-ਉਜਾਗਰ ਸਿੰਘ

ਜਸਟਿਨ ਟਰੂਡੋ ਦੀ ਅਗਵਾਈ ਹੇਠ ਕੈਨੇਡਾ ਵਿਚ ਬਣੀ ਨਵੀਂ ਫੈਡਰਲ ਸਰਕਾਰ ਵਿਚ 4 ਭਾਰਤੀ ਮੰਤਰੀ ਹਨ ਜਿਨ੍ਹਾਂ 'ਚੋਂ 3 ਹਰਜੀਤ ਸਿੰਘ ਸੱਜਣ, ਨਵਦੀਪ ਸਿੰਘ ਬੈਂਸ, ਬਰਦੀਸ਼ ਚੱਗਰ ਪੰਜਾਬੀ ਅਤੇ ਅਨੀਤਾ ਆਨੰਦ ਭਾਰਤੀ ਹਨ। ਭਾਰਤ ਵਿਚ ਨਰਿੰਦਰ ਮੋਦੀ ਦੀ ਸਰਕਾਰ ਵਿਚ ਵੀ 3 ਹੀ ਪੰਜਾਬੀ ਮੰਤਰੀ ਹਨ। ਪੰਜਾਬੀ ਦੇਸ਼-ਵਿਦੇਸ਼ ਦੇ ਭਾਵੇਂ ਕਿਸੇ ਵੀ ਖਿੱਤੇ ਵਿਚ ਵਸਿਆ ਹੋਵੇ, ਉਹ ਆਪਣੀ ਸਮਾਜਿਕ, ਆਰਥਿਕ, ਸੱਭਿਆਚਾਰਕ ਅਤੇ ਰਾਜਨੀਤਕ ਹੋਂਦ ਦਾ ਪ੍ਰਗਟਾਵਾ ਕਰ ਕੇ ਆਪਣੀ ਅਹਿਮੀਅਤ ਦਰਸਾ ਦਿੰਦਾ ਹੈ। ਪੰਜਾਬੀਆਂ ਦਾ ਸੁਭਾਅ ਹੈ ਕਿ ਉਹ ਹਮੇਸ਼ਾ ਹਰ ਖੇਤਰ ਵਿਚ ਮੋਹਰੀ ਦੀ ਭੂਮਿਕਾ ਨਿਭਾਉਣ ਵਿਚ ਫ਼ਖ਼ਰ ਮਹਿਸੂਸ ਕਰਦੇ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦਾ ਵਰ੍ਹਾ ਉਨ੍ਹਾਂ ਲਈ ਵਿਸ਼ੇਸ਼ ਮਹੱਤਤਾ ਰੱਖਦਾ ਹੈ। ਇਸ ਵਰ੍ਹੇ ਦੌਰਾਨ ਉਨ੍ਹਾਂ ਨੇ ਬਹੁਤ ਮੱਲਾਂ ਮਾਰੀਆਂ ਹਨ। ਅਕਤੂਬਰ 2019 ਵਿਚ ਹੋਈਆਂ ਕੈਨੇਡਾ ਦੀ 43ਵੀਆਂ ਫੈਡਰਲ ਚੋਣਾਂ ਵਿਚ ਪੰਜਾਬੀਆਂ ਨੇ ਆਪਣਾ ਜਲਵਾ ਵਿਖਾ ਦਿੱਤਾ ਹੈ। ਉਨ੍ਹਾਂ ਨੇ 2015 ਦੀਆਂ ਫੈਡਰਲ ਚੋਣਾਂ ਵਾਲੀ ਆਪਣੀ ਧਾਂਕ ਬਰਕਰਾਰ ਰੱਖੀ ਹੈ। ਇਸ ਵਾਰ ਲਿਬਰਲ, ਕੰਜ਼ਰਵੇਟਿਵ ਅਤੇ ਨਿਊ ਡੈਮੋਕ੍ਰੈਟਿਕ ਪਾਰਟੀ ਦੇ ਲਗਪਗ 50 ਪੰਜਾਬੀ ਉਮੀਦਵਾਰਾਂ ਨੇ ਚੋਣ ਲੜੀ ਸੀ ਜਿਨ੍ਹਾਂ 'ਚੋਂ 19 ਹੀ ਚੋਣ ਜਿੱਤ ਸਕੇ ਹਨ। ਲਿਬਰਲ ਪਾਰਟੀ ਨੇ 18 ਪੰਜਾਬੀ ਉਮੀਦਵਾਰ ਚੋਣ ਮੈਦਾਨ ਵਿਚ ਉਤਾਰੇ ਸਨ ਜਿਨ੍ਹਾਂ 'ਚੋਂ 14 ਉਮੀਦਵਾਰ ਨਵਦੀਪ ਸਿੰਘ ਬੈਂਸ, ਹਰਜੀਤ ਸਿੰਘ ਸੱਜਣ, ਬਰਦੀਸ਼ ਚੱਗਰ, ਸੁੱਖ ਧਾਲੀਵਾਲ, ਰਣਦੀਪ ਸਿੰਘ ਸਰਾਏ, ਅੰਜੂ ਕੌਰ ਢਿੱਲੋਂ, ਰੂਬੀ ਕੌਰ ਸਹੋਤਾ, ਸੋਨੀਆ ਸਿੱਧੂ, ਕਮਲ ਖਹਿਰਾ, ਗਗਨ ਸਿਕੰਦ, ਰਾਜ ਸੈਣੀ, ਮਨਿੰਦਰ ਸਿੰਘ ਸਿੱਧੂ, ਰਾਮੇਸ਼ਵਰ ਸੰਘਾ ਅਤੇ ਅਨੀਤਾ ਆਨੰਦ ਚੋਣ ਜਿੱਤ ਕੇ ਸੰਸਦ ਦੇ ਮੈਂਬਰ ਬਣ ਗਏ ਹਨ। ਕੰਜ਼ਰਵੇਟਿਵ ਪਾਰਟੀ ਨੇ 19 ਉੁਮੀਦਵਾਰ ਚੋਣ ਮੈਦਾਨ ਵਿਚ ਖੜ੍ਹੇ ਕੀਤੇ ਸਨ ਜਿਨ੍ਹਾਂ 'ਚੋਂ 4 ਟਿਮ ਉੱਪਲ, ਜਸਰਾਜ ਸਿੰਘ ਹੱਲਣ, ਜਗਦੀਪ ਕੌਰ ਸਹੋਤਾ ਉਰਫ਼ ਜੈਗ ਸਹੋਤਾ ਅਤੇ ਬੌਬ ਸਰੋਆ ਚੋਣ ਜਿੱਤੇ ਹਨ। ਨਿਊ ਡੈਮੋਕ੍ਰੈਟਿਕ ਪਾਰਟੀ ਦੇ ਮੁਖੀ ਜਗਮੀਤ ਸਿੰਘ ਚੋਣ ਜਿੱਤ ਗਏ ਹਨ। ਜਗਮੀਤ ਸਿੰਘ ਦੀ ਵਿਰਾਸਤ ਦੇਸ਼ ਭਗਤ ਸੁਤੰਤਰਤਾ ਸੰਗਰਾਮੀਏ ਸੇਵਾ ਸਿੰਘ ਠੀਕਰੀਵਾਲਾ ਦਾ ਪਰਿਵਾਰ ਹੈ। ਚੰਦਰ ਆਰੀਆ ਕਰਨਾਟਕ ਤੋਂ ਲਿਬਰਲ ਪਾਰਟੀ ਦੇ ਉਮੀਦਵਾਰ ਚੋਣ ਜਿੱਤ ਗਏ ਹਨ। ਕੁੱਲ ਮਿਲਾ ਕੇ 23 ਪਰਵਾਸੀ ਕੈਨੇਡੀਅਨ ਚੋਣ ਜਿੱਤ ਗਏ ਹਨ। ਕੈਨੇਡਾ ਵਿਚ ਪੰਜਾਬੀਆਂ ਦੀ ਵਸੋਂ ਸਿਰਫ਼ 1.4 ਫ਼ੀਸਦੀ ਹੈ ਜਦੋਂਕਿ ਸੰਸਦ ਦੇ ਕੁੱਲ ਮੈਬਰਾਂ ਦੀ ਗਿਣਤੀ ਦਾ 4 ਫ਼ੀਸਦੀ ਪੰਜਾਬੀ ਹਨ। ਇਨ੍ਹਾਂ 'ਚੋਂ 6 ਦਸਤਾਰਧਾਰੀ ਹਨ, 6 ਇਸਤਰੀਆਂ ਹਨ। ਦਸਤਾਰਧਾਰੀਆਂ 'ਚੋਂ 5 ਅੰਮ੍ਰਿਤਧਾਰੀ ਹਨ। ਅਠਾਰਾਂ ਸੰਸਦ ਮੈਂਬਰਾਂ 'ਚੋਂ 10 ਇਕੱਲੇ ਓਂਟਾਰੀਓ ਸੂਬੇ 'ਚੋਂ, 4 ਬ੍ਰਿਟਿਸ਼ ਕੋਲੰਬੀਆ, 3 ਅਲਬਰਟਾ ਅਤੇ ਇਕ ਕਿਊਬਕ ਸੂਬੇ 'ਚੋਂ ਚੁਣੇ ਗਏ ਹਨ। ਸੰਨ 2015 ਵਿਚ ਚੋਣ ਜਿੱਤਣ ਵਾਲੇ ਮੈਂਬਰਾਂ 'ਚੋਂ 3 ਅਮਰਜੀਤ ਸਿੰਘ ਸੋਹੀ, ਬਲ ਗੋਸਲ ਅਤੇ ਜੋਤੀ ਸਿੱਧੂ ਚੋਣ ਹਾਰ ਗਏ ਹਨ। ਦਰਸ਼ਨ ਸਿੰਘ ਕੰਗ ਨੇ ਇਸ ਵਾਰ ਚੋਣ ਲੜੀ ਹੀ ਨਹੀਂ। ਕੈਨੇਡਾ ਵਿਚ ਸੰਸਾਰ ਦੇ ਸਾਰੇ ਦੇਸ਼ਾਂ ਤੋਂ ਆਏ ਪਰਵਾਸੀ ਵਸੇ ਹੋਏ ਹਨ ਪਰ ਹੋਰ ਕਿਸੇ ਵੀ ਦੇਸ਼ ਜਾਂ ਇਉਂ ਕਹਿ ਲਵੋ ਕਿ ਕਿਸੇ ਵੀ ਦੇਸ਼ ਦੇ ਇਕ ਸੂਬੇ 'ਚੋਂ ਇੰਨੇ ਸੰਸਦ ਮੈਂਬਰ ਨਹੀਂ ਚੁਣੇ ਗਏ। ਇਹ ਪੰਜਾਬੀਆਂ ਦੀ ਹੀ ਕਮਾਲ ਹੈ ਕਿ ਵਿਦੇਸ਼ੀ ਧਰਤੀ 'ਤੇ ਜਾ ਕੇ ਉਨ੍ਹਾਂ ਆਪਣੇ ਪੈਰ ਜਮਾ ਲਏ ਹਨ। ਉਨ੍ਹਾਂ ਨੂੰ ਰਾਜਨੀਤਕ ਗੁੜ੍ਹਤੀ ਉਨ੍ਹਾਂ ਦੇਸ਼ ਭਗਤ ਗ਼ਦਰੀ ਬਾਬਿਆਂ ਤੋਂ ਮਿਲੀ ਹੈ ਜਿਨ੍ਹਾਂ ਨੇ ਕੈਨੇਡਾ ਦੀ ਧਰਤੀ 'ਤੇ ਆ ਕੇ ਭਾਰਤ ਦੀ ਆਜ਼ਾਦੀ ਦੀ ਲੜਾਈ ਵਾਸਤੇ ਜੱਦੋਜਹਿਦ ਸ਼ੁਰੂ ਕੀਤੀ ਸੀ। ਅਲਬਰਟਾ ਸੂਬੇ 'ਚੋਂ ਸਾਰੇ ਸੰਸਦ ਮੈਂਬਰ ਕੰਜ਼ਰਵੇਟਿਵ ਪਾਰਟੀ ਦੇ ਜਿੱਤੇ ਹਨ। ਅਲਬਰਟਾ ਤੇ ਸਾਸਕਾਚਵਾਨ ਸੂਬੇ 'ਚੋਂ ਲਿਬਰਲ ਪਾਰਟੀ ਦਾ ਕੋਈ ਵੀ ਉਮੀਦਵਾਰ ਚੋਣ ਨਹੀਂ ਜਿੱਤ ਸਕਿਆ। ਸਾਸਕਾਚਵਾਨ 'ਚੋਂ ਸਾਰੀਆਂ 14 ਸੀਟਾਂ ਕੰਜ਼ਰਵੇਟਿਵ ਪਾਰਟੀ ਨੇ ਜਿੱਤੀਆਂ ਹਨ। ਟਰਾਂਟੋ ਇਲਾਕੇ 'ਚੋਂ ਸਾਰੀਆਂ 25 ਸੀਟਾਂ ਲਿਬਰਲ ਪਾਰਟੀ ਨੇ ਜਿੱਤੀਆਂ ਹਨ। ਬ੍ਰੈਂਪਟਨ ਦੀਆਂ 5 ਸੀਟਾਂ ਲਿਬਰਲ ਨੇ, ਓਂਟਾਰੀਓ ਦੀਆਂ 121 ਸੀਟਾਂ 'ਚੋਂ ਲਿਬਰਲ ਨੇ 78, ਕੰਜ਼ਰਵੇਟਿਵ ਨੇ 37 ਅਤੇ ਨਿਊ ਡੈਮੋਕ੍ਰੈਟਿਕ ਪਾਰਟੀ ਨੇ 6 ਸੀਟਾਂ ਜਿੱਤੀਆਂ ਹਨ। ਕਿਊਬਕ ਦੀਆਂ 78 ਸੀਟਾਂ 'ਚੋਂ ਲਿਬਰਲ ਨੇ 35, ਬਲਾਕ ਕਿਊਬਕ ਨੇ 32 ਅਤੇ ਨਿਊ ਡੈਮੋਕ੍ਰੈਟਿਕ ਪਾਰਟੀ ਨੇ 1 ਸੀਟ ਜਿੱਤੀ ਹੈ। ਕਿਊਬਕ 'ਚੋਂ ਨਿਊ ਡੈਮੋਕ੍ਰੈਟਿਕ ਪਾਰਟੀ ਦਾ ਸਫਾਇਆ ਹੋ ਗਿਆ ਹੈ। ਬ੍ਰਿਟਿਸ਼ ਕੋਲੰਬੀਆ 'ਚੋਂ ਲਿਬਰਲ ਨੇ 11 ਅਤੇ ਨਿਊ ਡੈਮੋਕ੍ਰੈਟਿਕ ਪਾਰਟੀ ਨੇ 12 ਸੀਟਾਂ ਜਿੱਤੀਆਂ ਹਨ। ਵਿਨੀਪੈਗ 'ਚੋਂ 4 ਲਿਬਰਲ, 3 ਨਿਊ ਡੈਮੋਕ੍ਰੈਟਿਕ, ਮੈਨੀਟੋਬਾ 'ਚੋਂ 7 ਸੀਟਾਂ ਕੰਜ਼ਰਵੇਟਿਵ ਨੇ, ਅਲਬਰਟਾ 'ਚੋਂ 33 ਕੰਜ਼ਰਵੇਟਿਵ ਅਤੇ 1 ਨਿਊ ਡੈਮੋਕ੍ਰੈਟਿਕ ਨੇ ਜਿੱਤੀਆਂ ਹਨ। ਸੁੱਖ ਧਾਲੀਵਾਲ ਚੌਥੀ ਵਾਰ ਸੰਸਦ ਮੈਂਬਰ ਬਣੇ ਹਨ। ਸੰਨ 2015 ਵਿਚ 4 ਪੰਜਾਬੀ ਨਵਦੀਪ ਸਿੰਘ ਬੈਂਸ, ਹਰਜੀਤ ਸਿੰਘ ਸੱਜਣ, ਬਰਦੀਸ਼ ਚੱਗਰ ਅਤੇ ਅਮਰਜੀਤ ਸਿੰਘ ਸੋਹੀ ਜਸਟਿਨ ਟਰੂਡੋ ਦੇ ਮੰਤਰੀ ਮੰਡਲ ਵਿਚ ਮੰਤਰੀ ਬਣੇ ਸਨ। ਸੰਨ 1993 ਤੋਂ ਲਗਾਤਾਰ ਚੋਣ ਜਿੱਤਦੇ ਆ ਰਹੇ ਜਸਟਿਨ ਟਰੂਡੋ ਦੇ ਮੰਤਰੀ ਮੰਡਲ ਵਿਚ ਮੰਤਰੀ ਰਾਫਲ ਗੁਡੇਲ ਇਸ ਵਾਰ ਚੋਣ ਹਾਰ ਗਏ ਹਨ। ਸੰਸਦ ਦੇ ਕੁੱਲ 338 ਮੈਂਬਰਾਂ 'ਚੋਂ ਲਿਬਰਲ ਪਾਰਟੀ ਨੇ 157, ਕੰਜ਼ਰਵੇਟਿਵ ਨੇ 121, ਬਲਾਕ ਕਿਊਬਕ ਪਾਰਟੀ ਨੇ 32, ਨਿਊ ਡੈਮੋਕ੍ਰੈਟਿਕ ਪਾਰਟੀ ਨੇ 24, ਗਰੀਨ ਪਾਰਟੀ ਨੇ 3 ਸੀਟਾਂ ਜਿੱਤੀਆਂ ਹਨ ਜਦਕਿ 1 ਆਜ਼ਾਦ ਮੈਂਬਰ ਜੁਡੀ ਵਿਲਸਨ ਰੇਬੋਲਡ ਚੋਣ ਜਿੱਤਿਆ ਹੈ। ਰੁਡੀ ਵਿਲਸਨ ਰੇਬੋਲਡ ਨੂੰ ਲਿਬਰਲ ਪਾਰਟੀ ਨੇ ਪਾਰਟੀ 'ਚੋਂ ਕੱਢ ਦਿੱਤਾ ਸੀ। ਉਹ ਫਿਰ ਵੀ ਚੋਣ ਜਿੱਤ ਗਿਆ। ਕਿਸੇ ਵੀ ਪਾਰਟੀ ਨੂੰ ਪੂਰਨ ਬਹੁਮਤ ਨਹੀਂ ਮਿਲਿਆ ਪਰ ਲਿਬਰਲ ਪਾਰਟੀ ਸਭ ਤੋਂ ਵੱਡੀ ਪਾਰਟੀ ਬਣੀ ਹੈ ਜੋ ਕਿ ਪੂਰਨ ਬਹੁਮਤ ਤੋਂ 13 ਸੀਟਾਂ ਘੱਟ ਹੈ। ਇਸ ਵਾਰ ਕੰਜ਼ਰਵੇਟਿਵ ਪਾਰਟੀ ਨੂੰ 61 ਲੱਖ , ਲਿਬਰਲ ਨੂੰ 59 ਲੱਖ, ਕਿਊਬਕ ਨੂੰ 28 ਲੱਖ ਅਤੇ ਨਿਊ ਡੈਮੋਕ੍ਰੈਟਿਕ ਪਾਰਟੀ ਨੂੰ 13 ਲੱਖ ਵੋਟਰਾਂ ਨੇ ਵੋਟਾਂ ਪਾਈਆਂ ਹਨ। ਕੰਜ਼ਰਵੇਟਿਵਜ਼ ਨੂੰ ਵਧੇਰੇ ਵੋਟਰਾਂ ਦੇ ਵੋਟ ਪਾਉਣ ਦੇ ਬਾਵਜੂਦ ਲਿਬਰਲਜ਼ ਦੇ ਜ਼ਿਆਦਾ ਸੰਸਦ ਮੈਂਬਰ ਚੁਣੇ ਗਏ ਹਨ। ਸੰਨ 2015 ਦੀਆਂ ਚੋਣਾਂ ਵਿਚ ਲਿਬਰਲ ਪਾਰਟੀ ਨੇ 184 ਸੀਟਾਂ, ਕੰਜ਼ਵੇਟਿਵ ਪਾਰਟੀ ਨੇ 99, ਨਿਊ ਡੈਮੋਕ੍ਰੈਟਿਕ ਪਾਰਟੀ ਨੇ 44 ਅਤੇ ਬਲਾਕ ਕਿਊਬਕ ਪਾਰਟੀ ਨੇ 10 ਸੀਟਾਂ ਜਿੱਤੀਆਂ ਸਨ। ਇਸ ਵਾਰ 2015 ਦੇ ਮੁਕਾਬਲੇ ਲਿਬਰਲ ਪਾਰਟੀ ਨੂੰ 27 ਅਤੇ ਨਿਊ ਡੈਮੋਕ੍ਰੈਟਿਕ ਪਾਰਟੀ ਨੂੰ 20 ਸੀਟਾਂ ਘੱਟ ਮਿਲੀਆਂ ਹਨ। ਬਲਾਕ ਕਿਊਬਕ ਪਾਰਟੀ ਅਤੇ ਕੰਜ਼ਰਵੇਟਿਵ ਪਾਰਟੀ ਨੂੰ 22-22 ਸੀਟਾਂ ਦਾ ਲਾਭ ਹੋਇਆ ਹੈ। ਜਸਟਿਨ ਟਰੂਡੋ ਦੀ ਘੱਟ ਗਿਣਤੀ ਦੀ ਸਰਕਾਰ ਹੋਵੇਗੀ। ਇਸ ਤੋਂ ਪਹਿਲਾਂ ਵੀ 1957 ਅਤੇ 1974 ਵਿਚ ਘੱਟ ਗਿਣਤੀ ਸਰਕਾਰਾਂ ਬਣੀਆਂ ਸਨ। ਆਸ ਕੀਤੀ ਜਾ ਰਹੀ ਸੀ ਕਿ ਨਿਊ ਡੈਮੋਕ੍ਰੈਟਿਕ ਪਾਰਟੀ ਕਿੰਗ ਮੇਕਰ ਦਾ ਕੰਮ ਕਰੇਗੀ ਪਰ ਜਸਟਿਨ ਟਰੂਡੋ ਨੇ ਇਕੱਲਿਆਂ ਘੱਟ ਗਿਣਤੀ ਸਰਕਾਰ ਬਣਾ ਲਈ ਹੈ। ਜਦੋਂ ਨਿਊ ਡੈਮੋਕ੍ਰੈਟਿਕ ਪਾਰਟੀ ਦਾ ਮੁਖੀ ਜਗਮੀਤ ਸਿੰਘ ਚੁਣਿਆ ਗਿਆ ਸੀ ਤਾਂ ਪੰਜਾਬੀਆਂ ਵਿਚ ਇਹ ਆਸ ਬੱਝ ਗਈ ਸੀ ਕਿ ਇਕ ਸਿੱਖ ਕੈਨੇਡਾ ਦਾ ਪ੍ਰਧਾਨ ਮੰਤਰੀ ਬਣੇਗਾ। ਕੈਨੇਡਾ ਵਸਦੇ ਹੀ ਨਹੀਂ ਸਗੋਂ ਸਮੁੱਚੇ ਸੰਸਾਰ ਵਿਚ ਪੰਜਾਬੀਆਂ ਦੇ ਹੌਸਲੇ ਬੁਲੰਦ ਹੋ ਗਏ ਸਨ ਪਰ ਚੋਣਾਂ ਦੇ ਨਤੀਜਿਆਂ ਸਮੇਂ ਹੋਇਆ ਇਸ ਦੇ ਉਲਟ। ਇਹ ਵੀ ਸਮਝਿਆ ਜਾ ਰਿਹਾ ਹੈ ਕਿ ਜਗਮੀਤ ਸਿੰਘ ਦੇ ਇਕ ਬਿਆਨ ਨੇ ਸਾਰਾ ਪਾਸਾ ਹੀ ਪਲਟ ਦਿੱਤਾ ਜਿਸ ਵਿਚ ਉਸ ਨੇ ਇਕ ਸਵਾਲ ਦੇ ਜਵਾਬ ਵਿਚ ਇਹ ਕਹਿ ਦਿੱਤਾ ਸੀ ਕਿ ਕੰਜ਼ਵੇਟਿਵ ਪਾਰਟੀ ਨੂੰ ਰਾਜ ਸੱਤਾ ਵਿਚ ਆਉਣ ਤੋਂ ਰੋਕਣ ਲਈ ਉਹ ਲਿਬਰਲ ਨੂੰ ਸਪੋਰਟ ਕਰੇਗਾ। ਕੈਨੇਡਾ ਦੇ ਲੋਕ ਪੜ੍ਹੇ-ਲਿਖੇ ਹਨ। ਉਨ੍ਹਾਂ ਮਹਿਸੂਸ ਕੀਤਾ ਕਿ ਜੇ ਨਿਊ ਡੈਮੋਕ੍ਰੈਟਿਕ ਪਾਰਟੀ ਨੇ ਲਿਬਰਲ ਨੂੰ ਹੀ ਸਪੋਰਟ ਦੇਣੀ ਹੈ ਤਾਂ ਵੋਟਾਂ ਹੀ ਲਿਬਰਲ ਨੂੰ ਪਾ ਦਿੱਤੀਆਂ ਜਾਣ ਤਾਂ ਜੋ ਸਥਾਈ ਸਰਕਾਰ ਬਣ ਸਕੇ। ਦੂਜਾ ਫੈਕਟਰ ਇਹ ਸਮਝਿਆ ਜਾ ਰਿਹਾ ਹੈ ਕਿ ਸਿੱਖ ਜਗਤ ਨੇ ਇਕਮਤ ਹੋ ਕੇ ਜਗਮੀਤ ਸਿੰਘ ਦਾ ਸਾਥ ਨਹੀਂ ਦਿੱਤਾ।

ਚੁਣੇ ਗਏ ਮੈਂਬਰਾਂ 'ਚੋਂ 5 ਲੁਧਿਆਣਾ ਜ਼ਿਲ੍ਹੇ ਦੇ ਹਨ ਜਿਵੇਂ ਕਿ ਸੋਨੀਆ ਸਿੱਧੂ ਪਿੰਡ ਸਫ਼ੀਪੁਰ ਦੀ ਜੰਮਪਲ ਅਤੇ ਸਿੱਧਵਾਂ ਬੇਟ ਦੀ ਨੂੰਹ ਹੈ, ਬਰਦੀਸ਼ ਚੱਗਰ ਲੁਧਿਆਣਾ ਤੋਂ ਹੈ, ਸੁੱਖ ਧਾਲੀਵਾਲ ਸੁਜਾਪੁਰ ਪਿੰਡ ਤੋਂ, ਰੂਬੀ ਸਹੋਤਾ ਅਹਿਮਦਗੜ੍ਹ ਕੋਲ ਪਿੰਡ ਜੰਡਾਲੀ ਤੋਂ ਅਤੇ ਗਗਨ ਸਿਕੰਦ ਪਿੰਡ ਹੁਸੈਨਪੁਰ ਤੋਂ ਹਨ। ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਲਹਿਲੀ ਕਲਾਂ ਤੋਂ ਨਵਦੀਪ ਸਿੰਘ ਬੈਂਸ, ਬੰਬੇਲੀ ਤੋਂ ਹਰਜੀਤ ਸਿੰਘ ਸੱਜਣ ਅਤੇ ਦਾਰਾਪੁਰ ਧਰਮਕੋਟ ਤੋਂ ਅੰਜੂ ਢਿੱਲੋਂ ਹਨ। ਜਲੰਧਰ ਜ਼ਿਲ੍ਹੇ ਦੇ ਪਿੰਡ ਸਰਾਏ ਖ਼ਾਸ ਤੋਂ ਰਣਦੀਪ ਸਿੰਘ ਸਰਾਏ, ਮਲਸੀਆਂ ਤੋਂ ਮਨਿੰਦਰ ਸਿੰਘ ਸਿੱਧੂ ਅਤੇ ਲੇਸਰੀਵਾਲ ਤੋਂ ਰਾਮੇਸ਼ਵਰ ਸੰਘਾ ਹਨ। ਇਸ ਤਰ੍ਹਾਂ ਸੰਸਾਰ ਦੇ ਹੋਰ ਦੇਸ਼ਾਂ ਵਿਚ ਵੀ ਪੰਜਾਬੀ ਰਾਜਨੀਤਕ ਖੇਤਰ ਵਿਚ ਮੱਲਾਂ ਮਾਰ ਰਹੇ ਹਨ। ਜਿਸ ਤਰ੍ਹਾਂ ਕੈਨੇਡਾ ਵਿਚ ਪੰਜਾਬੀ ਰਾਜਨੀਤਕ ਖੇਤਰ ਵਿਚ ਮਾਅਰਕੇ ਮਾਰ ਰਹੇ ਹਨ, ਉਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕੈਨੇਡਾ ਵਿਚ ਪੰਜਾਬੀਆਂ ਦਾ ਭਵਿੱਖ ਹੋਰ ਸੁਨਹਿਰਾ ਹੋਵੇਗਾ। ਜਸਟਿਨ ਟਰੂਡੋ ਦੀ ਸਰਕਾਰ ਦੁਬਾਰਾ ਬਣਨ 'ਤੇ ਪਰਵਾਸੀਆਂ ਦੇ ਹੌਸਲੇ ਹੋਰ ਬੁਲੰਦ ਹੋ ਗਏ ਹਨ ਕਿਉਂਕਿ ਕੰਜ਼ਰਵੇਟਿਵ ਪਾਰਟੀ ਪਰਵਾਸੀਆਂ ਉਪਰ ਪਾਬੰਦੀਆਂ ਲਾ ਸਕਦੀ ਸੀ। ਟਰੂਡੋ ਦੀ ਸਰਕਾਰ ਬਣਨ 'ਤੇ ਪੰਜਾਬੀਆਂ ਵਿਚ ਵਿਆਹ ਵਰਗਾ ਮਾਹੌਲ ਬਣਿਆ ਹੋਇਆ ਹੈ।

-(ਸਾਬਕਾ ਜ਼ਿਲ੍ਹਾ ਲੋਕ ਸੰਪਰਕ ਅਧਿਕਾਰੀ।)

-ਮੋਬਾਈਲ ਨੰ. : 94178-13072

Posted By: Rajnish Kaur