ਸ.ਪ. ਸਿੰਘ

ਪੰਜਾਬੀ ਅਜਿਹੀ ਭਾਸ਼ਾ ਹੈ ਜੋ ਲੰਬੇ ਸਮੇਂ ਤੋਂ ਨਿਰੰਤਰ ਦੁਸ਼ਵਾਰੀਆਂ ਦਾ ਸ਼ਿਕਾਰ ਹੁੰਦੀ ਆ ਰਹੀ ਹੈ। ਭਾਰਤੀ ਭਾਸ਼ਾਵਾਂ 'ਚ ਆਪਣੀ ਵੱਖਰੀ ਤੇ ਵਿਲੱਖਣ ਪਛਾਣ ਰੱਖਣ ਵਾਲੀ, ਭਾਸ਼ਾ ਵਿਗਿਆਨ ਦੇ ਮੁੱਢਲੇ ਆਧਾਰਾਂ ਮੁਤਾਬਕ ਇਕ ਸੰਪੰਨ ਤੇ ਸਮਰੱਥ ਭਾਸ਼ਾ ਹੋਣ ਦੇ ਬਾਵਜੂਦ ਪੰਜਾਬੀ ਕਈ ਪੱਧਰਾਂ 'ਤੇ ਵਿਤਕਰੇ ਦਾ ਸ਼ਿਕਾਰ ਹੁੰਦੀ ਆ ਰਹੀ ਹੈ। ਇੱਥੋਂ ਤਕ ਕਿ ਪੰਜਾਬ ਵਿਚ ਪਹਿਲੀ ਵਾਰ ਪੰਜਾਬੀ ਮਹਾਰਾਜੇ ਦਾ ਰਾਜ ਸਥਾਪਤ ਹੋਇਆ ਪਰ ਉਦੋਂ ਵੀ ਪੰਜਾਬੀ ਨੂੰ ਰਾਜ ਦੀ ਪ੍ਰਵਾਨਤ ਭਾਸ਼ਾ ਹੋਣ ਦਾ ਮਾਣ ਪ੍ਰਾਪਤ ਨਹੀਂ ਹੋਇਆ।

ਇਸ ਤੋਂ ਪਹਿਲਾਂ ਰਾਜ ਦਰਬਾਰ ਵਿਚ ਫ਼ਾਰਸੀ ਨੂੰ ਜੋ ਰੁਤਬਾ ਪ੍ਰਾਪਤ ਹੋਇਆ ਸੀ, ਉਹ ਵੀ ਮਹਾਰਾਜਾ ਰਣਜੀਤ ਸਿੰਘ ਦੁਆਰਾ ਹੀ ਹੋਇਆ ਸੀ ਅਤੇ ਮਹਾਰਾਜਾ ਰਣਜੀਤ ਸਿੰਘ ਦੁਆਰਾ ਹੀ ਇਸ ਨੂੰੰ ਕਾਇਮ ਰੱਖਿਆ ਗਿਆ। ਅੰਗਰੇਜ਼ੀ ਰਾਜ ਵਿਚ ਵੀ ਅੰਗਰੇਜ਼ੀ ਤੇ ਫ਼ਾਰਸੀ ਅਤੇ ਬਾਅਦ ਵਿਚ ਉਰਦੂ ਨੂੰ ਮਾਨਤਾ ਪ੍ਰਾਪਤ ਹੋਈ ਪਰ ਬਦਕਿਸਮਤੀ ਨਾਲ ਪੰਜਾਬ ਵਿਚ ਭਾਸ਼ਾ ਨੂੰ ਧਰਮ ਨਾਲ ਜੋੜ ਕੇ ਇੱਥੇ ਪੰਜਾਬੀ ਦੇ ਸ਼ਰੀਕ ਪੈਦਾ ਕਰ ਦਿੱਤੇ ਗਏ। ਹਿੰਦੂਆਂ ਨੇ ਹਿੰਦੀ, ਮੁਸਲਮਾਨਾਂ ਨੇ ਉਰਦੂ ਨਾਲ ਬਾਖ਼ੂਬੀ ਨਿਭਾਈ। ਦੂਜੇ ਪਾਸੇ ਪੰਜਾਬੀ ਨੂੰ ਸਿੱਖਾਂ ਦੀ ਭਾਸ਼ਾ ਗਰਦਾਨ ਕੇ ਪੰਜਾਬ ਵਿਚ ਹੀ ਪੰਜਾਬੀ ਨੂੰ ਪੰਜਾਬੀ ਬੋਲਣ ਵਾਲਿਆਂ ਨੇ ਦੁਰਕਾਰ ਦਿੱਤਾ। ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਆਜ਼ਾਦੀ ਅੰਦੋਲਨ ਸਮੇਂ ਭਾਸ਼ਾ ਦੇ ਆਧਾਰ 'ਤੇ ਸੂਬਿਆਂ ਦੇ ਪੁਨਰ-ਗਠਨ ਦਾ ਵਾਅਦਾ ਕਰ ਕੇ ਵੀ ਆਜ਼ਾਦ ਭਾਰਤ ਦੀ ਸਰਕਾਰ ਨੇ ਵਫ਼ਾ ਨਾ ਕੀਤੀ ਅਤੇ ਪੰਜਾਬੀ ਨੂੰ ਫਿਰ ਆਪਣਾ ਖਿੱਤਾ ਪ੍ਰਾਪਤ ਨਾ ਹੋਇਆ। ਲੰਬੇ ਸੰਘਰਸ਼ ਤੋਂ ਬਾਅਦ ਪੰਜਾਬੀ ਨੂੰ ਪੰਜਾਬੀ ਸੂਬਾ ਪ੍ਰਾਪਤ ਹੋਇਆ ਪਰ ਉਸ ਵੰਡ ਵਿਚ ਵੀ ਪੰਜਾਬੀ ਬੋਲਦੇ ਇਲਾਕਿਆਂ ਨੂੰ ਸ਼ਾਮਲ ਕਰਨ ਦੀ ਥਾਂ ਧਰਮ ਆਧਾਰਤ ਨੀਤੀ ਨੂੰ ਹੀ ਪਹਿਲ ਦਿੱਤੀ ਗਈ ਅਤੇ ਪੰਜਾਬ 'ਚੋਂ ਪੰਜਾਬੀ ਬੋਲਦੇ ਇਲਾਕੇ ਹਰਿਆਣਾ, ਹਿਮਾਚਲ ਪ੍ਰਦੇਸ਼ ਤੇ ਰਾਜਸਥਾਨ ਦੇ ਹਿੱਸੇ ਆ ਗਏ। ਇਸੇ ਤਰ੍ਹਾਂ ਪੰਜਾਬੀ ਨਾਲ ਹੋਰ ਵਿਤਕਰਾ ਉਸ ਸਮੇਂ ਹੋਇਆ ਜਦੋਂ ਪੰਜਾਬ ਨਾਲੋਂ ਅਲੱਗ ਹੋਏ ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਨੇ ਪੰਜਾਬੀ ਨੂੰ ਦੂਜੀ ਭਾਸ਼ਾ ਵਜੋਂ ਵੀ ਸਵੀਕਾਰ ਨਾ ਕੀਤਾ ਸਗੋਂ ਤੇਲਗੂ ਤੇ ਉਰਦੂ ਨੂੰ ਅਪਣਾਇਆ। ਬਾਅਦ ਵਿਚ ਵੀ ਪੰਜਾਬੀ ਦੀ ਥਾਂ ਸੰਸਕ੍ਰਿਤ ਨੂੰ ਦੇਣ ਦੀ ਪ੍ਰਕਿਰਿਆ ਆਰੰਭ ਹੋਈ।

ਪੰਜਾਬ ਵਿਚ ਵੀ ਪੰਜਾਬੀ ਨਾਲ ਵਿਤਕਰਾ ਜਾਰੀ ਹੈ। ਭਾਵੇਂ ਇਹ ਵਿਤਕਰਾ ਸਰਕਾਰੀ ਕੰਮ-ਕਾਜ ਵਿਚ ਹੋਵੇ ਜਾਂ ਸਕੂਲਾਂ ਵਿਚ ਮਾਧਿਅਮ ਵਜੋਂ ਸਵੀਕਾਰ ਕਰਨ ਬਾਰੇ,।ਮੌਜੂਦਾ ਸਮੇਂ ਪੰਜਾਬ ਵਿਚ ਪ੍ਰਾਈਵੇਟ ਯੂਨੀਵਰਸਿਟੀਆਂ ਤੇ ਪ੍ਰੋਫੈਸ਼ਨਲ ਕਾਲਜਾਂ 'ਚ ਪੰਜਾਬੀ ਦਾ ਸਥਾਨ ਮਤਰੇਈ ਮਾਂ ਨਾਲੋਂ ਵੀ ਮਾੜਾ ਹੈ। ਪੰਜਾਬੀ ਨਾਲ ਨਿਰੰਤਰ ਤੌਰ 'ਤੇ ਹੋ ਰਹੇ ਵਿਤਕਰੇ ਦੇ ਇਤਿਹਾਸਕ ਪ੍ਰਸੰਗ ਉਲੀਕਣ ਦਾ ਮੰਤਵ ਇਹ ਦਰਸਾਉਣਾ ਹੈ ਕਿ ਜੇ ਅਜਿਹੇ ਸੰਕਟਮਈ ਤੇ ਵਿਤਕਰੇ ਭਰੇ ਮਾਹੌਲ ਵਿਚ ਵੀ ਪੰਜਾਬੀ ਆਪਣੀ ਸ਼ਾਨੋ-ਸ਼ੌਕਤ ਨਾਲ ਵੱਧ-ਫੁੱਲ ਰਹੀ ਹੈ ਤਾਂ ਫਿਰ ਅਸੀਂ ਆਪਣੀ ਜ਼ੁਬਾਨ ਦੇ ਮਰਨ ਦੀ ਗੱਲ ਕਿਉਂ ਕਰਦੇ ਹਾਂ? ਭਾਸ਼ਾ ਨਿਰੰਤਰ ਤੌਰ 'ਤੇ ਸ਼ਬਦਾਂ ਨੂੰ ਗੁਆਉਂਦੀ ਅਤੇ ਅਪਣਾਉਂਦੀ ਰਹਿੰਦੀ ਹੈ।

ਭਾਸ਼ਾ ਨਿਰੰਤਰ ਤੌਰ 'ਤੇ ਵਿਕਾਸਮਈ ਰੁਖ਼ ਅਖ਼ਤਿਆਰ ਕਰਦੀ ਰਹਿੰਦੀ ਹੈ। ਜੇ ਇਹ ਪ੍ਰਕਿਰਿਆ ਬੰਦ ਹੋ ਜਾਵੇ ਤਾਂ ਭਾਸ਼ਾ ਮਰ ਜਾਂਦੀ ਹੈ ਜਿਵੇਂ ਕਿ ਸੰਸਕ੍ਰਿਤ ਨਾਲ ਹੋ ਰਿਹਾ ਹੈ।।ਸਰਕਾਰੀ ਸਰਪ੍ਰਸਤੀ ਦੇ ਬਾਵਜੂਦ ਸੰਸਕ੍ਰਿਤ ਵਰਗੀ ਅਮੀਰ ਅਤੇ ਪ੍ਰਭਾਵਸ਼ਾਲੀ ਜਨਣੀ ਭਾਸ਼ਾ ਇਸ ਕਾਰਨ ਅਮਲੀ ਤੌਰ 'ਤੇ ਮਰ ਰਹੀ ਹੈ ਕਿਉਂਕਿ ਉਸ ਵਿਚ ਸ਼ਬਦਾਂ ਦੇ ਅਦਾਨ-ਪ੍ਰਦਾਨ ਦੀ ਪ੍ਰਕਿਰਿਆ ਖ਼ਤਮ ਹੋ ਗਈ ਸੀ। ਇਸ ਲਈ ਪੰਜਾਬੀ ਬੋਲੀ ਮਰ ਨਹੀਂ ਰਹੀ, ਸਗੋਂ ਦਿਨੋ-ਦਿਨ ਨਵੀਆਂ ਚੁਣੌਤੀਆਂ ਦੇ ਸਮਰੱਥ ਹੈ। ਕੇਵਲ ਪੰਜਾਬੀ ਭਾਸ਼ਾ ਦੇ ਰਖਵਾਲੇ ਸਹੀ ਅਰਥ ਵਿਚ ਇਸ ਦੇ ਸਮਰਥਕ ਤੇ ਪਹਿਰੇਦਾਰ ਬਣ ਕੇ ਪੂਰਨ ਸੁਹਿਰਦਤਾ ਤੇ ਪ੍ਰਤੀਬੱਧਤਾ ਨਾਲ ਇਕ ਪਾਸੇ ਪੰਜਾਬੀ ਦੇ ਹਿੱਤਾਂ ਦੀ ਰਾਖੀ ਕਰਨ ਅਤੇ ਦੂਜੇ ਪਾਸੇ ਇੱਕੀਵੀਂ ਸਦੀ ਦੀਆਂ ਚੁਣੌਤੀਆਂ ਦੇ ਸਨਮੁੱਖ ਨਿਰੰਤਰ ਵਿਕਾਸ ਦੀ ਪ੍ਰਕਿਰਿਆ ਦੇ ਤਹਿਤ ਇਸ ਦੀ ਸਮਰਥਾ ਵਿਚ ਵਾਧਾ ਕਰਦੇ ਰਹਿਣ।

ਪੰਜਾਬੀ ਭਾਸ਼ਾ ਦੇ ਨਿਰਾਸ਼ਾਜਨਕ ਭਵਿੱਖ ਦੀ ਚਰਚਾ ਪਹਿਲੇ ਪੱਧਰ 'ਤੇ ਯੂਨੈਸਕੋ ਦੀ ਇਕ ਰਿਪੋਰਟ ਦੇ ਆਧਾਰ 'ਤੇ ਆਰੰਭ ਹੋਈ ਸੀ ਜੋ ਕਿ ਉਸ ਰਿਪੋਰਟ ਨੂੰ ਅਪ੍ਰਸੰਗਿਕ ਤੇ ਅੰਸ਼ਿਕ ਤੌਰ 'ਤੇ ਜਾਣਕਾਰੀ ਪ੍ਰਾਪਤ ਕਰਨ ਦੇ ਆਧਾਰ ਕਾਰਨ ਪੈਦਾ ਹੋਈ। ਉਸ ਪਿੱਛੋਂ ਪ੍ਰਸੰਗਹੀਣ ਚਰਚਾਵਾਂ ਦੇ ਆਧਾਰ 'ਤੇ ਪੰਜਾਬੀ ਭਾਸ਼ਾ ਦੇ ਭਵਿੱਖ ਸਬੰਧੀ ਸ਼ੰਕੇ ਪ੍ਰਗਟ ਕੀਤੇ ਗਏ ਅਤੇ ਪੰਜਾਬੀ ਕਵੀਆਂ ਨੇ ਆਪਣੀਆਂ ਰਚਨਾਵਾਂ ਰਾਹੀਂ ਮਰ ਰਹੀ ਮੇਰੀ ਬੋਲੀ ਨੂੰ ਪ੍ਰਚਾਰਿਆ। ਇਹ ਵਰਤਾਰਾ ਪੰਜਾਬੀ ਭਾਸ਼ਾ ਦੇ ਭਵਿੱਖ ਨਾਲ ਮੇਚ ਨਹੀਂ ਹੁੰਦਾ ਕਿਉਂਕਿ ਜਿਹੜੀ ਭਾਸ਼ਾ ਇਸ ਤੋਂ ਵੱਧ ਮੁਸ਼ਕਲ ਰਾਹਾਂ ਤੋਂ ਗੁਜ਼ਰੀ ਹੋਵੇ ਅਤੇ ਉਸ ਨੂੰ ਆਮ ਜਨਤਾ ਦਾ ਸਮਰਥਨ ਹੋਵੇ, ਉਹ ਕਿਵੇਂ ਮਰ ਸਕਦੀ ਹੈ?

