ਨੈਸ਼ਨਲ ਗ੍ਰੀਨ ਟਿ੍ਬਿਊਨਲ (ਐੱਨਜੀਟੀ) ਨੇ ਹਿਮਾਚਲ ਪ੍ਰਦੇਸ਼, ਹਰਿਆਣਾ ਅਤੇ ਪੰਜਾਬ ਨੂੰ ਦਰਿਆਵਾਂ ਦੇ ਪਾਣੀਆਂ ਨੂੰ ਬੇਹੱਦ ਪ੍ਰਦੂਸ਼ਿਤ ਅਤੇ ਜ਼ਹਿਰੀਲਾ ਕਰਨ ’ਤੇ ਬਹੁਤ ਝਾੜ ਪਾਈ ਹੈ ਪਰ ਸਰਕਾਰਾਂ ਦੇ ਕੰਨ ’ਤੇ ਜੂੰ ਤਕ ਸਰਕਦੀ ਨਜ਼ਰ ਨਹੀਂ ਆ ਰਹੀ। ਉਨ੍ਹਾਂ ਦਾ ਧਿਆਨ ਹੋਰ ਹੀ ਕੰਮਾਂ ਵੱਲ ਲੱਗਾ ਹੋਇਆ ਹੈ। ਜਿਹੜੀ ਚੀਜ਼ ਇਨਸਾਨ ਦੀ ਜ਼ਿੰਦਗੀ ਨਾਲ ਜੁੜੀ ਹੋਈ ਹੈ ਉਸ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ। ਲਗਪਗ ਦੋ ਦਹਾਕਿਆਂ ਤੋਂ ਗ੍ਰੀਨ ਟਿ੍ਰਬਿਊਨਲ ਇਸ ਖਿੱਤੇ ਦੇ ਦਰਿਆਵਾਂ ’ਤੇ ਪੂਰੀ ਤਰ੍ਹਾਂ ਨਜ਼ਰ ਰੱਖ ਰਿਹਾ ਹੈ। ਉਸ ਵੱਲੋਂ ਲਗਾਤਾਰ ਇਸ ਸਬੰਧੀ ਚੇਤਾਵਨੀਆਂ ਵੀ ਦਿੱਤੀਆਂ ਜਾਂਦੀਆਂ ਰਹੀਆਂ ਹਨ। ਕਈ ਵਾਰ ਰਾਜਾਂ ਨੂੰ ਜੁਰਮਾਨੇ ਵੀ ਕੀਤੇ ਗਏ ਹਨ ਪਰ ਇਹ ਕੌਮੀ ਟਿ੍ਰਬਿਊਨਲ ਵੀ ਹੁਣ ਤਕ ਦਰਿਆਵਾਂ ਨੂੰ ਦੂਸ਼ਿਤ ਹੋਣ ਤੋਂ ਬਚਾਉਣ ਵਿਚ ਅਸਫਲ ਸਿੱਧ ਹੋਇਆ ਹੈ। ਹੈਰਾਨੀ ਇਸ ਗੱਲ ਦੀ ਹੈ ਕਿ ਸਬੰਧਤ ਰਾਜਾਂ ਦੀਆਂ ਸਰਕਾਰਾਂ ਕਦੇ ਵੀ ਇਸ ਗੱਲ ਲਈ ਗੰਭੀਰ ਨਹੀਂ ਹੋਈਆਂ ਅਤੇ ਨਾ ਹੀ ਉਨ੍ਹਾਂ ਵੱਲੋਂ ਕੀਤੇ ਗਏ ਯਤਨ ਬਹੁਤੇ ਸਫਲ ਹੀ ਹੋਏ ਹਨ। ਇਸ ਤਰ੍ਹਾਂ ਇਹ ਸਰਕਾਰਾਂ ਆਪਣੇ ਲੋਕਾਂ ਨਾਲ ਧ੍ਰੋਹ ਕਮਾ ਰਹੀਆਂ ਹਨ। ਲੋਕਾਈ ਦਾ ਹਰ ਪੱਖੋਂ ਇੰਨਾ ਵੱਡਾ ਨੁਕਸਾਨ ਕਰ ਰਹੀਆਂ ਹਨ ਜਿਸ ਦਾ ਹਰਜਾਨਾ ਮੌਜੂਦਾ ਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਭੁਗਤਣਾ ਪੈਣਾ ਹੈ। ਸ਼ਹਿਰੀਕਰਨ ਅਤੇ ਸਨਅਤੀਕਰਨ ਵਧਣ ਨਾਲ ਅੱਜ ਧਰਤੀ ਅਤੇ ਆਕਾਸ਼ ਪ੍ਰਦੂਸ਼ਣ ਕਾਰਨ ਬੁਰੀ ਤਰ੍ਹਾਂ ਝੰਬੇ ਜਾ ਰਹੇ ਹਨ। ਸ਼ਹਿਰੀਕਰਨ ਧਰਤੀ ਦੀ ਹਰਿਆਲੀ ਨੂੰ ਖਾਂਦਾ ਜਾ ਰਿਹਾ ਹੈ। ਹਜ਼ਾਰਾਂ-ਲੱਖਾਂ ਰੁੱਖ ਵੱਢੇ ਜਾ ਰਹੇ ਹਨ। ਇਸ ਦੇ ਨਾਲ ਹੀ ਸਨਅਤੀਕਰਨ ਦੇ ਵਧਣ ਨਾਲ ਗੰਦਾ ਰਸਾਇਣਯੁਕਤ ਪਾਣੀ ਤੇ ਸ਼ਹਿਰਾਂ ਦਾ ਸੀਵਰੇਜ ਅਤੇ ਹੋਰ ਰਹਿੰਦ-ਖੂੰਹਦ ਦਰਿਆਵਾਂ ਵਿਚ ਸੁੱਟੇ ਜਾ ਰਹੇ ਹਨ। ਵਾਤਾਵਰਨ ਪ੍ਰੇਮੀ ਇਸ ਵਰਤਾਰੇ ਨੂੰ ਰੋਕਣ ਦੇ ਯਤਨਾਂ ’ਚ ਥੱਕ-ਹਾਰ ਚੁੱਕੇ ਹਨ। ਰਾਜਾਂ ਦੇ ਪ੍ਰਦੂਸ਼ਣ ਕੰਟਰੋਲ ਬੋਰਡ ਆਪਣੀ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਉਣ ਵਿਚ ਅਸਮਰੱਥ ਸਾਬਿਤ ਹੋ ਰਹੇ ਹਨ। ਨੈਸ਼ਨਲ ਗ੍ਰੀਨ ਟਿ੍ਰਬਿਊਨਲ ਵਰਗੀ ਸੰਵਿਧਾਨਕ ਸੰਸਥਾ ਵੀ ਹੰਭ ਗਈ ਲੱਗਦੀ ਹੈ। ਜੇ ਹੁਣ ਸਬੰਧਤ ਪ੍ਰਸ਼ਾਸਨਾਂ ਨੇ ਅਜਿਹੀ ਕੁਤਾਹੀ ਰੋਕਣ ਵਿਚ ਜ਼ਿੰਮੇਵਾਰੀ ਨਹੀਂ ਨਿਭਾਈ ਅਤੇ ਲੋਕਾਂ ਨੂੰ ਅਨੇਕਾਂ ਤਰ੍ਹਾਂ ਦੀਆਂ ਬਿਮਾਰੀਆਂ ਨਾਲ ਇੰਜ ਹੀ ਮਰਦੇ ਰਹਿਣ ਲਈ ਮਜਬੂਰ ਕੀਤਾ ਜਾਂਦਾ ਰਿਹਾ ਤਾਂ ਅਜਿਹੀ ਹਾਲਤ ’ਤੇ ਅਫ਼ਸੋਸ ਅਤੇ ਪਛਤਾਵਾ ਹੀ ਕੀਤਾ ਜਾ ਸਕਦਾ ਹੈ। ਟਿ੍ਰਬਿਊਨਲ ਨੂੰ ਸਬੰਧਤ ਪ੍ਰਸ਼ਾਸਨਾਂ ਪ੍ਰਤੀ ਸਖ਼ਤ ਰਵੱਈਆ ਅਪਣਾ ਕੇ ਇਸ ਸਭ ਲਈ ਜ਼ਿੰਮੇਵਾਰ ਲੋਕਾਂ ਨੂੰ ਕਟਹਿਰੇ ਵਿਚ ਖੜ੍ਹਾ ਕਰਨਾ ਚਾਹੀਦਾ ਹੈ ਅਤੇ ਅਜਿਹੀਆਂ ਅਣਗਹਿਲੀਆਂ ਪ੍ਰਤੀ ਮਿਸਾਲੀ ਫ਼ੈਸਲੇ ਕਰਵਾਉਣੇ ਚਾਹੀਦੇ ਹਨ ਤਾਂ ਜੋ ਸਰਕਾਰਾਂ ਦੀ ਘੋਰ ਲਾਪਰਵਾਹੀ ਤੋਂ ਪਰਦਾ ਚੁੱਕਿਆ ਜਾ ਸਕੇ। ਜੋ ਸਰਕਾਰਾਂ ਕੁੰਭਕਰਨ ਵਾਂਗ ਸੁੱਤੀਆਂ ਪਈਆਂ ਹਨ, ਉਨ੍ਹਾਂ ਨੂੰ ਜਗਾਉਣਾ ਬੁੱਧੀਜੀਵੀਆਂ ਸਮੇਤ ਹਰ ਕਿਸੇ ਦਾ ਫ਼ਰਜ਼ ਬਣਦਾ ਹੈ।

-ਸੂਬੇਦਾਰ ਜਸਵਿੰਦਰ ਸਿੰਘ ਭੁਲੇਰੀਆ, ਮਮਦੋਟ। (75891-55501)

Posted By: Susheel Khanna