ਪੰਜਾਬ ਨੂੰ ਵੱਖ ਸੂਬਾ ਬਣੇ ਅੱਜ 53 ਸਾਲ ਹੋ ਗਏ ਹਨ। ਅੱਜ ਦੇ ਦਿਨ ਹੀ ਪੰਜਾਬ ਤਿੰਨ ਹਿੱਸਿਆਂ ਪੰਜਾਬ, ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਵਿਚ ਵੰਡਿਆ ਗਿਆ ਸੀ। ਪੰਜ ਦਹਾਕਿਆਂ ਬਾਅਦ ਵੀ ਪੰਜਾਬ ਨੂੰ ਉਸ ਦਾ ਬਣਦਾ ਹੱਕ ਨਹੀਂ ਮਿਲ ਸਕਿਆ ਹੈ।

ਨਾ ਤਾਂ ਹਾਲੇ ਤਕ ਪੰਜਾਬ ਨੂੰ ਆਪਣੀ ਰਾਜਧਾਨੀ ਚੰਡੀਗੜ੍ਹ ਮਿਲੀ, ਨਾ ਹਾਈ ਕੋਰਟ ਅਤੇ ਨਾ ਹੀ ਮਾਂ-ਬੋਲੀ ਰਾਜਧਾਨੀ 'ਚ ਪੂਰੀ ਤਰ੍ਹਾਂ ਲਾਗੂ ਹੋ ਸਕੀ ਹੈ। ਵੱਡੀ ਗਿਣਤੀ ਵਿਚ ਚੰਡੀਗੜ੍ਹ 'ਚ ਪੰਜਾਬੀ ਵਸਦੇ ਹਨ, ਇਸ ਦੇ ਬਾਵਜੂਦ ਪੰਜਾਬੀਆਂ ਨੂੰ ਪੰਜਾਬੀ ਮਾਂ-ਬੋਲੀ, ਪੰਜਾਬੀ ਭਾਸ਼ਾ ਤੋਂ ਦੂਰ ਕੀਤਾ ਜਾ ਰਿਹਾ ਹੈ।

ਪੰਜਾਬੀ ਚੰਡੀਗੜ੍ਹ ਦੀ ਦਫ਼ਤਰੀ ਭਾਸ਼ਾ ਨਹੀਂ ਬਣ ਸਕੀ ਹੈ। ਪੰਜਾਬੀ ਪਿਛਲੇ ਲੰਬੇ ਸਮੇਂ ਤੋਂ ਚੰਡੀਗੜ੍ਹ 'ਤੇ ਆਪਣਾ ਹੱਕ ਤੇ ਦਾਅਵਾ ਜ਼ਾਹਰ ਕਰ ਰਹੇ ਹਨ। ਪਿਛਲੇ ਸਾਲ ਪੰਜਾਬ ਯੂਨੀਵਰਸਿਟੀ ਵੱਲੋਂ ਦਫ਼ਤਰੀ ਕੰਮਕਾਜ ਹਿੰਦੀ ਭਾਸ਼ਾ ਵਿਚ ਕਰਨ ਦਾ ਮਤਾ ਪਾਸ ਕਰ ਦਿੱਤਾ ਗਿਆ। ਪੰਜਾਬੀ ਲੇਖਕਾਂ, ਸਾਹਿਤਕਾਰਾਂ ਤੋਂ ਇਲਾਵਾ ਕਿਸੇ ਨੇ ਯੂਨੀਵਰਸਿਟੀ ਪ੍ਰਬੰਧਕਾਂ ਦੇ ਇਸ ਫ਼ੈਸਲੇ ਦੇ ਵਿਰੋਧ ਵਿਚ ਆਵਾਜ਼ ਬੁਲੰਦ ਨਹੀਂ ਕੀਤੀ। ਪਿਛਲੇ ਲੰਬੇ ਸਮੇਂ ਤੋਂ ਪੰਜਾਬੀ ਲੇਖਕਾਂ ਦੇ ਸੰਗਠਨ, ਵੱਖ-ਵੱਖ ਧਾਰਮਿਕ ਸੰਗਠਨ, ਪੰਜਾਬ ਕਲਾ ਪ੍ਰੀਸ਼ਦ ਵੱਲੋਂ ਚੰਡੀਗੜ੍ਹ ਵਿਚ ਪੰਜਾਬੀ ਨੂੰ ਦਫ਼ਤਰੀ ਭਾਸ਼ਾ ਬਣਾਉਣ ਲਈ ਆਵਾਜ਼ ਉਠਾਈ ਜਾ ਰਹੀ ਹੈ ਪਰ ਸਿੱਟਾ ਕੁਝ ਵੀ ਨਹੀਂ ਨਿਕਲਿਆ ਹੈ। ਅਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਲੰਬੇ ਅੰਦੋਲਨ ਤੋਂ ਬਾਅਦ 1 ਨਵੰਬਰ 1966 ਨੂੰ ਮੌਜੂਦਾ ਪੰਜਾਬ ਹੋਂਦ ਵਿਚ ਆ ਗਿਆ ਸੀ। ਸੂਬਾ ਬਣਨ ਤੋਂ ਬਾਅਦ ਕਾਫ਼ੀ ਕੁਝ ਖੱਟਿਆ ਅਤੇ ਕਾਫ਼ੀ ਕੁਝ ਗੁਆਇਆ ਵੀ ਹੈ। ਫ਼ਾਇਦਿਆਂ ਦੀ ਗੱਲ ਕਰੀਏ ਤਾਂ ਵੱਖ ਸੂਬਾ ਬਣਨ ਤੋਂ ਬਾਅਦ ਪੰਜਾਬੀ ਭਾਸ਼ੀ ਸਿੱਖਿਆ ਸੰਸਥਾਵਾਂ ਦਾ ਵਿਸਥਾਰ ਹੋਇਆ ਹੈ। ਖੇਤਰੀ ਫਾਰਮੂਲੇ ਤੋਂ ਬਾਅਦ ਪੰਜਾਬੀ ਯੂਨੀਵਰਸਿਟੀ, ਪਟਿਆਲਾ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਪੰਜਾਬ ਸਕੂਲ ਸਿੱਖਿਆ ਬੋਰਡ 'ਚ ਪੜ੍ਹਾਈ ਦਾ ਮਾਧਿਅਮ ਪੰਜਾਬੀ ਬਣੀ ਜਿਸ ਦੇ ਸਿੱਟੇ ਵਜੋਂ ਸਾਖ਼ਰਤਾ ਦਰ ਵਧੀ।

ਭਾਸ਼ਾ ਵਿਭਾਗ ਨਵੇਂ ਪੰਜਾਬ ਵਿਚ ਪੰਜਾਬੀ ਲਈ ਕੰਮ ਕਰਨ ਲੱਗਾ। ਅਣਗਿਣਤ ਸਾਹਿਤਕ ਜੱਥੇਬੰਦੀਆਂ ਹੋਂਦ ਵਿਚ ਆਈਆਂ ਅਤੇ ਪੰਜਾਬੀ ਸਾਹਿਤਕਾਰਾਂ ਨੂੰ ਸਰਕਾਰੀ ਮਾਣ-ਸਨਮਾਨ ਮਿਲਣੇ ਸ਼ੁਰੂ ਹੋਏ ਪਰ ਭਾਸ਼ਾ ਵਿਭਾਗ ਨੂੰ ਪਿਛਲੇ ਕੁਝ ਸਾਲਾਂ ਤੋਂ ਸਰਕਾਰਾਂ ਨੇ ਅਣਡਿੱਠ ਕੀਤਾ ਹੋਇਆ ਹੈ। ਸਰਹੱਦੀ ਸੂਬਾ ਹੋਣ ਦੇ ਬਾਵਜੂਦ ਪੰਜਾਬ ਦੀ ਆਰਥਿਕਤਾ ਨੂੰ ਠੁੰਮ੍ਹਣਾ ਦੇਣ ਲਈ ਵਿਸ਼ੇਸ਼ ਯਤਨ ਨਹੀਂ ਕੀਤੇ ਗਏ। ਜਿਸ ਸੂਬੇ ਨੇ ਆਜ਼ਾਦੀ ਸੰਗਰਾਮ ਵਿਚ ਸਭ ਤੋਂ ਵੱਧ ਯੋਗਦਾਨ ਪਾਇਆ ਹੋਵੇ, ਉਸ ਨੂੰ ਅਣਡਿੱਠ ਕਰਨਾ ਬੇਇਨਸਾਫ਼ੀ ਨਹੀਂ ਤਾਂ ਹੋਰ ਕੀ ਹੈ?