ਨਿਰਸੰਦੇਹ ਪੰਜਾਬੀ ਭਾਸ਼ਾ ਦੇ ਭਵਿੱਖ ਨੂੰ ਜੇ ਖ਼ਤਰਾ ਹੈ ਤਾਂ ਉਸ ਦੇ ਆਪਣਿਆਂ ਤੋਂ ਹੈ। ਉਹ ਹਿਤੈਸ਼ੀ, ਜੋ ਭਾਸ਼ਾ ਪ੍ਰਤੀ ਪਹੁੰਚ ਸਬੰਧੀ ਦੋਹਰੇ ਮਾਪਦੰਡ ਅਪਣਾਉਂਦੇ ਹਨ ਅਤੇ ਹਰ ਭਾਸ਼ਾ ਦੇ ਸਨਮੁੱਖ ਇੱਕੀਵੀਂ ਸਦੀ ਵਿਚ ਦਰਪੇਸ਼ ਚੁਣੌਤੀਆਂ ਨੂੰ ਸਵੀਕਾਰਦੇ ਹੋਏ ਪੰਜਾਬੀ ਭਾਸ਼ਾ ਨੂੰ ਸਮਰੱਥ ਭਾਸ਼ਾ ਦੇ ਤੌਰ 'ਤੇ ਵਿਕਸਤ ਕਰਨ ਲਈ ਯਤਨਸ਼ੀਲ ਨਹੀਂ ਹੁੰਦੇ। ਅੱਜ ਪੰਜਾਬੀ ਭਾਸ਼ਾ ਭੂਗੋਲਿਕ ਤੌਰ 'ਤੇ ਕੇਵਲ ਪੰਜਾਬ ਤਕ ਹੀ ਸੀਮਤ ਨਹੀਂ ਸਗੋਂ ਇਸ ਦਾ ਪਸਾਰਾ ਭਾਰਤ ਦੇ ਹੋਰਨਾਂ ਹਿੱਸਿਆਂ ਵਿਚ ਵੀ ਦੇਖਿਆ ਜਾ ਸਕਦਾ ਹੈ। ਦਿੱਲੀ ਵਿਚ ਪੰਜਾਬੀ ਦੇ ਸਥਾਨ ਨੂੰ ਵਧੇਰੇ ਪ੍ਰਭਾਵਸ਼ਾਲੀ ਰੂਪ ਵਿਚ ਅਨੁਮਾਨਿਆ ਜਾ ਸਕਦਾ ਹੈ।

ਇਸੇ ਤਰ੍ਹਾਂ ਪਾਕਿਸਤਾਨ ਵਿਚ ਪੰਜਾਬੀ ਭਾਸ਼ਾ ਦੀ ਸਥਿਤੀ ਮਜ਼ਬੂਤ ਹੋ ਰਹੀ ਹੈ ਅਤੇ ਇਸ ਦਾ ਭਵਿੱਖ ਉੱਜਲ ਹੈ। ਇਸੇ ਪ੍ਰਕਾਰ ਕੈਨੇਡਾ, ਅਮਰੀਕਾ, ਬਰਤਾਨੀਆ, ਆਸਟ੍ਰੇਲੀਆ ਆਦਿ ਅਨੇਕਾਂ ਦੇਸ਼ਾਂ ਵਿਚ ਪੰਜਾਬੀ ਮਾਤ ਭਾਸ਼ਾ ਨੂੰ ਪਰਵਾਸੀ ਪੰਜਾਬੀ ਅਪਣਾਉਣ ਲੱਗ ਪਏ ਹਨ। ਕੈਨੇਡਾ ਵਿਚ ਅੱਧੀ ਦਰਜਨ ਦੇ ਲਗਪਗ ਅਜਿਹੇ ਸਕੂਲ ਹਨ ਜਿੱਥੇ ਮੁੱਢਲੇ ਪੱਧਰ 'ਤੇ ਪੰਜਾਬੀ ਪੜ੍ਹਾਈ ਜਾ ਰਹੀ ਹੈ। ਇਸੇ ਤਰ੍ਹਾਂ ਦੀ ਸਥਿਤੀ ਦੂਜੇ ਦੇਸ਼ਾਂ ਦੀ ਵੀ ਹੈ। ਇਸ ਲਈ ਪੰਜਾਬੀ ਮਰ ਨਹੀਂ ਰਹੀ, ਸਗੋਂ ਗਲੋਬਲ ਭਾਸ਼ਾ ਵਜੋਂ ਵਿਕਸਤ ਹੋ ਰਹੀ ਹੈ। ਕੈਨੇਡਾ ਵਿਚ ਉੱਥੋਂ ਦੇ ਜੰਮਪਲ ਪੰਜਾਬੀ ਬੱਚੇ ਪੰਜਾਬੀ ਭਾਸ਼ਾ ਵਿਚ ਕਹਾਣੀਆਂ ਅਤੇ ਕਵਿਤਾਵਾਂ ਰਚ ਰਹੇ ਹਨ ਅਤੇ ਇਕ ਨਵੇਂ ਮੁਹਾਵਰੇ ਅਤੇ ਮੁਹਾਂਦਰੇ ਵਾਲੀ ਭਾਸ਼ਾ ਨੂੰ ਜਨਮ ਦੇ ਰਹੇ ਹਨ।

