ਗੁਰਮਤਿ ਵਿਚਾਰਧਾਰਾ ਜਿੱਥੇ ਸਾਂਝੀਵਾਲਤਾ ਨੂੰ ਪ੍ਰਣਾਈ ਹੋਈ ਹੈ ਉੱਥੇ ਹੀ ਜਬਰ-ਜ਼ੁਲਮ ਦਾ ਟਾਕਰਾ ਕਰਨ ਪ੍ਰਤੀ ਮਨੁੱਖ ਨੂੰ ਸੇਧ ਵੀ ਪ੍ਰਦਾਨ ਕਰਦੀ ਆਈ ਹੈ। ਹਿੰਦੁਸਤਾਨ ਦੀ ਸਰਜ਼ਮੀਨ ਤੋਂ ਮਾਨਵਤਾ ਅਤੇ ਭਾਰਤ ਵਾਸੀਆਂ ਲਈ ਜੋ ਸਿੱਖ ਗੁਰੂ ਸਾਹਿਬਾਨ ਅਤੇ ਸਿੱਖ ਪੰਥ ਨੇ ਘਾਲਣਾਵਾਂ ਘਾਲੀਆਂ ਅਤੇ ਸ਼ਹਾਦਤਾਂ ਦਿੱਤੀਆਂ ਉਸ ਗੌਰਵਸ਼ਾਲੀ ਇਤਿਹਾਸ ਤੋਂ ਜਾਣੂ ਕਰਾਉਣ ’ਚ ਭਾਰਤੀ ਹਕੂਮਤਾਂ ਦੀ ਨਾਂਹ-ਪੱਖੀ ਮਾਨਸਿਕਤਾ ਪ੍ਰਤੀ ਸਿੱਖ ਪੰਥ ਨੂੰ ਹਮੇਸ਼ਾ ਹੀ ਰੋਸ ਰਿਹਾ। ਭਾਰਤ ਦੇ ਸਕੂਲਾਂ ਵਿਚ ਸਿੱਖ ਇਤਿਹਾਸ ਨੂੰ ਸਹੀ ਅਰਥਾਂ ਵਿਚ ਨਾ ਪੜ੍ਹਾਏ ਜਾਣ ਦੇ ਇਤਰਾਜ਼ ਦੂਰ ਕਰਦਿਆਂ ਸਿੱਖਾਂ ਦੀ ਦੇਸ਼-ਸਮਾਜ ਪ੍ਰਤੀ ਵੱਡੀ ਭੂਮਿਕਾ ਨੂੰ ਵਿਸ਼ਵ ਸਾਹਮਣੇ ਦ੍ਰਿਸ਼ਟੀਗੋਚਰ ਕਰਨ ਦੇ ਉਦੇਸ਼ ਨਾਲ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੇ ਸ਼ੁਭ ਅਵਸਰ ’ਤੇ ਇਸ ਵਰ੍ਹੇ ਤੋਂ 26 ਦਸੰਬਰ ਨੂੰ ‘ਵੀਰ ਬਾਲ ਦਿਵਸ’ ਵਜੋਂ ਮਨਾਏ ਜਾਣ ਦਾ ਐਲਾਨ ਕੀਤਾ ਹੈ।

