ਬੇਸ਼ੱਕ ਦੋਹਰੇ ਖ਼ੁਦਕੁਸ਼ੀ ਮਾਮਲੇ 'ਚ ਫਰਾਰ ਚੱਲ ਰਹੀ ਸਾਬਕਾ ਸਬ-ਇੰਸਪੈਕਟਰ ਸੰਦੀਪ ਕੌਰ ਦੀ ਗ੍ਰਿਫ਼ਤਾਰੀ ਹੋ ਗਈ ਹੈ ਪਰ ਇਸ ਮਾਮਲੇ 'ਚ ਹਾਲੇ ਕਈ ਭੇਤ ਖੁੱਲ੍ਹਣੇ ਬਾਕੀ ਹਨ। ਇਸ ਘਟਨਾ ਨਾਲ ਨਾ ਸਿਰਫ਼ ਸੂਬੇ ਵਿਚ ਖ਼ਾਕੀ ਇਕ ਵਾਰ ਫਿਰ ਦਾਗ਼ਦਾਰ ਹੋਈ ਹੈ ਬਲਕਿ ਫਿਰ ਤੋਂ ਪੁਲਿਸ ਦੀ ਕਾਰਜਸ਼ੈਲੀ 'ਤੇ ਸਵਾਲੀਆ ਨਿਸ਼ਾਨ ਲੱਗ ਰਹੇ ਹਨ। ਗਹਿਣਾ ਕਾਰੋਬਾਰੀ ਵਿਕਰਮਜੀਤ ਸਿੰਘ ਨੇ ਮਹਿਲਾ ਐੱਸਆਈ ਦੀ ਬਲੈਕਮੇਲਿੰਗ ਤੋਂ ਤੰਗ ਆ ਕੇ ਖ਼ੁਦਕੁਸ਼ੀ ਕਰ ਲਈ ਸੀ। ਉਪਰੰਤ ਉਸ ਦੀ ਪਤਨੀ ਸੁਖਬੀਰ ਕੌਰ ਨੇ ਵੀ ਜੀਵਨ-ਲੀਲ੍ਹਾ ਸਮਾਪਤ ਕਰ ਲਈ ਸੀ।

ਇਸ ਮਾਮਲੇ 'ਚ ਐੱਸਆਈ ਸੰਦੀਪ ਕੌਰ ਦੇ ਨਾਲ-ਨਾਲ ਹੈੱਡ ਕਾਂਸਟੇਬਲ ਨਵਨੀਤ ਸਿੰਘ ਤੇ ਦੀਪ ਸੰਧੂ ਦੇ ਨਾਂ ਵੀ ਸ਼ਾਮਲ ਹਨ। ਐੱਸਆਈ ਨੂੰ ਪਨਾਹ ਦੇਣ ਦੇ ਮਾਮਲੇ 'ਚ ਕਾਂਸਟੇਬਲ ਗਗਨਦੀਪ ਸਿੰਘ ਸਮੇਤ ਤਿੰਨ ਲੋਕਾਂ 'ਤੇ ਪਰਚਾ ਦਰਜ ਕੀਤਾ ਗਿਆ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 19 ਅਕਤੂਬਰ ਨੂੰ ਮ੍ਰਿਤਕ ਜੋੜੇ ਦੀ ਬੇਟੀ ਨਾਲ ਫੋਨ 'ਤੇ ਗੱਲ ਕਰਦੇ ਹੋਏ ਭਰੋਸਾ ਦਿੱਤਾ ਸੀ ਕਿ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਇਸ ਤੋਂ ਬਾਅਦ ਹੀ ਐੱਸਆਈ ਸੰਦੀਪ ਕੌਰ ਨੂੰ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਗਿਆ ਸੀ। ਉਸ ਦੀ ਗ੍ਰਿਫ਼ਤਾਰੀ ਲਈ ਕਾਰਵਾਈ ਤੇਜ਼ ਕਰਦੇ ਹੋਏ ਉਸ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਜਾਂਦਾ ਹੈ। ਜੇ ਮੁੱਖ ਮੰਤਰੀ ਦਖ਼ਲ ਨਾ ਦਿੰਦੇ ਤਾਂ ਸ਼ਾਇਦ ਇਸ ਕੇਸ ਦਾ ਵੀ ਉਹੀ ਹਸ਼ਰ ਹੋਣਾ ਸੀ, ਜਿਹੜਾ ਹੁਣ ਤਕ ਇੱਦਾਂ ਦੇ ਸੈਂਕੜੇ ਕੇਸਾਂ ਦਾ ਹੁੰਦਾ ਆਇਆ ਹੈ। ਮੁਲਜ਼ਮਾਂ ਨੇ ਆਰਾਮ ਨਾਲ ਕੁਝ ਸਮੇਂ ਬਾਅਦ ਆਪਣੀ ਆਮ ਜ਼ਿੰਦਗੀ ਬਤੀਤ ਕਰਦੇ ਹੋਣਾ ਸੀ।

ਹੁਣ ਜਦੋਂ ਮੁਲਜ਼ਮ ਰਿਮਾਂਡ 'ਤੇ ਲਏ ਜਾਣਗੇ ਤਾਂ ਇਸ ਕੇਸ ਨਾਲ ਸਬੰਧਤ ਕਈ ਖ਼ੁਲਾਸੇ ਹੋਣਗੇ ਜਿਨ੍ਹਾਂ 'ਚ ਅਹਿਮ ਗੱਲ ਇਹ ਹੋਵੇਗੀ ਕਿ ਕਿਹੜੇ ਹਾਲਾਤ 'ਚ ਪੀੜਤ ਨੂੰ ਅਜਿਹਾ ਕਦਮ ਚੁੱਕਣਾ ਪਿਆ। ਦਰਅਸਲ, ਪੰਜਾਬ ਪੁਲਿਸ ਦਾ ਆਪਣਾ ਇਕ ਸੱਭਿਆਚਾਰ ਵਿਕਸਤ ਹੋ ਚੁੱਕਾ ਹੈ ਜਿਹੜਾ ਸਮੇਂ ਦੇ ਨਾਲ ਆਪਣੀਆਂ ਪੈੜਾਂ ਡੂੰਘੀਆਂ ਕਰ ਚੁੱਕਾ ਹੈ।