ਪੰਜਾਬ ਤੇ ਭਾਰਤ ਦੇ ਖਿੱਤਿਆਂ ਵਿਚ ਪੰਜਾਬੀ ਦੇ ਭਵਿੱਖ ਸਬੰਧੀ ਚਿੰਤਤ ਹੋਣ ਦੀ ਇਹ ਲੋੜ ਹੈ ਕਿ ਜਦੋਂ ਪੰਜਾਬੀ ਮਾਪੇ ਪੰਜਾਬੀ ਨੂੰ ਵਿਸਾਰ ਰਹੇ ਹਨ ਅਤੇ ਪੰਜਾਬੀ ਹਿਤੈਸ਼ੀ ਦੂਹਰੀ ਨੀਤੀ ਅਪਣਾਉਂਦੇ ਹੋਏ, ਪੰਜਾਬੀ ਪ੍ਰਤੀ ਈਮਾਨਦਾਰੀ, ਸੁਹਿਰਦਤਾ ਤੇ ਪ੍ਰਤੀਬੱਧਤਾ ਦਾ ਪ੍ਰਗਟਾਵਾ ਨਹੀਂ ਕਰ ਰਹੇ। ਇਸ ਲਈ ਨਿੱਜੀਕਰਨ ਦੇ ਨਾਂ ਹੇਠ ਪੰਜਾਬੀ ਭਾਸ਼ਾ ਨੂੰ ਨਕਾਰਿਆ ਜਾ ਰਿਹਾ ਹੈ ਅਤੇ ਇਸ ਦੇ ਪਹਿਰੇਦਾਰ ਹੀ ਇਨ੍ਹਾਂ ਚੋਰ ਮੋਰੀਆਂ ਦੇ ਹਿੱਸੇਦਾਰ ਬਣੇ ਹੋਏ ਹਨ।

