-ਡਾ. ਨਰਪਿੰਦਰ ਸਿੰਘ

ਸਰੋ੍ਹਂ ਦਾ ਸਾਗ, ਮੱਕੀ ਤੇ ਬਾਜਰੇ ਦੀ ਰੋਟੀ ਅਤੇ ਹੋਰ ਦੇਸੀ ਪਕਵਾਨ ਪੰਜਾਬੀਆਂ ਦੇ ਮਨਭਾਉਂਦੇ ਪਕਵਾਨ ਰਹੇ ਹਨ। ਛੈਲ-ਛਬੀਲੇ ਪੰਜਾਬੀ ਚਾਟੀ ਦੀ ਲੱਸੀ ਤੇ ਕਾੜ੍ਹਨੀ ਦਾ ਦੁੱਧ ਪੀਂਦੇ ਸਨ। ਪੱਛਮ ਦੇ ਪ੍ਰਭਾਵ ਨੇ ਸਾਡੇ ’ਤੇ ਮਾਰੂ ਅਸਰ ਪਾਇਆ ਹੈ। ਨਵੀਂ ਪੀੜ੍ਹੀ ਆਪਣੇ ਪੁਰਾਣੇ ਆਹਾਰ ਨੂੰ ਵਿਸਾਰ ਕੇ ਅੱਜ-ਕੱਲ੍ਹ ਜੰਕ ਫੂਡ ਨੂੰ ਤਰਜੀਹ ਦੇ ਰਹੀ ਹੈ। ਜੰਕ ਫੂਡ (ਫਾਸਟ ਫੂਡ) ਉਹ ਭੋਜਨ ਹੈ ਜਿਸ ਵਿਚ ਬਹੁਤ ਜ਼ਿਆਦਾ ਮਾਤਰਾ ਵਿਚ ਕੈਲੋਰੀਜ਼ ਹੁੰਦੀਆਂ ਹਨ ਅਤੇ ਪ੍ਰੋਟੀਨ, ਵਿਟਾਮਿਨ ਅਤੇ ਖਣਿਜ (ਮਿਨਰਲ) ਘੱਟ ਮਾਤਰਾ ਵਿਚ ਹੁੰਦੇ ਹਨ।

ਜੰਕ ਫੂਡ ’ਚ ਪੌਸ਼ਟਿਕਤਾ ਨਾਮਾਤਰ ਹੁੰਦੀ ਹੈ ਅਤੇ ਇਸ ’ਚ ਜ਼ਿਆਦਾ ਮਾਤਰਾ ਵਿਚ ਨਮਕ, ਚਰਬੀ ਅਤੇ ਖੰਡ ਹੁੰਦੀ ਹੈ ਜੋ ਬਹੁਤ ਸਾਰੀਆਂ ਬਿਮਾਰੀਆਂ ਦਾ ਕਾਰਨ ਬਣਦੀਆਂ ਹਨ। ਬਾਜ਼ਾਰ ਵਿਚ ਬਹੁਤ ਸਾਰੇ ਜੰਕ ਫੂਡ ਹਨ ਜਿਵੇਂ ਕਿ-ਪੀਜ਼ਾ, ਬਰਗਰ, ਪੇਸਟਰੀ, ਕ੍ਰੀਮ ਰੋਲ, ਵੜ੍ਹਾ, ਸਮੋਸਾ, ਕਚੌਰੀ, ਭੁਜੀਆ, ਪਾਪੜੀ ਚਾਟ, ਫ੍ਰੈਂਚ ਫ੍ਰਾਈਜ਼, ਜਲੇਬੀ, ਬੇਲਪੁਰੀ, ਪਾਣੀਪੁਰੀ, ਕਾਰਬੋਨੇਟਿਡ ਡਰਿੰਕ, ਸੋਡਾ ਆਦਿ।