ਨਵੀਂ ਸਨਅਤ ਦਿੱਲੀ ਦੁਆਲੇ, ਪਾਣੀਪਤ, ਗੁੜਗਾਓਂ, ਫਰੀਦਾਬਾਦ (ਹਰਿਆਣਾ), ਨੋਇਡਾ (ਯੂਪੀ), ਪਰਵਾਣੂ, ਬੱਦੀ, ਸੋਲਨ (ਹਿਮਾਚਲ ਪ੍ਰਦੇਸ਼) ਚਲੀ ਗਈ। ਸੂਬੇ ਵਿਚ ਟੂਰਿਜ਼ਮ ਘਟ ਗਿਆ। ਪੰਜਾਬੀ ਭਾਸ਼ਾ ਅਤੇ ਸਿੱਖਿਆ ਦਾ ਪਸਾਰ ਮੌਜੂਦਾ ਪੰਜਾਬ ਤਕ ਸੀਮਤ ਰਹਿ ਗਿਆ। ਹਰਿਆਣਾ ਨੇ ਨਵੇਂ ਬਣੇ ਸ਼ਰੀਕ ਵਾਂਗ ਵਿਹਾਰ ਕਰਦਿਆਂ ਪੰਜਾਬੀ ਦੀ ਥਾਂ ਤੇਲਗੂ ਦੂਸਰੀ ਭਾਸ਼ਾ ਵਜੋਂ ਪੜ੍ਹਾਉਣੀ ਸ਼ੁਰੂ ਕੀਤੀ ਸੀ ਅਤੇ ਲੰਬੇ ਸੰਘਰਸ਼ ਤੋਂ ਬਾਅਦ ਹੀ ਪੰਜਾਬੀ ਨੂੰ ਦੂਜੀ ਭਾਸ਼ਾ ਦਾ ਮਾਣ ਮਿਲਿਆ ਹੈ। ਮੌਜੂਦਾ ਹਾਲਾਤ 'ਚ ਅੱਜ ਪੰਜਾਬੀ ਵਿਰਸੇ ਨੂੰ ਲੱਚਰ ਗਾਇਕੀ ਵਰਗਾ ਘੁਣ ਲੱਗਿਆ ਹੋਇਆ ਹੈ। ਨੌਜਵਾਨ ਪੰਜਾਬ ਛੱਡ ਰਹੇ ਹਨ। ਇੰਡਸਟਰੀ ਦਮ ਤੋੜ ਰਹੀ ਹੈ। ਸ਼ਹਿਰਾਂ 'ਚ ਪ੍ਰਦੂਸ਼ਣ ਲਗਾਤਾਰ ਵੱਧ ਰਿਹਾ ਹੈ। ਮਾਂ-ਬੋਲੀ ਪੰਜਾਬੀ ਦੇ ਪ੍ਰਸਾਰ ਅਤੇ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਦੇ ਕੇ ਪੰਜਾਬ 'ਚ ਹੀ ਰੋਕ ਕੇ ਸੂਬੇ ਨੂੰ ਖ਼ੁਸ਼ਹਾਲ ਬਣਾਉਣਾ ਸਮੇਂ ਦੀ ਲੋੜ ਹੈ।

Posted By: Jagjit Singh