-ਕੁਲਵੰਤ ਸਿੰਘ

ਸਿਵਲ ਸੇਵਾਵਾਂ ਦੀ ਪ੍ਰੀਖਿਆ ਦੀ ਤਿਆਰੀ ਦੌਰਾਨ ਮੇਰੇ ਵਰਗੇ ਇਕ ਇੰਜੀਨੀਅਰ ਲਈ ਇਤਿਹਾਸ ਅਤੇ ਲੋਕ ਪ੍ਰਸ਼ਾਸਨ ਬਿਲਕੁਲ ਨਵੇਂ ਵਿਸ਼ੇ ਸਨ। ਇਨ੍ਹਾਂ ਵਿਸ਼ਿਆਂ ਦੀਆਂ ਕਈ ਧਾਰਨਾਵਾਂ ਬਿਲਕੁਲ ਇੱਕੋ ਜਿਹੀਆਂ ਹੀ ਲੱਗਦੀਆਂ ਸਨ। ਇਨ੍ਹਾਂ ਬਾਰੇ ਸਮਝਾਉਂਦੇ ਸਮੇਂ ਇਕ ਵਾਰ ਇਕ ਪ੍ਰੋਫੈਸਰ ਸਾਹਿਬ ਨੇ ਸਵਾਲ ਪੁੱਛ ਲਿਆ ਕਿ ਤਾਲਮੇਲ ਅਤੇ ਸਹਿਯੋਗ ਵਿਚ ਕੀ ਫ਼ਰਕ ਹੈ? ਪੂਰੀ ਕਲਾਸ 'ਚੋਂ ਕਿਸੇ ਨੂੰ ਵੀ ਸਟੀਕ ਜਵਾਬ ਨਹੀਂ ਸੀ ਪਤਾ। ਫਿਰ ਇਹ ਸਮਝਾਉਣ ਹਿੱਤ ਉਨ੍ਹਾਂ ਇਕ ਪਰਿਵਾਰ ਦੀ ਕਹਾਣੀ ਸੁਣਾਈ ਕਿ ਕਿਸੇ ਦਿਨ ਉਸ ਸਾਂਝੇ ਪਰਿਵਾਰ ਦੀ ਸਬਜ਼ੀ 'ਚ ਲੂਣ ਘੱਟ ਪੈ ਗਿਆ ਜਿਸ ਕਾਰਨ ਘਰ ਦੇ ਵੱਡੇ ਬਜ਼ੁਰਗ ਨੇ ਸਭ ਨੂੰ ਝਿੜਕ ਦਿੱਤਾ। ਅਗਲੇ ਦਿਨ ਫਿਰ ਜਦੋਂ ਸਬਜ਼ੀ ਬਣ ਰਹੀ ਸੀ ਤਾਂ ਘਰ ਦੀ ਸਭ ਤੋਂ ਸਿਆਣੀ ਔਰਤ ਨੇ ਸੋਚਿਆ ਕਿ ਮੇਰੀਆਂ ਨੂੰਹਾਂ-ਧੀਆਂ ਅੱਜ ਫਿਰ ਝਿੜਕਾਂ ਖਾਣਗੀਆਂ। ਉਸ ਨੇ ਇਕ ਚੁਟਕੀ ਲੂਣ ਦੀ ਸਬਜ਼ੀ 'ਚ ਪਾ ਦਿੱਤੀ। ਇਹੋ ਕੰਮ ਅਲੱਗ-ਅਲੱਗ ਸਮੇਂ 'ਤੇ ਅੱਖ ਬਚਾ ਕੇ ਬਾਕੀ ਨੂੰਹਾਂ-ਧੀਆਂ ਵੀ ਕਰ ਗਈਆਂ। ਜਦੋਂ ਸਾਰੇ ਜਣੇ ਰੋਟੀ ਖਾਣ ਲੱਗੇ ਤਾਂ ਲੂਣ ਇੰਨਾ ਵੱਧ ਹੋ ਚੁੱਕਾ ਸੀ ਕਿ ਬਜ਼ੁਰਗ ਤੋਂ ਦੁੱਗਣੀਆਂ ਝਿੜਕਾਂ ਖਾਣੀਆਂ ਪੈ ਗਈਆਂ। ਪ੍ਰੋਫੈਸਰ ਸਾਹਿਬ ਨੇ ਪੁੱਛਿਆ ਕਿ ਉਹ ਸਾਰੀਆਂ ਔਰਤਾਂ ਕੀ ਕਰ ਰਹੀਆਂ ਸਨ? ਅਸੀਂ ਸਾਰੇ ਸੋਚਾਂ ਵਿਚ ਉਲਝ ਗਏ ਤਾਂ ਉਨ੍ਹਾਂ ਸਮਝਾਇਆ ਕਿ ਉਨ੍ਹਾਂ ਔਰਤਾਂ 'ਚੋਂ ਕਿਸੇ ਦੀ ਵੀ ਮਨਸ਼ਾ ਬੁਰੀ ਨਹੀਂ ਸੀ। ਸਾਰੀਆਂ ਹੀ ਇਕ-ਦੂਜੀ ਨਾਲ ਸਹਿਯੋਗ ਕਰ ਰਹੀਆਂ ਸਨ ਪਰ ਉਨ੍ਹਾਂ 'ਚ ਤਾਲਮੇਲ ਦੀ ਕਮੀ ਸੀ। ਤਾਲਮੇਲ ਦੀ ਕਮੀ ਕਾਰਨ ਹੀ ਉਨ੍ਹਾਂ ਦੇ ਚੰਗੀ ਭਾਵਨਾ ਨਾਲ ਕੀਤੇ ਕੰਮ ਦਾ ਨਤੀਜਾ ਵੀ ਚੰਗਾ ਨਹੀਂ ਮਿਲ ਸਕਿਆ। ਹਕੀਕਤ 'ਚ ਸਾਡੇ ਬਹੁਤ ਸਾਰੇ ਕੰਮ ਸਹਿਯੋਗ ਨਾਲ ਹੀ ਪੂਰਨ ਹੁੰਦੇ ਹਨ। ਲੋਕ ਪ੍ਰਸ਼ਾਸਨ ਦਾ ਇਹ ਨਿਯਮ ਮੁੱਢਲੇ ਨਿਯਮਾਂ 'ਚੋਂ ਇਕ ਹੈ। ਜੇ ਸਾਡੀ ਫ਼ੌਜ ਦਾ ਹਰ ਜਵਾਨ ਇਸ ਗੱਲ 'ਤੇ ਬਜ਼ਿੱਦ ਹੋ ਜਾਵੇ ਕਿ ਮੈਂ ਇਕੱਲਾ ਹੀ ਬਿਨਾਂ ਕਿਸੇ ਕੇਂਦਰੀ ਕਮਾਂਡ ਦੇ ਦੁਸ਼ਮਣ ਨੂੰ ਮਾਰ ਕੇ ਉਸ ਦੀ ਹਿੱਕ 'ਤੇ ਪੈਰ ਰੱਖ ਕੇ ਫੋਟੋ ਖਿੱਚ ਲਿਆਉਣੀ ਹੈ ਤਾਂ ਕੀ ਸਾਡੀ ਫ਼ੌਜ ਜਿੱਤ ਸਕੇਗੀ? ਯਕੀਨਨ ਨਹੀਂ ਕਿਉਂਕਿ ਉਹ ਤਾਲਮੇਲ ਦੀ ਘਾਟ ਦਾ ਸ਼ਿਕਾਰ ਹੋ ਜਾਵੇਗੀ।। ਇਸੇ ਤਰ੍ਹਾਂ ਜੇ ਕਿਸੇ ਘਰ 'ਚ ਸਭ ਜੀਅ ਆਪੋ-ਧਾਪੀ 'ਚ ਕੰਮ ਕਰਨ ਅਤੇ ਹਰ ਜੀਅ ਆਪਣੇ ਹਿਸਾਬ ਨਾਲ ਖ਼ਰਚੇ ਕਰੇ ਤਾਂ ਕੀ ਉਸ ਘਰ ਦਾ ਕੋਈ ਬਜਟ ਹਿਸਾਬ ਸਿਰ ਆ ਸਕੇਗਾ? ਬਿਲਕੁਲ ਨਹੀਂ, ਭਾਵੇਂ ਉਹ ਘਰ ਕਿੰਨੀ ਵੀ ਵੱਡੀ ਆਮਦਨ ਵਾਲਾ ਹੀ ਕਿਉਂ ਨਾ ਹੋਵੇ। ਉਸ ਦੇ ਖ਼ਰਚੇ ਹਿੱਲ ਜਾਣਗੇ। ਮਹਾਰਾਜਾ ਰਣਜੀਤ ਸਿੰਘ ਦਾ ਇੰਨੀ ਮਿਹਨਤ ਨਾਲ ਉਸਾਰਿਆ ਸਿੱਖ ਰਾਜ ਵੀ ਹੋਰਨਾਂ ਕਾਰਨਾਂ ਤੋਂ ਇਲਾਵਾ ਖ਼ਾਲਸਾ ਫ਼ੌਜ ਦੇ ਆਪ-ਮੁਹਾਰੇਪਣ ਕਾਰਨ ਦੁਸ਼ਮਣ ਦੀ ਝੋਲੀ ਜਾ ਪਿਆ ਸੀ। ਮਹਾਰਾਜੇ ਦੀ ਮੌਤ ਕਾਰਨ ਉਸ ਫ਼ੌਜ ਕੋਲ ਕੋਈ ਕੇਂਦਰੀ ਕਮਾਨ ਨਹੀਂ ਰਹਿ ਗਈ ਸੀ ਪਰ ਅੰਗਰੇਜ਼ ਉਸ ਸਮੇਂ ਤਕ ਵੀ, ਕਦੇ ਸੂਰਜ ਨਾ ਛਿਪਣ ਜਿੱਡਾ ਸਾਮਰਾਜ ਕਾਇਮ ਕਰ ਚੁੱਕਾ ਸੀ। ਫਿਰ ਜਦੋਂ ਅੱਗੇ ਜਾ ਕੇ ਉਸੇ ਫ਼ੌਜ ਨੂੰ ਅੰਗਰੇਜ਼ ਦੀ ਸਹਿਯੋਗ ਅਤੇ ਤਾਲਮੇਲ ਵਾਲੀ ਕਮਾਨ ਮਿਲ ਗਈ ਤਾਂ ਉਸ ਨੇ ਦੋ ਸੰਸਾਰ ਜੰਗਾਂ ਜਿੱਤ ਕੇ ਵਿਖਾ ਦਿੱਤੀਆਂ।

ਪਿਛਲੇ ਦਿਨੀਂ ਪੰਜਾਬ ਵਿਚ ਆਏ ਹੜ੍ਹਾਂ ਦੌਰਾਨ ਮੈਨੂੰ ਇਹ ਗੱਲਾਂ ਰਹਿ-ਰਹਿ ਕੇ ਯਾਦ ਆਉਂਦੀਆਂ ਰਹੀਆਂ। ਹੜ੍ਹਾਂ ਦੌਰਾਨ ਸਮੂਹ ਪੰਜਾਬੀਆਂ ਨੇ ਕਮਾਲ ਦੇ ਸਹਿਯੋਗ ਦਾ ਮੁਜ਼ਾਹਰਾ ਕੀਤਾ।।ਸ਼ਾਲਾ! ਪੰਜਾਬੀਆਂ ਦਾ ਮਦਦ ਕਰਨ ਦਾ ਇਹ ਜਜ਼ਬਾ ਹਮੇਸ਼ਾ ਬਣਿਆ ਰਹੇ।ਪਰ ਹਰ ਕੁਦਰਤੀ ਕਰੋਪੀ ਤੇ ਆਫ਼ਤ ਤੋਂ ਬਹੁਤ ਸਬਕ ਸਿੱਖੇ ਜਾ ਸਕਦੇ ਹਨ। ਹੜ੍ਹ ਪੀੜਤਾਂ ਲਈ ਲੰਗਰ ਲਾਉਣ ਅਤੇ ਮਦਦ ਕਰਨ ਵਾਲੇ ਸਾਰੇ ਸੱਜਣ ਸਹਿਯੋਗ ਤਾਂ ਕਰ ਰਹੇ ਸਨ ਪਰ ਤਾਲਮੇਲ ਕਿਸੇ ਦਾ ਵੀ ਨਹੀਂ ਸੀ। ਇਕ ਤਾਂ ਆਪ-ਮੁਹਾਰੇ ਕਿਸੇ ਵੀ ਥਾਂ ਲੰਗਰ ਲਗਾਉਣ ਕਾਰਨ ਦਰਿਆ ਦੇ ਪਾੜ ਪੂਰਨ ਲਈ ਲੋੜੀਂਦਾ ਸਾਜ਼ੋ-ਸਾਮਾਨ ਅਤੇ ਆਦਮੀਆਂ ਨੂੰ ਪਹੁੰਚਾਉਣ 'ਚ ਸਾਨੂੰ ਭਾਰੀ ਦਿੱਕਤਾਂ ਅਤੇ ਦੇਰੀ ਦਾ ਸਾਹਮਣਾ ਕਰਨਾ ਪਿਆ। ਪਾੜ ਪੂਰਨੇ ਸਾਡੇ ਲਈ ਪਹਿਲ ਦੇ ਆਧਾਰ 'ਤੇ ਕਰਨ ਵਾਲਾ ਕੰਮ ਸੀ ਕਿਉਂਕਿ ਮੌਸਮ ਮਹਿਕਮੇ ਨੇ ਆਉਣ ਵਾਲੇ ਦਿਨਾਂ 'ਚ ਮੁੜ ਭਾਰੀ ਮੀਂਹ ਦੀ ਪੇਸ਼ੀਨਗੋਈ ਕੀਤੀ ਹੋਈ ਸੀ। ਦੂਸਰਾ, ਬਹੁਤੇ ਲੰਗਰ ਲਗਾਉਣ ਵਾਲੇ ਲੋਕ ਨੇੜੇ-ਤੇੜੇ ਵਾਲਿਆਂ ਨੂੰ ਹੀ ਵਾਰ-ਵਾਰ ਲੰਗਰ ਪਹੁੰਚਾ ਰਹੇ ਸਨ ਕਿਉਂਕਿ ਦੂਰ ਪਾਣੀ 'ਚ ਫਸਿਆਂ ਤਕ ਤਾਂ ਕਿਸ਼ਤੀਆਂ ਰਾਹੀਂ ਹੀ ਪਹੁੰਚਿਆ ਜਾ ਸਕਦਾ ਸੀ। ਲਿਹਾਜ਼ਾ ਸਾਡੀਆਂ ਸਭ ਦੀਆਂ ਕੋਸ਼ਿਸ਼ਾਂ ਕਾਣੀ ਵੰਡ ਪ੍ਰਤੀਤ ਹੋ ਰਹੀਆਂ ਸਨ। ਬਿਪਤਾ 'ਚ ਫਸੇ ਲੋਕਾਂ ਦੀ ਮਦਦ ਕਰਨ ਦੀ ਨੀਅਤ ਨਾਲ ਪੂਰੇ ਪੰਜਾਬ ਤੋਂ ਲੋਕ ਇੱਥੇ ਲੰਗਰ ਭੇਜ ਰਹੇ ਸਨ ਪਰ ਇਸ ਨੂੰ ਤਰਤੀਬ 'ਚ ਲਿਆਉਣ ਲਈ ਬੜੀ ਮੁਸ਼ੱਕਤ ਕਰਨੀ ਪਈ।

ਮਨੁੱਖੀ ਸੁਭਾਅ ਹੈ ਕਿ ਦੂਰ ਬੈਠਿਆਂ ਸਾਨੂੰ ਮਹਿਸੂਸ ਹੁੰਦਾ ਹੈ ਕਿ ਪਤਾ ਨਹੀਂ ਉਹ ਲੋਕ ਕਿੰਨੇ ਕੁ ਦਿਨਾਂ ਦੇ ਭੁੱਖਣ-ਭਾਣੇ ਬੈਠੇ ਹੋਣਗੇ। ਉਹ ਪਾਣੀ 'ਚ ਫਸੇ ਜ਼ਰੂਰ ਸਨ ਪਰ ਬਹੁਤੇ ਲੋਕ ਭੁੱਖੇ ਜਾਂ ਭੈਅਭੀਤ ਨਹੀਂ ਸਨ। ਉਂਜ ਵੀ ਚੜ੍ਹਦੀ ਕਲਾ 'ਚ ਰਹਿਣਾ ਪੰਜਾਬੀਆਂ ਦੀ ਫਿਤਰਤ ਹੈ। ਖ਼ੁਦ ਪਾਣੀ 'ਚ ਫਸ ਕੇ ਛੱਤਾਂ 'ਤੇ ਬੈਠੇ ਹੋਣ ਦੇ ਬਾਵਜੂਦ ਕੋਲੋਂ ਦੀ ਲੰਘਦੀ ਰਾਹਤ ਵੰਡਣ ਵਾਲੀ ਕਿਸ਼ਤੀ ਦੇ ਸਵਾਰਾਂ ਨੂੰ ਚਾਹ-ਪਾਣੀ ਪੰਜਾਬੀਆਂ ਤੋਂ ਬਿਨਾਂ ਕੋਈ ਨਹੀਂ ਪੁੱਛ ਸਕਦਾ। ਇਨ੍ਹਾਂ ਦਾ ਦਰਿਆ ਨਾਲ ਪਿਉ-ਪੁੱਤ ਵਰਗਾ ਰਿਸ਼ਤਾ ਹੈ। ਜਿਵੇਂ ਪੁੱਤ ਅੱਖੜ ਸੁਭਾਅ ਦੇ ਬਾਪ ਨਾਲ ਰਹਿਣਾ ਸਿੱਖ ਜਾਂਦੇ ਹਨ, ਇਹ ਵੀ ਦਰਿਆ ਨਾਲ ਬਿਲਕੁਲ ਉਵੇਂ ਹੀ ਨਿਭੀ ਜਾਂਦੇ ਹਨ। ਉਂਜ ਵੀ ਇਹ ਦੋਆਬਾ ਇਲਾਕਾ ਹੈ ਜੋ ਬਾਕੀ ਦੇ ਸਾਰੇ ਪੰਜਾਬ ਤੋਂ ਅਮੀਰ ਹੈ। ਇੱਥੇ ਇੰਨੇ ਜ਼ਿਆਦਾ ਲੰਗਰਾਂ ਦੀ ਜ਼ਰੂਰਤ ਨਾ ਤਾਂ ਸੀ ਅਤੇ ਨਾ ਹੈ।ਪਰ ਆਉਣ ਵਾਲੇ ਦਿਨਾਂ 'ਚ ਹੌਲੀ-ਹੌਲੀ ਬਹੁਤੇ ਜ਼ਰੂਰਤਮੰਦਾਂ ਦੀ ਮਦਦ ਕਰਨੀ ਜ਼ਿਆਦਾ ਸਹੀ ਹੋਵੇਗੀ ਕਿਉਂਕਿ ਇੱਥੇ ਜ਼ਿੰਦਗੀ ਪਟੜੀ 'ਤੇ ਚੜ੍ਹਨ ਨੂੰ ਅਜੇ ਬੜੀ ਦੇਰ ਲੱਗੇਗੀ। ਇਨ੍ਹਾਂ ਨੂੰ ਸਿਰਫ਼ ਰੋਟੀ ਵਾਲੇ ਲੰਗਰਾਂ ਦੀ ਨਹੀਂ ਬਲਕਿ ਜ਼ਰੂਰੀ ਦਵਾਈਆਂ, ਪਸ਼ੂਆਂ ਦੇ ਚਾਰੇ ਅਤੇ ਹੋਰ ਸਾਜ਼ੋ-ਸਾਮਾਨ ਦੀ ਜ਼ਰੂਰਤ ਹੋਵੇਗੀ। ਇਸ ਕਰ ਕੇ ਸਾਨੂੰ ਉਸ ਕਿਸਮ ਦੇ ਲੰਗਰਾਂ ਦੀ ਤਿਆਰੀ ਕਰ ਕੇ ਰੱਖਣੀ ਚਾਹੀਦੀ ਹੈ।

ਅਸੀਂ ਕਿਸੇ ਜੀਟੀ ਰੋਡ 'ਤੇ ਫਿਰਦੀਆਂ 25-25 ਲੱਖ ਦੀਆਂ ਗੱਡੀਆਂ ਵਾਲਿਆਂ ਨੂੰ ਰੋਕ-ਰੋਕ ਕੇ ਧੱਕੇ ਨਾਲ ਲੰਗਰ ਛਕਾਉਂਦੇ ਹਾਂ, ਛਬੀਲਾਂ ਲਾ ਕੇ ਠੰਢੇ ਸ਼ਰਬਤ ਪਿਆਉਂਦੇ ਹਾਂ। ਉਨ੍ਹਾਂ 'ਚੋਂ ਬਹੁਤਿਆਂ ਨੇ ਤਾਂ ਆਪਣੀਆਂ ਗੱਡੀਆਂ 'ਚ ਪਹਿਲਾਂ ਹੀ ਡਰਾਈ ਫਰੂਟਸ ਦੇ ਪੈਕਟ ਰੱਖੇ ਹੁੰਦੇ ਹਨ ਅਤੇ ਠੰਢੇ ਪਾਣੀ ਦੀਆਂ ਬੋਤਲਾਂ ਵੀ ਅਗਲੇ ਨਾਲ ਈ ਲੈ ਕੇ ਚੱਲਦੇ ਹਨ। ਤੁਹਾਡੇ ਵਰਤਾਏ ਜਾਂਦੇ ਪਾਣੀ ਨੂੰ ਤਾਂ ਉਨ੍ਹਾਂ ਦੇ ਬੱਚੇ 'ਅਨਹਾਈਜੈਨਿਕ' ਸਮਝਦੇ ਹਨ। ਨਾਲੇ ਟਰੈਫਿਕ 'ਚ ਵਿਘਨ ਪਾਉਣ ਕਾਰਨ ਅੰਦਰੋਂ ਤੁਹਾਡੇ 'ਤੇ ਔਖੇ ਵੀ ਹੁੰਦੇ ਹਨ। ਜੇ ਤੁਸੀਂ ਲੰਗਰ ਲਾਉਣਾ ਹੀ ਹੈ ਤਾਂ ਕਿਸੇ ਪਿੰਡ 'ਚ ਕੰਮ ਕਰਦੀ ਨਰੇਗਾ ਲੇਬਰ ਨੂੰ ਛਕਾਓ। ਛਬੀਲ ਦਾ ਜਲ ਪਿਆਉਣਾ ਹੀ ਹੈ ਤਾਂ ਹਾੜ੍ਹੀ ਵੱਢਦੇ ਜਾਂ ਝੋਨਾ ਲਾਉਂਦੇ ਕਾਮਿਆਂ ਨੂੰ ਪਿਆ ਕੇ ਆਓ। ਲੰਗਰ ਦਾ ਅਸਲੀ ਪੁੰਨ ਤਾਂ ਉੱਥੇ ਹੀ ਲੱਗੂ ਜਿੱਥੇ ਸੰਗਤ ਤੁਹਾਡੇ ਲੰਗਰ ਨੂੰ ਤਰਸਦੀ ਫਿਰਦੀ ਹੋਵੇ ਅਤੇ ਲੰਗਰ ਛਕ ਕੇ ਅਸੀਸਾਂ ਨਾਲ ਤੁਹਾਡੀ ਝੋਲੀ ਭਰ ਦੇਵੇ। ਕਿਸੇ ਮਜ਼ਦੂਰ ਜਾਂ ਰਿਕਸ਼ੇ ਵਾਲੇ ਨੂੰ ਘਰ ਪਹੁੰਚ ਕੇ ਪਾਣੀ ਪਿਆਉਣ ਤੋਂ ਬਾਅਦ ਉਹਦੇ ਨਾਲ ਮੁਕਰਰ ਕੀਤੇ ਰੁਪਈਆਂ ਨਾਲੋਂ ਕੁਝ ਰੁਪਈਏ ਵੱਧ ਦੇ ਦਿਆ ਕਰੋ। ਨਾਲੇ ਜਾਂਦੇ ਨੂੰ ਘਰੋਂ ਭੋਰਾ ਮਿੱਠਾ ਦੇ ਦਿਆ ਕਰੋ। ਉਹਦੇ ਪਸੀਨੇ 'ਚੋਂ ਵੀ ਤੁਹਾਡੇ ਲਈ ਦੁਆਵਾਂ ਨਿਕਲਣਗੀਆਂ। ਹੜ੍ਹਾਂ ਵਰਗੀ ਕਰੋਪੀ 'ਚ ਜਿਨ੍ਹਾਂ ਗ਼ਰੀਬਾਂ ਦਾ ਕੁੱਲ ਸਰਮਾਇਆ ਪਸ਼ੂ ਹੀ ਮਰ ਜਾਂਦੇ ਹਨ, ਉਨ੍ਹਾਂ ਨੂੰ ਕੋਈ ਮੱਝ-ਗਾਂ ਹੀ ਲੈ ਦਿਓ। ਉਨ੍ਹਾਂ ਦਾ ਘਰ ਤੁਰਦਾ ਹੋ ਜਾਊ। ਲੰਗਰ ਦੀ ਰੋਟੀ ਤਾਂ ਦੋ-ਚਾਰ ਘੰਟੇ ਹੀ ਕੰਮ ਕਰੂ ਪਰ ਪਸ਼ੂ ਉਨ੍ਹਾਂ ਦੀ ਆਰਥਿਕਤਾ ਦਾ ਗੱਡਾ ਮਰਦੇ ਦਮ ਤਕ ਰੋਹੜੀ ਰੱਖੂ। ਲਿੰਕ ਸੜਕਾਂ ਦੀਆਂ ਬਰਮਾਂ ਤੋਂ ਮਿੱਟੀ ਨਾ ਵੱਢਿਆ ਕਰੋ। ਉਨ੍ਹਾਂ 'ਤੇ ਰੁੱਖ ਹੋਣਗੇ ਤਾਂ ਕੋਈ ਪੈਦਲ ਜਾਂਦਾ ਜਾਂ ਸਾਈਕਲ ਵਾਲਾ ਜਾਂ ਫਿਰ ਕੋਈ ਪਰਿੰਦਾ ਆਰਾਮ ਕਰ ਲਿਆ ਕਰੂ। ਤੁਹਾਨੂੰ ਲੰਗਰ ਨਾਲੋਂ ਵੀ ਵੱਧ ਅਸੀਸਾਂ ਮਿਲਣਗੀਆਂ।। ਸਾਡੇ ਗੁਰੂ ਸਾਹਿਬਾਨ ਸਾਨੂੰ ਰੁੱਖਾਂ ਦੀ ਮਹਾਨਤਾ ਦੱਸ ਕੇ ਗਏ ਸਨ ਪਰ ਅਸੀਂ ਆਮਦਨ ਵਧਾਉਣ ਦੀ ਦੌੜ 'ਚ ਉਨ੍ਹਾਂ ਹੀ ਰੁੱਖਾਂ ਦੇ ਦੁਸ਼ਮਣ ਬਣੇ ਬੈਠੇ ਹਾਂ।

ਇਸ ਲਈ ਸਾਨੂੰ ਲੰਗਰ ਲਾਉਣ ਵੇਲੇ ਕੇਵਲ ਸਹਿਯੋਗ ਦੀ ਹੀ ਲੋੜ ਨਹੀਂ ਹੈ। ਉਹ ਤਾਂ ਅਸੀਂ ਪਹਿਲਾਂ ਹੀ ਬਹੁਤ ਕਰਦੇ ਹਾਂ ਪਰ ਜ਼ਿਆਦਾ ਜ਼ਰੂਰਤ ਤਾਲਮੇਲ ਦੀ ਹੈ ਤਾਂ ਕਿ ਸਾਨੂੰ ਪਤਾ ਲੱਗ ਸਕੇ ਕਿ ਕਿਹੜੀ ਥਾਂ, ਕਿਹੜੇ ਲੋਕਾਂ ਨੂੰ, ਅਸਲ 'ਚ ਕਿਹੜੀਆਂ ਚੀਜ਼ਾਂ ਦੀ ਲੋੜ ਹੈ। ਸਾਨੂੰ ਆਪਣੇ ਲੰਗਰਾਂ ਦਾ ਦਾਇਰਾ ਵਧਾਉਣ ਦੀ ਲੋੜ ਹੈ ਤਾਂ ਕਿ ਅਸੀਂ ਖਾਣ-ਪੀਣ ਤੋਂ ਅੱਗੇ ਜਾ ਕੇ ਚੰਗੀ ਜ਼ਿੰਦਗੀ ਜਿਊਣ 'ਚ ਵੀ ਲੋੜਵੰਦਾਂ ਦੀ ਸਹਾਇਤਾ ਕਰ ਸਕੀਏ।।

-(ਲੇਖਕ ਆਈਏਐੱਸ ਅਫ਼ਸਰ ਹੈ)।

Posted By: Sukhdev Singh