-ਇਕਬਾਲ ਸਿੰਘ ਲਾਲਪੁਰਾ

ਭਾਰਤ ਸੰਵਿਧਾਨਕ ਤੌਰ ’ਤੇ ਧਰਮ ਨਿਰਪੱਖ ਦੇਸ਼ ਹੈ ਅਤੇ ਇਸ ਵਿਚ ਪੰਜਾਬ ਹੀ ਕੇਵਲ ਸਿੱਖ ਬਹੁ-ਗਿਣਤੀ ਵਾਲਾ ਸੂਬਾ ਹੈ। ਫਿਰ ਵੀ ਧਰਮ ਨਿਰਪੱਖ ਅਖਵਾਉਣ ਵਾਲੀ ਕਾਂਗਰਸ ਪਾਰਟੀ 1947 ਤੋਂ ਬਾਅਦ ਹਰ ਵਾਰ ਐੱਸਜੀਪੀਸੀ ਦੀਆਂ ਚੋਣਾਂ ਵਿਚ ਸਿੱਧੇ ਜਾਂ ਅਸਿੱਧੇ ਢੰਗ ਨਾਲ ਦਖ਼ਲਅੰਦਾਜ਼ੀ ਕਰਦੀ ਰਹੀ ਹੈ। ਪੰਜਾਬੀ ਪੂਰਨ ਰੂਪ ਵਿਚ ਸਰਕਾਰੀ ਭਾਸ਼ਾ ਅੱਜ ਵੀ ਨਹੀਂ ਬਣ ਸਕੀ ਜਿਸ ਲਈ ਕਾਂਗਰਸ ਪਾਰਟੀ ਦੀਆਂ ਸਰਕਾਰਾਂ ਜ਼ਿੰਮੇਵਾਰੀ ਤੋਂ ਭੱਜ ਨਹੀਂ ਸਕਦੀਆਂ।

ਪੰਜਾਬੀ ਸੂਬੇ ਦੇ ਅੰਦੋਲਨ, ਸਾਕਾ ਨੀਲਾ ਤਾਰਾ, ਦਿੱਲੀ ਤੇ ਹੋਰ ਸੂਬਿਆਂ ਅੰਦਰ ਹੋਏ ਸਿੱਖ ਕਤਲੋ-ਗਾਰਤ ਲਈ ਕਾਂਗਰਸ ਸਰਕਾਰਾਂ ਹੀ ਜ਼ਿੰਮੇਵਾਰ ਸਨ ਪਰ ਐੱਸਜੀਪੀਸੀ ਨੇ ਕਦੇ ਵੀ ਕਾਂਗਰਸ ਦੇ ਖ਼ਿਲਾਫ਼ ਮਤਾ ਪਾਸ ਕਰਨ ਜਾਂ ਹੁਕਮਨਾਮਾ ਜਾਰੀ ਕਰਨ ਦੀ ‘ਹਿੰਮਤ’ ਨਹੀਂ ਕੀਤੀ। ਬੇਗੁਨਾਹ ਸਿੱਖਾਂ ਦੇ ਕਤਲ ਦੇ ਦੋਸ਼ ਉਪਰੰਤ ਵੀ ਉਹ ਪੰਥ ਵਿਰੋਧੀ ਨਹੀਂ ਗਰਦਾਨੇ ਗਏ।

ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ ਦਾ ਪਾਵਨ ਸਰੋਵਰ ਪੂਰ ਕੇ ਉੱਥੇ ਝੋਨਾ ਬੀਜਣ ਦੀ ਹੋਛੀ ਤੇ ਅਨਹੋਣੀ ਗੱਲ ਕਰਨ ਵਾਲੇ ਕਾਮਰੇਡ ਵੀ ਪੰਥ ਵਿਰੋਧੀ ਨਹੀਂ ਗਰਦਾਨੇ ਗਏ। ਚਾਹੀਦਾ ਤਾਂ ਇਹ ਸੀ ਕਿ ਅਜਿਹੀ ਬੇਹੂਦਾ ਬਿਆਨਬਾਜ਼ੀ ਤੋਂ ਬਾਅਦ ਸ਼੍ਰੋਮਣੀ ਕਮੇਟੀ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਦੀ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਚੋਰੀ ਤੇ ਗੁਰੂ ਦੀ ਬੇਅਦਬੀ ਕਰਨ, ਅਮਨ ਨਾਲ ਬਾਣੀ ਪੜ੍ਹਨ ਵਾਲੇ ਗੁਰਸਿੱਖਾਂ ’ਤੇ ਗੋਲ਼ੀ ਚਲਾਉਣ ਵਾਲੇ ਵੀ ਪੰਥ ਦੋਖੀ ਨਹੀਂ ਐਲਾਨੇ ਗਏ ਹਨ। ਸਰਦਾਰ ਆਤਮਾ ਸਿੰਘ ਪੰਜਾਬ ਸਰਕਾਰ ਦੇ ਮੰਤਰੀ ਵਜੋਂ ਮੁੱਲਾਂ ਕੱਟ ਪੁਲਿਸ ਮੁਲਾਜ਼ਮਾਂ ਪਾਸੋਂ ਸਲਾਮੀ ਨਹੀਂ ਲੈਂਦੇ ਸਨ। ਸਿੱਖ ਰੈਜੀਮੈਂਟ ਦੇ ਜਵਾਨ ਪੂਰਨ ਗੁਰਸਿੱਖ ਹੋਣੇ ਲਾਜ਼ਮੀ ਹਨ। ਪੁਰਾਣੇ ਪੁਲਿਸ ਅਫ਼ਸਰ ਵੀ ਦਾੜ੍ਹੀ ਮੁੰਨੇ ਨੂੰ ਪੂਰਨ ਸਿੱਖ ਬਣਨ ਲਈ ਪ੍ਰੇਰਿਤ ਕਰਦੇ ਸਨ ਪਰ ਹੁਣ ਤਾਂ ਅਜਿਹਾ ਸ਼ਬਦ ਕਾਗ਼ਜ਼ਾਂ ਵਿਚ ਹੀ ਹੈ। ਪਰ ਕੀ ਇਸ ਲਈ ਵੀ ਅਕਾਲੀ ਸਰਕਾਰਾਂ ਜ਼ਿੰਮੇਵਾਰੀ ਤੋਂ ਮੁਕਤ ਹਨ?

ਅਕਾਲੀ ਸਰਕਾਰਾਂ ਨੇ ਪੂਰਨ ਗੁਰਸਿੱਖ ਅਫ਼ਸਰਾਂ ਨੂੰ ਪਿੱਛੇ ਸੁੱਟ ਕੇ ਸੈਣੀ ਤੇ ਪਰਮਰਾਜ ਵਰਗੇ ਅੱਗੇ ਰੱਖੇ। ਫਿਰ ਵੀ ਉਹ ਸਰਕਾਰਾਂ ਪੰਥ ਪ੍ਰਸਤ ਹੀ ਸਨ! ਪਿਛਲੀ 21 ਮਾਰਚ ਨੂੰ ਭਾਵ ਕੇਵਲ 11 ਦਿਨ ਪਹਿਲਾਂ ਭਾਰਤੀ ਜਨਤਾ ਪਾਰਟੀ ਦੀ ਪੰਜਾਬ ਰਾਜ ਕਾਰਜਕਾਰਨੀ ਦੀ ਮੀਟਿੰਗ ਚੱਲ ਰਹੀ ਸੀ। ਜ਼ਿਲ੍ਹਾ ਗੁਰਦਾਸਪੁਰ ਦਾ ਪ੍ਰਧਾਨ ਜੋ ਇਕ ਜ਼ਿਮੀਂਦਾਰ ਸਿੱਖ ਪਰਿਵਾਰ ਨਾਲ ਸਬੰਧ ਰੱਖਦਾ ਹੈ, ਖੜ੍ਹਾ ਹੋ ਗਿਆ। ਸ਼ਾਇਦ ਪਹਿਲੀ ਵਾਰ ਉਸ ਨੇ ਦਸਤਾਰ ਸਜਾਈ ਸੀ।

ਪੰਜਾਬ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਉਸ ਨੂੰ ਸੰਬੋਧਿਤ ਹੋ ਕੇ ਆਖਿਆ, ‘ਅੱਜ ਪਹਿਲੀ ਵਾਰ ਪਗੜੀ ਬੰਨ੍ਹ ਕੇ ਆਇਆਂ, ਸੋਹਣਾ ਲੱਗਦਾ ਏਂ। ਹੁਣ ਦਸਤਾਰ ਨਹੀਂ ਲਾਹੁਣੀ ਤੇ ਕੇਸ ਵੀ ਰੱਖ ਲੈ। ਸ਼ਰਮਾ ਜੀ ਦਾ ਪਿਛੋਕੜ ਆਰਐੱਸਐੱਸ ਨਾਲ ਹੈ। ਫਿਰ ਸਾਰੇ ਹਾਊਸ ਨੂੰ ਸੰਬੋਧਨ ਕਰ ਕੇ ਆਖਿਆ, ‘‘ਓ ਸਰਦਾਰਾਂ ਦੇ ਮੁੰਡਿਓ! ਤੁਹਾਨੂੰ ਸ਼ਰਮ ਨਹੀਂ ਆਉਂਦੀ ਸਾਡੇ ਵਾਂਗ ਪਟੇ ਬਣਾਈ ਫਿਰਦੇ ਹੋ। ਸਾਰੇ ਦਾੜ੍ਹੀ-ਕੇਸ ਰੱਖੋ ਤੇ ਦਸਤਾਰਾਂ ਸਜਾਓ।

ਇਹ ਸ਼ਰਮਾ ਜੀ ਦਾ ਅਚੇਤ ਮਨ ਤੇ ਅੰਤਰ ਆਤਮਾ ਬੋਲ ਰਹੀ ਸੀ। ਅੱਜ ਇਸ ਤਰ੍ਹਾਂ ਦੂਜੇ ਧਰਮ ਦੇ ਲੋਕਾਂ ਨੂੰ ਆਪਣੇ ਧਰਮ ਵਿਚ ਪਰਪੱਕ ਹੋਣ, ਹਦਾਇਤ ਦੇਣ ਦੀ ਹਿੰਮਤ ਰੱਖਣ ਵਾਲਾ ਰਾਜਨੀਤਕ ਆਗੂ ਪੰਜਾਬ ਵਿਚ ਘੱਟ ਹੀ ਲੱਭੇਗਾ। ਇਹੀ ਨਹੀਂ, ਭਾਰਤੀ ਜਨਤਾ ਪਾਰਟੀ ਦੀ ਪੰਜਾਬ ਇਕਾਈ ਦੀ ਮੀਟਿੰਗ ਅਤੇ ਲਿਖਤ ਕੇਵਲ ਗੁਰਮੁਖੀ ਵਿਚ ਹੁੰਦੀ ਹੈ। ਬਾਕੀ ਭਾਸ਼ਾਵਾਂ ਵਿਚ ਉਤਾਰੇ ਬਾਅਦ ਵਿਚ ਹੁੰਦੇ ਹਨ। ਇਹ ਸ਼ਾਇਦ ਗੋਲਵਾਲਕਰ ਜੀ ਦੇ ਹੁਕਮ ਸਨ ਕਿ ਅਗਰ ਮਹਾਰਾਸ਼ਟਰ ਵਾਲੇ ਮਰਾਠੀ ਬੋਲਤੇ-ਲਿਖਤੇ ਹੈਂ ਤੋ ਪੰਜਾਬੀ ਕਿਉਂ ਪੰਜਾਬੀ ਭਾਸ਼ੀ ਨਹੀਂ ਹਨ? ਇਹ ਗੱਲਾਂ ਤੱਥਾਂ ’ਤੇ ਆਧਾਰਿਤ ਹਨ, ਕਾਲਪਨਿਕ ਨਹੀਂ। ਮੀਟਿੰਗਾਂ ਵਿਚ ਗੁਰੂ ਸਾਹਿਬਾਨ ਦੀ ਵਡਿਆਈ ਦੇ ਗੀਤ ਤੇ ਗੁਰਬਾਣੀ ਗਾਈ ਜਾਂਦੀ ਹੈ। ਸਾਂਝੀਵਾਲਤਾ ਦੇ ਪਾਵਨ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਸਭ ਨਤਮਸਤਕ ਹੁੰਦੇ ਹਨ। ਇਸ ਬਾਰੇ ਵੀ ਕਿਸੇ ਨੇ ਖੋਜ ਨਹੀਂ ਕੀਤੀ। ਬਾਹਰੋਂ ਆਏ ਵੱਡੇ ਲੀਡਰ ਨੂੰ ਵੇਖ ਕੇ ਹਿੰਦੀ ਬੋਲਣ ਦੀ ਰਵਾਇਤ ਨਹੀਂ ਹੈ।

ਉਹ ਆਪ ਪੰਜਾਬੀ ਸਮਝੇ, ਇਹ ਉਸ ਦਾ ਕੰਮ ਹੈ। ਇਤਿਹਾਸ ਦੇ ਪੰਨੇ ਫਰੋਲੀਏ ਤਾਂ ਪਤਾ ਲੱਗਦਾ ਹੈ ਕਿ ਸਿੱਖ ਧਰਮ ਦੀ ਪਨੀਰੀ ਪੰਜਾਬੀ ਹਿੰਦੂ ਹੀ ਰਹੇ ਹਨ ਅਤੇ ਖ਼ਾਲਸਾ ਉਨ੍ਹਾਂ ਦੀ ਇੱਜ਼ਤ, ਧਰਮ ਤੇ ਜਾਨ-ਮਾਲ ਦਾ ਰਾਖਾ ਹੋਇਆ ਕਰਦਾ ਸੀ। ਇਸ ਪਨੀਰੀ ’ਚੋਂ ਉੱਗੇ ਫੁੱਲ ਮਾਸਟਰ ਤਾਰਾ ਸਿੰਘ ਜੀ ਪਹਿਲਾਂ ਨਾਨਕ ਚੰਦ ਮਲਹੋਤਰਾ, ਪ੍ਰੋਫੈਸਰ ਸਾਹਿਬ ਸਿੰਘ ਪਹਿਲਾਂ ਨੱਥੂ ਰਾਮ ਤੇ ਭਗਤ ਪੂਰਨ ਸਿੰਘ ਪਹਿਲਾਂ ਰਾਮ ਜੀ ਦਾਸ ਤੇ ਅਨੇਕ ਹੋਰ ਸਿੰਘ ਸਜ ਕੇ ਉਹ ਕੰਮ ਕਰ ਗਏ ਜੋ ਸਿੱਖ ਇਤਿਹਾਸ ਦਾ ਚਾਨਣ ਮੁਨਾਰਾ ਹਨ। ਮਾਸਟਰ ਤਾਰਾ ਸਿੰਘ ਅੱਜ ਵੀ ਆਪਣੀ ਇਮਾਨਦਾਰੀ, ਜੁਝਾਰੂਪਣ ਤੇ ਦੂਰ-ਅੰਦੇਸ਼ੀ ਕਾਰਨ ਖ਼ਾਲਸਾ ਦੇ ਦਿਲ ’ਚ ਜ਼ਿੰਦਾ ਹਨ।

ਭਗਤ ਪੂਰਨ ਸਿੰਘ ਵੱਲੋਂ ਕੀਤੀ ਗਈ ਰੋਗੀਆਂ ਦੀ ਨਿਸ਼ਕਾਮ ਸੇਵਾ ਬੇਮਿਸਾਲ ਹੈ।

ਪ੍ਰੋਫੈਸਰ ਸਾਹਿਬ ਸਿੰਘ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਟੀਕਾ ਸਵੇਰੇ ਹੁਕਮਨਾਮਾ ਸਾਹਿਬ ਦੀ ਵਿਆਖਿਆ ਪੇਸ਼ ਕਰਨ ਦਾ ਪ੍ਰਮਾਣਿਤ ਢੰਗ ਹੈ। ਕੀ ਕਿਸੇ ਸਿੱਖ ਨੂੰ ਵੀ ਹਿੰਦੂ ਬਣਾਉਣ ਦੀ ਮਿਸਾਲ ਪਿਛਲੇ 84 ਸਾਲ ਵਿਚ ਮਿਲੀ ਹੈ? ਨਹੀਂ, ਬਿਲਕੁਲ ਨਹੀਂ। ਕੇਵਲ ਰਾਜਸੀ ਕਾਰਨਾਂ ਅਤੇ ਲਾਹੇ ਲਈ ਧਾਰਮਿਕ ਵੰਡੀਆਂ ਪਾ ਕੇ ਕਿਧਰੇ ‘ਪੰਜਾਬ ਨਾ ਹਿੰਦੂ ਨਾ ਮੁਸਲਮਾਨ, ਪੰਜਾਬ ਜਿਊਂਦਾ ਗੁਰਾਂ ਦੇ ਨਾਂ ਉੱਤੇ’ ਵਾਲੀ ਸੱਭਿਅਤਾ ਖ਼ਤਮ ਨਾ ਕਰ ਦੇਈਏ।

-(ਲੇਖਕ ਭਾਜਪਾ ਦਾ ਰਾਸ਼ਟਰੀ ਬੁਲਾਰਾ ਹੈ। ਲੇਖ ’ਚ ਦਿੱਤੇ ਵਿਚਾਰ ਲੇਖਕ ਦੇ ਨਿੱਜੀ ਹਨ)।

-ਮੋਬਾਈਲ ਨੰ. : 98773-53321

Posted By: Jagjit Singh