ਇਹ ਭਾਰਤ ਸਰਕਾਰ ਦੀ ਧਰਮ ਦੇ ਨੇਕ ਸਿਧਾਂਤਾਂ ਤੋਂ ਭਟਕਣ ਦੀ ਬਜਾਏ ਮੌਤ ਨੂੰ ਤਰਜੀਹ ਦੇਣ ਵਾਲੇ ਸਾਹਿਬਜ਼ਾਦਿਆਂ ਦੇ ਸਾਹਸ ਅਤੇ ਉਨ੍ਹਾਂ ਦੀ ਨਿਆਂ ਦੀ ਖੋਜ ਪ੍ਰਤੀ ਢੁੱਕਵੀਂ ਸ਼ਰਧਾਂਜਲੀ ਹੈ। ਪ੍ਰਧਾਨ ਮੰਤਰੀ ਦਾ ਮੰਨਣਾ ਹੈ ਕਿ ਮਾਤਾ ਗੁਜਰੀ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਚਾਰ ਸਾਹਿਬਜ਼ਾਦਿਆਂ ਦੀ ਬਹਾਦਰੀ ਅਤੇ ਆਦਰਸ਼ ਲੱਖਾਂ ਲੋਕਾਂ ਨੂੰ ਬਲ ਬਖ਼ਸ਼ਦੇ ਹਨ। ਉਹ ਕਦੇ ਵੀ ਬੇਇਨਸਾਫ਼ੀ ਅੱਗੇ ਨਹੀਂ ਝੁਕੇ। ਵੱਧ ਤੋਂ ਵੱਧ ਲੋਕਾਂ ਨੂੰ ਇਨ੍ਹਾਂ ਬਾਰੇ ਜਾਣਨ ਦਾ ਅਧਿਕਾਰ ਹੈ।

ਪ੍ਰਧਾਨ ਮੰਤਰੀ ਵੱਲੋਂ ਕੀਤੇ ਗਏ ਇਸ ਐਲਾਨ ਦਾ ਸਿੱਖ ਭਾਈਚਾਰੇ ਦੇ ਵੱਡੇ ਹਿੱਸੇ ਤੋਂ ਇਲਾਵਾ ਸਿੱਖ ਬੁੱਧੀਜੀਵੀਆਂ, ਇਤਿਹਾਸਕਾਰਾਂ, ਸਾਹਿਤਕਾਰਾਂ ਤੇ ਪ੍ਰਚਾਰਕਾਂ ਨੇ ਵਧ-ਚੜ੍ਹ ਕੇ ਸਵਾਗਤ ਕੀਤਾ ਹੈ। ਉੱਥੇ ਹੀ ਕੁਝ ਲੋਕ ਅਜਿਹੇ ਵੀ ਹਨ ਜੋ ਆਪਣੇ ਸਿਆਸੀ ਆਕਾਵਾਂ ਨੂੰ ਖ਼ੁਸ਼ ਕਰਨ ਹਿਤ ਨਾਮਕਰਨ ’ਤੇ ਇਤਰਾਜ਼ ਪ੍ਰਗਟਾਉਂਦਿਆਂ ਦੁੱਧ ’ਚ ਕਾਂਜੀ ਘੋਲਣ ਦੀ ਤਾਕ ’ਚ ਹਨ। ‘ਵੀਰ ਬਾਲ ਦਿਵਸ’ ਭਾਵ ‘ਸੂਰਬੀਰ ਬੱਚਿਆਂ ਦਾ ਦਿਵਸ’।

ਉਨ੍ਹਾਂ ਨੂੰ ਇਹ ਇਤਰਾਜ਼ ਹੈ ਕਿ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਬਾਲ ਸੰਗਿਆ ਨਾਲ ਜੋੜ ਕੇ ‘ਵੀਰ ਬਾਲ ਦਿਵਸ’ ਤਕ ਸੀਮਤ ਰੱਖਣਾ ਸ਼ਹਾਦਤਾਂ ਦੀ ਭਾਵਨਾ ਤੇ ਸਿੱਖ ਰਵਾਇਤਾਂ ਦੇ ਮੇਚ ਨਹੀਂ ਹੈ। ਦਲੀਲ ਇਹ ਦਿੰਦੇ ਹਨ ਕਿ ਸਾਹਿਬਜ਼ਾਦਿਆਂ ਨੂੰ ਸੰਬੋਧਨ ਸਮੇਂ ‘ਬਾਬਾ’ ਸ਼ਬਦ ਨਾਲ ਸਤਿਕਾਰ ਦਿੱਤਾ ਜਾਂਦਾ ਹੈ। ਭਾਵ ਕਿ ਸਾਹਿਬਜ਼ਾਦੇ ‘ਬਾਲ’ ਨਹੀਂ ‘ਬਾਬੇ’ ਹਨ। ਦਲੀਲ ਇਹ ਵੀ ਦਿੰਦੇ ਹਨ ਕਿ ਬਾਲ ਕਹਿ ਕੇ ਸਾਹਿਬਜ਼ਾਦਿਆਂ ਨੂੰ ਆਮ ਬੱਚਿਆਂ ਦੀ ਸ਼੍ਰੇਣੀ ਵਿਚ ਲਿਆਉਣਾ ਚਾਹੁੰਦੇ ਹਨ। ਕੋਈ ਇਨ੍ਹਾਂ ਤੋਂ ਪੁੱਛੇ ਕਿ ‘ਦੱਸੋ ਬਾਈ ਕਿਹੜੇ ਆਮ ਸਾਧਾਰਨ ਬੱਚੇ ਦਾ ਦੇਸ਼ ਪੱਧਰ ’ਤੇ ਦਿਹਾੜਾ ਮਨਾਇਆ ਜਾਂਦਾ ਹੈ? ਸਤਿਗੁਰਾਂ ਦੇ ਲਾਲਾਂ ਪ੍ਰਤੀ ‘ਬਾਲ’ ਸ਼ਬਦ ’ਤੇ ਹੀ ਇਤਰਾਜ਼ ਹੈ। ਜੇ ਬਾਲ ਸ਼ਬਦ ਨਾਲ ਸਾਹਿਬਜ਼ਾਦਿਆਂ ਦੇ ਮਾਣ-ਸਤਿਕਾਰ ’ਚ ਫ਼ਰਕ ਪੈਂਦਾ ਹੈ ਤਾਂ ਫਿਰ ਯਾਦ ਰੱਖੋ, ਸਤਿਗੁਰੂ ਸ੍ਰੀ ਗੁਰੂ ਹਰਿਕਿ੍ਰਸ਼ਨ ਜੀ ਮਹਾਰਾਜ ਅੱਜ ਵੀ ਸਾਡੇ ਲਈ ‘ਬਾਲਾ ਪ੍ਰੀਤਮ’ ਹਨ। ਸ੍ਰੀ ਦਸਮੇਸ਼ ਪਿਤਾ ਦੀ ਬਾਲ ਅਵਸਥਾ ਨੂੰ ਚਿਤਰਨ ਸਮੇਂ ਬਾਲਾ ਪ੍ਰੀਤਮ ਅਤੇ ਬਾਲ ਗੋਬਿੰਦ ਰਾਏ ਲਿਖਿਆ ਜਾਂਦਾ ਹੈ।

ਸਾਹਿਬਜ਼ਾਦਿਆਂ ਪ੍ਰਤੀ ਇਤਿਹਾਸਕ ਪ੍ਰਮਾਣ ਦੀ ਗੱਲ ਕਰੀਏ ਤਾਂ ਕਥਾ ਗੁਰੂ ਕੇ ਸੁਤਨ ਕੀ ਵਿਚ ਭਾਈ ਦਨਾ ਸਿੰਘ ਲਿਖਦੇ ਹਨ ਕਿ ‘ਬਾਲ ਬੁਲਾਇ ਲਏ ਜਬ ਹੀ ਤਬ ਆਨ ਅਦਾਲਤ ਬੀਚ ਪਠਾਏ’। ਇੱਥੇ ਵੀ ਤਾਂ ਸਾਹਿਬਜ਼ਾਦਿਆਂ ਲਈ ‘ਬਾਲ’ ਸ਼ਬਦ ਦਾ ਹੀ ਪ੍ਰਯੋਗ ਹੋਇਆ ਹੈ। ਸਤਿਗੁਰਾਂ ਦੇ ‘ਬਾਲਾ ਸਾਹਿਬ’ ਦੇ ਨਾਮ ’ਤੇ ਕਈ ਗੁਰਦੁਆਰੇ ਮੌਜੂਦ ਹਨ। ਇਤਿਹਾਸਕ ਦਸਤਾਵੇਜ਼ਾਂ ਅਤੇ ਗੁਰਬਾਣੀ ਨੂੰ ਘੋਖਦੇ ਹਾਂ ਤਾਂ ਇਹ ਪਤਾ ਚੱਲਦਾ ਹੈ ਕਿ ਭਾਈ ਗੁਰਦਾਸ ਜੀ ਗੁਰੂ ਨਾਨਕ ਦੇਵ ਜੀ ਬਿਰਤਾਂਤ ਸਿਰਜਣ ਸਮੇਂ ਸਿੱਧਾਂ ਜੋਗੀਆਂ ਵੱਲੋਂ ਗੁਰੂ ਨਾਨਕ ਦੇਵ ਜੀ ਨੂੰ ਬਾਲਾ ਕਹਿ ਕੇ ਸੰਬੋਧਨ ਕਰਨ ਦੇ ਕਈ ਪ੍ਰਮਾਣ ਦਿੰਦੇ ਹਨ। ‘‘ਆਖਣ ਸਿਧ ਸੁਣ ਬਾਲਿਆ ਅਪਣਾ ਨਾਂ ਤੁਮ ਦੇਹੁ ਬਤਾਈ॥’’

‘ਸਿਧ ਪੁਛਣ ਸੁਣ ਬਾਲਿਆ ਕੌਣ ਸਕਤਿ ਤੁਹਿ ਏਥੇ ਲਿਆਈ।’ ( ਜਨਮਸਾਖੀ)

ਇੱਥੇ ਹੀ ਬਸ ਨਹੀਂ, ਗੁਰੂ ਨਾਨਕ ਦੇਵ ਜੀ ਖ਼ੁਦ ਵੀ ਆਪਣੀ ਬਾਣੀ ’ਚ ਇਹ ਤਸਲੀਮ ਕਰਦੇ ਹਨ ਕਿ ਸਿੱਧ ਪੁਰਸ਼ ਆਪ ਜੀ ਨੂੰ ਬਾਲਾ ਕਹਿ ਕੇ ਸੰਬੋਧਿਤ ਹੁੰਦੇ ਸਨ। ਜਿਸ ਦੀ ਮਿਸਾਲ ਸਿੱਧ ਗੋਸਟੀ ’ਚ : ‘ਕਹ ਬੈਸਹੁ ਕਹ ਰਹੀਐ ਬਾਲੇ ਕਹ ਆਵਹੁ ਕਹ ਜਾਹੋ ॥’ ਅਤੇ ‘ਬੋਲੈ ਨਾਨਕੁ ਸੁਣਹੁ ਤੁਮ ਬਾਲੇ॥’ ਵਿਚ ਦੇਖਿਆ ਜਾ ਸਕਦਾ ਹੈ। ‘ਵੀਰ ਬਾਲ ਦਿਵਸ’ ਦੇ ਐਲਾਨ ਨੂੰ ਸਿੱਖ ਭਾਵਨਾਵਾਂ ਦੀ ਤਰਜਮਾਨੀ ਦੇ ਖ਼ਿਲਾਫ਼ ਗਰਦਾਨਦਿਆਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੋਂ ਅਗਵਾਈ ਕਬੂਲਣ ਦੀ ਗੱਲ ਹੈ ਤਾਂ ਇਹ ਸਾਫ਼ ਦਿਸ ਆਉਂਦਾ ਹੈ ਕਿ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਵੱਲੋਂ ਕੱਲ੍ਹ ਹੀ ਪਟਨਾ ਸਾਹਿਬ ਵਿਖੇ ਗੁਰਪੁਰਬ ਮੌਕੇ ਸਮਾਗਮ ਨੂੰ ਸੰਬੋਧਨ ਕਰਦਿਆਂ ਜਦ ਪ੍ਰਧਾਨ ਮੰਤਰੀ ਵੱਲੋਂ ਕੀਤੇ ਗਏ ਇਸ ਐਲਾਨ ਬਾਰੇ ਜਾਣੂ ਕਰਾਇਆ ਗਿਆ ਤਾਂ ਹਾਜ਼ਰ ਸੰਗਤ ਨੇ ਉਸੇ ਵਕਤ ਭਾਰੀ ਉਤਸ਼ਾਹ ਅਤੇ ਅਨੰਦ ਦੇ ਘਰ ’ਚ ਆਉਂਦਿਆਂ ਜੈਕਾਰਿਆਂ ਦੀ ਗੂੰਜ ਨਾਲ ਪ੍ਰਧਾਨ ਮੰਤਰੀ ਵੱਲੋਂ ਕੀਤੇ ਗਏ ਐਲਾਨ ਦਾ ਭਰਪੂਰ ਸਵਾਗਤ ਕੀਤਾ। ਸੋ ਇਹ ਕਾਰਜ ਸਿੱਖੀ ਭਾਵਨਾਵਾਂ ਦੇ ਅਨੁਕੂਲ ਹੈ ਜਾਂ ਪ੍ਰਤੀਕੂਲ, ਇਹ ਫ਼ੈਸਲਾ ਆਲੋਚਕਾਂ ’ਤੇ ਛੱਡਦਾ ਹਾਂ।

