-ਪ੍ਰੋ. ਸ਼ਿੰਗਾਰਾ ਸਿੰਘ ਢਿੱਲੋਂ

ਪੰਜਾਬ! ਜੋ ਭਾਰਤ ਦੀ ਖੜਗ ਭੁਜਾ ਰਿਹਾ ਹੈ, ਜਿਸ ਨੇ ਹਰ ਵਾਰ ਸਭ ਤੋਂ ਪਹਿਲਾਂ ਤੇ ਮੂਹਰੇ ਹੋ ਕੇ ਵਿਦੇਸ਼ੀ ਹਮਲਾਵਰਾਂ ਨਾਲ ਲੋਹਾ ਲਿਆ, ਉਨ੍ਹਾਂ ਦੇ ਦੰਦ ਖੱਟੇ ਕੀਤੇ, ਆਪਣਾ ਸਭ ਕੁਝ ਲੁਟਾ ਕੇ ਵੀ 'ਖਾਧਾ-ਪੀਤਾ ਲਾਹੇ ਦਾ ਤੇ ਬਾਕੀ ਅਹਿਮਦ ਸ਼ਾਹੇ ਦਾ' ਸਮਝ ਕੇ ਮੁੜ ਜੀਵਨ ਨੂੰ ਲੀਹੇ ਪਾਉਣ ਦੀ ਚਾਹਤ ਰੱਖੀ ਤੇ ਹਰੀ ਕ੍ਰਾਂਤੀ ਲਿਆਂਦੀ। ਭਾਰਤ ਦੀ ਝੋਲੀ ਅਨਾਜਾਂ ਨਾਲ ਭਰੀ, ਚਿੱਟੀ ਕ੍ਰਾਂਤੀ ਲਿਆਂਦੀ ਤੇ ਦੁੱਧ ਦੀਆਂ ਨਦੀਆਂ ਵਹਾਈਆਂ। ਇੱਥੋਂ ਦੇ ਲੋਕਾਂ ਨੇ ਹਮੇਸ਼ਾ ਸਰਬੱਤ ਦਾ ਭਲਾ ਚਾਹਿਆ ਅਤੇ ਜਿਨ੍ਹਾਂ ਲੋਕਾਂ ਦੀ ਬੋਲੀ ਨੇ ਹਿੰਦੂ, ਮੁਸਲਿਮ, ਸਿੱਖ, ਪਾਰਸੀ, ਬੋਧੀ ਅਤੇ ਜੈਨੀ ਦੇ ਫਿਰਕੂ ਮਜ਼ਹਬੀ ਭਿੰਨ-ਭੇਦ ਤੋਂ ਉੱਪਰ ਉੱਠ ਕੇ ਪੂਰੀ ਮਨੁੱਖਤਾ ਨੂੰ ਸਾਂਝੀਵਾਲਤਾ ਦੇ ਇਕ ਸੂਤਰ ਵਿਚ ਬੰਨ੍ਹਣ ਦਾ ਪ੍ਰਤੱਖ ਪ੍ਰਮਾਣ ਸਹਿਤ ਸੰਦੇਸ਼ ਦਿੱਤਾ, ਅਫ਼ਸੋਸ ਕਿ ਅੱਜ ਉਹ ਪੰਜਾਬ ਨਾ ਹੀ ਪੰਜਾਬ ਰਿਹਾ ਅਤੇ ਨਾ ਹੀ ਖੜਗ ਭੁਜਾ। ਪੰਜਾਬ ਵਿਚ ਲੋਕਾਂ ਦੇ ਆਸਪਾਸ ਅੱਜ ਨਾ ਹੀ ਲਹਿਰਾਂ-ਬਹਿਰਾਂ ਹਨ ਅਤੇ ਨਾ ਹੀ ਤੰਦਰੁਸਤੀ। ਚਾਰੇ ਪਾਸੇ ਬਿਮਾਰੀਆਂ, ਜ਼ਹਿਰਾਂ ਤੇ ਮੌਤ ਦਾ ਤਾਂਡਵ ਹੈ। ਉਨ੍ਹਾਂ ਦੀ ਜ਼ਿੰਦਗੀ ਜ਼ਲਾਲਤ ਬਣ ਚੁੱਕੀ ਹੈ ਅਤੇ ਅੰੱਨਦਾਤੇ ਖ਼ੁਦਕੁਸ਼ੀਆਂ ਕਰਨ ਲਈ ਮਜਬੂਰ ਹਨ। ਇਸ ਤੋਂ ਵੀ ਹੋਰ ਅੱਗੇ ਹਾਲਾਤ ਦਿਨੋ-ਦਿਨ ਵਿਗੜਦੇ ਜਾ ਰਹੇ ਹਨ। ਭਾਰਤੀ ਹਿੱਸੇ ਵਿਚਲਾ ਬਿਨਾ ਸਿਰ, ਧੜ ਤੇ ਹੱਥ ਪੈਰ ਵਾਲਾ ਢਾਈਆਬ ਅੱਜ ਬੁਰੇ ਹਾਲੀਂ ਹੈ।

