ਮੈਂ ਅੱਜ ਕਿੰਨੇ ਦਿਨਾਂ ਬਾਅਦ ਧੁੱਪ ਨਿਕਲਣ ਕਾਰਨ ਆਪਣੇ ਪਲਾਟ ’ਚ ਬੈਠਾ ਧੁੱਪ ਸੇਕ ਰਿਹਾ ਸੀ। ਮੇਰੀ ਘਰ ਵਾਲੀ ਰੋਟੀ ਸਾਗ ਨਾਲ ਲੈ ਕੇ ਆਈ। ਧੁੱਪੇ ਬੈਠ ਕੇ ਸਾਗ ਨਾਲ ਰੋਟੀ ਖਾਣ ਦਾ ਹੋਰ ਵੀ ਸਵਾਦ ਆ ਰਿਹਾ ਸੀ। ਮੈਨੂੰ ਖਾਣਾ ਖਾਂਦਿਆ ਕੁਝ ਕੁ ਉਨ੍ਹਾਂ ਪੜਤਾਲਾਂ ਦੀ ਯਾਦ ਆਉਣ ਲੱਗੀ ਜੋ ਮੈਂ ਆਪਣੀ ਪੁਲਿਸ ਦੀ ਨੌਕਰੀ ਦੌਰਾਨ ਕੀਤੀਆਂ ਤੇ ਕਰਵਾਈਆਂ ਸਨ। ਇਕ ਐੱਨਆਰਆਈ ਨੂੰ ਉਸ ਦੇ ਭਰਾ ਵੱਲੋਂ ਝੂਠੇ ਕੇਸ ਵਿਚ ਫਸਾਉਣ ਦੀ ਸਾਜ਼ਿਸ਼ ਨੂੰ ਮੈਂ ਬੇਨਕਾਬ ਕੀਤਾ ਜਦਕਿ ਗਜ਼ਟਿਡ ਅਫ਼ਸਰ ਵੱਲੋਂ ਉਸ ਖ਼ਿਲਾਫ਼ ਪਰਚਾ ਦਰਜ ਕਰਨ ਦੀ ਸਿਫ਼ਾਰਸ਼ ਕੀਤੀ ਗਈ ਸੀ। ਉਸ ਨੂੰ ਬੇਕਸੂਰ ਸਾਬਤ ਕਰਨ ’ਤੇ ਮੈਨੂੰ ਬਹੁਤ ਸਕੂਨ ਮਿਲਿਆ। ਭੋਜਨ ਖਾਣ ਤੋਂ ਬਾਅਦ ਮੈਂ ਹੋਰ ਵੀ ਡੂੰਘੀਆਂ ਯਾਦਾਂ ਵਿਚ ਗੁਆਚ ਗਿਆ। ਇਕ ਮਾਮਲੇ ਵਿਚ ਮੈਂ ਇਕ ਬਜ਼ੁਰਗ ਔਰਤ ਪਿਆਰੋ ਨੂੰ ਉਸ ਦੇ ਐਕਸੀਡੈਂਟ ਵਿਚ ਮਰੇ ਜਵਾਨ ਮੁੰਡੇ ਦੇ ਡੀਸੀ ਸਾਹਿਬ ਵੱਲੋਂ ਮਿਲੇ ਮੁਆਵਜ਼ੇ ਨੂੰ ਇਕ ਠੱਗ ਕੋਲੋਂ ਵਾਪਸ ਦਿਵਾਇਆ।

ਇਸ ’ਤੇ ਉਸ ਔਰਤ ਨੇ ਮੈਨੂੰ ਬਹੁਤ ਅਸੀਸਾਂ ਦਿੱਤੀਆਂ ਤੇ ਕਮਿਸ਼ਨਰ ਸਾਹਿਬ ਨੇ ਮੈਨੂੰ ਸ਼ਾਬਾਸ਼ੀ ਦਿੱਤੀ। ਇਕ ਵਾਰ ਇਕ ਵਿਧਵਾ ਔਰਤ ਸੇਵਾ ਮੁਕਤ ਪਿ੍ਰੰਸੀਪਲ ਦੇ ਘਰ ਵਾਲੇ ਨਾਲ ਉਸ ਦੇ ਦੋਸਤ ਡਾਕਟਰ ਨੇ ਠੱਗੀ ਮਾਰ ਲਈ। ਉਸ ਕੇਸ ਵਿਚ ਵੀ ਮੈਂ ਪੈਸੇ ਵਾਪਸ ਦਿਵਾਏ ਸਨ। ਦੌਰਾਨੇ ਪੜਤਾਲ ਇਹ ਗੱਲ ਸਾਹਮਣੇ ਆਈ ਕਿ ਪਿ੍ਰੰਸੀਪਲ ਦੇ ਘਰ ਵਾਲੇ ਨੇ ਜ਼ਮੀਨ ਦਾ ਸੌਦਾ ਚਾਰ ਲੱਖ ਵਿਚ ਆਪਣੇ ਡਾਕਟਰ ਦੋਸਤ ਨਾਲ ਕੀਤਾ ਸੀ ਜਿਸ ਨੇ ਨਾ ਹੀ ਜ਼ਮੀਨ ਦੀ ਰਜਿਸਟਰੀ ਕੀਤੀ ਤੇ ਨਾ ਹੀ ਉਸ ਨੇ ਉਸ ਦੇ ਚਾਰ ਲੱਖ ਰੁਪਏ ਜੋ ਬਿਆਨੇ ਵਜੋਂ ਦਿੱਤੇ ਸਨ, ਵਾਪਸ ਕੀਤੇ। ਮੈਂ ਸਾਰੇ ਸਬੂਤ ਇਕੱਠੇ ਕਰ ਕੇ ਜਦੋਂ ਉਸ ਨੂੰ ਪਰਚਾ ਦਰਜ ਕਰਨ ਦਾ ਦਬਕਾ ਮਾਰਿਆ ਤਾਂ ਉਸ ਨੇ ਡਰਦੇ ਮਾਰੇ ਨੇ ਚਾਰ ਲੱਖ ਰੁਪਏ ਪਿ੍ਰੰਸੀਪਲ ਨੂੰ ਵਾਪਸ ਕਰ ਦਿੱਤੇ। ਮੈਨੂੰ ਕਿਸੇ ਲਾਚਾਰ ਦੀ ਮਦਦ ਕਰਨ ’ਤੇ ਇੰਨਾ ਸਕੂਨ ਮਿਲਿਆ ਕਿ ਮੈਂ ਬਿਆਨ ਨਹੀਂ ਕਰ ਸਕਦਾ। ਉਹ ਮੇਰਾ ਧੰਨਵਾਦ ਕਰ ਰਹੀ ਸੀ। ਇਕ ਵਾਰ ਇਕ ਹੈੱਡ ਮਾਸਟਰ ਤੋਂ ਉਸ ਲੜਕੇ ਦਾ ਦਸਵੀਂ ਦਾ ਸਰਟੀਫਿਕੇਟ ਤਸਦੀਕ ਹੋ ਗਿਆ ਜਿਸ ’ਚ ਮੁੰਡੇ ਨੇ ਟੈਂਪਰਿੰਗ ਕਰ ਕੇ ਆਪਣੀ ਉਮਰ ਘਟਾਈ ਹੋਈ ਸੀ। ਉਹ ਮੁੰਡਾ ਪੰਜਾਬ ਪੁਲਿਸ ਵਿਚ ਏਐੱਸਆਈ ਦੀ ਭਰਤੀ ਲਈ ਚੁਣਿਆ ਗਿਆ ਸੀ। ਭਰਤੀ ਅਫ਼ਸਰ ਨੂੰ ਸ਼ੱਕ ਪੈਣ ’ਤੇ ਉਸ ਨੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਦਫ਼ਤਰ ਤੋਂ ਵੈਰੀਫਿਕੇਸ਼ਨ ਕਰਵਾਉਣ ’ਤੇ ਪਤਾ ਲੱਗਾ ਕਿ ਸਰਟੀਫਿਕੇਟ ਵਿਚ ਟੈਂਪਰਿੰਗ ਕਰ ਕੇ ਉਮਰ ਘਟਾਈ ਗਈ ਸੀ। ਜ਼ਾਹਰ ਹੈ ਕਿ ਮਾਮਲਾ ਪੁਲਿਸ ਕੋਲ ਜਾਣਾ ਸੀ। ਤਫ਼ਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਹੈੱਡ ਮਾਸਟਰ ਨੇ ਸੇਵਾ ਮੁਕਤ ਹੋਣ ਤੋਂ ਇਕ ਦਿਨ ਪਹਿਲਾਂ ਹੀ ਉਕਤ ਮੁੰਡੇ ’ਤੇ ਭਰੋਸਾ ਕਰਦੇ ਹੋਏ ਸਰਟੀਫਕੇਟ ਤਸਦੀਕ ਕਰ ਦਿੱਤਾ ਸੀ। ਉਸ ਦੀ ਨਾ ਹੀ ਕੋਈ ਮਾੜੀ ਭਾਵਨਾ ਸੀ ਅਤੇ ਨਾ ਹੀ ਉਸ ਨੇ ਕੋਈ ਨਿੱਜੀ ਲਾਭ ਪ੍ਰਾਪਤ ਕੀਤਾ ਸੀ। ਮੈਂ ਅਫ਼ਸਰਾਂ ਦੇ ਪੇਸ਼ ਕਰ ਕੇ ਹੈੱਡ ਮਾਸਟਰ ਨੂੰ ਬੇਗੁਨਾਹ ਸਾਬਿਤ ਕਰ ਕੇ ਹਕੀਕੀ ਦੋਸ਼ੀ ਭਰਤੀ ਹੋਣ ਵਾਲੇ ਮੁੰਡੇ ਖ਼ਿਲਾਫ਼ ਚਲਾਨ ਦੇ ਦਿੱਤਾ। ਇਸੇ ਤਰ੍ਹਾਂ ਇਕ ਬੈਂਕ ਮੈਨੇਜਰ ਨੇ ਇਕ ਠੱਗ ਫਰਾਡੀ ਦੇ ਦਸਤਖ਼ਤ ਅਟੈਸਟਡ ਕੀਤੇ ਸਨ ਜਿਸ ਨੇ ਅਸਲ ਬੰਦੇ ਦੇ ਹੂਬਹੂ ਦਸਤਖ਼ਤ ਕਰ ਕੇ ਬੈਂਕ ’ਚੋਂ ਪੈਸੇ ਕਢਵਾ ਲਏ ਸਨ।

ਜਦ ਫੋਰੈਂਸਿਕ ਸਾਇੰਸ ਲੈਬੋਰੇਟਰੀ ਤੋਂ ਚੈੱਕ ਕਰਵਾਇਆ ਗਿਆ ਤਾਂ ਦਸਤਖ਼ਤ ਜਾਅਲੀ ਪਾਏ ਗਏ। ਮੈਂ ਬੈਂਕ ਮੈਨੇਜਰ ਨੂੰ ਬੇਗੁਨਾਹ ਸਾਬਿਤ ਕਰਵਾ ਕੇ ਹੱਕੀ ਦੋਸ਼ੀ ਜਿਨ੍ਹਾਂ ਨੇ ਪੈਸੇ ਕਢਵਾਏ ਸਨ, ਉਨ੍ਹਾਂ ’ਤੇ ਕਾਰਵਾਈ ਕਰ ਦਿੱਤੀ। ਕਈ ਵਾਰ ਬੇਗੁਨਾਹ ਵੀ ਜੇਲ੍ਹ ਚਲੇ ਜਾਂਦੇ ਹਨ। ਇਕ ਬੈਂਕ ਮੈਨੇਜਰ ’ਤੇ ਕਿਸੇ ਨੇ ਦਰਖ਼ਾਸਤ ਦੇ ਕੇ ਉਸ ’ਤੇ ਕਬੂਤਰਬਾਜ਼ੀ ਦਾ ਦੋਸ਼ ਲਾਇਆ ਸੀ। ਤਫ਼ਤੀਸ਼ ਦੌਰਾਨ ਪਤਾ ਲੱਗਾ ਕਿ ਉਸ ਵਿਅਕਤੀ ਦੀ ਦਰਖ਼ਾਸਤ ਝੂਠੀ ਸੀ। ਮੈਂ ਸੱਚਾਈ ਦਾ ਸਾਥ ਦਿੰਦੇ ਹੋਏ ਬੈਂਕ ਮੈਨੇਜਰ ਖ਼ਿਲਾਫ਼ ਦੋਸ਼ਾਂ ਨੂੰ ਨਿਰਮੂਲ ਸਾਬਿਤ ਕਰ ਕੇ ਉਸ ਨੂੰ ਕੇਸ ’ਚੋਂ ਕਢਵਾਇਆ ਸੀ ਤੇ ਪੈਸੇ ਠੱਗਣ ਵਾਲੀਆਂ ਕੰਪਨੀਆਂ ਵਿਰੁੱਧ ਕਾਰਵਾਈ ਕੀਤੀ ਸੀ। ਯਾਦਾਂ ਦੇ ਵਲਵਲਿਆਂ ਦੌਰਾਨ ਮੈਂ ਬਚਪਨ ਵਿਚ ਚਲਾ ਗਿਆ। ਉਦੋਂ ਸਾਡੇ ਪਿੰਡ ਲਾਲ ਪੱਗਾਂ ਵਾਲੀ ਪੁਲਿਸ ਸ਼ਹਿਰ ਤੋਂ ਆਈ ਸੀ। ਸਾਡੇ ਪਿੰਡ ਦੇ ਇਕ ਮੁੰਡੇ ਨੇ ਬਜ਼ੁਰਗ ਔਰਤ ਨਾਲ ਬਲਾਤਕਾਰ ਕੀਤਾ ਸੀ ਜਿਸ ਨੂੰ ਥਾਣੇਦਾਰ ਨੇ ਚੌਰਾਹੇ ਵਿਚ ਮੂੰਹ ਕਾਲਾ ਕਰ ਕੇ ਕੁੱਟਿਆ ਸੀ। ਜਿਸ ਨੇ ਵੀ ਉਹ ਦ੍ਰਿਸ਼ ਦੇਖਿਆ, ਉਸ ਦੀ ਕੋਈ ਅਪਰਾਧ ਕਰਨ ਦੀ ਹਿੰਮਤ ਨਹੀਂ ਹੋਈ ਹੋਣੀ। ਉਸੇ ਦਿਨ ਸਾਡੇ ਪਿੰਡ ਬਰਾਤ ਆਈ ਹੋਈ ਸੀ। ਸਾਰੀ ਰਾਤ ਸ਼ਰਾਬੀ ਬਰਾਤੀ ਵਿੱਕੀ ਵਾਜੇ ਵਾਲੇ ਕੋਲੋਂ ਗਾਣੇ ਲਵਾ ਸੁਣਦੇ ਰਹੇ। ਪੁਲਿਸ ਉਸ ਦਿਨ ਨੰਬਰਦਾਰ ਦੀ ਬੈਠਕ ’ਚ ਠਹਿਰੀ ਹੋਈ ਸੀ। ਪੁਲਸੀਏ ਸਪੀਕਰ ਦੀ ਆਵਾਜ਼ ਕਾਰਨ ਚੰਗੀ ਤਰ੍ਹਾਂ ਸੌਂ ਨਹੀਂ ਸਕੇ ਸਨ। ਤੜਕੇ ਹੀ ਸਪੀਕਰ ਵਾਲੇ ਨੂੰ ਸਿਪਾਹੀਆਂ ਨੇ ਥਾਣੇਦਾਰ ਕੋਲ ਪੇਸ਼ ਕਰ ਦਿੱਤਾ। ਥਾਣੇਦਾਰ ਵੱਲੋਂ ਉਸ ਨੂੰ ਬੈਂਤਾਂ ਨਾਲ ਇੰਨਾ ਕੁੱਟਿਆ ਗਿਆ ਕਿ ਉਸ ਦਾ ਪਿਸ਼ਾਬ ਧੋਤੀ ’ਚ ਨਿਕਲ ਗਿਆ। ਅੱਜ-ਕੱਲ੍ਹ ਵੀ ਪੁਲਿਸ ਦੀਆਂ ਵਧੀਕੀਆਂ ਹੋਣੀਆਂ ਆਮ ਗੱਲ ਹੈ। ਰੋਜ਼ਾਨਾ ਕੋਈ ਨਾ ਕੋਈ ਪੁਲਿਸ ਦੀ ਜ਼ਿਆਦਤੀ ਸੁਰਖ਼ੀਆਂ ਬਣਦੀ ਰਹਿੰਦੀ ਹੈ। ਪਿੱਛੇ ਜਿਹੇ ਸਿੱਧੂ ਮੂਸੇਵਾਲਾ ਦੇ ਇਕ ਕਥਿਤ ਕਾਤਲ ਗੈਂਗਸਟਰ ਨੂੰ ਸੀਆਈਏ ਸਟਾਫ ਦੇ ਇਕ ਇੰਸਪੈਕਟਰ ਵੱਲੋਂ ਭਜਾ ਦਿੱਤਾ ਗਿਆ ਸੀ ਜਿਸ ਕਾਰਨ ਪੁਲਿਸ ਦੀ ਕਾਫ਼ੀ ਕਿਰਕਰੀ ਹੋਈ ਸੀ। ਜਦੋਂ ਇਹੋ ਜਿਹੀਆਂ ਘਟਨਾਵਾਂ ਵਾਪਰਦੀਆਂ ਹਨ ਤਾਂ ਕੁਦਰਤੀ ਹੈ ਕਿ ਇਸ ਨਾਲ ਜਨਤਾ ਵਿਚ ਪੁਲਿਸ ਦਾ ਅਕਸ ਖ਼ਰਾਬ ਹੁੰਦਾ ਹੈ। ਇਸ ਨਾਲ ਨੇਕ ਮੁਲਾਜ਼ਮ ਵੀ ਲੋਕਾਂ ਮਾੜੇ ਲੱਗਣ ਲੱਗ ਪੈਂਦੇ ਹਨ। ਕੋਰੋਨਾ ਕਾਲ ਦੀ ਹੀ ਮਿਸਾਲ ਲੈ ਲਓ।ਉਸ ਦੌਰਾਨ ਭਾਵੇਂ ਪੁਲਿਸ ਨੇ ਅੱਛੇ ਕੰਮ ਵੀ ਕੀਤੇ ਤੇ ਲੋਕਾਂ ਨੂੰ ਰਾਸ਼ਨ ਵੰਡਿਆ, ਲੋੜਵੰਦ ਕੁੜੀਆਂ ਦੇ ਵਿਆਹ ਕਰਵਾਏ, ਜਿਨ੍ਹਾਂ ਲੋਕਾਂ ਨੇ ਆਪਣਿਆਂ ਦੀਆਂ ਲਾਸ਼ਾਂ ਲੈਣ ਤੋਂ ਇਨਕਾਰ ਕਰ ਦਿੱਤਾ ਸੀ, ਉਨ੍ਹਾਂ ਦੇ ਸਸਕਾਰ ਕਰਵਾਏ, ਥਾਣੇਦਾਰ ਹਰਜੀਤ ਸਿੰਘ ਦਾ ਨਿਹੰਗਾਂ ਵੱਲੋਂ ਹੱਥ ਕੱਟ ਦਿੱਤਾ ਗਿਆ ਸੀ।

ਪਰ ਕੋਰੋਨਾ ਕਾਲ ਦੌਰਾਨ ਹੀ ਸ਼ੁਰੂ ਵਿਚ ਪੁਲਿਸ ਵੱਲੋਂ ਕਰਫਿਊ ਦੌਰਾਨ ਲੋਕਾਂ ਦੀ ਕੁੱਟਮਾਰ ਕਰਨ ਨਾਲ ਉਸ ਦੇ ਅਕਸ ਨੂੰ ਢਾਹ ਲੱਗੀ। ਪੁਲਿਸ ਕਾਨੂੰਨ-ਵਿਵਸਥਾ ਕਾਇਮ ਰੱਖਣ ਵੇਲੇ ਲੱਗਦੇ ਕਰਫਿਊ ਵਾਲੀ ਆਪਣੀ ਡਿਊਟੀ ਨਿਭਾਉਂਦੀ ਦਿਸੀ ਜਦਕਿ ਉਦੋਂ ਲਾਅ-ਐਂਡ ਆਰਡਰ ਦਾ ਕੋਈ ਖ਼ਤਰਾ ਨਹੀਂ ਸੀ। ਉਹ ਤਾਂ ਹੈਲਥ ਐਮਰਜੈਂਸੀ ਸੀ। ਉਦੋਂ ਲੋਕਾਂ ਦੀ ਕੁੱਟਮਾਰ ਕਰਨ ਦੀ ਕੋਈ ਤੁਕ ਨਹੀਂ ਸੀ। ਬਸ ਲੋਕਾਂ ਨੂੰ ਸਮਝਾ-ਬੁਝਾ ਕੇ ਹੀ ਕੰਮ ਸਰ ਜਾਣਾ ਸੀ। ਜੋ ਲੋਕ ਸਮਝਦੇ ਹਨ ਕਿ ਪੁਲਿਸ ਨੂੰ ਸਿਖਲਾਈ ਦੌਰਾਨ ਗਾਲ੍ਹਾਂ ਸਿਖਾਈਆਂ ਜਾਂਦੀਆਂ ਹਨ, ਉਹ ਡਰਦੇ ਥਾਣੇ ਨਹੀਂ ਵੜਦੇ। ਪਬਲਿਕ ਤੇ ਪੁਲਿਸ ਵਿਚਲੀ ਦੂਰੀ ਦੇ ਕਾਰਨਾਂ ’ਚੋਂ ਵੱਡਾ ਕਾਰਨ ਪੁਲਿਸ ਦਾ ਮਾੜਾ ਵਤੀਰਾ ਵੀ ਹੈ। ਇਸ ਵਧਦੀ ਦੂਰੀ ਨੂੰ ਰੋਕਣ ਲਈ ਉੱਚ ਪੁਲਿਸ ਅਫ਼ਸਰਾਂ ਨੂੰ ਪਬਲਿਕ ਤੇ ਪੁਲਿਸ ਦੇ ਸੈਮੀਨਾਰ ਲਗਾਉਣੇ ਚਾਹੀਦੇ ਹਨ। ਜਦੋਂ ਫ਼ਰਿਆਦੀ ਥਾਣੇ ਆਵੇ, ਉਸ ਨੂੰ ਚਾਹ-ਪਾਣੀ ਪਿਲਾ ਕੇ ਉਸ ਦੀ ਫ਼ਰਿਆਦ ਸੁਣ ਕੇ ਬਣਦੀ ਕਾਰਵਾਈ ਕਰਨੀ ਚਾਹੀਦੀ ਹੈ। ਮੁਦਈ ਨਾਲ ਮੁਜਰਮ ਵਾਲਾ ਵਤੀਰਾ ਨਹੀਂ ਕਰਨਾ ਚਾਹੀਦਾ। ਪੁਲਿਸ ਲੋਕਾਂ ਦੇ ਸਾਥ ਸਦਕਾ ਹੀ ਅੱਤਵਾਦ ਨੂੰ ਖ਼ਤਮ ਕਰ ਸਕੀ ਸੀ। ਇਸੇ ਤਰ੍ਹਾਂ ਜੇ ਉਸ ਨੂੰ ਜਨਤਾ ਦਾ ਸਾਥ ਮਿਲੇ ਤਾਂ ਨਸ਼ੇ ਵੀ ਖ਼ਤਮ ਹੋ ਜਾਣਗੇ। ਜੋ ਪੁਲਿਸ ਵਾਲੇ ਆਦਤਨ ਲੋਕਾਂ ਨਾਲ ਮਾੜਾ ਸਲੂਕ ਕਰਦੇ ਹਨ, ਉਨ੍ਹਾਂ ਨੂੰ ਪੁਲਿਸ ਲਾਈਨ ਵਿਚ ਹੀ ਰੱਖਿਆ ਜਾਵੇ ਤਾਂ ਚੰਗਾ ਹੋਵੇਗਾ।

-ਗੁਰਮੀਤ ਸਿੰਘ ਵੇਰਕਾ

-(ਲੇਖਕ ਸੇਵਾ ਮੁਕਤ ਪੁਲਿਸ ਇੰਸਪੈਕਟਰ ਹੈ)।

-ਮੋਬਾਈਲ : 98786-00221

Posted By: Jagjit Singh