ਪੰਜਾਬੀ ਭਾਸ਼ਾ ਨੂੰੰ 'ਮੈਨੂੰ ਮੈਥੋਂ ਬਚਾਓ' ਦੇ ਕਥਨ ਅਨੁਸਾਰ ਜਿੱਥੇ ਸੁਹਿਰਦ ਪੰਜਾਬੀ ਹਿਤੈਸ਼ੀਆਂ ਦੀ ਤਲਾਸ਼ ਕਰਨੀ ਲੋੜੀਂਦੀ ਹੈ, ਉੱਥੇ ਹੀ ਪੰਜਾਬੀ ਭਾਸ਼ਾ ਨੂੰ ਸਮੇਂ ਦੀ ਹਾਣੀ ਬਣਾਉਣ ਦੀ ਵੀ ਲੋੜ ਹੈ। ਤਕਨਾਲੋਜੀ ਦੇ ਅਜੋਕੇ ਯੁੱਗ ਵਿਚ ਕੰਪਿਊਟਰ ਦੀ ਵਰਤੋਂ 'ਚ ਆ ਰਹੀਆਂ ਮੁਸ਼ਕਲਾਂ ਦੇ ਹੱਲ ਤਲਾਸ਼ਣ ਦੀ ਲੋੜ ਹੈ। ਅਜੇ ਤਕ ਅਸੀਂ ਸ਼ਬਦ-ਜੋੜ ਨੂੰ ਹੀ ਪ੍ਰਮਾਣਿਕ ਨਹੀਂ ਕਰ ਸਕੇ, ਯੂਨੀਕੋਡ ਨਹੀਂ ਨਿਰਧਾਰਤ ਕਰ ਸਕੇ ਅਤੇ ਨਾ ਹੀ ਇਸ ਨੂੰ ਸਾਫਟਵੇਅਰ ਦੇ ਯੋਗ ਬਣਾ ਸਕੇ ਹਾਂ। ਇਸੇ ਪ੍ਰਕਾਰ ਵਿਦੇਸ਼ਾਂ ਵਿਚ ਰਹਿੰਦੇ ਪੰਜਾਬੀਆਂ ਲਈ ਪੰਜਾਬੀ ਦੇ ਅਧਿਐਨ ਲਈ ਅਸੀਂ ਢੁੱਕਵੇਂ ਪ੍ਰਬੰਧ ਵੀ ਨਹੀਂ ਕਰ ਸਕੇ ਹਾਂ। ਇਸੇ ਤਰ੍ਹਾਂ ਬੱਚਿਆਂ ਲਈ ਬਾਲ ਸਾਹਿਤ ਰਚਣ ਤੇ ਪ੍ਰਕਾਸ਼ਿਤ ਕਰਨ ਲਈ ਕੋਈ ਯੋਜਨਾ ਵੀ ਨਹੀਂ ਬਣਾ ਸਕੇ। ਸਾਡੀਆਂ ਇਹ ਕਮਜ਼ੋਰੀਆਂ ਭਵਿੱਖ ਵਿਚ ਪੰਜਾਬੀ ਭਾਸ਼ਾ ਦੀ ਸਮਰਥਾ ਨੂੰ ਘਟਾ ਸਕਦੀਆਂ ਹਨ ਪਰ ਫਿਰ ਵੀ ਪੰਜਾਬੀ ਭਾਸ਼ਾ ਦੇ ਭਵਿੱਖ ਨੂੰ ਕਿਸੇ ਕਿਸਮ ਦਾ ਅਜਿਹਾ ਖ਼ਤਰਾ ਨਹੀਂ ਸਮਝਿਆ ਜਾ ਸਕਦਾ ਕਿ ਸਾਡੀ ਮਾਂ-ਬੋਲੀ ਮਰ ਰਹੀ ਹੈ ਅਤੇ ਇਸ ਬਾਰੇ ਭਵਿੱਖ-ਮੁਖੀ ਭਾਵੁਕ ਪਹੁੰਚ ਅਪਣਾਈ ਜਾਵੇ।

ਪੰਜਾਬੀ ਭਾਸ਼ਾ ਆਪਣੇ ਲੰਬੇ ਇਤਿਹਾਸ ਵਿਚ ਹਰ ਤਰ੍ਹਾਂ ਦੀਆਂ ਚੁਣੌਤੀਆਂ ਨੂੰ ਸਵੀਕਾਰਦੀ ਹੋਈ ਵਿਕਾਸ ਵੱਲ ਵੱਧ ਰਹੀ ਹੈ ਅਤੇ ਸਿਹਰਾ ਸੁਹਿਰਦ ਪੰਜਾਬੀ ਬੋਲਦੇ, ਪੰਜਾਬੀ ਪੜ੍ਹਦੇ ਤੇ ਪੰਜਾਬੀ ਨੂੰ ਪਿਆਰਦੇ ਸੱਚੇ-ਸੁੱਚੇ ਪੰਜਾਬੀਆਂ ਸਿਰ ਬੱਝਦਾ ਹੈ ਜੋ ਪੰਜਾਬੀ ਭਾਸ਼ਾ ਨੂੰ ਹੁਣ ਤਕ ਬਚਾਈ ਰੱਖਣ ਵਿਚ ਸਫਲ ਹੋਏ ਹਨ ਅਤੇ ਭਵਿੱਖ 'ਚ ਵੀ ਕਿਸੇ ਖ਼ਤਰੇ ਦੇ ਸੰਕੇਤਾਂ ਤੋਂ ਉੱਪਰ ਉੱਠ ਚੁੱਕੇ ਹਨ।

-(ਸਾਬਕਾ ਉਪ ਕੁਲਪਤੀ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ।)

-ਮੋਬਾਈਲ ਨੰ. : 98142-25278

Posted By: Jagjit Singh