ਸੰਨ 2019 ਵਿਚ ਜੰਕ ਫੂਡ ਦੀ ਵਿਸ਼ਵ ’ਚ ਮਾਰਕੀਟ ਕੀਮਤ ਅੰਦਾਜ਼ਨ 640 ਤੋਂ 650 ਅਰਬ ਡਾਲਰ ਸੀ ਅਤੇ ਅਗਲੇ ਆਉਣ ਵਾਲੇ ਛੇ-ਸੱਤ ਸਾਲਾਂ ਵਿਚ ਇਸ ਦੀ ਅੰਦਾਜ਼ਨ ਕੀਮਤ 930 ਤੋਂ 950 ਅਰਬ ਡਾਲਰ ਤਕ ਪਹੁੰਚਣ ਦਾ ਅੰਦਾਜ਼ਾ ਹੈ। ਜੰਕ ਫੂਡ ਦੇ ਚਲਨ ਵਿਚ ਵਾਧੇ ਦਾ ਮੁੱਖ ਕਾਰਨ ਵੱਧ ਰੁਝੇਵਿਆਂ ਵਾਲੀ ਜੀਵਨ ਸ਼ੈਲੀ ਅਤੇ ਇਸ ਭੋਜਨ ਦੀ ਆਸਾਨੀ ਨਾਲ ਉਪਲਬਧਤਾ ਹੈ। ਟੀਵੀ ਚੈਨਲਾਂ ’ਤੇ ਜੰਕ ਫੂਡ ਦੀ ਮਸ਼ੂਹਰੀ ਅੱਲ੍ਹੜ ਉਮਰ ਦੇ ਬੱਚਿਆਂ ਨੂੰ ਉਮਰ ਭਰ ਖਪਤ ਕਰਨ ਦੇ ਉਦੇਸ਼ ਨਾਲ ਨਿਸ਼ਾਨਾ ਬਣਾਉਣ ਲਈ ਕੀਤੀ ਜਾਂਦੀ ਹੈ। ਫਿਲਮੀ ਮਸ਼ਹੂਰ ਹਸਤੀਆਂ ਅਤੇ ਖੇਡ ਸਿਤਾਰੇ ਅਕਸਰ ਜੰਕ ਫੂਡ ਦੇ ਉਤਪਾਦਾਂ ਦੀ ਮਾਰਕੀਟਿੰਗ ਕਰਦੇ ਦਿਖਾਈ ਦਿੰਦੇ ਹਨ। ਜੰਕ ਫੂਡ ਦੇ ਉਤਪਾਦਕ, ਬੱਚਿਆਂ ਨੂੰ ਮੁਫ਼ਤ ਤੋਹਫ਼ੇ ਅਤੇ ਕੋਂਬੋ ਪੇਸ਼ਕਸ਼ਾਂ ਨਾਲ ਆਕਰਸ਼ਿਤ ਕਰਦੇ ਹਨ। ਜੰਕ ਫੂਡ ਦੇ ਸੇਵਨ ਕਾਰਨ ਸਰੀਰ ’ਤੇ ਬਹੁਤ ਸਾਰੇ ਨੁਕਸਾਨਦਾਇਕ ਪ੍ਰਭਾਵ ਪੈਂਦੇ ਹਨ ਜਿਵੇਂ ਕਿ ਮੋਟਾਪਾ, ਦਿਲ ਦੀਆਂ ਬਿਮਾਰੀਆਂ, ਹਾਈ ਬਲੱਡ ਸ਼ੂਗਰ, ਹਾਈ ਬਲੱਡ ਪੈ੍ਰਸ਼ਰ, ਸਟਰੋਕ ਤੇ ਚਰਬੀ ਵਿਚ ਵਾਧਾ ਆਦਿ। ਜੰਕ ਫੂਡ ਖਾਣਾ ਅਤੇ ਗੰਦੀ ਜੀਵਨ-ਸ਼ੈਲੀ ਮੋਟਾਪੇ ਨੂੰ ਸੱਦਾ ਦੇਣਾ ਹੈ।

