ਇੰਡੀਅਨ ਪੁਲਿਸ ਫਾਊਂਡੇਸ਼ਨ ਵੱਲੋਂ ਕੌਮੀ ਪੱਧਰ ’ਤੇ ਕਰਵਾਏ ਗਏ ਸਮਾਰਟ ਪੁਲਿਸ ਇੰਡੈਕਸ- 2021 ਸਰਵੇ ਦੀ ਜਾਰੀ ਰਿਪੋਰਟ ’ਚ ਪੰਜਾਬ ਪੁਲਿਸ ਦੀ ਕਾਰਗੁਜ਼ਾਰੀ ਹੇਠਲੇ ਪੰਜ ਨੰਬਰਾਂ ’ਚ ਆਉਣ ਕਾਰਨ ਉਸ ’ਤੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਹੋ ਗਏ ਹਨ। ਜੁਲਾਈ ਤੋਂ ਸਤੰਬਰ ਮਹੀਨੇ ਦੇ ਅਰਸੇ ਦੌਰਾਨ ਕਰਵਾਏ ਗਏ ਇਸ ਸਰਵੇ ’ਚ 29 ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 1,61,192 ਲੋਕਾਂ ਦੀ ਪੁਲਿਸ ਬਾਰੇ ਰਾਇ ਜਾਣੀ ਗਈ। ਇਨ੍ਹਾਂ ’ਚ ਪੰਜਾਬ ਦੇ 1579 ਲੋਕ ਸ਼ਾਮਲ ਸਨ। ਪੁੁਲਿਸ ਦੀ ਭਰੋਸੇਯੋਗਤਾ, ਨਿਰਪੱਖਤਾ, ਪੁਲਿਸ ਵਿਚਲਾ ਭ੍ਰਿਸ਼ਟਾਚਾਰ, ਉਸ ਦਾ ਆਧੁਨਿਕ ਤਕਨੀਕ ਨਾਲ ਜੁੜਿਆ ਹੋਣਾ, ਲੋਕ ਕਿੰਨੇ ਸਮੇਂ ’ਚ ਪੁਲਿਸ ਕੋਲ ਪੁੱਜਦੇ ਹਨ ਤੇ ਪੁਲਿਸ ਨੇ ਆਮ ਲੋਕਾਂ ਦਾ ਕਿੰਨਾ ਕੁ ਸਹਿਯੋਗ ਲਿਆ ਆਦਿ ਪੈਮਾਨਿਆਂ ਦੇ ਆਧਾਰ ’ਤੇ ਕੀਤੇ ਗਏ ਉਕਤ ਸਰਵੇ ’ਚ 10 ਵਿੱਚੋਂ 8.11 ਅੰਕ ਲੈ ਕੇ ਆਂਧਰਾ ਪੁਲਿਸ ਪਹਿਲੇ ਸਥਾਨ ’ਤੇ ਰਹੀ। ਤੇਲੰਗਾਨਾ ਪੁਲਿਸ 8.10 ਅੰਕ ਲੈ ਕੇ ਦੂਜੇ ਤੇ 7.89 ਅੰਕ ਹਾਸਲ ਕਰ ਕੇ ਅਸਾਮ ਪੁਲਿਸ ਤੀਜੇ ਸਥਾਨ ’ਤੇ ਰਹੀ। ਸਭ ਤੋਂ ਹੇਠਾਂ ਰਹੇ ਪੰਜ ਸੂਬਿਆਂ ’ਚ ਪੰਜਾਬ ਤੋਂ ਇਲਾਵਾ ਝਾਰਖੰਡ, ਛੱਤੀਸਗੜ੍ਹ, ਯੂਪੀ ਤੇ ਬਿਹਾਰ ਸ਼ਾਮਲ ਹਨ। ਉੱਤਰੀ ਭਾਰਤ ਦੇ ਸੂਬਿਆਂ ਦੇ ਮੁਕਾਬਲੇ ਦੱਖਣੀ ਸੂਬਿਆਂ ਤੇ ਉੱਤਰ-ਪੂਰਬ ਦੇ ਕੁਝ ਸੂਬਿਆਂ ਦੀ ਪੁਲਿਸ ਨੇ ਬਿਹਤਰ ਪ੍ਰਦਰਸ਼ਨ ਕੀਤਾ ਹੈ। ਭਾਵੇਂ ਇਹ ਕਿਹਾ ਜਾ ਸਕਦਾ ਹੈ ਕਿ ਇਸ ਸਰਵੇ ’ਚ ਬਹੁਤ ਘੱਟ ਲੋਕਾਂ ਨੂੰ ਸ਼ਾਮਲ ਕੀਤਾ ਗਿਆ ਪਰ ਚੌਲਾਂ ਦੀ ਦੇਗ ’ਚੋਂ ਕੁਝ ਚੌਲਾਂ ਦੇ ਦਾਣਿਆਂ ਨੂੰ ਮਸਲ ਕੇ ਹੀ ਪਤਾ ਲੱਗ ਜਾਂਦਾ ਹੈ ਕਿ ਚੌਲ ਪੱਕ ਗਏ ਹਨ ਜਾਂ ਨਹੀਂ। ਇਸ ਕਰਕੇ ਪੁਲਿਸ ਦੀ ਕਾਰਗੁਜ਼ਾਰੀ ਬਾਰੇ ਇਹ ਸਰਵੇ ਗੰਭੀਰ ਸਵਾਲ ਖੜ੍ਹੇ ਕਰਦਾ ਹੈ। ਕੋਈ ਸਮਾਂ ਸੀ ਜਦੋਂ ਪੰਜਾਬ ਪੁਲਿਸ ਨੂੰ ਦੇਸ਼ ਦੀਆਂ ਚੰਗੀਆਂ ਫੋਰਸਾਂ ’ਚੋਂ ਇਕ ਮੰਨਿਆ ਜਾਂਦਾ ਸੀ। ਸਾਡੀ ਪੁਲਿਸ ਨੂੰ ਹੋਰਨਾਂ ਸੂਬਿਆਂ ’ਚ ਚੋਣ ਡਿਊਟੀ ਜਾਂ ਕਿਸੇ ਹੋਰ ਸਮੱਸਿਆ ’ਤੇ ਕਾਬੂ ਪਾਉਣ ਲਈ ਭੇਜਿਆ ਜਾਂਦਾ ਸੀ। ਸਰਹੱਦੀ ਸੂਬਾ ਹੋਣ ਕਾਰਨ ਪੰਜਾਬ ਵਾਸੀ ਹਮੇਸ਼ਾ ਦੂਜੇ ਦੇਸ਼ਾਂ ਦੇ ਧਾੜਵੀਆਂ ਦਾ ਸਾਹਮਣਾ ਕਰਦੇ ਆਏ ਹਨ। ਧੱਕੇਸ਼ਾਹੀ ਵਿਰੁੱਧ ਆਵਾਜ਼ ਉਠਾਉਣਾ ਤੇ ਮੁਸੀਬਤ ’ਚ ਫਸੇ ਲੋਕਾਂ ਦੀ ਮਦਦ ਕਰਨਾ ਪੰਜਾਬੀਆਂ ਦਾ ਸੁਭਾਅ ਰਿਹਾ ਹੈ। ਇਹੀ ਨਿਧੜਕ ਸੁਭਾਅ ਤੇ ਹਰ ਕਿਸੇ ਦੀ ਮਦਦ ਕਰਨ ਦੀ ਭਾਵਨਾ ਪੰਜਾਬ ਪੁਲਿਸ ’ਚ ਵੀ ਦੇਖਣ ਨੂੰ ਮਿਲਦੀ ਰਹੀ ਹੈ। ਸਮਾਂ ਬਦਲਣ ਦੇ ਨਾਲ-ਨਾਲ ਪੰਜਾਬ ਪੁਲਿਸ ’ਚ ਖਾੜਕੂਪੁਣਾ ਵਧਦਾ ਗਿਆ ਤੇ ਲੋਕਾਂ ਦੀ ਮਦਦ ਦੀ ਭਾਵਨਾ ਘੱਟ ਹੁੰਦੀ ਗਈ। ਇਸ ਵੇਲੇ ਹਾਲਾਤ ਇਹ ਹਨ ਕਿ ਕੋਈ ਵੀ ਸ਼ਰੀਫ਼ ਬੰਦਾ ਥਾਣੇ ਸਾਹਮਣਿਓਂ ਲੰਘਣ ਤੋਂ ਵੀ ਡਰਦਾ ਹੈ। ਜੇ ਕਿਸੇ ਵਿਅਕਤੀ ਨੂੰ ਪੰਜਾਬ ਪੁਲਿਸ ਨਾਲ ਕੋਈ ਕੰਮ ਪੈ ਜਾਵੇ, ਕੋਈ ਸ਼ਿਕਾਇਤ ਆਦਿ ਦਰਜ ਕਰਵਾਉਣੀ ਪਵੇ ਤਾਂ ਉਹ ਕਿਸੇ ਸਿਆਸਤਦਾਨ ਜਾਂ ਅਸਰ-ਰਸੂਖ ਵਾਲੇ ਵਿਅਕਤੀ ਨੂੰ ਨਾਲ ਲੈ ਕੇ ਥਾਣੇ ਜਾਂਦਾ ਹੈ ਤਾਂ ਜਾ ਕੇ ਉਸ ਦੀ ਗੱਲ ਸੁਣੀ ਜਾਂਦੀ ਹੈ। ਇਸ ਸਮੇਂ ਲੋਕਾਂ ਦੇ ਦਿਲਾਂ ’ਚ ਪੰਜਾਬ ਪੁਲਿਸ ਪ੍ਰਤੀ ਸਤਿਕਾਰ ਦੀ ਭਾਵਨਾ ਨਹੀਂ ਬਲਕਿ ਡਰ ਦੀ ਭਾਵਨਾ ਪਾਈ ਜਾ ਰਹੀ ਹੈ। ਇਸ ਵਰਤਾਰੇ ਨੂੰ ਬਦਲਣ ਦੀ ਲੋੜ ਹੈ। ਪੰਜਾਬ ਪੁਲਿਸ ਨੂੰ ਲੋਕਾਂ ਦੇ ਦਿਲਾਂ ਵਿਚ ਡਰ ਪੈਦਾ ਕਰਨ ਦੀ ਥਾਂ ਆਪਣੇ ਪ੍ਰਤੀ ਪਿਆਰ ਤੇ ਸਤਿਕਾਰ ਪੈਦਾ ਕਰਨਾ ਪਵੇਗਾ। ਉਸ ਨੂੰ ਆਧੁਨਿਕ ਤਕਨੀਕ ਅਪਣਾ ਕੇ, ਲੋਕਾਂ ਤਕ ਸਾਰਥਕ ਪਹੁੰਚ ਬਣਾ ਕੇ ਲੋੜਵੰਦਾਂ ਨੂੰ ਇਨਸਾਫ਼ ਦਿਵਾਉਣ ਦੀ ਭਾਵਨਾ ਪੈਦਾ ਕਰਨੀ ਪਵੇਗੀ ਤਾਂ ਜਾ ਕੇ ਇਸ ਪੁਲਿਸ ਫੋਰਸ ਦਾ ਅਕਸ ਸੁਧਰੇਗਾ। ਉਮੀਦ ਹੈ ਕਿ ਉਕਤ ਸਰਵੇ ਜਾਰੀ ਹੋਣ ਪਿੱਛੋਂ ਪੰਜਾਬ ਪੁਲਿਸ ਆਪਣੀ ਕਾਰਜਸ਼ੈਲੀ ’ਚ ਤਬਦੀਲੀ ਲਿਆਵੇਗੀ।

Posted By: Jatinder Singh