ਸਮੇਂ-ਸਮੇਂ ਦੀਆਂ ਸਰਕਾਰਾਂ ਦੀਆਂ ਕੁਟਲ ਨੀਤੀਆਂ ਕਾਰਨ ਹੁਣ ਇਸ ਨੂੰ ਬੇਰੁਜ਼ਗਾਰੀ, ਲਾਇਲਾਜ ਭਿਆਨਕ ਬਿਮਾਰੀਆਂ ਦੀ ਮਹਾਮਾਰੀ, ਨਸ਼ਿਆਂ ਦਾ ਤਾਂਡਵ, ਵਾਤਾਵਰਨ ਪ੍ਰਦੂਸ਼ਣ, ਸੱਭਿਆਚਾਰਕ ਪ੍ਰਦੂਸ਼ਣ, ਮਾਨਸਿਕ ਦੀਵਾਲੀਆਪਣ, ਸਮਾਜਿਕ ਅਰਾਜਕਤਾ ਤੇ ਅਨਰਥ ਵਰਗੀਆਂ ਅਮਰ ਵੇਲ ਰੂਪੀ ਬੁਰਾਈਆਂ ਬੁਰੀ ਤਰ੍ਹਾਂ ਚਿੰਬੜ ਚੁੱਕੀਆਂ ਹਨ। ਇਕ ਹੋਰ ਬੁਰੀ ਖ਼ਬਰ ਇਹ ਆਈ ਹੈ ਕਿ ਇਹ ਚੜ੍ਹਦਾ ਪੰਜਾਬ ਜੋ ਕਿ ਪਹਿਲਾਂ ਹੀ ਤਿੰਨ ਲੱਖ ਕਰੋੜ ਤੋਂ ਵੱਧ ਦਾ ਕਰਜ਼ਾਈ ਹੈ ਜਿਸ ਦੀ ਮੌਜੂਦਾ ਹੱਦਬੰਦੀ 'ਚ ਜਨਮ ਲੈਣ ਵਾਲਾ ਹਰ ਬੱਚਾ ਆਪਣੇ ਸਿਰ ਤਿੰਨ ਹਜ਼ਾਰ ਰੁਪਏ ਦਾ ਕਰਜ਼ਾਈ ਹੋ ਕੇ ਜਨਮਦਾ ਹੈ। ਉਨ੍ਹਾਂ 'ਚੋਂ ਬਹੁਤੇ ਵੱਡੇ ਹੋ ਕੇ, ਪੜ੍ਹ-ਲਿਖ ਕੇ ਬੇਰੁਜ਼ਗਾਰ ਹੋ ਕੇ ਦਰ-ਦਰ ਠੋਕਰਾਂ ਖਾਣ ਲਈ ਮਜਬੂਰ ਹੁੰਦੇ ਹਨ। ਕੁਝ ਕੁ ਉਹ ਜੋ ਸਿਫ਼ਾਰਸ਼ ਜਾਂ ਚਾਂਦੀ ਦੀ ਜੁੱਤੀ ਦੇ ਜ਼ੋਰ ਨਾਲ ਸਰਕਾਰੀ ਨੌਕਰੀਆਂ ਪ੍ਰਾਪਤ ਕਰ ਲੈਂਦੇ ਹਨ, ਉਨ੍ਹਾਂ ਨੂੰ ਕਈ-ਕਈ ਮਹੀਨੇ ਬਿਨਾਂ ਤਨਖਾਹੋਂ ਕੰਮ ਕਰਨਾ ਪੈਂਦਾ ਹੈ। ਬਾਅਦ 'ਚ ਤਨਖ਼ਾਹਾਂ ਦੇ ਬਕਾਏ ਲੈਣ ਲਈ ਧਰਨੇ ਲਾ ਕੇ, ਮੁਜ਼ਾਹਰੇ ਕਰ ਕੇ ਸੰਘਰਸ਼ ਕਰਦਿਆਂ ਸਰਕਾਰੀ ਡਾਂਗਾਂ, ਸੋਟੇ ਤੇ ਠੁੱਡੇ ਖਾਣੇ ਪੈਂਦੇ ਹਨ। ਰੋਸ ਵਜੋਂ ਪਾਣੀ ਵਾਲੀਆਂ ਟੈਂਕੀਆਂ 'ਤੇ ਚੜ੍ਹਨ ਵਾਸਤੇ ਮਜਬੂਰ ਹੋਣਾ ਪੈਂਦਾ ਹੈ। ਆਪਣਾ ਹੱਕ ਮੰਗ ਰਹੇ ਕਰਮਚਾਰੀਆਂ ਤੇ ਅਧਿਕਾਰੀਆਂ ਨੂੰ ਵਾਰ-ਵਾਰ ਬੇਇੱਜ਼ਤ ਤੇ ਜ਼ਲੀਲ ਹੋਣਾ ਪੈਂਦਾ ਹੈ ਜਾਂ ਫਿਰ ਸਰਕਾਰੀ ਸ਼ੋਸ਼ਣ ਦਾ ਸ਼ਿਕਾਰ ਹੋਣਾ ਪੈਂਦਾ ਹੈ। ਉਸ ਢਾਈਆਬ ਦੀ ਮਾਲੀ ਹਾਲਤ ਬਹੁਤ ਖ਼ਸਤਾਹਾਲ ਹੈ ਅਤੇ ਗਰਕਣ ਦੀ ਹੱਦ ਤਕ ਜਾ ਪੁੱਜੀ ਹੈ।

ਇਸ ਮਾੜੀ ਹਾਲਤ 'ਚ ਭਾਰਤ ਵਿਚਲੇ ਢਾਈਆਬ ਦਾ ਮੁੱਖ ਮੰਤਰੀ ਇਸ ਨੂੰ ਰੱਬ ਆਸਰੇ ਛੱਡ ਕੇ ਪੰਦਰਾਂ ਦਿਨ ਦੀ ਛੁੱਟੀ 'ਤੇ ਯੂਕੇ ਆ ਗਿਆ ਸੀ। ਓਧਰ ਸੂਬੇ ਦਾ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਉਸ ਨੂੰ ਚਿੱਠੀਆਂ ਲਿਖ ਕੇ ਇਸ ਦੇ ਦੀਵਾਲੀਏਪਣ ਦੀ ਸੂਚਨਾ ਦੇ ਕੇ ਜਲਦੀ ਪਰਤ ਆਉਣ ਦੀਆਂ ਬੇਨਤੀਆਂ ਕਰਦਾ ਹੋਇਆ ਇਹ ਕਹਿ ਰਿਹਾ ਸੀ ਕਿ ਇਸ ਸੰਕਟ ਦਾ ਹੱਲ ਕੱਢਣ ਵਾਸਤੇ ਵਿਧਾਨ ਸਭਾ ਦੀ ਕਾਰਜਕਾਰੀ ਕਮੇਟੀ ਦੀ ਹੰਗਾਮੀ ਮੀਟਿੰਗ ਸੱਦੀ ਜਾਵੇ।

ਇਸ ਦੇ ਨਾਲ ਹੀ ਉਹ ਕੇਂਦਰ ਸਰਕਾਰ ਨੂੰ ਚਾਰ ਹਜ਼ਾਰ ਕਰੋੜ ਦੀ ਜੀਐੱਸਟੀ ਦੀ ਰਾਸ਼ੀ ਦੇਣ ਦੀ ਅਪੀਲ ਕਰ ਰਿਹਾ ਸੀ। ਵੈਸੇ ਜੇ ਦੇਖਿਆ ਜਾਵੇ ਤਾਂ ਚੜ੍ਹਦੇ ਪੰਜਾਬ ਦੀ ਇਸ ਨਿੱਘਰੀ ਹੋਈ ਮਾਲੀ ਹਾਲਤ ਦੇ ਮਾੜੇ ਹਾਲਾਤ ਰਾਤੋ-ਰਾਤ ਪੈਦਾ ਨਹੀਂ ਹੋਏ। ਇਸ ਦੇ ਅਸਲ ਕਾਰਨ ਹੋਰ ਵੀ ਬਹੁਤ ਸਾਰੇ ਹੋ ਸਕਦੇ ਹਨ ਪਰ ਸਭ ਤੋਂ ਵੱਡਾ ਤੇ ਅਹਿਮ ਕਾਰਨ ਸਰਕਾਰੀ ਨੀਤੀਆਂ ਬਲਕਿ ਬਦਨੀਤੀਆਂ ਹਨ। ਮੌਜੂਦਾ ਸਰਕਾਰ ਨੇ ਪਿਛਲੇ ਸਮੇਂ 'ਚ ਵਿਧਾਨਕਾਰਾਂ ਦੀਆਂ ਤਨਖ਼ਾਹਾਂ 'ਚ ਵੱਡਾ ਵਾਧਾ ਕਰ ਕੇ ਸਰਕਾਰੀ ਖ਼ਜ਼ਾਨੇ 'ਚੋਂ ਚਿੱਟੇ ਦਿਨ ਧੜੀਆਂ ਭਰੀਆਂ। ਕਈ ਸਾਬਕਾ ਤੇ ਮੌਜੂਦਾ ਵਿਧਾਇਕਾਂ ਦੀਆਂ ਇਕ ਤੋਂ ਵੱਧ ਪੈਨਸ਼ਨਾਂ ਦਾ ਮਾਮਲਾ, ਮੰਤਰੀਆਂ ਨੂੰ ਨਵੀਆਂ ਚਮ-ਚਮਾਉਂਦੀਆ ਕਾਰਾਂ, ਪੈਟਰੋਲ ਤੇ ਰੋਜ਼ਾਨਾ ਭੱਤੇ, ਜ਼ੀਰੋ ਉਦਯੋਗਿਕ ਵਿਕਾਸ, ਕਿਸਾਨਾਂ ਦੀ ਪੱਕੀ ਹੋਈ ਫ਼ਸਲ ਦਾ ਮੰਡੀਆਂ 'ਚ ਰੁਲਣਾ, ਗ਼ਲਤ ਵਿੱਦਿਅਕ ਅਤੇ ਆਰਥਿਕ ਨੀਤੀਆਂ, ਸੂਬੇ ਦੇ ਲੋਕਾਂ ਨੂੰ ਰੁਜ਼ਗਾਰ ਦੇਣ ਦੀ ਬਜਾਏ ਮੁਫ਼ਤ ਸਹੂਲਤਾਂ ਦੇ ਕੇ ਖ਼ਜ਼ਾਨੇ 'ਤੇ ਬੇਤਹਾਸ਼ਾ ਬੋਝ ਪਾਉਣਾ ਅਤੇ ਲੋਕਾਂ ਨੂੰ ਨਿਕੰਮੇ ਬਣਾਉਣਾ ਆਦਿ ਕਈ ਸਰੋਕਾਰ ਹਨ। ਉਂਜ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦਾ ਢਾਈਆਬ ਦੀ ਮਾਲੀ ਹਾਲਤ ਨਾਲ ਬੇਸ਼ੱਕ ਸਿੱਧਾ ਕੋਈ ਸਬੰਧ ਨਹੀਂ ਹੈ ਪਰ ਫਿਰ ਵੀ ਇਸ ਸ਼ੁਭ ਮੌਕੇ 'ਤੇ ਪਾਕਿਸਤਾਨ ਵੱਲੋਂ ਖੋਹ ਲਏ ਗਏ ਕਰਤਾਰਪੁਰ ਸਾਹਿਬ ਦੇ ਲਾਂਘੇ ਸਬੰਧੀ ਮੁੱਖ ਮੰਤਰੀ ਦਾ ਇਹ ਬਿਆਨ ਕਿ“ ਲਾਂਘੇ ਸਬੰਧੀ ਵੀਹ ਡਾਲਰ ਦੀ ਫੀਸ ਦਾ ਭੁਗਤਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰੇ, ਕਹਿਣਾ ਸਾਫ਼ ਦਰਸਾਉਂਦਾ ਹੈ ਕਿ ਸਰਕਾਰ ਆਪਣਾ ਝੱਗਾ ਚੁੱਕ ਵੀ ਰਹੀ ਹੈ ਅਤੇ ਝਾੜ ਵੀ ਰਹੀ ਹੈ। ਇਸ ਦੇ ਨਾਲ ਹੀ ਸਰਕਾਰ ਤੇ ਸ਼੍ਰੋਮਣੀ ਕਮੇਟੀ ਨੇ ਹਉਮੈ ਕਾਰਨ ਪੰਜਾਬ ਦੀ ਮਾੜੀ ਮਾਲੀ ਹਾਲਤ ਨੂੰ ਅਣਗੌਲਿਆ ਕਰ ਕੇ ਇਸ ਮੌਕੇ ਆਪੋ-ਆਪਣੀ ਜ਼ਿੱਦ ਪੁਗਾਉਣ ਵਾਸਤੇ ਜਨਤਾ ਦੇ ਕਰੋੜਾਂ ਰੁਪਏ ਪਾਣੀ ਵਾਂਗ ਰੋੜ੍ਹ ਕੇ ਢਾਈਆਬ ਦਾ ਕਬਾੜਾ ਕੀਤਾ।