ਮੋਟਾਪਾ ਕਈ ਹੋਰ ਬਿਮਾਰੀਆਂ ਦਾ ਕਾਰਨ ਵੀ ਬਣਦਾ ਹੈ ਜਿਵੇਂ ਕਿ ਕੋਲੈਸਟ੍ਰੋਲ ਦੇ ਪੱਧਰ ਨੂੰ ਵਧਾਉਣਾ, ਨਾੜੀਆਂ ਦਾ ਤੰਗ ਜਾਂ ਬੰਦ ਹੋਣਾ ਅਤੇ ਕੋਰੋਨਰੀ ਬਿਮਾਰੀਆਂ। ਇਸ ਤੋਂ ਇਲਾਵਾ ਸਰੀਰ ਦੇ ਵਾਧੂ ਭਾਰ ਕਾਰਨ ਸਰੀਰਕ ਬੇਆਰਾਮੀ ਆਮ ਹੁੰਦੀ ਹੈ। ਜੰਕ ਫੂਡ ਵਿਚ ਚੀਨੀ ਦਾ ਉੱਚ ਪੱਧਰ ਹੁੰਦਾ ਹੈ ਜੋ ਕਿ ਪਾਚਕ ਤਣਾਅ ਨੂੰ ਦਬਾਉਂਦਾ ਹੈ। ਜਦੋਂ ਰਿਫਾਇੰਡ ਸ਼ੂਗਰ ਜ਼ਿਆਦਾ ਮਾਤਰਾ ਵਿਚ ਲਈ ਜਾਂਦੀ ਹੈ ਤਾਂ ਪਾਚਕ ਬਲੱਡ ਸ਼ੂਗਰ ਦੇ ਪੱਧਰਾਂ ਵਿਚ ਇਕ ਖ਼ਤਰਨਾਕ ਸਪਾਇਕ ਨੂੰ ਰੋਕਣ ਲਈ ਇਨਸੂਲਿਨ ਬਹੁਤ ਜ਼ਿਆਦਾ ਮਾਤਰਾ ਵਿਚ ਜਾਰੀ ਹੁੰਦਾ ਹੈ। ਜ਼ਿਆਦਾ ਮਾਤਰਾ ਵਿਚ ਸੰਘਣੀ ਸ਼ੂਗਰ ਦੇ ਪਦਾਰਥ ਖਾਣ ਨਾਲ ਦੰਦਾਂ ਦੀਆਂ ਛੱਲਾਂ ਉੱਤਰ ਜਾਂਦੀਆਂ ਹਨ ਅਤੇ ਦੰਦਾਂ ਵਿਚ ਛੇਕ ਬਣ ਜਾਂਦੇ ਹਨ। ਇਹ ਟਾਈਪ 2 ਸ਼ੂਗਰ ਰੋਗਾਂ ਦਾ ਕਾਰਨ ਵੀ ਬਣਦੀ ਹੈ।

ਨਿਯਮਤ ਕਾਰਬੋਨੇਟਿਡ ਡਰਿੰਕ ਦੀ ਅੱਧੇ ਲੀਟਰ ਦੀ ਬੋਤਲ ਵਿਚ ਲਗਪਗ 14-15 ਚਮਚੇ ਚੀਨੀ ਹੁੰਦੀ ਹੈ। ਸਿਹਤਮੰਦ ਭਾਰ ਬਣਾਈ ਰੱਖਣ ਲਈ ਕੈਲੋਰੀ ਦੀ ਗਿਣਤੀ ਰੱਖਣੀ ਬਹੁਤ ਜ਼ਰੂਰੀ ਹੈ। ਜੇ ਤੁਸੀਂ ਹਰ ਰੋਜ਼ ਵੱਧ ਸ਼ੱਕਰ ਦਾ ਸੇਵਨ ਕਰਦੇ ਹੋ ਤਾਂ ਇਹ ਵਧੇਰੇ ਮੋਟਾਪਾ, ਦਿਲ ਅਤੇ ਸਰੀਰ ਨਾਲ ਸਬੰਧਤ ਕਈ ਹੋਰ ਬਿਮਾਰੀਆਂ ਨੂੰ ਸੱਦਾ ਦਿੰਦਾ ਹੈ। ਇਕ ਚਮਚ ਚੀਨੀ ਵਿਚ ਕਿੰਨੀਆਂ ਕੈਲੋਰੀਜ਼ ਹੁੰਦੀਆਂ ਹਨ, ਇਸ ਬਾਰੇ ਜ਼ਰੂਰ ਜਾਣੂ ਹੋਣਾ ਚਾਹੀਦਾ ਹੈ ਤਾਂ ਜੋ ਤੁਸੀਂ ਹਰ ਰੋਜ਼ ਖਪਤ ਕੀਤੀ ਜਾ ਰਹੀ ਕੈਲੋਰੀ ਦੀ ਗਿਣਤੀ ਰੱਖਣਾ ਸਿੱਖ ਸਕੋ। ਕਾਰਬੋਨੇਟਿਡ ਡਰਿੰਕਸ ਵਿਚ ਖਟਾਸ ਦੀ ਮਾਤਰਾ ਵੀ ਜ਼ਿਆਦਾ ਹੁੰਦੀ ਹੈ। ਲਗਾਤਾਰ ਕਾਰਬੋਨੇਟਿਡ ਡਰਿੰਕਸ ਦੀ ਵਰਤੋਂ ਸਾਡੇ ਦੰਦਾਂ ਦੀ ਚਮਕ ਵਾਲੀ ਪਰਤ ਨੂੰ ਵੀ ਖ਼ਤਮ ਕਰ ਦਿੰਦੀ ਹੈ। ਹਰ ਕਾਰਬੋਨੇਟਿਡ ਡਰਿੰਕਸ ਵਿਚ ਖਟਾਸ ਅਤੇ ਚੀਨੀ ਦੀ ਮਾਤਰਾ ਵੱਖ-ਵੱਖ ਹੁੰਦੀ ਹੈ। ਜੰਕ ਫੂਡ ਵਿਚ ਲੂਣ ਦੀ ਮਾਤਰਾ ਆਮ ਭੋਜਨ ਨਾਲੋਂ ਵੱਧ ਹੁੰਦੀ ਹੈ। ਜ਼ਿਆਦਾ ਲੂਣ ਖਾਣ ਨਾਲ ਬਲੱਡ ਪ੍ਰੈਸ਼ਰ, ਪੇਟ ਦਾ ਕੈਂਸਰ, ਓਸਟੀਓਪੋਰੋਸਿਸ, ਗੁਰਦੇ ਦੀ ਪੱਥਰੀ ਅਤੇ ਗੁਰਦੇ ਦੀਆਂ ਬਿਮਾਰੀਆਂ ਹੋਣ ਦਾ ਖ਼ਤਰਾ ਵਧ ਜਾਂਦਾ ਹੈ। ਸਾਡੀ ਸਿਹਤ ਲਈ ਥੋੜ੍ਹਾ ਜਿਹਾ ਨਮਕ ਜ਼ਰੂਰੀ ਹੈ। ਬਾਲਗਾਂ ਨੂੰ ਰੋਜ਼ ਇਕ ਗ੍ਰਾਮ ਤੋਂ ਘੱਟ ਅਤੇ ਬੱਚਿਆਂ ਨੂੰ ਇਸ ਤੋਂ ਵੀ ਘੱਟ ਲੂਣ ਦੀ ਜ਼ਰੂਰਤ ਹੁੰਦੀ ਹੈ। ਅਸੀਂ ਰੋਜ਼ ਲਗਪਗ ਅੱਠ ਗ੍ਰਾਮ ਲੂਣ ਖਾ ਰਹੇ ਹਾਂ ਜੋ ਜ਼ਰੂਰਤ ਤੋਂ ਕਿਤੇ ਵੱਧ ਹੈ ਅਤੇ ਸਾਨੂੰ ਵੱਖੋ-ਵੱਖਰੀਆਂ ਸਿਹਤ ਸਮੱਸਿਆਵਾਂ ਦੇ ਜੋਖ਼ਮ ਵਿਚ ਪਾਉਂਦਾ ਹੈ। ਮੀਟ ਅਤੇ ਮੀਟ ਪਦਾਰਥ ਈ-ਕੋਲੀ ਬੈਕਟੀਰੀਆ ਲਈ ਸੰਵੇਦਨਸ਼ੀਲ ਹੁੰਦੇ ਹਨ।

ਲੰਬੀ ਸਪਲਾਈ ਲੜੀ ਦੁਆਰਾ ਮੀਟ ਅਤੇ ਮੀਟ ਪਦਾਰਥ ਜੰਕ ਫੂਡ ਚੇਨ ਨੂੰ ਪ੍ਰਦਾਨ ਕੀਤੇ ਜਾਂਦੇ ਹਨ। ਇਸ ਲੜੀ ਵਿਚ ਮੀਟ ਨੂੰ ਸੰਭਾਲਣਾ ਅਤੇ ਸੋਰਸਿੰਗ ਕਰਨਾ ਬਹਤ ਔਖਾ ਹੈ। ਮੀਟ ਨੂੰ ਸੰਭਾਲਣ ਵਿਚ ਥੋੜ੍ਹੀ ਜਿਹੀ ਅਣਗਹਿਲੀ ਸਿਹਤ ਦੇ ਗੰਭੀਰ ਖ਼ਤਰਿਆਂ ਨੂੰ ਜਨਮ ਦਿੰਦੀ ਹੈ। ਜੰਕ ਫੂਡ ਖਾਣ ਨਾਲ ਬੱਚਿਆਂ ਦੀ ਕਾਰਗੁਜ਼ਾਰੀ ’ਤੇ ਵੀ ਮਾੜਾ ਅਸਰ ਪੈਂਦਾ ਹੈ ਜਿਵੇਂ ਕਿ ਨਿਰੰਤਰ ਖੋਜ ਨੇ ਸਿੱਧ ਕੀਤਾ ਹੈ ਕਿ ਉਹ ਬੱਚੇ ਜਿਨ੍ਹਾਂ ਦੇ ਆਹਾਰ ਚੀਨੀ ਤੇ ਲੂਣ ਦੀ ਵੱਧ ਮਾਤਰਾ ਵਾਲੇ ਅਤੇ ਘੱਟ ਪੌਸ਼ਟਿਕ ਤੱਤਾਂ ਵਾਲੇ ਜੰਕ ਫੂਡ ਨਾਲ ਸੰਤ੍ਰਿਪਤ ਹੁੰਦੇ ਹਨ ਉਹ ਕਲਾਸਰੂਮ ਵਿਚ ਮਾੜਾ ਪ੍ਰਦਰਸ਼ਨ ਕਰਦੇ ਹਨ। ਉਨ੍ਹਾਂ ਦਾ ਬੋਧਾਤਮਕ ਹੁਨਰ ਵੀ ਕਮਜ਼ੋਰ ਹੁੰਦਾ ਜਾਂਦਾ ਹੈ। ਜੰਕ ਫੂਡ ਮਨੁੱਖੀ ਦਿਮਾਗ ਦੇ ਢਾਂਚੇ ਅਤੇ ਕਾਰਜ ਨੂੰ ਬਦਲ ਰਹੀ ਹੈ। ਬਾਲਗ ਅਵਸਥਾ ਤਕ ਬੱਚੇ ਦਾ ਦਿਮਾਗ ਵਿਕਾਸ ਕਰਨਾ ਜਾਰੀ ਰੱਖਦਾ ਹੈ। ਜੇਕਰ ਪਰਿਵਾਰ ਦੀ ਆਰਥਿਕ ਸਥਿਤੀ ਬਿਹਤਰ ਹੈ ਤਾਂ ਜੰਕ ਵਾਲੇ ਭੋਜਨ ਦੀ ਖਪਤ ਵੀ ਵਧੇਰੇ ਹੁੰਦੀ ਹੈ। ਨੌਜਵਾਨ ਬੱਚੇ ਜੰਕ ਫੂਡ ਨੂੰ ਜ਼ਿਆਦਾ ਤਰਜੀਹ ਦਿੰਦੇ ਹਨ। ਪ੍ਰੋਸੈਸਿੰਗ ਤੇ ਸੋਧ ਤੋਂ ਬਾਅਦ ਭੋਜਨ ਦੀ ਪੌਸ਼ਟਿਕਤਾ ’ਚ ਤਬਦੀਲੀ ਬਾਰੇ ਸਰਪ੍ਰਸਤ ਕੋਲ ਗਿਆਨ ਦੀ ਘਾਟ ਹੁੰਦੀ ਹੈ। ਇਕ ਬਿ੍ਰਟਿਸ਼ ਜਰਨਲ ਵਿਚ ਛਪੀ ਹੋਈ ਖੋਜ ਅਨੁਸਾਰ ਜਿਹੜੀਆਂ ਗਰਭਵਤੀ ਮਾਦਾ ਚੂਹੀਆਂ ਨੂੰ ਜੰਕ ਫੂਡ ਦਿੱਤਾ ਗਿਆ ਉਨ੍ਹਾਂ ਦੇ ਬੱਚਿਆਂ ਵਿਚ ਵੀ ਗ਼ੈਰ-ਸਿਹਤਮੰਦ ਖਾਣ ਦੀਆਂ ਆਦਤਾਂ ਪਾਈਆਂ ਗਈਆਂ ਹਨ।

ਜੰਕ ਫੂਡ ਦੇ ਪ੍ਰਭਾਵ ਨੂੰ ਘਟਾੳੇਣ ਜਾਂ ਖ਼ਤਮ ਕਰਨ ਲਈ ਬੱਚਿਆਂ ਵਿਚ ਸਿਹਤਮੰਦ ਭੋਜਨ ਦੇ ਸੇਵਨ ਨੂੰ ਉਤਸ਼ਾਹਿਤ ਕਰਨ ਦੀ ਜ਼ਰੂਰਤ ਹੈ। ਇਸੇ ਲਈ ਬੱਚਿਆਂ ਨੂੰ ਰੋਜ਼ ਵਧੇਰੇ ਸਲਾਦ ਅਤੇ ਫ਼ਲਾਂ ਦੀ ਪੇਸ਼ਕਸ਼ ਕੀਤੀ ਜਾਣੀ ਚਾਹੀਦੀ ਹੈ। ਆਈਸਕ੍ਰੀਮ, ਚਾਕਲੇਟ, ਪੇਸਟਰੀ ਅਤੇ ਹੋਰ ਤਲੀਆਂ ਵਸਤਾਂ ਨੂੰ ਘੱਟ ਚਰਬੀ ਵਾਲੇ ਪਦਾਰਥਾਂ ਨਾਲ ਬਦਲਣ ਦੀ ਲੋੜ ਹੈ। ਤਾਜ਼ੇ ਨਿੰਬੂ ਦੇ ਰਸ ਦੀ ਸ਼ਿਕੰਜਵੀ, ਕਾਲੀ ਗਾਜਰਾਂ ਦੀ ਕਾਂਜੀ, ਸੱਤੂ ਦਾ ਘੋਲ, ਨਾਰੀਅਲ ਪਾਣੀ, ਲੱਸੀ ਅਤੇ ਤਾਜ਼ੇ ਫ਼ਲਾਂ ਦੇ ਜੂਸ ਨੂੰ ਕਾਰਬੋਨੇਟਿਡ ਡਰਿੰਕਸ ਜਾਂ ਸੋਡਾ ਦੀ ਜਗ੍ਹਾ ਪੀਣ ਲਈ ਤਰਜੀਹ ਦਿੱਤੀ ਜਾਣੀ ਚਾਹੀਦੀ ਹੈ। ਤਲੇ ਦੀ ਥਾਂ ਤਾਜ਼ਾ ਸੈਂਡਵਿਚ ਨੂੰ ਤਰਜੀਹ ਦੇਣ ਦੀ ਲੋੜ ਹੈ। ਇਸੇ ਤਰ੍ਹਾਂ ਤਲੇ ਹੋਏ ਪਦਾਰਥਾਂ ਦੀ ਥਾਂ ਬੇਕ, ਉਬਾਲੀਆਂ ਅਤੇ ਗਰਿੱਲਡ ਚੀਜ਼ਾਂ ਦੀ ਹੀ ਵਰਤੋਂ ਕਰਨੀ ਚਾਹੀਦੀ ਹੈ। ਬੱਚਿਆਂ ਨੂੰ ਉਨ੍ਹਾਂ ਦੀਆਂ ਚੰਗੀਆਂ ਆਦਤਾਂ ਜਾਂ ਅਕਾਦਮਿਕ ਪ੍ਰਾਪਤੀਆਂ ਲਈ ਤੋਹਫ਼ੇ ਵਜੋਂ ਚਾਕਲੇਟ, ਚਿਪਸ, ਟੌਫੀਆਂ ਆਦਿ ਦੇਣ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ। ਰੈਸਟੋਰੈਂਟ ਜਾਂ ਹੋਟਲ ਵਿਚ ਆਰਡਰ ਕੀਤੇ ਗਏ ਭੋਜਨ ਦੇ ਆਕਾਰ ਨੂੰ ਜ਼ਰੂਰਤ ਅਨੁਸਾਰ ਸੀਮਤ ਕਰੋ। ਚਰਬੀ ਦੀ ਖਪਤ ਨੂੰ ਘੱਟ ਕਰਨ ਲਈ ਤਲੇ ਹੋਏ ਉਤਪਾਦਾਂ ਤੋ ਪ੍ਰਹੇਜ਼ ਕਰਨਾ ਚਾਹੀਦਾ ਹੈ। ਅਧਿਆਪਕਾਂ ਦਾ ਬੱਚਿਆਂ ਦੀ ਜੀਵਨਸ਼ੈਲੀ ਉੱਪਰ ਸਭ ਤੋਂ ਵੱਧ ਪ੍ਰਭਾਵ ਪੈਂਦਾ ਹੈ, ਖ਼ਾਸ ਤੌਰ ’ਤੇ ਉਦੋਂ ਜਦੋਂ ਬੱਚਿਆਂ ਦੀ ਉਮਰ ਛੋਟੀ ਹੁੰਦੀ ਹੈ। ਅਧਿਆਪਕ ਮਿਸਾਲ ਦੇ ਸਕਦੇ ਹਨ ਕਿ ਉਹ ਕੀ ਕੁਝ ਖਾਂਦੇ ਹਨ। ਉਨ੍ਹਾਂ ਨੂੰ ਵਿਦਿਆਰਥੀਆਂ ਨੂੰ ਪੌਸ਼ਟਿਕ ਤੱਤਾਂ ਵਾਲੇ ਭੋਜਨ ਦੀ ਜਾਣਕਾਰੀ ਦੇਣੀ ਚਾਹੀਦੀ ਹੈ।

ਜੰਕ ਫੂਡ ਦੇ ਰੁਝਾਨ ਨੂੰ ਘਟਾਉਣ ਲਈ ਕੁਝ ਰਣਨੀਤੀਆਂ ਅਪਨਾਉਣ ਦੀ ਲੋੜ ਹੈ ਜਿਵੇਂ ਕਿ ਸਿਹਤ ਸਿੱਖਿਆ ਅਤੇ ਸਕੂਲ ਆਧਾਰਿਤ ਦਖ਼ਲਅੰਦਾਜ਼ੀ ਪ੍ਰੋਗਰਾਮ ਵਿਦਿਆਰਥੀਆਂ ਦੇ ਖ਼ੁਰਾਕ ਦੇ ਪੈਟਰਨ ਨੂੰ ਸੁਧਾਰ ਸਕਦੇ ਹਨ। ਬੱਚਿਆਂ ਵਿਚ ਸਿਹਤਮੰਦ ਭੋਜਨ ਦੀ ਖ਼ਰੀਦ ਵਧਾਉਣ ਲਈ ਇਸ ਦੀਆਂ ਕੀਮਤਾਂ ਵਿਚ ਕਮੀ ਇਕ ਸਭ ਤੋਂ ਪ੍ਰਭਾਵਸ਼ਾਲੀ ਰਣਨੀਤੀ ਹੈ। ਘੱਟ ਚਰਬੀ ਵਾਲੇ ਸਨੈਕਸ ਅਤੇ ਭੋਜਨ ਦੀ ਵਰਤੋਂ ਕਰਨ ਨਾਲ ਜੰਕ ਫੂਡ ਦੇ ਰੁਝਾਨ ਨੂੰ ਘਟਾਇਆ ਜਾ ਸਕਦਾ ਹੈ। ਤਾਜ਼ਾ ਫ਼ਲ ਅਤੇ ਸਬਜ਼ੀਆਂ ਆਦਿ ਦੀ ਵਰਤੋਂ ਕਰਨੀ ਚਾਹੀਦੀ ਹੈ।

ਪੌਸ਼ਟਿਕ ਤੱਤਾਂ ਨਾਲ ਭਰਪੂਰ ਭੋਜਨ ਦੀ ਵਰਤੋ ਕਰਨੀ ਚਾਹੀਦੀ ਹੈ। ਸਰਕਾਰ ਨੂੰ ਬੱਚਿਆਂ ਅਤੇ ਮਾਪਿਆਂ ਦੇ ਅਧਿਕਾਰਾਂ ਨੂੰ ਵਪਾਰਕ ਹਿੱਤਾਂ ਤੋਂ ਉੱਪਰ ਰੱਖਣਾ ਚਾਹੀਦਾ ਹੈ ਅਤੇ ਬੱਚਿਆਂ ਲਈ ਗ਼ੈਰ-ਸਿਹਤਮੰਦ ਭੋਜਨ ਮਾਰਕੀਟਿੰਗ ’ਤੇ ਸਾਰਥਕ ਨਿਯਮਾਂ ਦਾ ਵਿਕਾਸ ਕਰਨਾ ਅਤੇ ਉਨ੍ਹਾਂ ਨੂੰ ਲਾਗੂ ਕਰਨਾ ਚਾਹੀਦਾ ਹੈ। ਮੌਜੂਦਾ ਹਾਲਾਤ ਨੂੰ ਮੁੱਖ ਰੱਖਦੇ ਹੋਏ ਕੋਵਿਡ-19 ਮਹਾਮਾਰੀ ਵਿਚ ਵੱਖ-ਵੱਖ ਤਰ੍ਹਾਂ ਦੇ ਖ਼ੁਰਾਕੀ ਪਦਾਰਥਾਂ ਤੋਂ ਬਣੀ ਸੰਤੁਲਿਤ ਖ਼ੁਰਾਕ ਦੀ ਵਰਤੋਂ ਕਰਨ ’ਤੇ ਜ਼ੋਰ ਦੇਣ ਦੀ ਲੋੜ ਹੈ।

(ਪ੍ਰੋਫੈਸਰ, ਜੇ.ਸੀ. ਬੋਸ ਫੈਲੋ ਫੂਡ ਸਾਇੰਸ ਅਤੇ ਟੈਕਨਾਲੋਜੀ ਵਿਭਾਗ, ਜੀਐੱਨਡੀਯੂ, ਅੰਮ੍ਰਿਤਸਰ)

ਸੰਪਰਕ : 94647-77980

Posted By: Jatinder Singh