਾਂ ਹੀ ਅਦਾਲਤ ਨੂੰ ਕਿਹਾ ਹੋਇਆ ਹੈ ਕਿ ਉਹ ਈਡੀ ਨੂੰ ਜਾਂਚ 'ਚ ਹਰ ਸੰਭਵ ਸਹਿਯੋਗ ਕਰੇਗਾ। ਭਾਰਤ 'ਚ ਇਨਫੋਰਸਮੈਂਟ ਡਾਇਰੈਕਟੋਰੇਟ ਇਕ ਅਹਿਮ ਤੇ ਵੱਕਾਰੀ ਸੰਸਥਾ ਹੈ। ਈਡੀ ਦੀ ਮੁੱਖ ਜ਼ਿੰਮੇਵਾਰੀ ਆਰਥਿਕ ਮਾਮਲਿਆਂ ਨਾਲ ਸਬੰਧਤ ਅਪਰਾਧਾਂ ਦੀ ਜਾਂਚ ਕਰਨਾ ਹੁੰਦਾ ਹੈ ਅਤੇ ਆਰਥਿਕ ਕਾਨੂੰਨਾਂ ਨੂੰ ਲਾਗੂ ਕਰਵਾਉਣਾ ਵੀ ਹੁੰਦਾ ਹੈ। ਇਸ ਤਹਿਤ ਹੀ ਈਡੀ ਵਾਡਰਾ ਤੋਂ ਪੁੱਛਗਿੱਛ ਕਰ ਰਹੀ ਹੈ। ਪਿਛਲੀਆਂ ਲੋਕ ਸਭਾ ਚੋਣਾਂ ਵੇਲੇ ਵੀ ਗੁੜਗਾਓਂ 'ਚ ਜ਼ਮੀਨ ਘੁਟਾਲੇ ਨੂੰ ਲੈ ਕੇ ਰਾਬਰਟ ਵਾਡਰਾ ਦਾ ਨਾਂ ਖਾਸਾ ਉਛਲਿਆ ਸੀ। ਹੁਣ ਫਿਰ ਲੋਕ ਸਭਾ ਚੋਣਾਂ ਦੀ ਆਹਟ ਦੇ ਨਾਲ ਹੀ ਰਾਬਰਟ ਵਾਡਰਾ ਦਾ ਇਕ ਨਵਾਂ ਮਾਮਲਾ ਖੁੱਲ੍ਹ ਗਿਆ ਹੈ। ਰਾਬਰਟ ਤੋਂ ਪੁੱਛਗਿੱਛ ਜਾਂ ਉਸ ਦੀ ਕਿਸੇ ਵੀ ਸ਼ੱਕੀ ਮਾਮਲੇ ਵਿਚ ਸ਼ਮੂਲੀਅਤ 'ਤੇ ਏਨਾ ਸ਼ੋਰ-ਸ਼ਰਾਬਾ ਕਿਉਂ ਹੁੰਦਾ ਹੈ? ਉਸ ਨੂੰ ਲੈ ਕੇ ਸਿਆਸਤ ਕਿਉਂ ਹੋਣ ਲੱਗ ਪੈਂਦੀ ਹੈ? ਸਿਰਫ਼ ਇਸ ਲਈ ਕਿ ਉਹ ਗਾਂਧੀ ਪਰਿਵਾਰ ਨਾਲ ਜੁੜਿਆ ਹੋਇਆ ਹੈ ਜਾਂ ਫਿਰ ਇਸ 'ਤੇ ਕਿਸੇ ਤਰ੍ਹਾਂ ਦਾ ਕੋਈ ਸਿਆਸੀ ਫ਼ਾਇਦਾ ਮਿਲਦਾ ਹੈ? ਅਸਲ ਵਿਚ ਮੌਜੂਦਾ ਦੌਰ ਦੀ ਸਿਆਸਤ ਮੁੱਦਾਹੀਣ ਹੋ ਕੇ ਵਿਅਕਤੀ ਕੇਂਦਰਿਤ ਹੋ ਚੁੱਕੀ ਹੈ। ਜੇਕਰ ਵਾਡਰਾ ਨੇ ਕੁਝ ਗ਼ਲਤ ਕੀਤਾ ਹੈ ਤਾਂ ਪੰਜ ਸਾਲ ਕਾਂਗਰਸ ਵਿਰੋਧੀ ਸਰਕਾਰ ਸੀ। ਉਸ ਨੂੰ ਵਾਡਰਾ 'ਤੇ ਕੋਈ ਠੋਸ ਕਾਰਵਾਈ ਅਮਲ 'ਚ ਲਿਆਉਣੀ ਚਾਹੀਦੀ ਸੀ ਪਰ ਅਜਿਹਾ ਕਿਉਂ ਨਹੀਂ ਹੋਇਆ, ਇਹ ਵੀ ਇਕ ਅਹਿਮ ਸਵਾਲ ਹੈ। ਸਾਡੇ ਗੁਆਂਢੀ ਮੁਲਕ ਪਾਕਿਸਤਾਨ ਵਿਚ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੂੰ ਪਨਾਮਾ ਪੇਪਰਜ਼ ਲੀਕ ਮਾਮਲੇ ਅਤੇ ਲੰਡਨ 'ਚ ਘਰ ਤੇ ਹੋਰ ਬੇਨਾਮੀ ਜਾਇਦਾਦ ਬਣਾਉਣ ਦੇ ਦੋਸ਼ਾਂ ਦੀ ਤੇਜ਼ੀ ਨਾਲ ਜਾਂਚ ਕਰਦੇ ਹੋਏ ਜੇਲ੍ਹ ਵਿਚ ਸੁੱਟ ਦਿੱਤਾ ਗਿਆ ਸੀ। ਫਿਰ ਸਾਡੇ ਮੁਲਕ ਵਿਚ ਕਿਸੇ ਵੀ ਪ੍ਰਭਾਵਸ਼ਾਲੀ ਵਿਅਕਤੀ ਖ਼ਿਲਾਫ਼ ਕਾਰਵਾਈ 'ਚ ਏਨੀ ਦੇਰੀ ਕਿਉਂ ਹੋ ਜਾਂਦੀ ਹੈ? ਮਾਮਲਾ ਚਾਹੇ ਕੋਈ ਵੀ ਹੋਵੇ, ਸ਼ਖ਼ਸ ਚਾਹੇ ਜਿੰਨਾ ਵੀ ਵੱਡਾ ਹੋਵੇ, ਕਾਨੂੰਨ ਨੂੰ ਆਪਣਾ ਕੰਮ ਕਰਨ ਦੇਣਾ ਚਾਹੀਦਾ ਹੈ ਅਤੇ ਉਸ 'ਤੇ ਕਿਸੇ ਵੀ ਤਰ੍ਹਾਂ ਦੀ ਸਿਆਸਤ ਨਹੀਂ ਹੋਣੀ ਚਾਹੀਦੀ।

Posted By: Sukhdev Singh