ਸੋ ਢਾਈਆਬ ਦੀ ਮਾਲੀ ਹਾਲਤ ਦਾ ਇਸ ਵੇਲੇ ਦੀਵਾਲਾ ਨਿਕਲਣ ਦੇ ਕੰਢੇ ਹੈ। ਵੱਖ-ਵੱਖ ਵਿਭਾਗਾਂ ਦੇ ਮੁਲਾਜ਼ਮਾਂ ਤੇ ਅਧਿਕਾਰੀਆਂ ਦੀਆਂ ਤਨਖ਼ਾਹਾਂ ਦਾ ਕਈ-ਕਈ ਮਹੀਨੇ ਦਾ ਬੈਕਲਾਗ ਚੱਲ ਰਿਹਾ ਹੈ। ਮੁੱਖ ਮੰਤਰੀ ਵਿਦੇਸ਼ਾਂ 'ਚ ਘੁੰਮਣ ਤੇ ਐਸ਼ਪ੍ਰਸਤੀ ਕਰਨ 'ਚ ਮਗਨ ਹੁੰਦੇ ਹਨ। ਰੋਮ ਜਲ ਰਿਹਾ ਹੈ ਤੇ ਨੀਰੂ ਬੰਸਰੀ ਵਜਾਉਣ 'ਚ ਮਸਰੂਫ਼ ਹੈ। ਅਖ਼ੀਰ ਇਹ ਗੱਲ ਕਹਿ ਕੇ ਸਮਾਪਤੀ ਕਰਾਂਗਾ ਕਿ ਜਿਨ੍ਹਾਂ ਪਰਵਾਸੀ ਪੰਜਾਬੀਆਂ ਨੂੰ ਇੱਥੋਂ ਦੇ ਸਿਆਸਤਦਾਨ ਹਰ ਵੇਲੇ ਪਾਣੀ ਪੀ-ਪੀ ਕੇ ਕੋਸਦੇ ਰਹਿੰਦੇ ਹਨ ਅਤੇ ਢਾਈਆਬ ਦੇ ਕਿਸੇ ਵੀ ਤਰ੍ਹਾਂ ਦੇ ਮਾਮਲਿਆਂ 'ਚ ਦਖ਼ਲਅੰਦਾਜ਼ੀ ਕਰਨ ਤੋਂ ਵਰਜਦੇ ਰਹਿੰਦੇ ਹਨ, ਇੱਥੋਂ ਦੇ ਸਿਆਸੀਤੰਤਰ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਪੰਜਾਬ ਅੱਜ ਤੋਂ ਕਈ ਦਹਾਕੇ ਪਹਿਲਾਂ ਗਰਕ ਚੁੱਕਾ ਹੁੰਦਾ ਜੇਕਰ ਪਰਵਾਸੀ ਪੰਜਾਬੀ ਆਪਣੇ ਖ਼ੂਨ-ਪਸੀਨੇ ਦੀ ਕਮਾਈ 'ਚੋਂ ਕੁਝ ਹਿੱਸਾ ਆਪਣੀ ਮਾਤ ਭੂਮੀ ਦੀ ਬਿਹਤਰੀ ਵਾਸਤੇ ਨਾ ਖ਼ਰਚਦੇ ਰਹਿੰਦੇ। ਅਫ਼ਸੋਸ! ਕਿ ਚਿੜੀ ਦੇ ਪਹੁੰਚੇ ਜਿੰਨਾ ਸੂਬਾ ਸਿਆਸੀਤੰਤਰ ਦੀ ਨਾਲਾਇਕੀ ਕਾਰਨ ਨੱਕੋ-ਨੱਕ ਕਰਜ਼ੇ ਦੀ ਦਲਦਲ 'ਚ ਧਸ ਚੁੱਕਾ ਹੈ। ਰੱਬ ਕਰੇ ਕਿ ਦੀਵਲੀਏਪਣ ਦੇ ਕਿਨਾਰੇ ਖੜ੍ਹੇ ਇਸ ਸੂਬੇ ਨੂੰ ਖ਼ਸਤਾ ਮਾਲੀ ਹਾਲਤ ਦੀ ਦਲਦਲ 'ਚੋਂ ਕੱਢਣ ਦਾ ਕੋਈ ਢੁੱਕਵਾਂ ਬਾਨਣੂ ਬੰਨ੍ਹਿਆ ਜਾ ਸਕੇ।

-ਮੋਬਾਈਲ ਨੰ. :+447806945964

Posted By: Jagjit Singh