ਚੰਗਾ ਹੋਵੇ ਜੇ ਅਸੀਂ ਪ੍ਰਧਾਨ ਮੰਤਰੀ ਵੱਲੋਂ ਕੀਤੇ ਗਏ ਐਲਾਨ ਦੀ ਸੱਚੀ ਭਾਵਨਾ ਪਿੱਛੇ ਜਾਈਏ। ਕਿਸੇ ਸਿੱਖ ਸੰਸਥਾ ਕੋਲ ਇਸ ਤੋਂ ਢੁੱਕਵਾਂ ਨਾਮ ਹੋਵੇ ਤਾਂ ਜ਼ਰੂਰ ਦੇਵੇ। ਐਵੇਂ ਵਿਰੋਧ ਖ਼ਾਤਰ ਵਿਰੋਧ ਨਾ ਕਰੀਏ। ਰਹੀ ਗੱਲ ਪੰਥਕ ਰਵਾਇਤਾਂ, ਮਾਨਤਾਵਾਂ ਅਤੇ ਵਿਲੱਖਣ ਅਤੇ ਲਾਸਾਨੀ ਸਿੱਖ ਸਰੋਕਾਰਾਂ ਦੀ ਤਾਂ ਪ੍ਰਧਾਨ ਮੰਤਰੀ ਦੇ ਐਲਾਨ ਨਾਲ ਸਿੱਖ ਮਰਿਆਦਾ ਨੂੰ ਕੋਈ ਫ਼ਰਕ ਨਹੀਂ ਪਿਆ। ਕਿਹੜੀ ਪਰੰਪਰਾ ਟੁੱਟੀ, ਇਹ ਟਿੱਪਣੀਕਾਰ ਹੀ ਦੱਸ ਸਕਦੇ ਹਨ। ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਨਮਨ ਹੈ, ਉਨ੍ਹਾਂ ਦੀ ਸ਼ਹਾਦਤ ਨੂੰ ਰਾਸ਼ਟਰੀ ਪੱਧਰ ’ਤੇ ਸਨਮਾਨ ਮਿਲਿਆ ਹੈ। ਗੁਰੂ ਸਾਹਿਬ ਜੀ ਦੇ ਸਾਹਿਬਜ਼ਾਦਿਆਂ ਦਾ ਸਨਮਾਨ ਪਹਿਲਾਂ ਵੀ ਸੀ, ਹੁਣ ਵੀ ਹੈ ਤੇ ਅੱਗੇ ਵੀ ਰਹੇਗਾ।

