-ਕੁਲਮਿੰਦਰ ਕੌਰ

ਮੌਜੂਦਾ ਸਮੇਂ ਪੰਜਾਬ 'ਚੋਂ ਪਰਵਾਸ ਦਾ ਬੇਮੁਹਾਰਾ ਰੁਝਾਨ ਚਿੰਤਾ ਦਾ ਵਿਸ਼ਾ ਹੈ। ਇਸ ਨੇ ਲੱਖਾਂ ਪੰਜਾਬੀ ਬਾਹਰ ਢੋਅ ਦਿੱਤੇ ਹਨ। ਵਿਸ਼ਵ ਵਿਚ ਕਈ ਥਾਵਾਂ ਅਜਿਹੀਆਂ ਹਨ ਜਿੱਥੇ ਪੰਜਾਬੀਆਂ ਦੀ ਬਹੁਤਾਤ ਹੈ। ਇਸੇ ਕਾਰਨ ਉਹ ਥਾਵਾਂ ਮਿੰਨੀ ਪੰਜਾਬ ਵਜੋਂ ਮਸ਼ਹੂਰ ਹੋ ਗਈਆਂ ਹਨ। ਚਿੰਤਾ ਦੀ ਗੱਲ ਇਹ ਵੀ ਹੈ ਕਿ ਜਿੰਨੇ ਕੁ ਪੰਜਾਬੀ ਪੰਜਾਬ ਤੋਂ ਬਾਹਰ ਨਿਕਲੇ ਹਨ, ਉਸ ਤੋਂ ਪੰਜਵਾਂ-ਛੇਵਾਂ ਹਿੱਸਾ ਪਰਵਾਸੀ ਮਜ਼ਦੂਰ ਬਾਹਰਲੇ ਸੂਬਿਆਂ ਤੋਂ ਪੰਜਾਬ ਵਿਚ ਆ ਵੜੇ ਹਨ। ਇਹ ਲੜੀ ਪਤਾ ਨਹੀਂ ਕਦੋਂ ਰੁਕੇਗੀ? ਪਾਰਕ 'ਚ ਸੈਰ ਕਰਦਿਆਂ ਵੇਖਦੇ ਹਾਂ ਕਿ ਵਧੇਰੇ ਲੋਕ ਉਹ ਹਨ ਜੋ ਬਾਹਰਲੇ ਸੂਬਿਆਂ ਤੋਂ ਆਏ ਹਨ। ਮੋਹਾਲੀ ਵਿਖੇ ਸਾਡੇ ਨੇੜਲੇ ਸੈਕਟਰ 'ਚ ਆਈਟੀ ਨਾਲ ਸਬੰਧਤ ਕਈ ਕੰਪਨੀਆਂ ਚੱਲ ਰਹੀਆਂ ਹਨ ਜਿੱਥੇ ਆਮ ਤੌਰ 'ਤੇ ਬਾਹਰਲੇ ਸੂਬਿਆਂ ਤੋਂ ਆਏ ਨੌਜਵਾਨ ਘੱਟ ਪੈਸਿਆਂ 'ਤੇ ਭਰਤੀ ਕਰ ਲਏ ਜਾਂਦੇ ਹਨ। ਵਿਹਲੇ ਸਮੇਂ ਉਹ ਪਾਰਕਾਂ 'ਚ ਆਪਣੇ ਸਹਿਕਰਮੀ ਲੜਕੇ-ਲੜਕੀਆਂ ਨਾਲ ਗਰੁੱਪਾਂ 'ਚ ਘੁੰਮਦੇ ਹੱਸਦੇ-ਖੇਡਦੇ ਤੇ ਆਪਣੀ ਭਾਸ਼ਾ 'ਚ ਗੱਲਾਂ ਕਰਦੇ, ਗਾਣੇ ਗਾਉਂਦੇ ਹੋਏ ਮਨ ਪ੍ਰਚਾਉਂਦੇ ਨਜ਼ਰ ਆਉਂਦੇ ਹਨ। ਤਦ ਸਾਨੂੰ ਇੰਜ ਲੱਗਦਾ ਹੈ ਕਿ ਅਸੀਂ ਪੰਜਾਬ ਵਿਚ ਨਹੀਂ ਸਗੋਂ ਕਿਧਰੇ ਹੋਰ ਹੀ ਤੁਰੇ ਫਿਰਦੇ ਹਾਂ। ਠੇਠ ਪੰਜਾਬੀ ਬੋਲਦੇ, ਉੱਚੇ-ਲੰਬੇ, ਛੈਲ-ਛਬੀਲੇ, ਭਰਵੇਂ ਡੀਲ-ਡੌਲ ਵਾਲੇ ਸੋਹਣੇ-ਸੁਨੱਖੇ ਗੱਭਰੂ ਤਾਂ ਹੁਣ ਲੱਭਣੇ ਮੁਸ਼ਕਲ ਹੋ ਗਏ ਹਨ। ਪਤਾ ਨਹੀਂ ਕੀਹਦੀ ਨਜ਼ਰ ਲੱਗ ਗਈ ਹੈ ਪੰਜਾਬ ਨੂੰ। ਸੁਰਜੀਤ ਪਾਤਰ ਦੀ ਕਵਿਤਾ ਦੇ ਬੋਲ ਜ਼ਿਹਨ 'ਤੇ ਹਾਵੀ ਹੁੰਦੇ ਹਨ :

'ਲੱਗੀ ਨਜ਼ਰ ਪੰਜਾਬ ਨੂੰ, ਏਦ੍ਹੀ ਨਜ਼ਰ ਉਤਾਰੋ।

ਲੈ ਕੇ ਮਿਰਚਾਂ ਕੌੜੀਆਂ, ਇਹਦੇ ਸਿਰ ਤੋਂ ਵਾਰੋ।'

ਪੰਜਾਬ ਦੇ ਗੱਭਰੂ ਤਾਂ ਵਿਦਿਆਰਥੀ ਵੀਜ਼ੇ 'ਤੇ ਜਾਂ ਵਰਕ ਪਰਮਿਟ 'ਤੇ ਵਿਦੇਸ਼ ਲਈ ਉਡਾਰੀ ਮਾਰ ਰਹੇ ਹਨ ਜਾਂ ਏਜੰਟਾਂ ਦੇ ਧੱਕੇ ਚੜ੍ਹ ਕੇ ਗ਼ਲਤ ਤਰੀਕੇ ਨਾਲ ਵਿਦੇਸ਼ ਵੱਲ ਰੁਖ਼ ਕਰ ਰਹੇ ਹਨ। ਮਾਪੇ ਵੀ ਸਭ ਕੁਝ ਵੇਚ-ਵੱਟ ਕੇ ਉਨ੍ਹਾਂ ਨੂੰ ਬਾਹਰ ਭੇਜ ਰਹੇ ਹਨ। ਅੱਜ ਬਾਰ੍ਹਵੀਂ ਜਮਾਤ ਪਾਸ ਕਰ ਕੇ ਜ਼ਿਆਦਾਤਰ ਨੌਜਵਾਨ ਵਰਗ ਕਹੇਗਾ ਕਿ ਉਹ ਆਈਲੈਟਸ ਕਰ ਰਿਹਾ ਹੈ। ਸਭ ਤੋਂ ਸੌਖਾ, ਵਧੀਆ ਤੇ ਸੁਰੱਖਿਅਤ ਰਸਤਾ ਬਾਹਰ ਜਾਣ ਦਾ ਇਹੀ ਮੰਨਿਆ ਜਾ ਰਿਹਾ ਹੈ। ਜਸਟਿਨ ਟਰੂਡੋ ਦੀ ਨਰਮਦਿਲੀ ਕਾਰਨ ਵੀਜ਼ੇ ਲੱਗ ਜਾਣ ਵਾਲੇ ਵਿਦਿਆਰਥੀਆਂ ਦੇ ਮਾਪੇ ਕੈਨੇਡਾ ਸਰਕਾਰ ਨੂੰ ਅਸੀਸਾਂ ਦੇ ਰਹੇ ਹਨ। ਆਈਲੈਟਸ ਸੈਂਟਰਾਂ ਦਾ ਕਾਰੋਬਾਰ ਵੱਧ-ਫੁੱਲ ਰਿਹਾ ਹੈ ਅਤੇ ਇਹ ਕਰੋੜਾਂ ਰੁਪਈਆਂ ਦਾ ਧੰਦਾ ਬਣ ਗਿਆ ਹੈ। ਪੰਜਾਬ ਦੇ ਡਿਗਰੀ ਤੇ ਤਕਨੀਕੀ ਕਾਲਜਾਂ 'ਚ ਦਾਖ਼ਲੇ ਨਾਮਾਤਰ ਹਨ। ਮਹਿੰਗੀ ਵਿੱਦਿਆ ਹਾਸਲ ਕਰਨ ਪਿੱਛੋਂ ਵੀ ਵਿਦਿਆਰਥੀਆਂ ਦੀ ਬਹੁਤੀ ਪੁੱਛ-ਪ੍ਰਤੀਤ ਨਹੀਂ ਹੁੰਦੀ। ਜੇਕਰ ਕੋਈ ਮੁੰਡਾ ਜਾਂ ਕੁੜੀ ਆਈਲੈਟਸ 'ਚੋਂ ਚੰਗੇ ਬੈਂਡ ਲੈਣ ਦੇ ਯੋਗ ਨਹੀਂ ਹੁੰਦਾ ਤਾਂ ਆਪਣੇ ਲਈ ਵਿਆਹ ਵਾਸਤੇ 6-7 ਬੈਂਡ ਵਾਲਾ ਜੀਵਨ ਸਾਥੀ ਭਾਲ ਲੈਂਦੇ ਹਨ। ਅਜਿਹੇ ਵਿਆਹਾਂ ਵਿਚ ਦਾਜ-ਦਹੇਜ ਕੋਈ ਨਹੀਂ ਲਿਆ ਜਾਂਦਾ ਅਤੇ ਬਾਹਰ ਜਾਣ ਦਾ ਖ਼ਰਚਾ ਵੀ ਮੁੰਡੇ ਵਾਲੇ ਕਰਦੇ ਹਨ। ਇੰਜ ਕੁੜੀਆਂ ਦੀ ਵੁੱਕਤ ਕਾਫ਼ੀ ਵੱਧ ਗਈ ਹੈ।

ਬੀਤੇ ਦਿਨੀਂ ਗੁਰਦੁਆਰਾ ਸਾਹਿਬ 'ਚ ਇਕ ਬੀਬੀ ਵੱਲੋਂ ਅਰਦਾਸ ਕਰਵਾਈ ਗਈ ਕਿ ਉਸ ਦੇ ਬੱਚੇ ਦੇ ਪੇਪਰਾਂ 'ਚੋਂ ਚੰਗੇ ਨੰਬਰ ਆ ਜਾਣ। ਬਾਅਦ 'ਚ ਮੇਰੇ ਪੁੱਛਣ 'ਤੇ ਉਸ ਨੇ ਦੱਸਿਆ ਕਿ ਮੁੰਡਾ ਆਈਲੈਟਸ 'ਚੋਂ ਚੰਗੇ ਬੈਂਡ ਲੈ ਕੇ ਬਾਹਰ ਚਲਾ ਜਾਵੇ ਤਾਂ ਚੰਗਾ ਹੈ। ਇੱਥੇ ਨੌਕਰੀ ਕੋਈ ਮਿਲਦੀ ਨਹੀਂ ਤੇ ਵਿਹਲੇ ਨਿਆਣੇ ਨਸ਼ੇ ਕਰਨ ਲੱਗਦੇ ਹਨ ਅਤੇ ਲੜਾਈ-ਝਗੜੇ ਕਰਦੇ ਹਨ। ਉਹ ਇੱਥੇ ਮਾੜਾ-ਮੋਟਾ ਧੰਦਾ ਕਰਨ ਜਾਂ ਖੇਤੀਬਾੜੀ ਲਈ ਤਿਆਰ ਨਹੀਂ ਹਨ। ਚਰਚਾ ਦਾ ਵਿਸ਼ਾ ਬਣੀ ਰਹੀ ਇਕ ਖ਼ਬਰ ਮੈਨੂੰ ਯਾਦ ਆਉਂਦੀ ਹੈ ਕਿ ਕਿਵੇਂ ਅਧਿਆਪਕ ਦੀ ਯੋਗਤਾ ਰੱਖਣ ਵਾਲੇ ਬੇਰੁਜ਼ਗਾਰ ਸੰਘਰਸ਼ਸ਼ੀਲ ਨੌਜਵਾਨ ਸਰਕਾਰੀ ਨੌਕਰੀ ਲਈ ਸਰਕਾਰ ਕੋਲ ਫਰਿਆਦ ਲੈ ਕੇ ਜਾਂਦੇ ਹਨ ਤਾਂ ਸਿੱਖਿਆ ਮੰਤਰੀ ਉਨ੍ਹਾਂ ਦੀ ਦੁੱਖ-ਤਕਲੀਫ਼ ਸੁਣਨ ਦੀ ਥਾਂ ਉਨ੍ਹਾਂ ਨੂੰ ਖਦੇੜਨ ਲਈ ਭੱਦੀ ਸ਼ਬਦਾਵਲੀ ਵਰਤਦਾ ਹੈ। ਸਰਕਾਰ ਦੇ ਅਜਿਹੇ ਵਤੀਰੇ ਕਾਰਨ ਪੜ੍ਹੇ-ਲਿਖੇ ਨੌਜਵਾਨ ਵਰਗ ਦਾ ਮਨੋਬਲ ਡਿੱਗਦਾ ਹੈ ਅਤੇ ਭਵਿੱਖ ਵੀ ਅਸੁਰੱਖਿਅਤ ਵਿਖਾਈ ਦਿੰਦਾ ਹੈ। ਇਹ ਸਭ ਕੁਝ ਵਿਕਾਸ ਦੀਆਂ ਟਾਹਰਾਂ ਮਾਰ ਰਹੀ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ 'ਤੇ ਸਵਾਲੀਆ ਨਿਸ਼ਾਨ ਲਗਾਉਂਦਾ ਹੈ। ਜੇਕਰ ਦੇਸ਼ ਅੰਦਰ ਹੀ ਨੌਜਵਾਨ ਵਰਗ ਨੂੰ ਮਾਣ-ਸਨਮਾਨ ਤੇ ਬਣਦਾ ਰੁਜ਼ਗਾਰ ਮਿਲਦਾ ਹੋਵੇ ਤਾਂ ਕੋਈ ਗ਼ੈਰ-ਕਾਨੂੰਨੀ ਢੰਗ ਨਾਲ ਜਾਨ ਜੋਖ਼ਮ 'ਚ ਪਾ ਕੇ ਮੈਕਸੀਕੋ ਦੀਆਂ ਕੰਧਾਂ ਨਾ ਟੱਪਦਾ ਅਤੇ ਨਾ ਹੀ ਕਈ ਮੁਲਕਾਂ ਵਿਚ ਰੁਜ਼ਗਾਰ ਦੀ ਭਾਲ ਵਿਚ ਗਏ ਮੁਸੀਬਤਾਂ ਵਿਚ ਫਸੇ ਨੌਜਵਾਨਾਂ ਨੂੰ ਵਾਪਸ ਲਿਆਉਣ ਲਈ ਸਰਕਾਰ ਦੀ ਖੱਜਲ-ਖੁਆਰੀ ਹੁੰਦੀ।

ਤਸਵੀਰ ਦਾ ਦੂਜਾ ਪਹਿਲੂ ਇਹ ਹੈ ਕਿ ਨੌਜਵਾਨ ਵਰਗ ਵਿਦੇਸ਼ੀ ਚਮਕ-ਦਮਕ ਤਾਂ ਵੇਖਦਾ ਹੈ ਪਰ ਉੱਥੇ ਜਾ ਕੇ ਸਖ਼ਤ ਮਿਹਨਤ ਕਰਨੀ ਪੈਂਦੀ ਹੈ, ਇਸ ਗੱਲੋਂ ਅਨਜਾਣ ਹੁੰਦਾ ਹੈ। ਉੱਥੇ ਘੰਟਿਆਂਬੱਧੀ ਸਖ਼ਤ ਕੰਮ ਕਰਨਾ ਪੈਂਦਾ ਹੈ ਅਤੇ ਅਨੇਕਾਂ ਹੋਰ ਜ਼ਫ਼ਰ ਜਾਲਣੇ ਪੈਂਦੇ ਹਨ। ਹੈਰਾਨੀ ਦੀ ਗੱਲ ਇਹ ਵੀ ਹੈ ਕਿ ਸਾਡਾ ਨੌਜਵਾਨ ਵਰਗ ਉੱਥੇ ਤਾਂ ਬਿਨਾਂ ਸੰਗ-ਸ਼ਰਮ ਤੋਂ ਕੋਈ ਵੀ ਕੰਮ ਕਰਨ ਨੂੰ ਤਿਆਰ ਹੋ ਜਾਂਦਾ ਹੈ ਪਰ ਪੰਜਾਬ 'ਚ ਮਿਹਨਤ ਕਰਨ ਤੋਂ ਇਨਕਾਰੀ ਹੈ। ਆਸਟ੍ਰੇਲੀਆ ਆਪਣੀ ਧੀ ਨੂੰ ਮਿਲਣ ਗਈ ਮੇਰੀ ਇਕ ਸਹੇਲੀ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਲੱਕੜ ਦਾ ਕੰਮ ਕਰਨ ਆਏ ਭਾਰਤੀ ਮਿਸਤਰੀ ਨਾਲ ਇਕ 24 ਸਾਲ ਦਾ ਮੁੰਡਾ ਸੰਦ ਤੇ ਮਸ਼ੀਨ ਨੂੰ ਗੱਡੀ 'ਚੋਂ ਕੱਢ ਕੇ ਲਿਆ ਰਿਹਾ ਸੀ। ਉਹ ਸਟੱਡੀ ਵੀਜ਼ੇ 'ਤੇ ਗਿਆ ਸੀ। ਉਹ ਹਫ਼ਤੇ 'ਚ ਦੋ ਦਿਨ ਕਾਲਜ ਜਾਂਦਾ ਹੈ ਤੇ ਬਾਕੀ ਦਿਨ ਕੰਮ ਕਰਦਾ ਹੈ। ਇੰਜ ਫੀਸ ਤੇ ਜੇਬ ਖ਼ਰਚਾ ਨਿਕਲ ਜਾਂਦਾ ਹੈ। ਇਹੀ ਮੁੰਡਾ ਇੱਧਰ ਆਪਣੇ ਪਿੰਡ 'ਚ ਖੇਤ ਦੀ ਵੱਟ 'ਤੇ ਖੜ੍ਹ ਕੇ ਕਾਮੇ 'ਤੇ ਰੋਹਬ ਝਾੜਦਾ ਰਿਹਾ ਹੋਵੇਗਾ। ਸਟੱਡੀ ਵੀਜ਼ੇ 'ਤੇ ਗਏ ਹਰੇਕ ਨੌਜਵਾਨ ਦਾ ਇਹੀ ਹਾਲ ਹੈ।

15-18 ਘੰਟੇ ਕੰਮ ਕਰ ਕੇ ਜਦੋਂ ਰੋਟੀ ਪਕਾਉਣ ਦਾ ਸਮਾਂ ਵੀ ਨਹੀਂ ਬਚਦਾ ਤਾਂ ਗੁਰਦੁਆਰੇ ਦੀ ਸ਼ਰਨ ਲੈਂਦੇ ਹਨ। ਉੱਥੇ ਉਹ ਲੰਗਰ ਛਕਾਉਂਦੇ ਹਨ ਅਤੇ ਪੈਕ ਵੀ ਕਰ ਦਿੰਦੇ ਹਨ।

ਨੌਜਵਾਨ ਵਰਗ ਇਹ ਖ਼ੁਦ ਕਿਉਂ ਨਹੀਂ ਸੋਚਦਾ ਕਿ ਇੰਨੀ ਮਿਹਨਤ ਅਤੇ ਪੈਸੇ ਨਾਲ ਤਾਂ ਇੱਥੇ ਵੀ ਬੜਾ ਕੁਝ ਹਾਸਲ ਹੋ ਸਕਦਾ ਹੈ। ਅਜਿਹੇ ਗੰਭੀਰ ਤੇ ਨਾਜ਼ੁਕ ਦੌਰ 'ਚ ਬੇਰੁਜ਼ਗਾਰੀ ਨਾਲ ਲੜਨ ਲਈ ਸਮਾਜ ਦਾ ਚੇਤੰਨ ਵਰਗ ਅੱਗੇ ਆ ਰਿਹਾ ਹੈ। ਇਕ ਮਿਸਾਲ ਇਹ ਹੈ ਕਿ ਪੰਜਾਬ ਹੁਨਰ ਵਿਕਾਸ ਮਿਸ਼ਨ ਨੌਜਵਾਨ ਵਰਗ ਨੂੰ ਹੁਨਰਮੰਦ ਬਣਾ ਕੇ ਆਤਮ ਨਿਰਭਰ ਬਣਾਉਣ 'ਚ ਸਹਾਈ ਹੋ ਰਿਹਾ ਹੈ। ਇਕ ਲੜਕੀ ਨੇ ਤਿੰਨ ਮਹੀਨੇ ਦਾ 'ਮੇਕਅੱਪ ਆਰਟਿਸਟ' ਕੋਰਸ ਕਰ ਕੇ ਬਲੌਂਗੀ ਵਿਖੇ ਆਪਣਾ ਸੈਲੂਨ ਸ਼ੁਰੂ ਕੀਤਾ ਹੈ ਅਤੇ ਅੱਜ ਮਹੀਨੇ ਦੇ 20 ਹਜ਼ਾਰ ਤੋਂ ਵੱਧ ਰੁਪਈਏ ਕਮਾ ਰਹੀ ਹੈ। ਦੂਜੇ ਪਾਸੇ ਮੇਰੇ ਇਕ ਜਾਣੂ ਨੇ ਕੈਨੇਡਾ ਰਹਿੰਦੀ ਮਾਂ ਦੀ ਸਾਂਭ-ਸੰਭਾਲ ਲਈ ਪੰਜਾਬੋਂ ਗਈ ਲੜਕੀ ਨੂੰ ਰੱਖਿਆ ਹੈ। ਉਸ ਦੇ ਪਿਓ ਨੇ ਜ਼ਮੀਨ ਵੇਚ ਕੇ 25 ਲੱਖ ਰੁਪਈਏ ਖ਼ਰਚ ਕੇ ਮਹਿਜ਼ ਇਕ ਸਾਲ ਦੇ ਵੀਜ਼ੇ 'ਤੇ ਉਸ ਨੂੰ ਕੈਨੇਡਾ ਭੇਜਿਆ। ਉਹ ਸਾਲ ਬਾਅਦ ਉਸ ਦੇ ਭਵਿੱਖ ਨੂੰ ਲੈ ਕੇ ਬੇਹੱਦ ਚਿੰਤਤ ਹੈ।

ਪੰਜਾਬ ਦੀ ਆਰਥਿਕ ਸਥਿਤੀ ਅੱਜ ਡਾਵਾਂਡੋਲ ਹੈ। ਪੰਜਾਬੀ ਆਪਣੀ ਜਮ੍ਹਾ-ਪੂੰਜੀ ਵੇਚ-ਵੱਟ ਕੇ ਵਿਦੇਸ਼ਾਂ 'ਚ ਨਿਵੇਸ਼ ਕਰ ਕੇ ਸਾਮਰਾਜੀ ਦੇਸ਼ਾਂ ਦੀ ਆਰਥਿਕਤਾ 'ਚ ਵਾਧਾ ਕਰ ਰਹੇ ਹਨ। ਇਹ ਚਿੰਤਾ ਦਾ ਵਿਸ਼ਾ ਹੈ। ਇਸ ਲਈ ਸਮੇਂ ਦੀਆਂ ਸਰਕਾਰਾਂ ਨੂੰ ਆਪਣੇ ਨਿੱਜਵਾਦ ਤੋਂ ਉੱਪਰ ਉੱਠ ਕੇ ਇਸ ਵਰਤਾਰੇ ਨੂੰ ਠੱਲ੍ਹ ਪਾਉਣ ਲਈ ਨੀਤੀਗਤ ਬਦਲਾਅ ਲਿਆਉਣਾ ਪਵੇਗਾ। ਸਮਾਜ ਨੂੰ ਵੀ ਆਪਣੀ ਕਾਰਜ-ਪ੍ਰਣਾਲੀ ਤੇ ਘਿਸੇ-ਪਿਟੇ ਰੀਤੀ-ਰਿਵਾਜ਼ਾਂ 'ਤੇ ਨਜ਼ਰਸਾਨੀ ਦੀ ਬੇਹੱਦ ਜ਼ਰੂਰਤ ਹੈ।

-ਮੋਬਾਈਲ ਨੰ.: 98156-52272

Posted By: Jagjit Singh