ਇਸ ਵਿਚ ਬਹੁਤ ਕੁਝ ਅਜਿਹਾ ਹੈ ਜਿਸ ਨੂੰ ਮਹਿਕਮੇ ਦੀ ਨੌਕਰੀ ਦਾ ਹਿੱਸਾ ਹੀ ਸਮਝ ਲਿਆ ਜਾਂਦਾ ਹੈ। ਆਏ ਦਿਨ ਪੁਲਿਸ ਮਹਿਕਮੇ ਦੇ ਛੋਟੇ ਤੋਂ ਲੈ ਕੇ ਵੱਡੇ ਮੁਲਾਜ਼ਮ ਨਸ਼ਾ ਤਸਕਰੀ, ਬਲੈਕਮੇਲਿੰਗ, ਰਿਸ਼ਵਤਖੋਰੀ ਆਦਿ ਕਈ ਮਾਮਲਿਆਂ ਵਿਚ ਫਸਦੇ ਰਹਿੰਦੇ ਹਨ ਪਰ ਇਸ ਦੇ ਬਾਵਜੂਦ ਮਹਿਕਮੇ ਵਿਚ ਸੁਧਾਰਾਂ ਦਾ ਅਮਲ ਨਾਮਾਤਰ ਹੈ। ਦੂਜੇ ਪਾਸੇ ਸੂਬੇ ਵਿਚ ਅਪਰਾਧ ਦਾ ਗ੍ਰਾਫ ਵੀ ਦਿਨੋ-ਦਿਨ ਵੱਧਦਾ ਜਾ ਰਿਹਾ ਹੈ। ਦਿਨ-ਦਿਹਾੜੇ ਕਤਲ, ਲੁੱਟਾਂ-ਖੋਹਾਂ, ਚੋਰੀਆਂ, ਡਕੈਤੀਆਂ, ਜਬਰ-ਜਨਾਹ ਦੀਆਂ ਘਟਨਾਵਾਂ ਆਦਿ ਨਿੱਤ ਦਾ ਵਰਤਾਰਾ ਬਣ ਚੁੱਕੀਆਂ ਹਨ। ਕਾਨੂੰਨ-ਵਿਵਸਥਾ ਨੂੰ ਬਣਾਈ ਰੱਖਣਾ ਚੁਣੌਤੀਪੂਰਨ ਹੋ ਚੁੱਕਾ ਹੈ। ਇਸ ਸਭ ਵਿਚ ਹਾਲੀਆ ਸਰਵੇ ਇਸ ਗੱਲ ਦੀ ਪੁਸ਼ਟੀ ਕਰਦੇ ਹਨ ਕਿ ਪੰਜਾਬ ਪੁਲਿਸ ਦੇ 80 ਫ਼ੀਸਦੀ ਤੋਂ ਵੱਧ ਮੁਲਾਜ਼ਮ ਸਰੀਰਕ ਅਤੇ ਮਾਨਸਿਕ ਪੱਖੋਂ ਤੰਦਰੁਸਤ ਨਹੀਂ ਹਨ।

ਅਜਿਹੇ ਵਿਚ ਪੁਲਿਸ ਮਹਿਕਮੇ ਤੋਂ ਇਹ ਆਸ ਕਰਨੀ ਹੀ ਫ਼ਜ਼ੂਲ ਹੈ ਕਿ ਉਹ ਅਮਨ-ਕਾਨੂੰਨ ਦੀ ਸਥਿਤੀ ਬਿਹਤਰ ਬਣਾਉਣ ਲਈ ਕੁਝ ਠੋਸ ਕਰੇਗਾ। ਦਰਅਸਲ, ਪੁਲਿਸ ਵਿਭਾਗ 'ਚ ਇਸ ਸੱਭਿਆਚਾਰ ਤੇ ਕਾਰਜਸ਼ੈਲੀ ਨੂੰ ਉੱਪਰ ਤੋਂ ਲੈ ਕੇ ਥੱਲੇ ਤਕ ਬਦਲਣ ਦੀ ਲੋੜ ਹੈ ਜਿਹੜਾ ਮੁਲਾਜ਼ਮਾਂ ਨੂੰ ਗ਼ਲਤ ਕੰਮਾਂ ਲਈ ਪ੍ਰੇਰਿਤ ਕਰਦਾ ਹੈ। ਮੌਜੂਦਾ ਹਾਲਾਤ ਦੇ ਮੱਦੇਨਜ਼ਰ ਵਕਤ ਦਾ ਤਕਾਜ਼ਾ ਇਹ ਹੈ ਕਿ ਹੁਣ ਪੁਲਿਸ ਦੀ ਕਾਰਜਸ਼ੈਲੀ ਤੇ ਸੱਭਿਆਚਾਰ ਨੂੰ ਬਦਲਣ ਵਾਸਤੇ ਸਿਆਸੀ ਇੱਛਾ-ਸ਼ਕਤੀ ਦਿਖਾਈ ਜਾਵੇ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਕ ਬਿਹਤਰ ਤੇ ਅਪਰਾਧ ਮੁਕਤ ਸਮਾਜ ਦਿੱਤਾ ਜਾ ਸਕੇ।

Posted By: Sunil Thapa