ਤਿੰਨ ਸਦੀਆਂ ਤੋਂ ਕਿਸੇ ਵੀ ਹਕੂਮਤ ਨੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਿਜਦਾ ਕਰਨ ਲਈ ਕੁਝ ਨਹੀਂ ਕੀਤਾ। ਇਹ ਕੌਮ ਦੇ ਵਿਰਸੇ ਦੀ ਆਪਣੀ ਕਮਾਈ ਹੈ। ਹਿੰਦੂ-ਸਿੱਖਾਂ ਵਿਚ ਦਰਾੜ ਪੈਦਾ ਕਰਨ ਦੀ ਥਾਂ ਪੰਜਾਬ ਅਤੇ ਸਿੱਖਾਂ ਦੇ ਮਸਲੇ ਹੱਲ ਕਰਨ ਲਈ ਸਿੱਖ ਲੀਡਰਸ਼ਿਪ ਦੇ ਕੇਂਦਰ ਸਰਕਾਰ ਨਾਲ ਸੁਖਾਵੇਂ ਸਬੰਧ ਜ਼ਰੂਰੀ ਹਨ। ਸਾਨੂੰ ਇਸ ਗੱਲ ਤੋਂ ਸੇਧ ਲੈਣ ਦੀ ਜ਼ਰੂਰਤ ਹੈ ਕਿ ਔਰੰਗਜ਼ੇਬ ਨਾਲ ਲੱਖ ਵਿਰੋਧ ਹੋਣ ਪਰ ਜ਼ਫਰਨਾਮੇ ਵਿਚ ਦਸਮ ਪਿਤਾ ਨੇ ਉਸ ਦੇ ਕੀਤੇ ਚੰਗੇ ਕੰਮਾਂ ਦੀ ਸਿਫ਼ਤ ਵੀ ਕੀਤੀ ਹੈ। ਸਿਰਫ਼ ਵਿਰੋਧ ਲਈ ਹਰ ਗੱਲ ਦਾ ਵਿਰੋਧ ਨਾ ਕਰੀਏ।

ਇਹ ਮੋਦੀ ਹੀ ਹੈ ਜਿਸ ਨੇ ਦੇਸ਼ ਦੀ ਆਜ਼ਾਦੀ ਤੋਂ ਬਾਅਦ ਵੋਟਾਂ ਲੈਣ ਦੇ ਚੱਕਰ ਵਿਚ ਦਿੱਲੀ ਦੇ ਇਕ ਰੋਡ ’ਤੇ ਜ਼ਾਲਮ ਔਰੰਗਜ਼ੇਬ ਦੇ ਨਾਮ ਦਾ ਫੱਟਾ ਪੁੱਟ ਛੱਡਿਆ। ਜਿਸ ਨੇ ਸਿੱਖ ਕੈਦੀਆਂ ਦੀ ਰਿਹਾਈ ਦੀ ਗੱਲ ਕੀਤੀ। ਕਰਤਾਰਪੁਰ ਲਾਂਘਾ ਤਾਮੀਰ ਕਰਾਇਆ, ਕਈ ਸ਼ਤਾਬਦੀ ਗੁਰਪੁਰਬ ਵਿਸ਼ਾਲ ਪੱਧਰ ’ਤੇ ਮਨਾਏ ਗਏ। ਸਾਨੂੰ ਉਤਸ਼ਾਹ ਅਤੇ ਚਾਅ ਹੋਣਾ ਚਾਹੀਦਾ ਹੈ ਕਿ ਗੁਰੂ ਦੇ ਲਾਲਾਂ ਦੀ ਘਾਲ-ਕਮਾਈ ਦੀ ਸੂਹ ਪ੍ਰਧਾਨ ਮੰਤਰੀ ਦੇ ਇਸ ਅਤਿ ਪਵਿੱਤਰ ਐਲਾਨ ਨਾਲ ਹਿੰਦੁਸਤਾਨ ਦੀ

ਧਰਤੀ ਦੀ ਹਰ ਨੁੱਕਰ ਵਿਚ ਪਹੁੰਚੇਗੀ।

-ਪ੍ਰੋ. ਸਰਚਾਂਦ ਸਿੰਘ ਖਿਆਲਾ

-ਮੋਬਾਈਲ : 97813-55522

Posted By: Jagjit Singh